ਵਿਦੇਸ਼ ਮੰਤਰੀ ਜੈਸ਼ੰਕਰ ਸਿੱਖਾਂ ਦੀ ਫੌਜ ਨੌਕਰੀ ਦੌਰਾਨ ਦਾਹੜੀ ਉਪਰ ਅਮਰੀਕਾ ਵਲੋਂ ਲਗਾਈ ਰੋਕ ਦਾ ਮਸਲਾ ਅਮਰੀਕੀ ਸਰਕਾਰ ਕੋਲ ਤੁਰੰਤ ਚੁੱਕਣ: ਪਰਮਜੀਤ ਸਿੰਘ ਵੀਰਜੀ

In ਮੁੱਖ ਖ਼ਬਰਾਂ
October 08, 2025

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਸਿੱਖਾਂ ਨੂੰ ਫੌਜ ਨੌਕਰੀ ਦੌਰਾਨ ਦਾੜ੍ਹੀ ਰੱਖਣ ਤੋਂ ਰੋਕਣ ਦਾ ਆਦੇਸ਼ ਦੇਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਹਮਲਾ ਅਤੇ ਸਿੱਖ ਪੰਥ ਲਈ ਵਡੀ ਚਿੰਤਾ ਦਾ ਵਿਸ਼ਾ ਹੈ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ, ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰਗਰਮ ਆਗੂ ਅਤੇ ਸਮਾਜਸੇਵੀ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ 2016 ਵਿੱਚ ਸਿੱਖ ਸੈਨਿਕ ਕੈਪਟਨ ਸਿਮਰਤਪਾਲ ਸਿੰਘ ਨੇ ਅਮਰੀਕੀ ਫੌਜ ਵਿੱਚ ਦਸਤਾਰ ਅਤੇ ਦਾੜ੍ਹੀ ਨਾਲ ਸੇਵਾ ਕਰਨ ਦਾ ਅਧਿਕਾਰ ਜਿੱਤਿਆ ਸੀ, ਜੋ ਸਿੱਖ ਸਮੁਦਾਏ ਲਈ ਮੀਲ ਪੱਥਰ ਸੀ, ਦੇ ਬਾਵਜੂਦ ਅਮਰੀਕੀ ਫੌਜ ਵੱਲੋਂ ਸਿੱਖ ਸੈਨਿਕਾਂ ‘ਤੇ ਦਾੜ੍ਹੀ ਰੱਖਣ ਦੀ ਪਾਬੰਦੀ ਦੇ ਤਾਜ਼ਾ ਫੈਸਲੇ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਗਹਿਰੀ ਠੇਸ ਪਹੁੰਚਾਈ ਹੈ। ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿਚ ਸਿੱਖ ਭਾਈਚਾਰੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ ਕਿਉਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿੱਖਾਂ ਨੇ ਉਥੇ ਰਹਿੰਦਿਆਂ ਬੇਹੱਦ ਸਖ਼ਤ ਮਿਹਨਤ ਕਰਕੇ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਰੀਤੀ ਰਿਵਾਜ ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਕਿਉਂਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੀ ਪਛਾਣ ਸਥਾਪਤ ਕੀਤੀ ਹੋਈ ਹੈ। ਅਮਰੀਕਾ ਦੇਸ਼ ਜਿਹੜਾ ਕਿ ਸਿੱਖਾਂ ਦੇ ਰਹਿਣ-ਸਹਿਣ, ਪਛਾਣ ਅਤੇ ਮਰਯਾਦਾ ਨੂੰ ਨੇੜਿਉਂ ਸਮਝਦਾ ਹੈ, ਉਥੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਨੂੰ ਸੱਟ ਮਾਰਨੀ ਠੀਕ ਨਹੀਂ ਹੈ ਕਿਉਕਿ ਇੱਕ ਸਾਬਤ ਸੂਰਤ ਸਿੱਖ ਆਪਣੀ ਦਸਤਾਰ ਅਤੇ ਦਾੜ੍ਹੀ ਨੂੰ ਸਰੀਰ ਤੋਂ ਵੱਖ ਨਹੀਂ ਕਰ ਸਕਦਾ। ਅੰਤ ਵਿਚ ਪਰਮਜੀਤ ਸਿੰਘ ਵੀਰਜੀ ਨੇ ਅਮਰੀਕਾ ਸਰਕਾਰ ਨੂੰ ਅਜਿਹਾ ਕੋਈ ਵੀ ਫੈਸਲਾ ਨਾ ਕਰਨ ਦੀ ਅਪੀਲ ਕਰਨ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਸਿੱਖ ਪੰਥ ਦੀਆਂ ਰਹੁ ਰੀਤਾ ਤੋਂ ਜਾਣੂ ਹੋ ਇਸ ਲਈ ਉਹ ਇਹ ਮਾਮਲਾ ਤੁਰੰਤ ਅਮਰੀਕਾ ਦੀ ਸਰਕਾਰ ਕੋਲ ਉਠਾ ਕੇ ਇਸ ਦਾ ਹੱਲ ਕਰਵਾਣ ਲਈ ਪਹਿਲ ਕਰਣ ।

Loading