ਦਿਲ ਦੀਆਂ ਬਿਮਾਰੀਆਂ ਬਣ ਰਹੀਆਂ ਹਨ ਮੌਤ ਦੀ ਸਭ ਤੋਂ ਵੱਡੀ ਵਜ੍ਹਾ

In ਮੁੱਖ ਖ਼ਬਰਾਂ
November 07, 2025

ਕਮਲਜੀਤ ਸਿੰਘ
ਭਾਵੇਂ ਇਹ ਲਿਖਣ, ਪੜ੍ਹਨ ਤੇ ਸੁਣਨ ਨੂੰ ਸੱਚ ਨਾ ਲੱਗੇ, ਪਰ ਇੱਕ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਦਿਲ ਦੀ ਬਿਮਾਰੀ ਹੁਣ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਬਣ ਚੁੱਕੀ ਹੈ। ਰਜਿਸਟਰਾਰ ਜਨਰਲ ਆਫ਼ ਇੰਡੀਆ ਦੇ ਸੈਂਪਲ ਰਜਿਸਟ੍ਰੇਸ਼ਨ ਸਰਵੇ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਿਕ ਸਾਲ 2021 ਤੋਂ 2023 ਦੌਰਾਨ ਦੇਸ਼ ’ਚ ਹੋਈਆਂ ਕੁੱਲ ਮੌਤਾਂ ’ਚੋਂ 31 ਫ਼ੀਸਦੀ ਦਿਲ ਦੀਆਂ ਬਿਮਾਰੀਆਂ ਕਾਰਨ ਹੋਈਆਂ ਹਨ, ਜਦਕਿ ਛੂਤ ਦੀਆਂ ਬਿਮਾਰੀਆਂ ਨਾਲ 57 ਫ਼ੀਸਦੀ ਲੋਕਾਂ ਦੀ ਜਾਨ ਗਈ ਹੈ। ਨਵਜਾਤ ਤੇ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਨਾਲ ਸੰਬੰਧਿਤ ਬਿਮਾਰੀਆਂ ਕਰਕੇ 23.4 ਫ਼ੀਸਦੀ ਮੌਤਾਂ ਹੋਈਆਂ ਹਨ। ਕੋਵਿਡ ਸਮੇਂ 2020 ਤੋਂ 2022 ਦੌਰਾਨ ਇਹ ਅੰਕੜੇ 55.7 ਫ਼ੀਸਦੀ ਤੇ 24 ਫ਼ੀਸਦੀ ਸਨ। ਰਿਪੋਰਟ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ 30 ਸਾਲ ਤੋਂ ਉੱਪਰ ਦੀ ਉਮਰ ਦੇ ਨੌਜਵਾਨਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦੀ ਬਿਮਾਰੀ ਬਣੀ ਹੈ, ਜਦਕਿ 15 ਤੋਂ 29 ਸਾਲ ਦੇ ਕਿਸ਼ੋਰਾਂ ਤੇ ਨੌਜਵਾਨਾਂ ’ਚ ਖੁਦਕੁਸ਼ੀਆਂ ਦਾ ਰੁਝਾਨ ਵੀ ਵਧਿਆ ਹੈ। ਸਾਹ ਦੀਆਂ ਬਿਮਾਰੀਆਂ ਨਾਲ 9.3 ਫ਼ੀਸਦੀ ਤੇ ਪਾਚਨ ਤੰਤਰ ਨਾਲ ਜੁੜੀਆਂ ਬਿਮਾਰੀਆਂ ਨਾਲ 5.3 ਫ਼ੀਸਦੀ ਲੋਕਾਂ ਦੀ ਮੌਤ ਹੋਈ ਹੈ। ਬੁਖ਼ਾਰ ਤੇ ਹੋਰ ਬਿਮਾਰੀਆਂ ਨੇ 4.9 ਫ਼ੀਸਦੀ ਅਤੇ ਸੜਕ ਹਾਦਸਿਆਂ ਨੂੰ ਛੱਡ ਕੇ ਹੋਰ ਦੁਰਘਟਨਾਵਾਂ ਨੇ 3.7 ਫ਼ੀਸਦੀ ਲੋਕਾਂ ਦੀ ਜਾਨ ਲਈ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ 3 ਤੋਂ 16 ਸਾਲ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਹਰ ਸਾਲ 450 ਦੇ ਕਰੀਬ ਬੱਚੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ ’ਚੋਂ 99 ਫ਼ੀਸਦੀ ਬੱਚਿਆਂ ਦੇ ਦਿਲਾਂ ਵਿੱਚ ਛੇਕ ਹੈ, ਜਿਨ੍ਹਾਂ ਦਾ ਸਿੱਖਿਆ ਵਿਭਾਗ ਵੱਲੋਂ ਪੀ.