ਡਾ.ਪ੍ਰਿਤਪਾਲ ਸਿੰਘ ਮਹਿਰੋਕ
ਦੀਵਾਲੀ ਨੂੰ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣਿਆਂ ਜਾਂਦਾ ਹੈ। ਇਹ ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਸਨੂੰ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਭਾਵਨਾ, ਸਤਿਕਾਰ, ਉਤਸ਼ਾਹ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ। ਮਨੁੱਖ ਦੇ ਸੰਘਰਸ਼, ਉਸਦੇ ਰਸਤਿਆਂ ਵਿੱਚ ਆਉਂਦੀਆਂ ਰਹੀਆਂ ਰੁਕਾਵਟਾਂ, ਉਸਦੀ ਲੰਮੀ ਜੱੱਦੋ-ਜਹਿਦ ਦੀ ਇਬਾਰਤ ਤੇ ਉਸਦੇ ਹਾਰਨ-ਜਿੱਤਣ ਦੀਆਂ ਗਾਥਾਵਾਂ ਉਸਦੇ ਸਿਰੜ ਜਿੰਨੀਆਂ ਹੀ ਪੁਰਾਣੀਆਂ ਹਨ। ਮਨੁੱਖ ਜਦੋਂ ਵੀ ਆਪਣੇ ਸੰਘਰਸ਼ ਦੀ ਯਾਤਰਾ ਵਿਚੋਂ ਜੇਤੂ ਬਣ ਕੇ ਨਿਕਲਦਾ ਹੈ ਤਾਂ ਆਪਣੀ ਜਿੱਤ ਦੇ ਅਵਸਰ ’ਤੇ ਉਹ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਤੇ ਰੱਜ ਕੇ ਜਸ਼ਨ ਮਨਾਉਂਦਾ ਹੈ। ਜਦੋਂ ਉਹ ਖੁਸ਼ੀ ਨੂੰ ਦੂਜਿਆਂ ਨਾਲ ਸਾਂਝਿਆਂ ਕਰਦਾ ਹੈ ਤਾਂ ਉਸਦੀ ਖੁਸ਼ੀ ਦੂਣ-ਸਵਾਈ ਹੋ ਜਾਂਦੀ ਹੈ। ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਲੋਕ ਇਸ ਅਵਸਰ ਦੀਆਂ ਅਥਾਹ ਖੁਸ਼ੀਆਂ ਨੂੰ ਦੂਜਿਆਂ ਨਾਲ ਵੰਡਾੳਂੁਦੇ ਹਨ। ਰਲ-ਮਿਲ ਕੇ ਕਿਸੇ ਨਾ ਕਿਸੇ ਰੂਪ ਵਿੱਚ ਖੁਸ਼ੀਆਂ ਮਨਾਉਣ ਵਾਲਾ ਅਜਿਹਾ ਕੋਈ ਨਾ ਕੋਈ ਤਿਉਹਾਰ ਲਗਭਗ ਹਰੇਕ ਸਮਾਜ ਵਿੱਚ ਮਨਾਇਆ ਜਾਂਦਾ ਹੈ। ਮਨੁੱਖ ਆਪਣੀ ਸੰਪੰਨਤਾ ਦੇ ਜਸ਼ਨ ਮਨਾਉਂਦਾ ਹੈ ਤਾਂ ਉਹ ਖੁਸ਼ੀ ਵਿੱਚ ਫੁਲਿਆ ਨਹੀਂ ਸਮਾਉਂਦਾ।
