ਕੀ ਦੀਵਾਲੀ ਦਾ ਸਿੱਖ ਧਰਮ ਵਿੱਚ ਮਹੱਤਵ ਹੈ?

In ਮੁੱਖ ਲੇਖ
October 16, 2025

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

‘ਦੀਵਾਲੀ ਕੀ ਰਾਤਿ, ਦੀਵੇ. . ?’ ਹੋਰ ਤਾਂ ਹੋਰ ਦਿਵਾਲੀ ਦੇ ਦਿਨਾਂ ਵਿੱਚ ਸਿੱਖ ਧਰਮ ਦੇ ਕੇਂਦਰ ਦਰਬਾਰ ਸਾਹਿਬ ਤੋਂ ਹੀ ਅਰੰਭ ਹੋ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ-ਰਾਗੀ- ‘ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ’ ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ ਵਿੱਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ: ‘ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥’
ਅਰਥ ਇਹ ਹੈ ; ‘ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦੇਂਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੌਦਿਆਂ ਨਾਲ ਫੁਲ ਖਿੱੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ’ਤੇ ਜਾਣ ਵਾਲੇ ਯਾਤਰੀ ਦਿਖਾਈ ਤਾਂ ਦੇਂਦੇ ਹਨ, ਪਰ ਉਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਹਨਾਂ ਦੀ ਹੋਂਦ ਨਹੀਂ ਹੁੰਦੀ। ਅੰਤ ਫ਼ੈਸਲਾ ਦੇਂਦੇ ਹਨ- ‘ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੂੰ ਪਛਾਣ ਲੈਂਦੇ ਹਨ ਤੇ ਇਸ ਵਿੱਚ ਖੱਚਿਤ ਨਹੀਂ ਹੁੰਦੇ। ਗੁਰਮੁਖ ਪਿਅਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।’ ਅੰਦਾਜ਼ਾ ਲਗਾਓ! ਸਮਝਣਾ ਤਾਂ ਹੈ ਕਿ ਪਉੜੀ ਦਾ ਫ਼ੈਸਲਾ ਕੀ ਹੈ? ਉਲਟਾ ਪਉੜੀ ਵਿੱਚ ਆਏ ਪ੍ਰਮਾਣ ਨੂੰ ਟੇਕ ਬਣਾ ਰਹੇ ਹਾਂ। ਆਖਿਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮਤਿ ਦਾ ਜਾਂ ਮਨਮੱਤ ਦਾ?
ਇੰਨਾ ਹੀ ਨਹੀਂ, ਗੁਰਬਾਣੀ ਵਿੱਚ ਲਫ਼ਜ਼ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ, ਕਿਥੇ ਤੇ ਕਿਸ ਅਰਥ ਵਿੱਚ ਆਇਆ, ਕਿਸੇ ਨੂੰ ਇਸ ਨਾਲ ਲੈਣ-ਦੇਣਾ ਨਹੀਂ। ਦਿਵਾਲੀ ਦੇ ਦਿਹਾੜੇ ਸੰਬੰਧਤ ਸ਼ਬਦਾਂ ਨੂੰ ਇਸ ਪ੍ਰਭਾਵ ਵਿੱਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ ਤੋੜ ਕੇ ਅਨਮੱਤੀ ਵਿਸ਼ਵਾਸਾਂ ਵਿੱਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮਤਿ ਪ੍ਰਚਾਰ?
