
ਫਰਿਜ਼ਨੋ /ਕੈਲੀਫੋਰਨੀਆ/ਏ.ਟੀ.ਨਿਊਜ਼: ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐਸ. ਹੈਰੀਟੇਜ਼ ਵੱਲੋਂ 19 ਅਕਤੂਬਰ ਦਿਨ ਐਂਤਵਾਰ ਨੂੰ ਸਥਾਨਿਕ ਟਿੱਲੀ ਐਲੀਮੈਂਟਰੀ ਸਕੂਲ ਦੇ ਈਵੈਂਟ ਸੈਂਟਰ ਵਿਖੇ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸ਼ਾਮੀ 2 ਤੋਂ 6 ਵਜੇ ਦਰਮਿਆਨ ਹੋਵੇਗਾ। ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਸਥਾਨਕ ਬਰਾੜ ਫਾਰਮ ਵਿਖੇ ਹੋਈ ਜਿੱਥੇ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ ਆਨੰਦਪੁਰ ਸਾਹਿਬ ਯੂਨੀਵਰਸਿਟੀ ਉਚੇਚੇ ਤੌਰ ’ਤੇ ਇੰਡੀਆ ਤੋਂ ਪਹੁੰਚ ਰਹੇ ਹਨ। ਐਡਵੋਕੇਟ ਨਰਿੰਦਰ ਚਾਹਲ ਅਤੇ ਬੀਬਾ ਪ੍ਰਿਤਪਾਲ ਕੌਰ ਉਦਾਸੀ (ਬੇਟੀ ਸਵ. ਸੰਤ ਰਾਮ ਉਦਾਸੀ) ਵੀ ਬੁਲਾਰਿਆ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿੰਨਾ ਵਿੱਚ ਗੁਰਦੀਪ ਕੁੱਸਾ, ਗੋਗੀ ਸੰਧੂ , ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਆਦਿ ਗਾਇਕ ਦੇਸ਼ ਭਗਤੀ ਦੇ ਗੀਤਾਂ ਨਾਲ ਹਾਜ਼ਰੀ ਭਰਨਗੇ। ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤੇਗਾ। ਉਹਨਾਂ ਕਿਹਾ ਕਿ ਮੇਲੇ ਦੌਰਾਨ ਗਦਰੀ ਬਾਬਿਆਂ ਦੀ ਪ੍ਰਦਰਸ਼ਨੀ ਖਾਸ ਖਿੱਚ ਦਾ ਕੇਂਦਰ ਰਹੇਗੀ। ਇਸ ਮੌਕੇ 4.0 ਜੀ. ਪੀ. ਏ. ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।