ਸੜਕ ਹਾਦਸੇ ਦੇ ਮਾਮਲੇ ਵਿੱਚ ਭਗੌੜੇ ਭਾਰਤੀ ਨੂੰ ਕੀਤਾ ਅਮਰੀਕਾ ਹਵਾਲੇ,ਚੱਲੇਗਾ ਮੁਕੱਦਮਾ

In ਅਮਰੀਕਾ
October 03, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਭਾਰਤ ਨੇ ਦੋ ਦਹਾਕੇ ਪਹਿਲਾਂ ਨਿਊਯਾਰਕ ਵਿੱਚ ਵਾਪਰੇ ਇੱਕ ਸੜਕ ਹਾਦਸੇ ਜਿਸ ਵਿੱਚ ਇੱਕ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਭਗੌੜੇ ਗਨੇਸ਼ ਸ਼ੇਨਾਇ (54) ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ ਜਿਥੇ ਉਸ ਨੂੰ ਦੂਸਰਾ ਦਰਜਾ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਯੂ. ਐਸ. ਮਾਰਸ਼ਲ ਸਰਵਿਸ ਸ਼ੇਨਾਇ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲੈ ਕੇ ਨਸਾਊ ਕਾਊਂਟੀ, ਨਿਊਯਾਰਕ ਲੈ ਗਈ। ਇਸਤਗਾਸਾ ਦਫ਼ਤਰ ਨੇ ਦੱਸਿਆ ਕਿ ਸ਼ੇਨਾਇ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿੱਚ ਰਖਿਆ ਗਿਆ ਹੈ। ਇਹ ਹਾਦਸਾ ਨਿਊ ਯਾਰਕ ਦੇ ਨੀਮ ਸ਼ਹਿਰੀ ਖੇਤਰ ਹਿਕਸਵਿਲੇ ਵਿੱਚ 2005 ਵਿੱਚ ਵਾਪਰਿਆ ਸੀ
ਜਦੋਂ ਸ਼ੇਨਾਇ ਨੇ ਕਥਿਤ ਤੌਰ ’ਤੇ ਨਿਰਧਾਰਤ ਰਫ਼ਤਾਰ ਹੱਦ ਤੋਂ ਦੋ ਗੁਣਾਂ ਵਧ ਰਫ਼ਤਾਰ ’ਤੇ ਆਪਣੀ ਕਾਰ ਚਲਾਉਂਦਿਆਂ ਇੱਕ ਹੋਰ ਕਾਰ ਵਿੱਚ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 44 ਸਾਲਾ ਫ਼ਿਲਿਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ ਜੋ ਉਸ ਸਮਂੇ ਕੰਮ ’ਤੇ ਜਾ ਰਿਹਾ ਸੀ। ਹਾਦਸੇ ਤੋਂ 14 ਦਿਨਾਂ ਬਾਅਦ ਉਹ ਅਮਰੀਕੀ ਲਾਅ ਇਨਫ਼ੋਰਸਮੈਂਟ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਨਿਊ ਯਾਰਕ ਤੋਂ ਮੁੰਬਈ ਆ ਗਿਆ ਸੀ। ਉਸ ਵਿਰੁੱਧ ਅਗਸਤ 2005 ਵਿੱਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਉਸ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

Loading