ਅਮਰੀਕਾ ਦੀਆਂ ਸੜਕਾਂ ਉੱਪਰ ਲੰਬੇ ਸਮੇਂ ਤੋਂ ਟਰੱਕ ਚਲਾਉਂਦੇ ਪੰਜਾਬੀ ਡਰਾਈਵਰਾਂ ਲਈ ਹੁਣ ਅੰਗਰੇਜ਼ੀ ਭਾਸ਼ਾ ਇੱਕ ਵੱਡੀ ਮੁਸੀਬਤ ਬਣ ਗਈ ਹੈ। ਡਰਾਈਵਿੰਗ ਟੈਸਟ ਵਿੱਚ ਪਾਸ ਹੋਣ ਦੇ ਬਾਵਜੂਦ, ਅੰਗਰੇਜ਼ੀ ਬੋਲਣ, ਪੜ੍ਹਨ ਜਾਂ ਸਮਝਣ ਵਿੱਚ ਅਸਫ਼ਲ ਰਹਿਣ ਕਾਰਨ ਹਜ਼ਾਰਾਂ ਪੰਜਾਬੀ ਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਰਹੇ ਹਨ। ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨਿਸਟ੍ਰੇਸ਼ਨ (ਐਫ਼ਐਮਸੀਐਸਏ) ਨੇ 3 ਨਵੰਬਰ 2025 ਤੱਕ ਸੜਕ ਕਿਨਾਰੇ ਕੀਤੀਆਂ ਜਾਂਚਾਂ ਵਿੱਚ 7,248 ਵਪਾਰਕ ਡਰਾਈਵਰਾਂ ਨੂੰ ‘ਸੇਵਾ ਤੋਂ ਮੁਕਤ’ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਹਨ, ਜੋ ਅਮਰੀਕੀ ਟਰੱਕਿੰਗ ਉਦਯੋਗ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਸਨ। ਇਹ ਫ਼ੈਸਲਾ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਂਅ ’ਤੇ ਲਿਆ ਗਿਆ ਹੈ, ਪਰ ਟਰੱਕਿੰਗ ਕੰਪਨੀਆਂ ਤੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਅਮਰੀਕਾ ਵਿੱਚ ਪਹਿਲਾਂ ਹੀ ਮੌਜੂਦ ਡਰਾਈਵਰਾਂ ਦੀ ਘਾਟ ਹੋਰ ਡੂੰਘੀ ਹੋ ਜਾਵੇਗੀ।
ਨਵੇਂ ਨਿਯਮਾਂ ਦੀ ਸ਼ੁਰੂਆਤ ਤੇ ਪਿਛੋਕੜ
ਅਮਰੀਕਾ ਵਿੱਚ ਟਰੱਕਿੰਗ ਉਦਯੋਗ ਇੱਕ ਵਿਸ਼ਾਲ ਕਾਰੋਬਾਰ ਹੈ। ਹਰ ਸਾਲ ਲੱਖਾਂ ਟਨ ਮਾਲ ਇੱਕ ਰਾਜ ਤੋਂ ਦੂਜੇ ਰਾਜ ਤੱਕ ਪਹੁੰਚਾਉਣ ਲਈ ਟਰੱਕ ਡਰਾਈਵਰਾਂ ਦੀ ਲੋੜ ਪੈਂਦੀ ਹੈ। ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੇ ਇਸ ਖੇਤਰ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾਇਆ ਹੈ। ਅਨੁਮਾਨ ਮੁਤਾਬਕ, ਅਮਰੀਕਾ ਵਿੱਚ 1,30,000 ਤੋਂ 1,50,000 ਭਾਰਤੀ ਮੂਲ ਦੇ ਟਰੱਕ ਡਰਾਈਵਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ। ਇਹ ਲੋਕ ਘਰੋਂ ਦੂਰ ਰਹਿ ਕੇ, ਰਾਤ-ਦਿਨ ਟਰੱਕ ਚਲਾ ਕੇ ਡਾਲਰ ਕਮਾਉਂਦੇ ਹਨ ਤੇ ਪੰਜਾਬ ਵਾਪਸ ਪੈਸਾ ਭੇਜਦੇ ਹਨ। ਪਰ 2025 ਵਿੱਚ ਐਫ਼.ਐਮ.ਸੀ.ਐਸ.ਏ. ਨੇ ਨਵੇਂ ‘ਰੋਡਸਾਈਡ ਇੰਗਲਿਸ਼ ਟੈਸਟ’ ਲਾਗੂ ਕਰ ਦਿੱਤੇ। ਇਹ ਟੈਸਟ 49 ਸੀ.ਐਫ਼.ਆਰ. 391.11(ਲ)(2) ਨਿਯਮ ਦਾ ਹਿੱਸਾ ਹਨ। ਇਸ ਨਿਯਮ ਅਨੁਸਾਰ, ਡਰਾਈਵਰ ਨੂੰ ਜਨਤਾ ਨਾਲ ਗੱਲਬਾਤ ਕਰਨ, ਟਰੈਫ਼ਿਕ ਸੰਕੇਤ ਪੜ੍ਹਨ ਤੇ ਪੁਲਿਸ ਜਾਂ ਕਾਨੂੰਨ ਅਧਿਕਾਰੀਆਂ ਦੇ ਹੁਕਮਾਂ ਨੂੰ ਸਮਝਣ ਲਈ ਅੰਗਰੇਜ਼ੀ ਆਉਣੀ ਚਾਹੀਦੀ ਹੈ।
ਪਹਿਲਾਂ ਤਾਂ ਡਰਾਈਵਰਾਂ ਨੂੰ ਸਿਰਫ਼ ਡਰਾਈਵਿੰਗ ਟੈਸਟ ਪਾਸ ਕਰਨਾ ਪੈਂਦਾ ਸੀ। ਪੰਜਾਬੀ ਡਰਾਈਵਰ ਆਪਣੀ ਮਿਹਨਤ ਨਾਲ ਇਹ ਟੈਸਟ ਪਾਸ ਕਰ ਲੈਂਦੇ ਸਨ, ਕਿਉਂਕਿ ਉਹਨਾਂ ਨੂੰ ਸੜਕਾਂ ਦਾ ਤਜਰਬਾ ਹੁੰਦਾ ਸੀ। ਪਰ ਹੁਣ ਸੜਕ ਕਿਨਾਰੇ ਅਚਾਨਕ ਜਾਂਚ ਵਿੱਚ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਜਾਂਦੇ ਹਨ। ਜੇਕਰ ਡਰਾਈਵਰ ਅੰਗਰੇਜ਼ੀ ਵਿੱਚ ਜਵਾਬ ਨਾ ਦੇ ਸਕੇ ਜਾਂ ਸੰਕੇਤ ਨਾ ਸਮਝ ਸਕੇ, ਤਾਂ ਉਸ ਨੂੰ ਤੁਰੰਤ ‘ਅਯੋਗ’ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਨਤੀਜਾ 7,248 ਡਰਾਈਵਰਾਂ ਦੇ ਲਾਇਸੈਂਸ ਸਸਪੈਂਡ ਹੋ ਗਏ। ਇਹ ਅੰਕੜਾ ਸਿਰਫ਼ 3 ਨਵੰਬਰ ਤੱਕ ਦਾ ਹੈ, ਅਸਲ ਵਿੱਚ ਇਹ ਗਿਣਤੀ ਹੋਰ ਵਧ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਸੜਕ ਹਾਦਸੇ ਘਟਾਉਣ ਲਈ ਹੈ। ਪਿਛਲੇ ਸਾਲਾਂ ਵਿੱਚ ਕੁਝ ਸੜਕ ਹਾਦਸੇ ਭਾਰਤੀ ਮੂਲ ਦੇ ਡਰਾਈਵਰਾਂ ਨਾਲ ਜੁੜੇ ਸਨ, ਜਿਸ ਕਾਰਨ ਲਾਇਸੈਂਸਿੰਗ ਮਾਪਦੰਡਾਂ ਦੀ ਸਮੀਖਿਆ ਹੋਈ ਤੇ ਨਵਾਂ ਨਿਯਮ ਘੜੇ ਗਏ।