ਦੀਵਾਲੀ ਦਾ ਤਿਉਹਾਰ ਮਨੁੱਖ ਲਈ ਕਈ ਤਰ੍ਹਾਂ ਦੇ ਸੁਨੇਹੇ ਲੈ ਕੇ ਆਉਂਦਾ ਹੈ। ਲੋਕ ਆਪਣੇ ਘਰਾਂ,ਦਫਤਰਾਂ, ਕਾਰੋਬਾਰੀ ਅਦਾਰਿਆਂ,ਸਾਂਝੇ ਅਸਥਾਨਾਂ, ਵਸਤੂਆਂ, ਵਸਤਰਾਂ ਤੇ ਹੋਰ ਵੀ ਬਹੁਤ ਕੁਝ ਦੀ ਸਫਾਈ ਕਰਦੇ ਹਨ। ਸਾਫ ਸੁਥਰਾ ਘਰ, ਦਫਤਰ, ਵਸਤਰ ਆਦਿ ਸਭ ਨੂੰ ਚੰਗੇ ਲੱਗਦੇ ਹਨ। ਇਸ ਮੌਕੇ ’ਤੇ ਮਨੁੱਖ ਨੂੰ ਉਜਵਲ ਵਿਚਾਰ ਧਾਰਨ ਕਰਨ ਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਕਲਪ ਵੀ ਕਰਨਾ ਚਾਹੀਦਾ ਹੈ। ਉਸ ਕੋਲ ਉਜਾਲਾ ਕਰਨ ਦੇ ਵਿਭਿੰਨ ਸਾਧਨ ਪ੍ਰਾਪਤ ਹਨ ਜੋ ਹਰ ਕਿਸੇ ਨੂੰ ਚੰਗੇ ਲੱਗਦੇ ਹਨ। ਭਾਂਤ-ਸੁਭਾਂਤੀ ਮਹਿੰਗੀ ਤੋਂ ਮਹਿੰਗੀ ਆਤਿਸ਼ਬਾਜ਼ੀ ਹੈ,ਖਾਣ ਪੀਣ ਦੇ ਬੇਅੰਤ ਪਦਾਰਥ ਹਨ,ਰੰਗ ਤਮਾਸ਼ਿਆਂ ਤੇ ਖੁਸ਼ੀਆਂ ਮਨਾਉਣ ਦੇ ਅਨੇਕ ਸਾਧਨ ਹਨ। ਇਸੇ ਸੰਦਰਭ ਵਿੱਚ ਦੀਵਾਲੀ ਦੇ ਮਹੱਤਵ ਨੂੰ ਪਛਾਨਣ ਦੀ ਲੋੜ ਹੈ। ਦੀਵਾਲੀ ਦੀਆਂ ਬਹੁਰੰਗੀ ਰੌਸ਼ਨੀਆਂ ਦਾ ਮਤਲਬ ਇਹ ਲਿਆ ਜਾਣਾ ਚਾਹੀਦਾ ਹੈ ਕਿ ਮਨੁੱਖ ਹਨੇਰੇ ਤੋਂ ਪ੍ਰਕਾਸ਼ ਵੱਲ ਵਧਦਾ ਜਾਵੇ। ਹਨੇਰਾ ਵੀ ਤਾਂ ਜੀਵਨ ਦਾ ਇਕ ਹਿੱਸਾ ਹੈ… ਜਿਸਨੂੰ ਹਰ ਕੋਈ ਸਵੀਕਾਰ ਕਰਦਾ ਹੈ। ਮਨੁੱਖ ਦੀ ਇੱਕ ਵੱਡੀ ਪ੍ਰਾਪਤੀ ਇਹ ਹੈ ਕਿ ਹਨੇਰੇ ਨੂੰ ਦੂਰ ਕਰਨ ਦੀ ਕਲਾ ਵੀ ਮਨੁੱਖ ਕੋਲ ਹੈ। ਹਨੇਰੇ ਨੂੰ ਪਛੰਡਣ ਲਈ ਨਵੇਂ ਉਤਸ਼ਾਹ ਦੀ ਲੋੜ ਹੁੰਦੀ ਹੈ। ਨਵੇਂ ਦਿਸਹੱਦੇ ਛੂੰਹਦੇ ਰਹਿਣ ਦੀ ਇੱਛਾ ਸ਼ਕਤੀ ਰੱਖਣ ਵਾਲੇ ਸਮਾਜ ਨਵੀਂ ਨਵੇਲੀ ਰੌਸ਼ਨੀ ਦੀ ਤਲਾਸ਼ ਕਰ ਹੀ ਲੈਂਦੇ ਹਨ। ਅਜਿਹਾ ਕਰਕੇ ਉਹ ਆਪਣੀ ਹਰ ਦੀਵਾਲੀ ਰੌਸ਼ਨੀਆਂ ਨਾਲ ਭਰ ਸਕਦੇ ਹਨ। ਸਿਹਤਮੰਦ ਵਿਚਾਰ ਤਰੰਗਾਂ ਤੇ ਮਨੁੱਖ ਦੀ ਰੱਜਵੀਂ ਨੀਅਤ ਵਾਲੇ ਮਜ਼ਬੂਤ ਇਰਾਦੇ ਦੀਵਾਲੀ ਦਾ ਅਸਲ ਤੇ ਸਹੀ ਆਨੰਦ ਦੇ ਸਕਦੇ ਹਨ।
