ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਇੱਕ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਅਮਰੀਕਾ ਕੋਲ ਦੁਨੀਆਂ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ ਅਤੇ ਹੁਣ ਉਹ ਰੱਖਿਆ ਵਿਭਾਗ ਨੂੰ ਇਨ੍ਹਾਂ ਹਥਿਆਰਾਂ ਦੇ ਟੈਸਟਿੰਗ ਨੂੰ ਤੁਰੰਤ ਸ਼ੁਰੂ ਕਰਨ ਦਾ ਹੁਕਮ ਦੇ ਦਿਤੇ ਹਨ। ਇਹ ਐਲਾਨ ਉਸ ਸਮੇਂ ਆਇਆ ਜਦੋਂ ਰੂਸ ਨੇ ਆਪਣੇ ਦੋ ਨਵੇਂ ਪਰਮਾਣੂ-ਸੰਚਾਲਿਤ ਹਥਿਆਰਾਂ – 9ਐੱਮ730 ‘ਬੁਰੇਵੇਸਟਨਿਕ’ ਕਰੂਜ਼ ਮਿਸਾਈਲ ਅਤੇ ‘ਪੋਸਾਈਡਨ’ ਅੰਡਰਵਾਟਰ ਡਰੋਨ ਦੇ ਟੈਸਟਿੰਗ ਨੂੰ ਸਫਲ ਐਲਾਨਿਆ ਕੀਤਾ ਸੀ।
ਇਥੇ ਜ਼ਿਕਰਯੋਗ ਹੈ ਕਿ ਰੂਸ ਨੇ ਅਕਤੂਬਰ 2025 ਵਿੱਚ ਆਪਣੀ ਰਣਨੀਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਦੋ ਵੱਡੇ ਪਰਮਾਣੂ-ਸੰਚਾਲਿਤ ਹਥਿਆਰਾਂ ਦੇ ਟੈਸਟਿੰਗ ਨੂੰ ਬੀਤੇ ਦਿਨੀਂ ਅੰਜਾਮ ਦਿੱਤਾ ਸੀ। ਪਹਿਲਾਂ 21 ਅਕਤੂਬਰ ਨੂੰ 9ਐੱਮ730 ‘ਬੁਰੇਵੇਸਟਨਿਕ’ ਕਰੂਜ਼ ਮਿਸਾਈਲ ਦਾ ਟੈਸਟ ਕੀਤਾ ਗਿਆ ਸੀ, ਜੋ ਕਿ ਇੱਕ ਨਿਊਕਲੀਅਰ ਪਾਵਰਡ ਮਿਸਾਈਲ ਹੈ ਅਤੇ ਇਸ ਦੀ ਰੇਂਜ 8000 ਮੀਲ ਤੋਂ ਵੱਧ ਹੈ। ਇਹ ਮਿਸਾਈਲ ਅਮਰੀਕੀ ਮਿਸਾਈਲ ਡਿਫੈਂਸ ਸਿਸਟਮ ਨੂੰ ਚੁਣੌਤੀ ਦੇ ਸਕਦੀ ਹੈ।
ਇਸ ਤੋਂ ਬਾਅਦ, 29 ਅਕਤੂਬਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ‘ਪੋਸਾਈਡਨ’ ਅੰਡਰਵਾਟਰ ਡਰੋਨ ਦੇ ਟੈਸਟਿੰਗ ਨੂੰ ਸਫਲ ਐਲਾਨਿਆ ਸੀ। ਇਹ ਡਰੋਨ ਇੱਕ ਨਿਊਕਲੀਅਰ ਪਾਵਰ ਵਾਲਾ ਸੁਪਰ ਹਥਿਆਰ ਹੈ। ਪੁਤਿਨ ਨੇ ਕਿਹਾ ਕਿ ਇਹ ਰੂਸ ਦੀ ਸੁਰੱਖਿਆ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਪੁਤਿਨ ਅਨੁਸਾਰ ਪੋਸਾਈਡਨ ਦੀ ਰੇਂਜ 10,000 ਕਿਲੋਮੀਟਰ ਤੱਕ ਹੈ ਅਤੇ ਇਹ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
