ਗਿਆਨੀ ਸੁਲਤਾਨ ਸਿੰਘ ਦੇ ਤਬਾਦਲੇ ਕਾਰਨ ਸਿੱਖ ਸਿਆਸਤ ’ਚ ਨਵੀਂ ਹਲਚਲ

In ਪੰਜਾਬ
November 01, 2025

ਸ੍ਰੀ ਅਨੰਦਪੁਰ ਸਾਹਿਬ/ਏ.ਟੀ.ਨਿਊਜ਼ : ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਜੋ ਕਿ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਸਨ, ਦਾ ਤਬਾਦਲਾ ਸ਼੍ਰੋਮਣੀ ਕਮੇਟੀ ਵੱਲੋਂ ਕਰ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੇ ਸਿਰਫ ਧਾਰਮਿਕ ਵਰਗਾਂ ਨਹੀਂ, ਸਗੋਂ ਆਮ ਸੰਗਤ ਵਿੱਚ ਵੀ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ।
ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਰਹਿ ਕੇ ਸੇਵਾ ਨਿਭਾਈ ਅਤੇ ਬਾਅਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਨਿਯੁਕਤ ਹੋਏ ਸਨ। ਉਹਨਾਂ ਦੇ ਹਾਲੀਆ ਤਬਾਦਲੇ ਨੂੰ ਕਈ ਸਿੱਖ ਸੰਗਠਨਾਂ ਵੱਲੋਂ ਸਿਰਫ ਪ੍ਰਸ਼ਾਸਨਿਕ ਫ਼ੈਸਲਾ ਨਹੀਂ, ਸਗੋਂ ਰਾਜਨੀਤਕ ਪ੍ਰੇਰਿਤ ਵਜੋਂ ਦੇਖਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਤਬਾਦਲੇ ਨੂੰ ਸਿੱਧੇ ਤੌਰ ’ਤੇ ਜਥੇਦਾਰਾਂ ਨੂੰ ਜ਼ਲੀਲ ਕਰਨ ਵਾਲਾ ਕਦਮ ਕਹਿੰਦੇ ਹੋਏ ਤਿੱਖਾ ਰੋਸ ਪ੍ਰਗਟਾਇਆ ਹੈ। ਉਹਨਾਂ ਕਿਹਾ ਕਿ ਜੇ ਉਹ ਗੁਨਾਹਗਾਰ ਸਨ ਤਾਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ’ਤੇ ਕਿਉਂ ਲਗਾਇਆ? ਤੇ ਜੇਕਰ ਗੁਨਾਹਗਾਰ ਨਹੀਂ ਸਨ ਤਾਂ ਹੁਣ ਉਹਨਾਂ ਨੂੰ ਕਿਉਂ ਹਟਾਇਆ ਗਿਆ? ਇਹ ਕਿਹੜਾ ਨਿਆਂ ਹੈ? ਉਹਨਾਂ ਸਵਾਲ ਕੀਤਾ ਕਿ ਕੌਮ ਦੇ ਜਥੇਦਾਰਾਂ ਨਾਲ ਅਜਿਹਾ ਰਵੱਈਆ ਰੱਖਣਾ ਸਿੱਖ ਮਰਿਆਦਾ ਅਤੇ ਜਥੇਦਾਰਾਂ ਦੇ ਆਦਰ-ਸਨਮਾਨ ਨਾਲ ਖਿਲਵਾੜ ਹੈ। ਉਹਨਾਂ ਇਸ਼ਾਰਾ ਕੀਤਾ ਕਿ ਦੋ ਦਸੰਬਰ ਵਾਲੇ ਹੁਕਮਨਾਮੇ ਦੇ ਮਾਮਲੇ ਦੌਰਾਨ ਗਿਆਨੀ ਸੁਲਤਾਨ ਸਿੰਘ ਵੀ ਜਥੇਦਾਰਾਂ ਦੇ ਫੈਸਲੇ ਵਿੱਚ ਸ਼ਾਮਲ ਸਨ ਅਤੇ ਉਸ ਸਮੇਂ ਦੇ ਮੱਦੇਨਜ਼ਰ ਹੁਣ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਵੀ ਇਹੋ ਜਿਹਾ ਵਤੀਰਾ ਹੋ ਸਕਦਾ ਹੈ।
ਕੌਮ ਬਦਤਰ ਹਾਲ ’ਚ, ਨਵੀਆਂ ਚੋਣਾਂ ਹੀ ਹੱਲ : ਬੀਬੀ ਜਗੀਰ ਕੌਰ
ਇਸ ਤਬਾਦਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਗੰਭੀਰ ਚਿੰਤਾ ਜਤਾਈ ਹੈ। ਉਹਨਾਂ ਸਪੱਸ਼ਟ ਕਿਹਾ ਕਿ ਸਿੱਖ ਕੌਮ ਦੀ ਸਥਿਤੀ ਬਹੁਤ ਖਰਾਬ ਹਾਲਾਤ ਵਿੱਚ ਹੈ। ਉਨ੍ਹਾਂ ਕਿਹਾ ਕਿ ਕੌਮ ਵਿੱਚ ਮਰਿਆਦਾ, ਨਿਯਮ, ਸਿਧਾਂਤ ਸਭ ਕੁਝ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਬੇਅਦਬੀਆਂ ਵਧ ਰਹੀਆਂ ਹਨ ਅਤੇ ਮੌਜੂਦਾ ਪ੍ਰਬੰਧਕਾਂ ਨੂੰ ਇਸ ਦੀ ਕੋਈ ਪੀੜ ਨਹੀਂ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਆਪਣੇ ਆਪ ਨੂੰ ਗੁਰਦੁਆਰਾ ਸਾਹਿਬਾਨ ਦੇ ਮਾਲਕ ਸਮਝ ਬੈਠੇ ਹਨ। ਜਦੋਂ ਤੱਕ ਇਸ ਤਰ੍ਹਾਂ ਦੇ ਲੋਕ ਕਮੇਟੀ ਉੱਤੇ ਕਬਜ਼ਾ ਕਰ ਕੇ ਬੈਠੇ ਹਨ, ਉਦੋਂ ਤੱਕ ਕਿਸੇ ਵੀ ਪ੍ਰਕਾਰ ਦੇ ਧਾਰਮਿਕ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਇਸ ਗੱਲ ਨੂੰ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੁਣ ਇੱਕੋ ਹੱਲ ਹੈ ਨਵੀਆਂ ਚੋਣਾਂ। ਕੌਮ ਨੂੰ ਨਵੀਂ ਲੀਡਰਸ਼ਿਪ ਚਾਹੀਦੀ ਹੈ, ਜੋ ਸੱਚਮੁੱਚ ਗੁਰੂ-ਮਰਿਆਦਾ ਅਨੁਸਾਰ ਸੇਵਾ ਨਿਭਾਉਣ ’ਤੇ ਗੁਰੂ ਦੇ ਭੈਅ ਵਿੱਚ ਰਹਿ ਕੇ ਸਾਰੇ ਕਾਰਜ ਕਰਨ।

Loading