ਚੰਡੀਗੜ੍ਹ/ਮੋਹਾਲੀ
ਐੱਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਇਕ ਵਾਰ ਮੁੜ ਹਾਈ ਕੋਰਟ ਪੁੱਜ ਗਿਆ ਹੈ। 27 ਅਗਸਤ ਨੂੰ ਪਟੀਸ਼ਨਰ ਦੇ ਮੰਗ ਪੱਤਰ ’ਤੇ ਫ਼ੈਸਲਾ ਲੈਣ ਲਈ ਹੁਕਮ ਦੇ ਬਾਵਜੂਦ ਕਾਰਵਾਈ ਨਾ ਕਰਨ ’ਤੇ ਹੁਣ ਹਾਈ ਕੋਰਟ ’ਚ ਹੁਕਮ ਅਦੂਲੀ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ’ਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ।
ਪਟੀਸ਼ਨਰ ਗੁਰਵਤਨ ਸਿੰਘ ਨੇ ਪਟੀਸ਼ਨ ’ਚ ਦੱਸਿਆ ਕਿ ਇਹ ਮਾਮਲਾ 2015 ਤੋਂ 2018 ਦੌਰਾਨ ਦਾ ਹੈ, ਜਦੋਂ ਐੱਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋ ਗਏ ਸਨ। ਇਸ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਇਸ ਕਮੇਟੀ ਨੇ ਆਪਣੀ ਜਾਂਚ ਤੋਂ ਬਾਅਦ 23 ਅਗਸਤ 2020 ਨੂੰ ਐੱਸਜੀਪੀਸੀ ਨੂੰ ਇਕ ਵਿਸਥਾਰਤ ਰਿਪੋਰਟ ਸੌਂਪੀ ਸੀ। ਪਟੀਸ਼ਨਰ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ’ਚ ਐੱਸਜੀਪੀਸੀ ਦੀ ਲਾਪਰਵਾਹੀ ਨੂੰ ਦੇਖਦੇ ਹੋਏ 21 ਨਵੰਬਰ 2024 ਨੂੰ ਇਕ ਮੰਗ ਪੱਤਰ ਦਿੱਤਾ ਸੀ। ਉਸੇ ਦਿਨ, ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਇਕ ਮੰਗ ਪੱਤਰ ਦਿੱਤਾ ਸੀ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਪਟੀਸ਼ਨਰ ਨੂੰ ਜਨਹਿੱਤ ਪਟੀਸ਼ਨ ਦਾਖ਼ਲ ਕਰਨੀ ਪਈ•।
ਮਾਮਲੇ ਦੀ ਸੁਣਵਾਈ ਦੌਰਾਨ ਇਹ ਦੱਸਿਆ ਗਿਆ ਸੀ ਕਿ ਇਸ ਮਾਮਲੇ ’ਤੇ ਪੰਜਾਬ ਦੇ ਗ੍ਰਹਿ ਸਕੱਤਰ ਨੇ ਡੀਜੀਪੀ ਨੂੰ ਇਕ ਪੱਤਰ ਲਿਖਿਆ ਹੈ। ਸਰਕਾਰ ਦੇ ਇਸ ਜਵਾਬ ’ਤੇ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿਹਾ ਸੀ ਕਿ ਉਹ ਉਮੀਦ ਕਰਦੇ ਹਨ ਕਿ ਸਰਕਾਰ ਇਸ ਮਾਮਲੇ ’ਚ ਸਹੀ ਕਦਮ ਚੁੱਕੇਗੀ। ਇਨ੍ਹਾਂ ਹੁਕਮਾਂ ’ਤੇ ਕਾਰਵਾਈ ਨਾ ਹੋਣ ’ਤੇ ਹੁਣ ਪਟੀਸ਼ਨਰ ਨੇ ਪੰਜਾਬ ਦੇ ਡੀਜੀਪੀ ਖ਼ਿਲਾਫ਼ ਹੁਕਮ ਅਦੂਲੀ ਪਟੀਸ਼ਨ ਦਾਖ਼ਲ ਕੀਤੀ ਹੈ। ਹਾਈ ਕੋਰਟ ਨੇ ਹੁਣ ਹੁਕਮ ਅਦੂਲੀ ਪਟੀਸ਼ਨ ’ਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੇ ਜਵਾਬ ਮੰਗ ਲਿਆ ਹੈ।