ਜੀ.ਆਈ. ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਹ ਪ੍ਰੋਗਰਾਮ ਕੇਂਦਰ ਸਰਕਾਰ ਦੇ ਕੌਮੀ ਬਾਲ ਸਿਹਤ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਹੈ। ਬੀਤੇ 3 ਸਾਲਾਂ ਦੌਰਾਨ 1,210 ਬੱਚੇ ਦਿਲ ਦੀ ਬਿਮਾਰੀ ਤੋਂ ਪੀੜਤ ਮਿਲੇ ਹਨ। ਡਾਕਟਰਾਂ ਅਨੁਸਾਰ ਗੰਭੀਰ ਦਿਲ ਦੀ ਬਿਮਾਰੀ (ਸੀ.ਐਚ.ਡੀ.) ਬੱਚਿਆਂ ਨੂੰ ਤੇਜ਼ ਬੁਖ਼ਾਰ ਤੋਂ ਬਾਅਦ ਪੈਦਾ ਹੋਣ ਵਾਲੀਆਂ ਵਿਸ਼ੇਸ਼ ਹਾਲਤਾਂ ਕਾਰਨ ਹੁੰਦੀ ਹੈ। ਆਮ ਕਰਕੇ ਬੱਚਿਆਂ ਦੇ ਦਿਲ ਵਿੱਚ ਵੱਖ-ਵੱਖ ਆਕਾਰ ਦੇ ਛੇਕ (ਹੋਲ) ਹੁੰਦੇ ਹਨ, ਜਿਨਾਂ ਨੂੰ ਅਪਰੇਸ਼ਨ ਨਾਲ ਠੀਕ ਕਰ ਲਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਨਾਲ ਬੱਚਿਆਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਪਤਾ ਲੱਗਾ ਹੈ, ਜਿਸ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਸਾਲ 2022-23 ਵਿੱਚ 24,945 ਆਂਗਣਵਾੜੀਆਂ ਦੇ 7,11,189 ਅਤੇ 1,912 ਸਕੂਲਾਂ ਦੇ 22,16,209 ਬੱਚਿਆਂ ਦੀ ਮੈਡੀਕਲ ਜਾਂਚ ਦੌਰਾਨ 489 ਬੱਚਿਆਂ ਨੂੰ ਦਿਲ ਦੇ ਬਿਮਾਰੀ ਹੋਣ ਦੀ ਪੁਸ਼ਟੀ ਹੋਈ ਸੀ, ਸਾਲ 2023-24 ਵਿੱਚ 24,906 ਆਂਗਣਵਾੜੀਆਂ ਦੇ 8,56,571 ਅਤੇ 19,708 ਸਕੂਲਾਂ ਦੇ 22,48,337 ਬੱਚਿਆਂ ’ਚੋਂ 327 ਨੂੰ ਦਿਲ ਦਾ ਰੋਗ ਹੋਣ ਬਾਰੇ ਪਤਾ ਲੱਗਿਆ। ਸਾਲ 2024-25 ’ਚ ਆਂਗਣਵਾੜੀਆਂ ਦੇ 7,37, 024 ਅਤੇ 22,99,155 ਸਕੂਲੀ ਬੱਚਿਆਂ ਦੀ ਜਾਂਚ ਕਰਨ ’ਤੇ 434 ਨੂੰ ਦਿਲ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੁਣ ਮਰੀਜ਼ਾਂ ਦੇ ਦਿਲ ਵੀ ਟ੍ਰਾਂਸਪਲਾਂਟ ਹੋਣ ਲੱਗੇ ਹਨ, ਜਿੱਥੇ ਹੁਣ ਤੱਕ 12 ਮਰੀਜ਼ਾਂ ਦੇ ਦਿਲ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਪੀ.ਜੀ.ਆਈ. ਅਨੁਸਾਰ ਦਿਲ ਟਰਾਂਸਪਲਾਂਟ ਦੀ ਸਫਲਤਾ 78 ਫ਼ੀਸਦੀ ਤੋਂ ਉੱਪਰ ਹੈ। ਇੱਥੇ ਹੁਣ ਜਿਗਰ, ਪੈਂਕਰੀਆਜ, ਅੱਖਾਂ ਦੇ ਡੇਲੇ ਤੇ ਗੁਰਦੇ ਵੀ ਟਰਾਂਸਪਲਾਂਟ ਕੀਤੇ ਜਾ ਰਹੇ ਹਨ। ਹੁਣ ਤੱਕ 7,000 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਅਤੇ 5,400 ਤੋਂ ਵੱਧ ਮਰੀਜ਼ਾਂ ਦੇ ਗੁਰਦੇ ਬਦਲੇ ਜਾ ਚੁੱਕੇ ਹਨ। ਪੀ.ਜੀ.ਆਈ. ਤੋਂ ‘ਬਰੇਨ ਡੈਡ’ ਮਰੀਜ਼ਾਂ ਦੇ ਅੰਗ ਦਿੱਲੀ ਸਮੇਤ ਦੂਜੇ ਸੂਬਿਆਂ ਦੇ ਹਸਪਤਾਲਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜੇ ਜਾ ਰਹੇ ਹਨ। ਪੰਜਾਬ ਸ਼ੂਗਰ ਰੋਗ ਤੇ ਕੈਂਸਰ ਦੀ ਜਕੜ ਵਿੱਚ ਬੁਰੀ ਤਰ੍ਹਾਂ ਆ ਚੁੱਕਾ ਹੈ। ਪੰਜਾਬ ਦੇ ਅੱਲੜ ਉਮਰ ਦੇ 12 ਫ਼ੀਸਦੀ ਬੱਚੇ ਸ਼ੂਗਰ ਰੋਗ ਤੋਂ ਪੀੜਤ ਹਨ, ਜਦਕਿ ਔਰਤਾਂ ਵਿੱਚ ਛਾਤੀ ਤੇ ਬੱਚੇਦਾਨੀ ਦਾ ਕੈਂਸਰ ਬਹੁਤ ਤੇਜ਼ੀ ਨਾਲ ਵਧਿਆ ਹੈ। ਪੁਰਸ਼ਾਂ ’ਚ ਗਦੂਦ, ਜਿਗਰ ਤੇ ਗਲੇ ਦਾ ਕੈਂਸਰ ਦੂਜੇ ਸੂਬਿਆਂ ਨਾਲੋਂ ਕਿਤੇ ਵੱਧ ਹੈ। ਪੀ.ਜੀ.ਆਈ. ’ਚ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਪਿਛਲੇ 5 ਸਾਲਾਂ ਨਾਲੋਂ ਕੈਂਸਰ ਦੇ 27 ਗੁਣਾ ਜ਼ਿਆਦਾ ਮਰੀਜ਼ ਆਏ ਹਨ। ਚੰਡੀਗੜ੍ਹ ਦੇ ਨੇੜੇ ਬਣੇ ਟਾਟਾ ਕੈਂਸਰ ਇੰਸਟੀਚਿਊਟ ਵਿਚ ਮਰੀਜ਼ਾਂ ਦੀ ਰੋਜ਼ਾਨਾ ਓ.ਪੀ.ਡੀ. 3,000 ਨੂੰ ਪਾਰ ਕਰ ਗਈ ਹੈ। ਪੰਜਾਬ ਦੇ 3 ਮੈਡੀਕਲ ਕਾਲਜ ਹਸਪਤਾਲਾਂ ਵਿਚ ਵੀ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਫੰਡ ’ਚੋਂ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਕਈ ਪ੍ਰਾਈਵੇਟ ਹਸਪਤਾਲ ਵੀ ਸਸਤੇ ਇਲਾਜ ਲਈ ਪੈਨਲ ’ਤੇ ਲਿਆਂਦੇ ਗਏ ਹਨ। ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤੋਂ ਮਦਦ ਲੈਣ ਦੀ ਪ੍ਰਕਿਰਿਆ ਨੂੰ ਸਰਲ ਕਰਨ ਦੀ ਲੋੜ ਹੈ। ਸਕੂਲੀ ਬੱਚਿਆਂ ਦੇ ਦਿਲ ਦੇ ਰੋਗ ਦਾ ਇਲਾਜ ਕਰਾਉਣ ਲਈ ਸਿਹਤ ਵਿਭਾਗ ਵੱਲੋਂ ਖ਼ੁਦ ਪੀ.ਜੀ.ਆਈ. ਨਾਲ ਰਾਬਤਾ ਕਰਨ ਕਰਕੇ ਮਾਪਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਉਾਂਦੀਹੈ। ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਇੱਕ 2 ਸਾਲ ਦੇ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇੱਕ 14 ਸਾਲਾ ਵਿਦਿਆਰਥੀ ਦੀ ਸਕੂਲ ਵਿੱਚ ਅਥਲੈਟਿਕਸ ਮੀਟ ਲਈ ਪ੍ਰੈਕਟਿਸ ਕਰਦਿਆਂ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ। ਵਰਤਮਾਨ ਸਮੇਂ ਦਾ ਇੱਕ ਕੌੜਾ ਸੱਚ ਇਹ ਵੀ ਹੈ ਕਿ ਜ਼ਿਆਦਾਤਰ ਬਿਮਾਰੀਆਂ ਸਾਡੀ ਜੀਵਨ ਸ਼ੈਲੀ ਤੇ ਖਾਣ-ਪੀਣ ਦੀ ਹੀ ਦੇਣ ਹਨ।

Loading