ਅਜੋਕੇ ਮਨੁੱਖ ਦੀਆਂ ਮਨੋ-ਗ੍ਰੰਥੀਆਂ ਦਾ ਜੰਜਾਲ ਉਸਨੂੰ ਰੌਸ਼ਨੀ ਤੋਂ ਦੂਰ ਲਿਜਾ ਰਿਹਾ ਹੈ। ਉਲਝਣਾਂ,ਤਣਾਓ, ਗੁੰਝਲਾਂ ਆਦਿ ਵਧ ਰਹੀਆਂ ਹਨ। ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਛਿਨ-ਭੰਗਰ ਲਈ ਹਨੇਰੇ ਦੀ ਜਿੱਤ ਹੁੰਦੀ ਪ੍ਰਤੀਤ ਹੁੰਦੀ ਹੈ ਪਰੰਤੂ ਇਹ ਇਕ ਭੁਲਾਂਦਰਾ ਹੁੰਦਾ ਹੈ। ਰੌਸ਼ਨੀ ਕਰਨ,ਰੌਸ਼ਨੀ ਵਲ ਵਧਣ ਤੇ ਆਪਣੇ ਅੰਦਰ ਨੂੰ ਜਗਮਗਾਉਣ ਤੋਂ ਬਿਨਾਂ ਨਾ ਕਿਸੇ ਨੂੰ ਅਸਲ ਜਿੱਤ ਪ੍ਰਾਪਤ ਹੁੰਦੀ ਹੈ, ਨਾ ਹੁਲਾਸ, ਨਾ ਹੁਲਾਰਾ ਮਿਲਦਾ ਹੈ। ਦੀਵਾਲੀ ਦੇ ਇਸ ਸੰਦੇਸ਼ ਤੇ ਇਸ ਮਹੱਤਵ ਨੂੰ ਸਮਝਣ ਦੀ ਲੋੜ ਹੈ। ਦੀਵਾਲੀ ਦਾ ਉਤਸਵ ਮਹਾਨਤਾ ਅਤੇ ਪਵਿੱਤਰਤਾ ਦੇ ਜਿਨ੍ਹਾਂ ਆਦਰਸ਼ਾਂ ਨੂੰ ਮਿਥ ਕੇ ਪ੍ਰਾਰੰਭ ਹੋਇਆ ਹੋਵੇਗਾ,ਉਹ ਮਹੱਤਵ ਅਤੇ ਸੰਦੇਸ਼ ਅਸੀਂ ਭੁੱਲਦੇ ਜਾ ਰਹੇ ਹਾਂ। ਪੈਸੇ, ਵਸੀਲਿਆਂ ਤੇ ਆਧੁਨਿਕਤਾ ਦੀ ਅੰਨ੍ਹੀ ਦੌੜ ਵਿੱਚ ਅਸੀਂ ਦੀਵਾਲੀ ਦੇ ਵਾਸਤਵਿਕ ਮਹੱਤਵ ਨੂੰ ਵਿਸਾਰ ਕੇ ਫੋਕੇ ਵਿਖਾਵੇ, ਖੋਖਲੀ ਸ਼ਾਨੋ-ਸ਼ੌਕਤ,ਇਸ ਤਿਉਹਾਰ ਨੂੰ ਇਕ ਮੌਕੇ ਵਜੋਂ ਵਰਤਣ ਦੀ ਉਡੀਕ ਅਤੇ ਫ਼ਜ਼ੂਲ ਕਿਸਮ ਦੇ ਆਡੰਬਰਾਂ ਵਿਚ ਉਲਝਦੇ ਜਾ ਰਹੇ ਹਾਂ। ਅਜਿਹੇ ਆਡੰਬਰ ਤੇ ਵਿਖਾਵਾ ਇਸ ਤਿਉਹਾਰ ਨੂੰ ਬਹੁਤ ਮਹਿੰਗਾ ਤੇ ਖਰਚੀਲਾ ਬਣਾ ਦਿੰਦੇ ਹਨ। ਖਰੀਦ ਕੇ ਜਾਂ ਕਿਰਾਏ ’ਤੇ ਲਿਆਂਦੇ ਬਿਜਲੀ ਦੇ ਬਹੁ ਰੰਗੇ ਬਲਬਾਂ ਨਾਲ ਘਰ ਨੂੰ ਸਜਾਉਣਾ ,ਬੱਚਿਆਂ ਲਈ ਨਵੇਂ ਕੱਪੜੇ ਖਰੀਦਣੇ, ਖਿਡਾਉਣੇ ਖਰੀਦਣੇ, ਵਿਤੋਂ ਬਾਹਰੀ ਅਣਲੋੜੀਂਦੀ ਆਤਿਸ਼ਬਾਜ਼ੀ ਖਰੀਦਣੀ, ਦੋਸਤਾਂ, ਰਿਸ਼ਤੇਦਾਰਾਂ, ਆਂਢ-ਗੁਆਂਢ ਨੂੰ ਰੱਖ ਰਖਾਓ ਲਈ ਮਹਿੰਗੇ ਤੋਹਫਿਆਂ ਦਾ ਦੇਣ-ਲੈਣ ਕਰਨਾ, ਘਰ ਨੂੰ ਅਣਲੋੜੀਂਦਾ ਰੰਗ-ਰੋਗਨ ਕਰਵਾਉਣਾ, ਬੱਚਿਆਂ ਦੀਆਂ ਮੰਗਾਂ ਦੀ ਲੰਮੀ ਸੂਚੀ ਨੂੰ ਪੂਰਿਆਂ ਕਰਨ ਲਈ ਪੂਰਾ ਤਾਣ ਲਾ ਦੇਣਾ ਆਦਿ ਦੀਵਾਲੀ ਦੇ ਅਵਸਰ ’ਤੇ ਅਜਿਹਾ ਕੁਝ ਕਰਨਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ। ਗਲਤ ਕਿਸਮ ਦੀ ਧਾਰਨਾ ਇਹ ਬਣ ਗਈ ਹੈ ਕਿ ਜੇ ਇਹ ਕੁਝ ਨਾ ਕੀਤਾ ਗਿਆ ਤਾਂ ਲੋਕ ਕੀ ਕਹਿਣਗੇ ? ਇਹ ਪ੍ਰਸ਼ਨ ਆਮ ਆਦਮੀ ਲਈ ਮੁਸ਼ਕਲਾਂ ਖੜੀਆਂ ਕਰਦਾ ਹੈ। ਅਸਲ ਵਿੱਚ ਅਣਕਿਆਸੀ ਮਹਿੰਗਾਈ ਦੇ ਇਸ ਸਮੇਂ ਵਿੱਚ ਸਾਧਾਰਨ ਆਦਮੀ ਲਈ ਦੀਵਾਲੀ ਮਨਾਉਣੀ ਮੁਸ਼ਕਲ ਵੀ ਹੋ ਗਈ ਹੈ ਤੇ ਪਹੁੰਚ ਤੋਂ ਬਾਹਰ ਵੀ। ਇਥੇ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਫੋਕਾ ਵਿਖਾਵਾ ਕਰਕੇ ਤੇ ਆਡੰਬਰ ਰਚ ਕੇ ਹੀ ਦੀਵਾਲੀ ਮਨਾਈ ਜਾ ਸਕਦੀ ਹੈ ? ਕੀ ਇਸ ਸਭ ਕੁਝ ਤੋਂ ਬਗੈਰ ਦੀਵਾਲੀ ਦੀਆਂ ਖੁਸ਼ੀਆਂ ਨਹੀਂ ਮਨਾਈਆਂ ਜਾ ਸਕਦੀਆਂ ? ਕੀ ਉਪਰੋਕਤ ਗੱਲਾਂ ਦੀ ਪੂਰਤੀ ਕਰਕੇ ਹੀ ਦੀਵਾਲੀ ਦੇ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ ? ਦੀਵਾਲੀ ਦੇ ਮਹੱਤਵ ਨੂੰ ਸਮਝਣ ਲਈ ਇਹ ਪ੍ਰਸ਼ਨ ਬੜੇ ਮਹੱਤਵਪੂਰਨ ਹਨ ਜਿਨ੍ਹਾਂ ’ਤੇ ਸੰਜੀਦਗੀ ਨਾਲ ਵਿਚਾਰ ਕਰਨੀ ਬਣਦੀ ਹੈ। ਚੀਜ਼ਾਂ ਦਾ ਖਿਲਾਰਾ ਪਾਉਣ, ਫ਼ਜ਼ੂਲਖਰਚੀ ਕਰਨ,ਖਾਹਮਖਾਹ ਅਣਲੋੜੀਂਦਾ ਵਿਖਾਵਾ ਕਰਨ, ਬੇਹਿਸਾਬੇ ਆਡੰਬਰ ਰਚਣ ਤੋਂ ਬਗੈਰ ਵੀ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਸਕਦੀਆਂ ਹਨ। ਆਤਿਸ਼ਬਾਜ਼ੀ ਨਾ ਚਲਾਈ ਜਾਵੇ ਜਾਂ ਘੱਟ ਤੋਂ ਘੱਟ ਪ੍ਰਤੀਕ ਮਾਤਰ ਚਲਾਈ ਜਾਵੇ ਤਾਂ ਅਸੀਂ ਹਵਾ ਦੇ ਪ੍ਰਦੂਸ਼ਣ ਦੇ ਨਾਲ ਨਾਲ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਵਾਂਗੇ। ਉਸ ਦਿਨ/ਰਾਤ ਵਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਰਲਣ ਦੀ ਮਾਤਰਾ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਦੀਵਾਲੀ ਦੇ ਤਿਉਹਾਰ ’ਤੇ ਬਾਜ਼ਾਰਾਂ ਵਿੱਚ ਹਰੇਕ ਚੀਜ਼ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਮੁੱਲ ਵੱਧ, ਵਸਤੂ ਘਟੀਆ। ਚੋਰ ਬਾਜ਼ਾਰੀ ਹੁੰਦੀ ਹੈ। ਕੀ ਲੋਕਾਂ ਵਲੋਂ ਖਰੀਦੀ ਜਾਣ ਵਾਲੀ ਚੀਜ਼ ਦੀ ਮੰਗ ਵਧ ਜਾਣ ਕਰਕੇ ਵੱਡੇ ਵਪਾਰੀਆਂ, ਕਾਰੋਬਾਰੀਆਂ ਤੇ ਛੋਟੇ ਦੁਕਾਨਦਾਰਾਂ ਵਲੋਂ ਮਹਿੰਗਾਈ ਵਧਾ ਦੇਣੀ ਸਰਾਸਰ ਲੁੱਟ ਅਤੇ ਮੌਕੇ ਦਾ ਅਣ-ਉਚਿਤ ਲਾਭ ਉਠਾਉਣਾ ਨਹੀਂ ? ਕੀ ਇਹੀ ਦੀਵਾਲੀ ਦਾ ਸੁਨੇਹਾ ਹੈ? ਤਿਉਹਾਰਾਂ ਦੇ ਦਿਨੀਂ ਥਾਂ ਥਾਂ ਲੱਗੇ ਸੇਲ ਦੇ ਬੈਨਰ,ਫਲੈਕਸ, ਵੱਡੇ ਵੱਡੇ ਹੋਰਡਿੰਗਜ਼ ਤੇ ਹੋਰ ਮਾਧਿਅਮਾਂ ਰਾਹੀਂ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੀਵਾਲੀ ਦੇ ਨਾਂ ’ਤੇ ਗਾਹਕਾਂ ਨਾਲ ਨਿਰਾ ਧੋਖਾ ਨਹੀਂ ?