ਰੂਸ ਨੇ ਇਨ੍ਹਾਂ ਟੈਸਟਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਦੇ ਜਵਾਬ ਵਿੱਚ ਆਯੋਜਿਤ ਕੀਤਾ ਹੈ।
ਟਰੰਪ ਨੇ ਰੂਸ ਦੇ ਇਨ੍ਹਾਂ ਟੈਸਟਾਂ ਤੇ ਸਖਤ ਪ੍ਰਤੀਕਰਮ ਪ੍ਰਗਟਾਇਆ ਸੀ। ਉਨ੍ਹਾਂ ਨੇ ਕਿਹਾ, ‘ਪੁਤਿਨ ਨੂੰ ਮਿਸਾਈਲਾਂ ਦੇ ਟੈਸਟਿੰਗ ਵੱਲ ਨਹੀਂ, ਬਲਕਿ ਯੂਕਰੇਨ ਯੁੱਧ ਨੂੰ ਖਤਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਯੁੱਧ ਜੋ ਇੱਕ ਹਫ਼ਤੇ ਵਿੱਚ ਖਤਮ ਹੋ ਜਾਣਾ ਚਾਹੀਦਾ ਸੀ, ਹੁਣ ਚੌਥੇ ਸਾਲ ਵਿੱਚ ਪਹੁੰਚ ਗਿਆ ਹੈ।’ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਕੋਲ ਰੂਸੀ ਕੰਢੇ ਤੇ ਇੱਕ ਸਭ ਤੋਂ ਸ਼ਕਤੀਸ਼ਾਲੀ ਨਿਊਕਲੀਅਰ ਸਬਮੈਰੀਨ ਹੈ, ਜੋ ਕਿ ਹਰ ਵੇਲੇ ਤਿਆਰ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਅਮਰੀਕਾ ਕੋਲ ਕਿਸੇ ਵੀ ਦੇਸ਼ ਤੋਂ ਵੱਧ ਪਰਮਾਣੂ ਹਥਿਆਰ ਹਨ। ਇਹ ਕੰਮ ਮੇਰੇ ਪਹਿਲੇ ਟਰਮ ਵਿੱਚ ਹੋਇਆ, ਜਦੋਂ ਕਿ ਪੁਰਾਣੇ ਹਥਿਆਰਾਂ ਨੂੰ ਆਧੁਨਿਕ ਬਣਾ ਦਿੱਤਾ ਗਿਆ ਹੈ।’ ਉਨ੍ਹਾਂ ਨੇ ਰੂਸ ਨੂੰ ਦੂਜੇ ਅਤੇ ਚੀਨ ਨੂੰ ਤੀਜੇ ਨੰਬਰ ਤੇ ਰੱਖਦੇ ਹੋਏ ਕਿਹਾ ਸੀ ਕਿ ਚੀਨ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਅਤੇ ਰੂਸ ਦੇ ਨੇੜੇ ਪਹੁੰਚ ਜਾਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਹੋਰ ਦੇਸ਼ਾਂ ਦੇ ਟੈਸਟਿੰਗ ਪ੍ਰੋਗਰਾਮਾਂ ਕਾਰਨ ਅਮਰੀਕਾ ਵੀ ਬਰਾਬਰੀ ਵਾਲੇ ਪੱਧਰ ਤੇ ਟੈਸਟਿੰਗ ਸ਼ੁਰੂ ਕਰੇਗਾ।
