ਸੰਦੀਪ ਕੁਮਾਰ
vਪੰਜਾਬ ਦੀ ਸਿਆਸਤ ਦਾ ਦ੍ਰਿਸ਼ ਹਰ ਸਮੇਂ ਬਦਲਦਾ ਰਿਹਾ ਹੈ। ਇੱਥੋਂ ਦੇ ਵੋਟਰਾਂ ਦਾ ਮਿਜਾਜ਼ ਕਿਸੇ ਵੀ ਸਿਆਸੀ ਪਾਰਟੀ ਲਈ ਸੌਖਾ ਨਹੀਂ ਰਿਹਾ। ਕਦੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਦੋ ਧੁਰੀਆਂ ਵਾਲੀ ਸਿਆਸਤ ਦਹਾਕਿਆਂ ਤੱਕ ਸੂਬੇ ਦੇ ਉੱਤੇ ਭਾਰੂ ਰਹੀ ਪਰ ਹੁਣ ਨਵੀਂ ਪੀੜ੍ਹੀ, ਸ਼ਹਿਰੀ ਆਬਾਦੀ ਤੇ ਬਦਲਦੇ ਸਮਾਜਿਕ ਸੰਕੇਤਾਂ ਨੇ ਇਸ ਪੁਰਾਣੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਨਵੇਂ ਸਿਆਸੀ ਦੌਰ ਵਿੱਚ ਸਭ ਤੋਂ ਵੱਧ ਚਰਚਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ’ਚ ਭਵਿੱਖ ਨੂੰ ਲੈ ਕੇ ਹੋ ਰਹੀ ਹੈ। ਕੀ ਇਹ ਪਾਰਟੀ ਪੰਜਾਬ ਦੀ ਧਰਤੀ ’ਤੇ ਆਪਣੀਆਂ ਜੜ੍ਹਾਂ ਪੱਕੀਆਂ ਕਰ ਸਕੇਗੀ ਜਾਂ ਫਿਰ ਕੇਵਲ ਸ਼ਹਿਰੀ ਪੱਧਰ ਤੱਕ ਸੀਮਤ ਰਹੇਗੀ?
ਗੱਠਜੋੜ ਸਿਆਸਤ ਤੋਂ ਇਕੱਲਿਆਂ ਸਫ਼ਰ ਤੱਕ
ਭਾਜਪਾ ਦਾ ਪੰਜਾਬੀ ਸਿਆਸਤ ਨਾਲ ਰਿਸ਼ਤਾ ਨਵਾਂ ਨਹੀਂ ਹੈ। 1997 ਤੋਂ 2017 ਤੱਕ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਮਿਲ ਕੇ ਤਿੰਨ ਵਾਰ ਸਰਕਾਰ ਦਾ ਹਿੱਸਾ ਬਣੀ ਸੀ, ਪਰ ਉਸ ਦੌਰਾਨ ਭਾਜਪਾ ਦੀ ਭੂਮਿਕਾ ਦੂਜੇ ਸਥਾਨ ’ਤੇ ਸੀ। ਜਿੱਥੇ ਸ਼ਹਿਰੀ ਹਿੰਦੂ ਵੋਟਰਾਂ ’ਚ ਇਸ ਦੀ ਪਕੜ ਮਜ਼ਬੂਤ ਸੀ, ਉੱਥੇ ਹੀ ਪਿੰਡਾਂ ’ਚ ਇਸ ਦੀ ਹਾਜ਼ਰੀ ਬਹੁਤ ਘੱਟ ਸੀ। ਖੇਤੀ ਕਾਨੂੰਨ ਦੌਰਾਨ ਭਾਜਪਾ ਤੇ ਪੰਜਾਬ ਦੇ ਰਿਸ਼ਤੇ ’ਚ ਵੱਡੀ ਦਰਾਰ ਪੈਦਾ ਹੋ ਗਈ। ਕਿਸਾਨਾਂ ਦੇ ਵਿਆਪਕ ਅੰਦੋਲਨ ਨੇ ਪਾਰਟੀ ਦੇ ਖ਼ਿਲਾਫ਼ ਗੁੱਸੇ ਨੂੰ ਭੜਕਾਇਆ। ਅਕਾਲੀ ਦਲ ਨੇ ਗੱਠਜੋੜ ਤੋੜਿਆ ਤੇ ਭਾਜਪਾ ਇਕੱਲੀ ਰਹਿ ਗਈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਤੀਜੇ ਨਿਰਾਸ਼ਾਜਨਕ ਰਹੇ। ਪਾਰਟੀ ਨੂੰ ਕੇਵਲ ਕੁਝ ਹੀ ਸੀਟਾਂ ’ਤੇ ਮਾਮੂਲੀ ਵੋਟ ਪ੍ਰਾਪਤ ਹੋਏ। ਇਹ ਸੂਬੇ ਦੇ ਵੋਟਰਾਂ ਵਲੋਂ ਸਪੱਸ਼ਟ ਸੰਕੇਤ ਸੀ ਕਿ ਵਿਸ਼ਵਾਸ ਦਾ ਪੁਲ ਟੁੱਟ ਚੁੱਕਾ ਹੈ।
ਨਵੀਂ ਰਣਨੀਤੀ ਤੇ ਨਵੇਂ ਚਿਹਰੇ
ਭਾਜਪਾ ਹੁਣ ਪੰਜਾਬ ਵਿੱਚ ਆਪਣੇ ਅਕਸ ਨੂੰ ਨਵੇਂ ਸਿਰੇ ਤੋਂ ਗੰਢਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੂੰ ਇਹ ਸਮਝ ਆ ਚੁੱਕੀ ਹੈ ਕਿ ਜਦ ਤੱਕ ਉਹ ਸਿੱਖ ਸਮਾਜ, ਕਿਸਾਨੀ ਭਾਈਚਾਰੇ ਅਤੇ ਪਿੰਡਾਂ ਨਾਲ ਨਹੀਂ ਜੁੜੇਗੀ, ਤਦ ਤੱਕ ਪੰਜਾਬ ਵਿੱਚ ਉਸ ਦਾ ਵਾਧਾ ਸੰਭਵ ਨਹੀਂ ਹੈ। ਪਾਰਟੀ ਨੇ ਹਾਲ ਹੀ ’ਚ ਸੂਬੇ ਅੰਦਰ ਕਈ ਨਵੇਂ ਪੰਜਾਬੀ ਚਿਹਰਿਆਂ ਨੂੰ ਉਭਾਰਨ ਦਾ ਯਤਨ ਕੀਤਾ ਹੈ। ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਕੈਪਟਨ ਅਮਰਿੰਦਰ ਸਿੰਘ, ਫ਼ਤਿਹਜੰਗ ਸਿੰਘ ਬਾਜਵਾ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਮਨਪ੍ਰੀਤ ਸਿੰਘ ਬਾਦਲ ਅਤੇ ਹੁਣ ਜਗਦੀਪ ਸਿੰਘ ਚੀਮਾ ਸਮੇਤ ਕਈ ਵੱਡੇ ਕੱਦ ਦੇ ਆਗੂਆਂ ਦੀ ਭਾਜਪਾ ਵਿਚ ਆਮਦ ਨੇ ਇਸ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਕਾਂਗਰਸ ਤੋਂ ਭਾਜਪਾ ’ਚ ਆਏ ਇਹ ਆਗੂ ਸਿੱਖ ਚਿਹਰੇ ਦੇ ਰੂਪ ’ਚ ਪਾਰਟੀ ਨੂੰ ਉਹ ਵਿਸ਼ਵਾਸ ਦਿਵਾ ਸਕਦੇ ਹਨ, ਜਿਸ ਦੀ ਉਸ ਨੂੰ ਲੰਬੇ ਸਮੇਂ ਤੋਂ ਲੋੜ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੂਸ਼ਮਾਨ ਭਾਰਤ ਅਤੇ ਮੁਫ਼ਤ ਰਾਸ਼ਨ ਯੋਜਨਾ ਨੂੰ ਪਾਰਟੀ ਲੋਕਾਂ ਤੱਕ ਪਹੁੰਚਾ ਕੇ ਆਪਣਾ ਵਿਸ਼ਵਾਸ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਿੱਖ ਭਰੋਸੇ ਦੀ ਮੁੜ ਸਥਾਪਨਾ
ਪੰਜਾਬ ਦਾ ਸਮਾਜ ਧਾਰਮਿਕ ਤੇ ਖੇਤੀਬਾੜੀ ਕੇਂਦ੍ਰਿਤ ਹੈ। ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਭਰੋਸਾ ਹੈ। ਸਿੱਖ ਭਾਈਚਾਰੇ ਨੂੰ ਲਗਦਾ ਹੈ ਕਿ ਪਾਰਟੀ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਹੁਣ ਪਾਰਟੀ ਨੇ ਇਹ ਗਲਤੀ ਸੁਧਾਰਨ ਦਾ ਯਤਨ ਸ਼ੁਰੂ ਕੀਤਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ, ਸਿੱਖ ਆਗੂਆਂ ਦੀ ਸ਼ਮੂਲੀਅਤ ਅਤੇ ਗੁਰਪੁਰਬਾਂ ਵਿਚ ਭਾਗੀਦਾਰੀ ਆਦਿ, ਇਹ ਸਾਰੇ ਯਤਨ ਪਾਰਟੀ ਦੇ ‘ਸੰਵਾਦ ਮਾਡਲ’ ਦਾ ਹਿੱਸਾ ਹਨ। ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਤੋਂ ਇਲਾਵਾ ਵਿਸ਼ਵ ਪੱਧਰ ’ਤੇ ਸਿੱਖ ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਯੋਜਨਾਵਾਂ ਵੀ ਇਸੇ ਦਿਸ਼ਾ ’ਚ ਵੱਡੇ ਕਦਮ ਹਨ।
ਚੁਣੌਤੀਆਂ ਅਤੇ ਮੌਕੇ
ਬੇਸ਼ੱਕ ਭਾਜਪਾ ਦੀ ਕੋਸ਼ਿਸ਼ ਜਾਰੀ ਹੈ ਪਰ ਰਾਹ ਆਸਾਨ ਨਹੀਂ। ਪਹਿਲੀ ਚੁਣੌਤੀ ਵਿਸ਼ਵਾਸ ਦੀ ਮੁੜ ਪ੍ਰਾਪਤੀ ਦੀ ਹੋਵੇਗੀ। ਕਿਸਾਨਾਂ ਤੇ ਸਿੱਖਾਂ ਵਿਚਾਲੇ ਪਾਰਟੀ ਦੇ ਬਣੇ ਨਕਾਰਾਤਮਕ ਅਕਸ ਨੂੰ ਬਦਲਣ ਲਈ ਸਿਰਫ਼ ਪ੍ਰੋਗਰਾਮ ਨਹੀਂ, ਸੱਚਾ ਸੰਵੇਦਨਸ਼ੀਲ ਰੁਖ਼ ਅਪਣਾਉਣਾ ਪਵੇਗਾ। ਪਹਿਲਾਂ ਅਕਾਲੀ ਦਲ ਦੇ ਸਹਾਰੇ ਭਾਜਪਾ ਨੂੰ ਪੇਂਡੂ ਪੱਧਰ ’ਤੇ ਕੁਝ ਕਰਨ ਦੀ ਬਹੁਤੀ ਲੋੜ ਨਹੀਂ ਸੀ। ਹੁਣ ਜਦ ਭਾਜਪਾ ਇਕੱਲੀ ਹੈ ਤਾਂ ਉਸ ਨੂੰ ਨਵੇਂ ਸਿਰੇ ਤੋਂ ਜੜ੍ਹਾਂ ਲਾਉਣੀਆਂ ਪੈਣਗੀਆਂ। ਪੰਜਾਬ ਦੀ ਸਿਆਸਤ ਜਿੱਥੇ ਧਾਰਮਿਕ ਸੰਵਾਦ ਦੇ ਨਾਲ-ਨਾਲ ਖੇਤੀਬਾੜੀ ’ਤੇ ਟਿਕੀ ਹੋਈ ਹੈ, ਉੱਥੇ ਭਾਜਪਾ ਦਾ ਰਾਸ਼ਟਰਵਾਦੀ ਤੇ ਸ਼ਹਿਰੀ ਏਜੰਡਾ ਕਈ ਵਾਰ ਲੋਕਾਂ ਦੇ ਦਿਲਾਂ ਨਾਲ ਮੇਲ ਨਹੀਂ ਖਾਂਦਾ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਭਾਜਪਾ ਲਈ ਜਿੱਥੇ ਚੁਣੌਤੀਆਂ ਹਨ, ਉੱਥੇ ਮੌਕੇ ਵੀ ਹਨ। ਕਮਜ਼ੋਰ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਅੰਦਰੂਨੀ ਲੜਾਈ ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਲੋਕਾਂ ਦੀ ਵਧ ਰਹੀ ਨਾਰਾਜ਼ਗੀ ਇਹ ਤਿੰਨੇ ਤੱਤ ਭਾਜਪਾ ਲਈ ਮੌਕਾ ਬਣ ਸਕਦੇ ਹਨ। ਜੇ ਪਾਰਟੀ ਆਪਣੀ ਸਿਆਸਤ ਨੂੰ ਰਾਸ਼ਟਰੀ ਮੁੱਦਿਆਂ ਤੋਂ ਸੂਬਾਈ ਮਸਲਿਆਂ ਤੱਕ ਲਿਆਉਂਦੀ ਹੈ ਤਾਂ ਇਹ ਵੱਡਾ ਬਦਲਾਅ ਸਾਬਤ ਹੋ ਸਕਦਾ ਹੈ। ਲੋਕਾਂ ਨੂੰ ਸਿਰਫ਼ ਨੀਤੀਆਂ ਨਹੀਂ, ਵਿਸ਼ਵਾਸ ਚਾਹੀਦਾ ਹੈ ਤੇ ਇਹੀ ਥਾਂ ਹੈ ਜਿੱਥੇ ਭਾਜਪਾ ਆਪਣੇ ਪੈਰ ਜਮਾਅ ਸਕਦੀ ਹੈ।
ਭਵਿੱਖ ਦੀ ਰਣਨੀਤੀ-ਲੋਕਾਂ ਨਾਲ ਸੰਵਾਦ
ਪੰਜਾਬ ਦੇ ਲੋਕ ਤਜਰਬੇਕਾਰ ਹਨ। ਉਹ ਖਾਲੀ ਵਾਅਦੇ ਨਹੀਂ, ਨਤੀਜੇ ਦੇਖਦੇ ਹਨ। ਇਸ ਲਈ ਭਾਜਪਾ ਨੂੰ ਲੋਕਾਂ ਨਾਲ ਸਿੱਧਾ ਸੰਵਾਦ ਸ਼ੁਰੂ ਕਰਨ ਦੀ ਲੋੜ ਹੋਵੇਗੀ। ਕਿਸਾਨਾਂ ਦੇ ਮਸਲੇ ’ਤੇ ਖੁੱਲ੍ਹੀ ਚਰਚਾ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਨਸ਼ਾ-ਮੁਕਤੀ ਲਈ ਠੋਸ ਰਣਨੀਤੀ ਇਹ ਤਿੰਨੋਂ ਮੋੜ ਪਾਰਟੀ ਲਈ ਵਿਸ਼ਵਾਸ ਦੀ ਕਸੌਟੀ ਹੋਣਗੇ। ਇਸ ਦੇ ਨਾਲ ਨਾਲ, ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਨਾਲ ਸੰਪਰਕ ਵੀ ਭਾਜਪਾ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਪ੍ਰਵਾਸੀ ਪੰਜਾਬੀਆਂ ਵਿਚੋਂ ਬਹੁਤ ਸਾਰੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਜੇਕਰ ਇਹ ਸਹਿਯੋਗ ਸੂਬੇ ਦੀ ਸਿਆਸਤ ਤੱਕ ਪਹੁੰਚਾਇਆ ਜਾਵੇ ਤਾਂ ਇਹ ਭਾਜਪਾ ਦੇ ਹੱਕ ਵਿਚ ਨਵਾਂ ਰੁਝਾਨ ਪੈਦਾ ਕਰ ਸਕਦਾ ਹੈ। ਭਾਜਪਾ ਲਈ ਅਸਲੀ ਚੁਣੌਤੀ ਲੋਕਾਂ ਦੇ ਮਨ ਤੱਕ ਪਹੁੰਚਣ ਦੀ ਹੈ। ਰਾਸ਼ਟਰੀ ਏਜੰਡੇ ਦੀ ਸਫ਼ਲਤਾ ਪੰਜਾਬ ਦੀ ਧਰਤੀ ’ਤੇ ਉਦੋਂ ਹੀ ਟਿਕ ਸਕਦੀ ਹੈ, ਜਦੋਂ ਸੂਬੇ ਦੇ ਲੋਕਾਂ ਨੂੰ ਆਪਣਾ ਸਮਝ ਕੇ ਸਿਆਸਤ ਕੀਤੀ ਜਾਵੇ। ਪੰਜਾਬ ਦਾ ਜ਼ਿਕਰ ਹਮੇਸ਼ਾ ਸੂਰਮਿਆਂ, ਕਿਰਸਾਨਾਂ ਤੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਹੁੰਦਾ ਹੈ। ਜੇ ਭਾਜਪਾ ਇਨ੍ਹਾਂ ਤਿੰਨ ਤੱਤਾਂ ਨਾਲ ਸੱਚੀ ਸੰਵੇਦਨਸ਼ੀਲਤਾ ਜ਼ਰੀਏ ਜੁੜਦੀ ਹੈ ਤਾਂ ਆਉਣ ਵਾਲਾ ਸਮਾਂ ਉਸ ਲਈ ਲਾਭਾਦਾਇਕ ਹੋ ਸਕਦਾ ਹੈ।
ਅਜੇ ਤੱਕ ਭਾਜਪਾ ਦਾ ਪੰਜਾਬ ਵਿੱਚ ਭਵਿੱਖ ਅਨੇਕਾਂ ਸਵਾਲਾਂ ਦੇ ਘੇਰੇ ’ਚ ਹੈ ਪਰ ਇਸ ਦੇ ਨਾਲ ਹੀ ਉਸ ਦੇ ਸਾਹਮਣੇ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੁੱਲ੍ਹੇ ਹੋਏ ਹਨ। ਅਕਾਲੀ ਦਲ ਦੀ ਡਾਵਾਂਡੋਲ ਸਥਿਤੀ, ਕਾਂਗਰਸ ਦੀ ਆਪਸੀ ਫੁੱਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਵਧ ਰਹੀ ਨਾਰਾਜ਼ਗੀ, ਇਹ ਸਾਰੇ ਤੱਤ ਇਕ ਨਵਾਂ ਸਿਆਸੀ ਖੇਤਰ ਤਿਆਰ ਕਰ ਰਹੇ ਹਨ। ਹੁਣ ਸਵਾਲ ਕੇਵਲ ਇਹ ਹੈ ਕਿ ਭਾਜਪਾ ਇਸ ਮੌਕੇ ਨੂੰ ਕਿਵੇਂ ਭੁਨਾਉਂਦੀ ਹੈ? ਕੀ ਉਹ ਲੋਕਾਂ ਨਾਲ ਵਿਸ਼ਵਾਸ ਦਾ ਪੁਲ ਬਣਾਉਣ ’ਚ ਕਾਮਯਾਬ ਰਹੇਗੀ ਜਾਂ ਫਿਰ ਸਿਰਫ਼ ਸ਼ਹਿਰੀ ਸਿਆਸਤ ਦੀ ਪਾਰਟੀ ਹੀ ਬਣੀ ਰਹੇਗੀ।
![]()