ਇਸ ਤਰ੍ਹਾਂ ਜਿੱਥੇ ਸਾਡੇ ਅਜਿਹੇ ਰਾਗੀ-ਪ੍ਰਚਾਰਕ, ਗੁਰਮਤਿ-ਗੁਰਬਾਣੀ ਵਿਰੁੱਧ ਪ੍ਰਚਾਰ ਦੇ ਦੋਸ਼ੀ ਹੁੰਦੇ ਹਨ ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ ਵੀ ਕਾਰਨ ਬਣਦੇ ਹਨ। ਆਖਿਰ ਕਾਹਦੇ ਲਈ? ਜਾਣੇ–ਅਣਜਾਣੇ ਬਹੁਤਾ ਕਰਕੇ ਆਪਣੇ ਹੱਲਵੇ ਮਾਂਡੇ, ਨੋਟਾਂ-ਡਾਲਰਾਂ-ਪੌਂਡਾਂ ਲਈ। ਅਸਲ ਵਿੱਚ ਅਜਿਹੇ ਪ੍ਰਚਾਰਕ ਸੰਗਤਾਂ ਨੂੰ ਨਿਰੋਲ ਬ੍ਰਾਹਮਣੀ ‘ਦਿਵਾਲੀਆਂ’ ਵਿੱਚ ਉਲਝਾਉਣ ਵਾਲਾ ਬਜਰ ਗੁਨਾਹ ਹੀ ਕਰ ਰਹੇ ਹੁੰਦੇ ਹਨ, ਗੁਰਮਤਿ ਪ੍ਰਚਾਰ ਨਹੀਂ। ਲੋੜ ਹੈ ਤਾਂ ਸੰਗਤਾਂ ਨੂੰ ਜਾਗਣ ਦੀ।
ਦੀਵਾਲੀ ਦਾ ਤਿਉਹਾਰ ਹੈ ਕੀ? ‘ਦਿਵਾਲੀ’ ਜਾਂ ਦੀਪਾਵਲੀ’ – ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ ਵਿੱਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਇਸ ਤਿਉਹਾਰ ਨਾਲ ਸੰਬੰਧਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਿਅਮ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਨਦੇ ਹਨ। ਦਿਵਾਲੀ ਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਹੈ-ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਹੋਰ ਵਿਤਕਰਿਆਂ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾਂ ਲਈ ਮਿੱਥੇ ਹੋਏ ਸਨ। ਬ੍ਰਾਹਮਣਾ ਲਈ ‘ਵਿਸਾਖੀ’, ਕਸ਼ਤਰੀਆਂ ਲਈ ‘ਦੁਸਿਹਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦਿਵਾਲੀ। ਦਿਵਾਲੀ ਦੇ ਦਿਨ ਇਹ ਲੋਕ ‘ਧੰਨ ਦੀ ਦੇਵੀ’ ‘ਲੱਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦਿਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਯੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਵਿੱਚ ਵਿਸ਼ਵਾਸ ਰਖਦੀ ਹੈ, ਨਾ ਧਨ ਆਦਿ ਦੇਵੀ-ਦੇਵ ਪੂਜਾ ਵਿੱਚ ਤੇ ਨਾ ਅਵਤਾਰ ਵਾਦ ਵਿੱਚ।
ਦਿਵਾਲੀ ਵਿਸਾਖੀ ਦੇ ਪੰਥਕ ਇਕੱਠ- ਸਾਲ ਵਿੱਚ ਦਿਵਾਲੀ-ਵਿਸਾਖੀ ਦੋ ਦਿਨ ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ ਦੂਜ (15 ਅਪ੍ਰੈਲ) ਕਾਰਨ ਵਿਸਾਖੀ। ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੂੰ ਦੀਵਾਲੀ-ਵਿਸਾਖੀ ਵਿੱਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਹਨਾਂ ਵਿੱਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ ਵਿੱਚ, ਇਹ ਦੋਵੇਂ ਇਕੱਠ, ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ ਵਿੱਚ ਫੱਸ ਕੇ, ਸਿੱਖ ਪਨੀਰੀ ਨੂੰ ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਵਾਰ ਬਣਿਆ ਪਿਆ ਹੈ। ਦੋਨਾਂ ਸਮਾਗਮਾਂ ਸਮੇਂ, ਜਿੱਥੇ ਕਿੱਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੂੰ ਸੁਣਦੇ ੱਤੇ ਹਲ ਦੇਂਦੇ। ਸਿੱਖਾਂ ਲਈ ਦੀਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ।