ਟਰੰਪ ਦਾ ਇਹ ਐਲਾਨ ਬੁਸਾਨ, ਦੱਖਣੀ ਕੋਰੀਆ ਵਿੱਚ ਚੀਨੀ ਰਾਸ਼ਟਰਪਤੀ ਐੱਕਸੀ ਜਿਨਪਿੰਗ ਨਾਲ ਮੀਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਕੀਤਾ ਗਿਆ ਸੀ, ਜਿੱਥੇ ਵਪਾਰਕ ਯੁੱਧ ਨੂੰ ਖਤਮ ਕਰਨ ਬਾਰੇ ਗੱਲਬਾਤ ਹੋਣੀ ਸੀ। ਟਰੰਪ ਦੇ ਇਸ ਬਿਆਨ ਨੇ ਨਾ ਸਿਰਫ਼ ਚੀਨ ਨੂੰ ਪਰੇਸ਼ਾਨ ਕੀਤਾ ਬਲਕਿ ਵਿਸ਼ਵ ਨੂੰ ਇੱਕ ਨਵੇਂ ਠੰਢੀ ਜੰਗ ਵਾਲੇ ਯੁੱਗ ਵੱਲ ਲੈ ਜਾਣ ਵਾਲੀ ਚਿਤਾਵਨੀ ਵੀ ਦੇ ਦਿੱਤੀ। ਅੰਤਰਰਾਸ਼ਟਰੀ ਏਟਮਿਕ ਐਨਰਜੀ ਏਜੰਸੀ (ਆਈ.ਏ.ਈ.ਏ.) ਨੇ ਵੀ ਇਸ ਨੂੰ ‘ਚਿੰਤਾਜਨਕ’ ਕਰਾਰ ਦਿੱਤਾ ਹੈ, ਕਿਉਂਕਿ ਅਮਰੀਕਾ ਨੇ 1992 ਤੋਂ ਪੂਰੀ ਤਰ੍ਹਾਂ ਨਾਲ ਪਰਮਾਣੂ ਟੈਸਟਿੰਗ ’ਤੇ ਪਾਬੰਦੀ ਲਗਾਈ ਹੋਈ ਸੀ।
ਇਸ ਘਟਨਾ ਨੇ ਨਾ ਸਿਰਫ਼ ਰਾਜਨੀਤਿਕ ਹਲਚਲ ਮਚਾਈ ਬਲਕਿ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਵੱਡੀ ਚਰਚਾ ਪੈਦਾ ਕੀਤੀ। ਬੀ.ਬੀ.ਸੀ. ਨੇ ਇਸ ਨੂੰ ‘ਪਰਮਾਣੂ ਧਮਕੀ ਦਾ ਨਵਾਂ ਅਧਿਆਏ’ ਕਿਹਾ ਹੈ, ਜਦਕਿ ਰਾਇਟਰਜ਼ ਨੇ ਚਿਤਾਵਨੀ ਦਿੱਤੀ ਕਿ ਇਹ ਕਦਮ ਗਲੋਬਲ ਨਾਨ-ਪ੍ਰੋਲੀਫਰੇਸ਼ਨ ਟ੍ਰੀਟੀ ਨੂੰ ਤੋੜ ਸਕਦਾ ਹੈ। ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਟਰੰਪ ਦਾ ਇਹ ਐਲਾਨ ਚੀਨ ਨਾਲ ਮੀਟਿੰਗ ਤੋਂ ਠੀਕ ਪਹਿਲਾਂ ਕੀਤਾ ਗਿਆ, ਜੋ ਕਿ ਇੱਕ ਰਣਨੀਤਕ ਚਾਲ ਹੈ ਪਰ ਖ਼ਤਰਨਾਕ ਵੀ। ਗਾਰਡੀਅਨ ਨੇ ਇਸ ਨੂੰ ‘ਵਿਸ਼ਵ ਸ਼ਾਂਤੀ ਲਈ ਖ਼ਤਰਾ’ ਕਰਾਰ ਦਿੱਤਾ, ਜਦਕਿ ਅਲ ਜਜ਼ੀਰਾ ਨੇ ਉਭਾਰਿਆ ਕਿ ਇਹ ਕਦਮ ਏਸ਼ੀਆ ਵਿੱਚ ਤਣਾਅ ਨੂੰ ਵਧਾਏਗਾ।
ਅੰਤਰਰਾਸ਼ਟਰੀ ਪੱਧਰ ’ਤੇ ਇਸ ਐਲਾਨ ਨੇ ਬਹੁਤ ਸਾਰੇ ਦੇਸ਼ਾਂ ਨੂੰ ਚਿੰਤਿਤ ਕੀਤਾ ਹੈ। ਕੈਨੇਡਾ ਨੇ ਇਸ ਨੂੰ ‘ਗੈਰ ਜਰੂਰੀ ਅਤੇ ਖ਼ਤਰਨਾਕ’ ਕਿਹਾ ਹੈ, ਜਦਕਿ ਯੂਰਪੀਅਨ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਪਰਮਾਣੂ ਟੈਸਟਿੰਗ ਨੂੰ ਰੋਕਿਆ ਜਾਵੇ। ਇਸ ਤਰ੍ਹਾਂ, ਟਰੰਪ ਦਾ ਇਹ ਫ਼ੈਸਲਾ ਨਾ ਸਿਰਫ਼ ਰੂਸ ਅਤੇ ਚੀਨ ਨਾਲ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ ਬਲਕਿ ਵਿਸ਼ਵ ਸ਼ਾਂਤੀ ਲਈ ਵੀ ਇੱਕ ਵੱਡੀ ਚੁਣੌਤੀ ਬਣ ਜਾਵੇਗਾ।
ਪੁਤਿਨ ਦਾ ਜਵਾਬ ਅਤੇ ਚੀਨ ਦੀ ਪ੍ਰਤੀਕਿਰਿਆ: ਅੰਤਰਰਾਸ਼ਟਰੀ ਅਖ਼ਬਾਰਾਂ ਵਿੱਚ ਵਿਸ਼ਵ ਵਿਆਪੀ ਚਰਚਾ
ਟਰੰਪ ਦੇ ਐਲਾਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤੁਰੰਤ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੋਸਾਈਡਨ ਡਰੋਨ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਇਹ ਰੂਸ ਦੀ ਸੁਰੱਖਿਆ ਰਣਨੀਤੀ ਵਿੱਚ ਅਹਿਮ ਹੈ। ਪੁਤਿਨ ਨੇ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਅਮਰੀਕਾ ਨੂੰ ਆਪਣੇ ਹਥਿਆਰਾਂ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੀਦਾ ਹੈ ਅਤੇ ਯੂਕ੍ਰੇਨ ਵਰਗੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਆਪਣੀ ਸੁਰੱਖਿਆ ਲਈ ਹਰ ਕਦਮ ਚੁੱਕੇਗਾ। ਪੁਤਿਨ ਨੇ ਇਹ ਵੀ ਕਿਹਾ ਕਿ ਬੁਰੇਵੇਸਟਨਿਕ ਮਿਸਾਈਲ ਅਮਰੀਕੀ ਡੋਮ ਵਰਗੀਆਂ ਡਿਫੈਂਸ ਸਿਸਟਮਾਂ ਨੂੰ ਨਾਕਾਮ ਕਰ ਸਕਦੀ ਹੈ।
ਚੀਨ ਨੇ ਵੀ ਟਰੰਪ ਦੇ ਐਲਾਨ ’ਤੇ ਸਖ਼ਤ ਪ੍ਰਤੀਕਰਮ ਦਿੱਤਾ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੂੰ ਪਰਮਾਣੂ ਟੈਸਟਿੰਗ ਨਾਲ ਵਿਸ਼ਵ ਸ਼ਾਂਤੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਚੀਨ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ ‘ਮਿਨੀਮਮ ਡਿਟਰੈਂਸ’ ਨਾਲ ਜੋੜਿਆ ਹੈ ਅਤੇ ਕਿਹਾ ਕਿ ਉਹ ਸਿਰਫ਼ ਰੱਖਿਆ ਲਈ ਵਰਤਦੇ ਹਨ। ਪਰ ਰਿਪੋਰਟਾਂ ਅਨੁਸਾਰ, ਚੀਨ ਨੇ 2020 ਵਿੱਚ 300 ਤੋਂ ਵਧਾ ਕੇ 2025 ਵਿੱਚ 600 ਪਰਮਾਣੂ ਹਥਿਆਰ ਬਣਾ ਲਏ ਹਨ ਅਤੇ 2030 ਤੱਕ 1000 ਤੋਂ ਵੱਧ ਹੋ ਜਾਣਗੇ। ਚੀਨ ਨੇ ਟਰੰਪ ਨਾਲ ਵਪਾਰਕ ਗੱਲਬਾਤ ਵਿੱਚ ਵੀ ਇਸ ਮਸਲੇ ਨੂੰ ਚੁੱਕਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਨੂੰ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ।
ਵਿਸ਼ਵ ਮਾਹਿਰਾਂ ਅਨੁਸਾਰ ਟਰੰਪ ਦੇ ਇਸ ਐਲਾਨ ਅਤੇ ਰੂਸ-ਚੀਨ ਦੀਆਂ ਪ੍ਰਤੀਕਿਰਿਆਵਾਂ ਨਾਲ ਵਿਸ਼ਵ ਨੂੰ ਇੱਕ ਨਵੇਂ ਪਰਮਾਣੂ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਅਨੁਸਾਰ, ਅਮਰੀਕਾ ਵੱਲੋਂ ਟੈਸਟਿੰਗ ਮੁੜ ਸ਼ੁਰੂ ਕਰਨ ਨਾਲ ਹੋਰ ਦੇਸ਼ ਵੀ ਇਸ ਵਿੱਚ ਸ਼ਾਮਲ ਹੋ ਜਾਣਗੇ, ਜੋ ਕਿ ਇੱਕ ਗਲੋਬਲ ਆਰਮਜ਼ ਰੇਸ ਨੂੰ ਜਨਮ ਦੇਵੇਗਾ।
ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਅਨੁਸਾਰ, ਰੂਸ ਕੋਲ 5459, ਅਮਰੀਕਾ ਕੋਲ 5177 ਅਤੇ ਚੀਨ ਕੋਲ 600 ਹਥਿਆਰ ਹਨ। ਇਹ ਅੰਕੜੇ ਵਧਣ ਨਾਲ ਵਿਸ਼ਵ ਵਿੱਚ ਨਿਊਕਲੀਅਰ ਵਾਰ ਦਾ ਖ਼ਤਰਾ ਵਧੇਗਾ। ਜੇਕਰ ਇਹ ਰੁਝਾਨ ਚਲਦਾ ਰਿਹਾ ਤਾਂ ਵਿਸ਼ਵ ਨੂੰ ਇੱਕ ਨਵੇਂ ਪ੍ਰਮਾਣੂ ਯੁੱਗ ਵਿੱਚ ਐਂਟਰ ਕਰਨਾ ਪਵੇਗਾ, ਜਿੱਥੇ ਪਰਮਾਣੂ ਹਥਿਆਰਾਂ ਦੀ ਦੌੜ ਨਾਲ ਸ਼ਾਂਤੀ ਨੂੰ ਖ਼ਤਰਾ ਹੋਵੇਗਾ। ਅੰਤ ਵਿੱਚ, ਇਹ ਸੰਕਟ ਗੱਲਬਾਤ ਨਾਲ ਹੀ ਹੱਲ ਹੋ ਸਕਦਾ ਹੈ, ਨਾ ਕਿ ਧਮਕੀਆਂ ਨਾਲ।
ਦੁਨੀਆ ਦੇ 9 ਦੇਸ਼ਾਂ ਕੋਲ ਹਨ 12241 ਪ੍ਰਮਾਣੂ ਹਥਿਆਰ, ਪਾਕਿਸਤਾਨ ਭਾਰਤ ਤੋਂ ਪਛੜਿਆ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅਨੁਸਾਰ, ਜਨਵਰੀ 2025 ਤੱਕ, ਦੁਨੀਆ ਦੇ ਨੌਂ ਦੇਸ਼ਾਂ ਕੋਲ ਕੁੱਲ 12,241 