ਕੁਝ ਲੋਕ ਦੀਵਾਲੀ ਦੇ ਅਵਸਰ ’ਤੇ ਲਛਮੀ ਦੀ ਪੂਜਾ ਕਰਦੇ ਹਨ। ਇਹ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਲਛਮੀ ਦੀ ਪੂਜਾ ਨਾ ਕੀਤੇ ਜਾਣ ਦੀ ਸੂਰਤ ਵਿਚ ਉਹ ਨਾਰਾਜ਼ ਹੋ ਜਾਵੇਗੀ। ਗੱਲ ਵਿਸ਼ਵਾਸ ਦੀ ਹੈ। ਕਈ ਪ੍ਰਸ਼ਨ ਵੀ ਉੱਠਦੇ ਹਨ। ਅਜਿਹੇ ਵਿੱਚ ਦੌਲਤ ਦੇ ਖ਼ਜ਼ਾਨੇ ਕਿਵੇਂ ਭਰਨਗੇ ? ਕੀ ਫਿਰ ਲਛਮੀ ਪੂਜਾ ਸਵਾਰਥ ਹਿਤ ਨਹੀਂ ਕੀਤੀ ਜਾ ਰਹੀ ਹੁੰਦੀ ? ਜੇ ਸਵਾਲ ਖ਼ਜ਼ਾਨੇ ਭਰਪੂਰ ਕਰਨ ਤੇ ਪੈਸੇ ਨਾਲ ਮਾਲਾ ਮਾਲ ਹੋਣ ਦਾ ਹੈ ਤਾਂ ਸਪਸ਼ਟ ਹੈ ਕਿ ਇਸ ਪਿੱਛੇ ਵੀ ਮਨੁੱਖ ਦੀ ਖੁਦਗ਼ਰਜ਼ੀ ਕੰਮ ਕਰ ਰਹੀ ਹੁੰਦੀ ਹੈ। ਜੇ ਦੀਵਾਲੀ ਵਾਲੇ ਦਿਨ ਜਾਂ ਰਾਤ ਸਮੇਂ ਧੰਨ ਦੌਲਤ ਦੀ ਪੂਜਾ ਹੀ ਕਰਨੀ ਹੈ, ਲੋਕਾਂ ਦੀ ਲੁੱਟ ਕਰਨੀ ਹੈ,ਸ਼ਰਾਬ ਜਾਂ ਹੋਰ ਨਸ਼ੇ ਪੀਣੇ ਖਾਣੇ ਹਨ,ਜੂਆ ਖੇਡਣਾ ਹੈ, ਲੱਚਰ ਗੀਤ ਵੇਖਣੇ/ਸੁਣਨੇ ਹਨ, ਉਨ੍ਹਾਂ ਦੀਆਂ ਧੁਨੀਆਂ/ਬੋਲਾਂ ’ਤੇ ਬੇਹੂਦਾ ਕਿਸਮ ਦੇ ਨਾਚ ਨੱਚਣੇ ਹਨ ਤਾਂ ਲੱਛਮੀ ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਕੀ ਲਾਭ ? ਕੀ ਇਸੇ ਲਈ ਹੀ ਅਸੀਂ ਹਰੇਕ ਸਾਲ ਦੀਵਾਲੀ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ?
ਸਾਡਾ ਧਾਰਮਿਕ ਵਿਰਸਾ ਬਹੁਤ ਮਹਾਨ ਹੈ। ਦੀਵਾਲੀ ਵਾਲੇ ਦਿਨ ਸਾਨੂੰ ਆਪਣੇ ਗੁਰੂਆਂ, ਭਗਤਾਂ, ਸੰਤਾਂ, ਪੈਗੰਬਰਾਂ ਦੀਆਂ ਵਡਮੁੱਲੀਆਂ ਤੇ ਮਹਾਨ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਕਲਪ ਕਰਨਾ ਚਾਹੀਦਾ ਹੈ। ਪਹਿਲਾਂ ਕੀਤੇ ਹੋਏ ਸੰਕਲਪ ਨੂੰ ਦ੍ਰਿੜ੍ਹ ਕੀਤਾ ਜਾਣਾ ਚਾਹੀਦਾ ਹੈ। ਸਬਰ,ਸੰਤੋਖ, ਧੀਰਜ ਤੇ ਸੰਜਮ ਵਿਚ ਰਹਿ ਕੇ ਤਿਉਹਾਰ ਮਨਾਉਣ ਤੇ ਜੀਵਨ ਬਤੀਤ ਕਰਨ ਦਾ ਆਨੰਦ ਉਠਾਉਣਾ ਚਾਹੀਦਾ ਹੈ।
ਕੋਰੋਨਾ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੀ ਕਰੋਪੀ ਦੇ ਸਮੇਂ ਦੌਰਾਨ ਮਨੁੱਖ ਦੀਆਂ ਵਿਅਕਤੀਗਤ,ਸਮਾਜਿਕ ਤੇ ਸਮੂਹਿਕ ਜ਼ਿੰਮੇਵਾਰੀਆਂ ਵਧ ਗਈਆਂ ਸਨ। ਪਿਛਲੇ ਸਾਲਾਂ ਦੌਰਾਨ ਕੁਝ ਮੌਕਿਆਂ ’ਤੇ ਕਿਸਾਨ ਸਰਕਾਰਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੜਕਾਂ ’ਤੇ ਬੈਠਦਾ ਰਿਹਾ ਹੈ। ਇਸ ਸਾਲ ਪਿੱਛਲੇ ਮਹੀਨਿਆਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਕੁਝ ਰਾਜ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਅਣਕਿਆਸਿਆ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਸ ਵਾਰ ਹੜ੍ਹਾਂ ਤੋਂ ਪੀੜਤ ਲੋਕਾਂ ਪ੍ਰਤੀ ਸੰਵੇਦਨਾ ਤੇ ਹਮਦਰਦੀ ਪ੍ਰਗਟ ਕਰਨ ਲਈ ਦੀਵਾਲੀ ਬਹੁਤ ਸੰਜਮ ਨਾਲ ਮਨਾਈ ਜਾਣੀ ਚਾਹੀਦੀ ਹੈ। ਦੀਵਾਲੀ ਦੇ ਅਵਸਰ ’ਤੇ ਹਾਦਸਿਆਂ ਤੋਂ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਣਗਹਿਲੀ ਵੀ ਨਹੀਂ ਵਰਤਣੀ ਚਾਹੀਦੀ। ਸਗੋਂ ਵਧੇਰੇ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਸਵੈ ਜ਼ਾਬਤਾ ਬਣਾਈ ਰੱਖਣ ਦੀ ਵਧੇਰੇ ਲੋੜ ਹੈ।
ਇੱਕ ਹੋਰ ਪੱਖ ਇਹ ਕਿ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ। ਕਾਮਿਆਂ ਕੋਲੋਂ ਰੁਜ਼ਗਾਰ ਖੁਸ ਰਿਹਾ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਵਧਦੀ ਜਾ ਰਹੀ ਹੈ। ਸਾਧਾਰਨ ਮਨੁੱਖ ਬੇਚੈਨ ਹੈ। ਕਿਸਾਨਾਂ, ਮਜਦੂਰਾਂ, ਘੱਟ ਤਨਖਾਹਾਂ ’ਤੇ ਕੰਮ ਕਰਦੇ ਤੇ ਕੱਚੇ ਮੁਲਾਜ਼ਮਾਂ ਦੇ ਭਵਿੱਖ਼ ਦੀ ਅਨਿਸਚਿਤਤਾ,ਉਨ੍ਹਾਂ ਵੱਲੋਂ ਉਠਾਏ ਜਾ ਰਹੇ ਨੁਕਸਾਨ ਤੇ ਝੱਲੀਆਂ ਜਾ ਰਹੀਆਂ ਮੁਸੀਬਤਾਂ ਦਾ ਅਨੁਮਾਨ ਲਗਾਉਣਾ ਕਠਿਨ ਹੈ। ਇਸ ਸਮੇਂ ਤੇ ਇਨ੍ਹਾਂ ਹਾਲਤਾਂ ਵਿੱਚ ਤਿਉਹਾਰਾਂ ਦੇ ਮੌਕੇ ’ਤੇ ਬੇਹੱਦ ਸੰਜਮ ਵਰਤਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਦੀਵਾਲੀ ਦੇ ਤਿਉਹਾਰ ’ਤੇ ਮਨੁੱਖ ਨੂੰ ਸਵੈ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੋਵੇਗੀ। ਸਾਵਧਾਨੀਆਂ ਵਰਤ ਕੇ ਸੰਜਮਤਾ ਨਾਲ ਦੀਵਾਲੀ ਮਨਾਉਣ ਦੀ ਲੋੜ ਦੀ ਤੀਬਰਤਾ ਨੂੰ ਸਮਝਣਾ ਵੀ ਸਮੇਂ ਦੀ ਮੰਗ ਬਣ ਗਈ ਹੈ। ਇਨ੍ਹਾਂ ਕੁਝ ਗੱਲਾਂ ’ਤੇ ਗੌਰ ਕਰਕੇ ਅਸੀਂ ਦੀਵਾਲੀ ਦੇ ਮਹੱਤਵ ਨੂੰ ਬਿਹਤਰ ਸਮਝ ਸਕਦੇ ਹਾਂ ਤੇ ਦੀਵਾਲੀ ਨੂੰ ਯਾਦਗਾਰੀ ਤਿਉਹਾਰ ਬਣਾਉਣ ਵਿੱਚ ਆਪਣਾ ਬਣਦਾ ਹਿੱਸਾ ਪਾ ਸਕਦੇ ਹਾਂ।
![]()
