
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਵੀਡੀਆ ਦੇ ਸੀ. ਈ. ਓ. ਜੈਨਸਨ ਹੁਆਂਗ ਨੇ ਆਪਣੇ ਸਟਾਫ਼ ਨੂੰ ਯਕੀਨ ਦਿਵਾਇਆ ਹੈ ਕਿ ਉਸ ਦੀ ਕੰਪਨੀ ਐਚ-1 ਬੀ ਵੀਜ਼ਾ ਨੂੰ ਸਪਾਂਸਰ ਕਰਨਾ ਜਾਰੀ ਰੱਖੇਗੀ ਤੇ ਇਸ ਨਾਲ ਸਬੰਧਿਤ ਸਾਰੀ ਲਾਗਤ ਖੁਦ ਸਹਿਣ ਕਰੇਗੀ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ ਹੁਆਂਗ ਨੇ ਕਿਹਾ ਹੈ ਕਿ ਮਂੈ ਜਾਣਦਾ ਹਾਂ ਕਿ ਜੋ ਮੌਕੇ ਸਾਨੂੰ ਅਮਰੀਕਾ ਵਿੱਚ ਮਿਲੇ ਹਨ, ਨੇ ਸਾਡਾ ਜੀਵਨ ਬਦਲਿਆ ਹੈ ਤੇ ਇਹ ਨਵੀਡੀਆ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਇਹ ਬਦਲਾਅ ਵਿਸ਼ਵ ਭਰ ਵਿਚੋਂ ਆਏ ਸ਼ਾਨਦਾਰ ਪਰਵਾਸੀਆਂ ਦੀ ਬਦੌਲਤ ਸੰਭਵ ਹੋਇਆ ਹੈ।
ਪਰਵਾਸੀਆਂ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਇਨਸਾਈਡਰ ਨੇ ਹੁਆਂਗ ਦੇ ਹਵਾਲੇ ਨਾਲ ਲੇਖ ਵਿੱਚ ਕਿਹਾ ਹੈ ਕਿ ਤਕਨੀਕੀ ਤੇ ਯੋਜਨਾਵਾਂ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਕਾਨੂੰਨੀ ਪਰਵਾਸ ਜਰੂਰੀ ਹੈ ਤੇ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਕੀਤੀਆਂ ਤਬਦੀਲੀਆਂ ਨੇ ਇਸ ਉੱਪਰ ਮੁੜ ਮੋਹਰ ਲਾਈ ਹੈ। ਉਨ੍ਹਾਂ ਕਿਹਾ ਜਿਥੋਂ ਤੱਕ ਨਵੀਡੀਆ ਦਾ ਸਬੰਧ ਹੈ, ਸਾਡੀ ਕੰਪਨੀ ਵਿਸ਼ਵ ਭਰ ਵਿਚੋਂ ਆਏ ਅਸਧਾਰਨ ਪਰਵਾਸੀਆਂ ਨੇ ਬਣਾਈ ਹੈ ਤੇ ਅਸੀਂ ਐਚ-1 ਬੀ ਵੀਜ਼ਾ ਨੂੰ ਸਪਾਂਸਰ ਕਰਨਾ ਜਾਰੀ ਰੱਖਾਂਗੇ ਤੇ ਇਸ ਸਬੰਧੀ ਸਾਰੀ ਫ਼ੀਸ ਤੇ ਹੋਰ ਖਰਚੇ ਦੇਵਾਂਗੇ। ਇਥੇ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸਤੰਬਰ ਨੂੰ ਇੱਕ ਆਦੇਸ਼ ਜਾਰੀ ਕਰਕੇ ਐਚ-1 ਬੀ ਵੀਜ਼ੇ ਉਪਰ ਪ੍ਰਤੀ ਦਰਖਾਸਤ ਇੱਕ ਲੱਖ ਡਾਲਰ ਦੀ ਫ਼ੀਸ ਲਾਗੂ ਕਰ ਦਿੱਤੀ ਹੈ।