ਪ੍ਰਮਾਣੂ ਹਥਿਆਰ ਹਨ। ਇਸ ਸੂਚੀ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਸਿਪਰੀ ਨੇ ਆਪਣੀ ਯੀਅਰਬੁੱਕ 2025 ਜਾਰੀ ਕੀਤੀ ਹੈ, ਜੋ ਚਿੰਤਾਜਨਕ ਅੰਕੜੇ ਪ੍ਰਗਟ ਕਰਦੀ ਹੈ। ਸਿਪਰੀ ਰਿਪੋਰਟ ਦੇ ਅਨੁਸਾਰ, ਨੌਂ ਦੇਸ਼ਾਂ ਦੀ ਸੂਚੀ ਵਿੱਚ ਸੰਯੁਕਤ ਰਾਜ, ਰੂਸ, ਯੂਨਾਈਟਿਡ ਕਿੰਗਡਮ, ਫਰਾਂਸ, ਚੀਨ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਸ਼ਾਮਲ ਹਨ।
ਵੱਖ- ਵੱਖ ਦੇਸਾਂ ਕੋਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ
ਅਮਰੀਕਾ ਕੋਲ 5,177, ਰੂਸ ਕੋਲ 5,459 ,ਚੀਨ ਕੋਲ 600 ,ਫਰਾਂਸ ਕੋਲ 290, ਯੂਕੇ ਕੋਲ 225,ਭਾਰਤ 180
,ਪਾਕਿਸਤਾਨ ਕੋਲ 170,ਇਜ਼ਰਾਈਲ ਕੋਲ 90,ਉੱਤਰੀ ਕੋਰੀਆ ਕੋਲ 50 ਹਥਿਆਰ ਹਨ।
2,100 ਹਥਿਆਰ ਹਾਈ ਅਲਰਟ ’ਤੇ
ਸਿਪਰੀ ਦੀ ਯੀਅਰਬੁੱਕ 2025 ਦਾਅਵਾ ਕਰਦੀ ਹੈ ਕਿ ਇਹ ਸਾਰੇ ਦੇਸ਼ ਪ੍ਰਮਾਣੂ ਆਧੁਨਿਕੀਕਰਨ ਪ੍ਰੋਗਰਾਮ 2024 ਨੂੰ ਵੀ ਅਪਣਾ ਰਹੇ ਹਨ, ਜੋ ਆਪਣੇ ਪ੍ਰਮਾਣੂ ਹਥਿਆਰਾਂ ਦਾ ਆਧੁਨਿਕੀਕਰਨ ਕਰ ਰਹੇ ਹਨ। 12,241 ਪ੍ਰਮਾਣੂ ਹਥਿਆਰਾਂ ਵਿੱਚੋਂ, 3,912 ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ ’ਤੇ ਤਾਇਨਾਤ ਹਨ। ਇਸ ਦੌਰਾਨ, 2,100 ਹਥਿਆਰ ਬੈਲਿਸਟਿਕ ਮਿਜ਼ਾਈਲਾਂ ’ਤੇ ਹਾਈ ਅਲਰਟ ’ਤੇ ਹਨ।
ਹਾਲਾਂਕਿ, ਸਿਪਰੀ ਰਿਪੋਰਟ ਦਾ ਦਾਅਵਾ ਹੈ ਕਿ ਦੁਨੀਆ ਵਿੱਚ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘੱਟ ਗਈ ਹੈ। ਅਮਰੀਕਾ ਅਤੇ ਰੂਸ ਸਮੇਤ ਬਹੁਤ ਸਾਰੇ ਦੇਸ਼ ਪੁਰਾਣੇ ਹਥਿਆਰਾਂ ਨੂੰ ਖਤਮ ਕਰ ਰਹੇ ਹਨ। ਹਾਲਾਂਕਿ, ਹਰ ਸਾਲ ਨਸ਼ਟ ਕੀਤੇ ਗਏ ਹਥਿਆਰਾਂ ਦੀ ਗਿਣਤੀ ਦੀ ਥਾਂ ਨਵੇਂ ਹਥਿਆਰ ਲੈਂਦੇ ਹਨ।
![]()
