ਉਦਾਸ ਉਦਾਸ ਮੈਂ ਪਤਝੜ, ਹਾਂ ਸੁੰਦਰਤਾ ਤੋਂ ਸੱਖਣੀ,
ਮੇਰੇ ਕੋਲੋਂ ਬਹਾਰ ਦੀ, ਉਮੀਦ ਨਾ ਕੋਈ ਰੱਖਣੀ।
ਪੁੱਤਰਾਂ ਵਰਗੇ ਪੱਤਰ, ਮੇਰੇ ਹੱਥੋਂ ਵਿਛੜ ਗਏ,
ਹੱਸਦੇ ਫੁੱਲ ’ਤੇ ਕਲੀਆਂ, ਨਾ ਜਾਣੇ ਕਿਧਰ ਗਏ।
ਤਿੱਤਰ ਹੋਈਆਂ ਤਿਤਲੀਆਂ, ਮੇਰੀਆਂ ਬਾਹਾਂ ਛੱਡ,
ਜੋ ਭੰਵਰਿਆਂ ਦੇ ਪਿਆਰ ’ਚ, ਹੁੰਦੀਆਂ ਸੀ ਰਲਗੱਡ।
ਨਾ ਚੀਜ਼ ਵਹੁਟੀਆਂ ਦੀ, ਹੁਣ ਕਿਤੇ ਕਤਾਰ ਦਿਸੇ,
ਕਿਹੜੇ ਲਾੜਿਆਂ ਸੰਗ ਲੱਗ, ਹੋਈਆਂ ਫ਼ਰਾਰ ਕਿਤੇ।
ਬੁਲਬੁਲਾਂ ਦੇ ਬੋਲ ਵੀ, ਨਾ ਕੰਨੀਂ ਪੈਂਦੇ ਨੇ,
ਨਾ ਤੋਤੇ ਹੀ ਕਿਤੇ ਬਹਿ ਕੇ, ਦੁੱਖ ਸੁੱਖ ਕਹਿੰਦੇ ਨੇ।
ਕੋਇਲ ਵੀ ਅੱਜ ਕਿਧਰੇ, ਹੈ ਗਈ ਹੋ ਅਲੋਪ,
ਕਿਸ ਤੋਂ ਸੁਣਨ ਸ਼ਹਿਦ ਤੋਂ, ਮਿੱਠੇ ਗੀਤ ਹੁਣ ਲੋਕ।
ਇਹ ਕਿਉਂ ਸਮੇਂ ਦੀ ਐਸੀ, ਕੋਈ ਮਾਰ ਪਈ,
ਕਿਉਂ ਮੇਰੀ ਕਿਸਮਤ ਹੀ, ਇਤਨੀ ਬੇਕਾਰ ਗਈ?
ਕੁਦਰਤ ਨੇ ਕਿਉਂ ਧੋਖਾ, ਕੀਤਾ ਹੈ ਨਾਲ ਮੇਰੇ,
ਕਿਉਂ ਲਿਖੇ ਨੇ ਉਸ ਨੇ, ਅਭਾਗੇ ਹਾਲ ਮੇਰੇ?
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ. ਕੇ.