ਛੇਵੇਂ ਸਤਿਗੁਰੂ ਅਤੇ ਦੀਵਾਲੀ- ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ੱਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ। ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ 1621 ਨੂੰ ਗਵਾਲੀਅਰ ਦੀ ਜੇਲ੍ਹ ਵਿਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦੀਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੂੰ ਵੀ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ ਹੈ। ਉਪਰੰਤ ਦਸਵੇਂ ਪਾਤਸ਼ਾਹ ਤੀਕ ਦਰਬਾਰ ਸਾਹਿਬ ਵਿਖੇ ਕਿਸੇ ਦੀਵਾਲੀ-ਦੀਪਮਾਲਾ ਦੀ ਸੂਚਨਾ ਨਹੀਂ ਅਤੇ ਨਾ ਹੀ ਅਠਵੇਂ ਤੇ ਦਸਵੇਂ ਪਾਤਸ਼ਾਹ ਕਦੇ ਅੰਮ੍ਰਿਤਸਰ ਪਧਾਰੇ ਹੀ। ਹੋਰ, ਜੇ ਕਰ ਰਿਹਾਈ ਹੀ ਪੰਥ ਲਈ ਵੱਡਾ ਖੁਸ਼ੀ ਦਾ ਵਿਸ਼ਾ ਸੀ ਤਾਂ ਉਨ੍ਹੀਂ ਦਿਨੀ ਹੋਈ ਪੰਜਵੇਂ ਪਾਤਸ਼ਾਹ ਦੀ, ਤਸੀਹੇ ਭਰਪੂਰ ਸ਼ਹਾਦਤ ਬਾਰੇ ਕੀ ਕਿਹਾ ਜਾਵੇਗਾ? ਉਪਰੰਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਪੰਥ ਦੀ ਕੀ ਸੋਚ ਹੋਵੇਗੀ? ਕਿਉਂਕਿ ਅਜਿਹੇ ਖੁਸ਼ੀ-ਗ਼ਮ ਦੇ ਉਚੇਚੇ ਪ੍ਰਗਟਾਵੇ ਗੁਰਬਾਣੀ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੇ। ਤਾਂ ਫ਼ਿਰ ਅੱਜ ਹਰ ਸਾਲ ਦਰਬਾਰ ਸਾਹਿਬ ਵਿਖੇ ਦੀਪਮਾਲਾ, ਆਤਿਸ਼ਬਾਜ਼ੀ ਕਿਉਂ?
ਭਾਈ ਮਨੀ ਸਿੰਘ ਅਤੇ ਦੀਵਾਲੀ-ਪਿਛਲੇ ਲੰਮੇਂ ਸਮੇਂ ਤੋਂ ਹੀ ਪੰਥ ’ਤੇ ਭੀੜ ਬਣੀ ਰਹਿਣ ਕਾਰਨ ਵਿਸਾਖੀ-ਦਿਵਾਲੀ ਦੇ ਇਕੱਠ ਨਹੀਂ ਸਨ ਹੋ ਸਕੇ। ਕਾਫੀ ਸਮਾਂ ਬਾਅਦ ਸੰਨ 1737 ਵਿੱਚ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ‘ਦੀਵਾਲੀ ਇਕੱਠ’ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ’ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ਵਿੱਚ ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਉਤਰ ਸੀ ਜੇ ਇਕੱਠ ਹੋ ਜਾਂਦਾ ਤਾਂ ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੋ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤਬਾਹੀ ਵਾਲੀ ਹਾਲਤ ਵਿੱਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁੱਝ ਸਬਕ ਲੈ ਸਕਦੇ। ਖੈਰ! ਇਹ ਘਟਨਾ ਵੀ ਅਜਿਹੀ ਨਹੀਂ ਕਿ ਜਿਸ ਨਾਲ ਜੋੜ ਕੇ ਦਰਬਾਰ ਸਾਹਿਬ-ਅੰਮ੍ਰਿਤਸਰ ਵਿਖੇ ਪੰਥ ਹਰ ਸਾਲ ਦੀਵਾਲੀਆਂ ਮਨਾਏ ਤੇ ਦੀਪਮਾਲਾਵਾਂ, ਆਤਿਸ਼ਬਾਜ਼ੀਆਂ ਕਰੇ। ਯਕੀਨਣ ਦੀਵਾਲੀ ਵਜੋਂ ਇਹਨਾਂ ਦੀਪਮਾਲਾਵਾਂ, ਆਤਿਸ਼ਬਾਜ਼ੀਆਂ, ਮਠਿਆਈਆਂ ਆਦਿ ਨਾਲ਼ ਸਿੱਖ ਧਰਮ ਦਾ ਉੱਕਾ ਸੰਬੰਧ ਨਹੀਂ।

Loading