ਇਸ ਫ਼ੈਸਲੇ ਦਾ ਸਭ ਤੋਂ ਵੱਡਾ ਅਸਰ ਭਾਰਤੀ ਮੂਲ ਦੇ ਡਰਾਈਵਰਾਂ ’ਤੇ ਪਿਆ ਹੈ। ਉਹਨਾਂ ਦੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਹਨ, ਜੋ ਇਸ ਪੈਸੇ ਤੇ ਨਿਰਭਰ ਹਨ। ਇੱਕ ਪੰਜਾਬੀ ਡਰਾਈਵਰ, ਜਿਸ ਦਾ ਨਾਂਅ ਅਮਨਦੀਪ ਸਿੰਘ ਹੈ (ਨਾਂਅ ਬਦਲਿਆ ਗਿਆ ਹੈ), ਨੇ ਦੱਸਿਆ ਕਿ ਉਹ 10 ਸਾਲ ਤੋਂ ਅਮਰੀਕਾ ਵਿੱਚ ਟਰੱਕ ਚਲਾ ਰਿਹਾ ਹੈ। ਉਸ ਦਾ ਰਿਕਾਰਡ ਸਾਫ਼ ਹੈ, ਕੋਈ ਹਾਦਸਾ ਨਹੀਂ ਕੀਤਾ। ਪਰ ਸੜਕ ਕਿਨਾਰੇ ਜਾਂਚ ਵਿੱਚ ਅੰਗਰੇਜ਼ੀ ਵਿੱਚ ਪੁੱਛੇ ਗਏ ਸਵਾਲਾਂ ਦਾ ਜਵਾਬ ਨਾ ਦੇ ਸਕਿਆ ਤੇ ਲਾਇਸੈਂਸ ਸਸਪੈਂਡ ਹੋ ਗਿਆ। ਹੁਣ ਉਹ ਬੇਰੁਜ਼ਗਾਰ ਹੈ, ਪਰਿਵਾਰ ਨੂੰ ਪੈਸਾ ਨਹੀਂ ਭੇਜ ਸਕਦਾ। ਅਜਿਹੇ ਹਜ਼ਾਰਾਂ ਕੇਸ ਹਨ।
ਟਰੱਕਿੰਗ ਉਦਯੋਗ ’ਤੇ ਵੀ ਬੁਰਾ ਅਸਰ ਪਿਆ ਹੈ। ਅਮਰੀਕਾ ਵਿੱਚ ਪਹਿਲਾਂ ਹੀ ਡਰਾਈਵਰਾਂ ਦੀ ਘਾਟ ਹੈ। ਟਰੱਕਿੰਗ ਫ਼ਲੀਟ ਤੇ ਪਰਿਵਹਨ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸਪਲਾਈ ਚੇਨ ਬੰਦ ਹੋ ਸਕਦੀ ਹੈ। ਮਾਲ ਨਾ ਪਹੁੰਚਿਆ ਤਾਂ ਦੁਕਾਨਾਂ ਖਾਲੀ ਹੋ ਜਾਣਗੀਆਂ, ਕੀਮਤਾਂ ਵਧਣਗੀਆਂ। ਕੰਪਨੀਆਂ ਨੂੰ ਨਵੇਂ ਡਰਾਈਵਰ ਲੱਭਣੇ ਪੈਣਗੇ, ਟ੍ਰੇਨਿੰਗ ਦਾ ਖਰਚ ਵਧੇਗਾ ਤੇ ਡਰਾਈਵਰ ਟਰਨਓਵਰ ਵਧੇਗਾ। ਆਲੋਚਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਜਾਣਨਾ ਤੇ ਸੜਕ ਹਾਦਸੇ ਘਟਾਉਣ ਵਿੱਚ ਕੋਈ ਸਿੱਧਾ ਸਬੰਧ ਨਹੀਂ ਸਾਬਤ ਹੋਇਆ। ਬਹੁਤ ਸਾਰੇ ਅੰਗਰੇਜ਼ੀ ਬੋਲਣ ਵਾਲੇ ਡਰਾਈਵਰ ਵੀ ਹਾਦਸੇ ਕਰਦੇ ਹਨ, ਜਦਕਿ ਪੰਜਾਬੀ ਡਰਾਈਵਰਾਂ ਦਾ ਰਿਕਾਰਡ ਚੰਗਾ ਹੈ। ਫ਼ਿਰ ਵੀ ਰੈਗੂਲੇਟਰ ਇਸ ਨੂੰ ਸੁਰੱਖਿਆ ਦਾ ਬੁਨਿਆਦੀ ਹਿੱਸਾ ਮੰਨਦੇ ਹਨ।
ਵੀਜ਼ਾ ਤੇ ਲਾਇਸੈਂਸਿੰਗ ਨਿਯਮ ਵੀ ਸਖ਼ਤ ਹੋ ਗਏ ਹਨ। ਨਵੇਂ ਲੇਬਰ ਵੀਜ਼ਾ ਉਪਰ ਅਸਥਾਈ ਰੋਕ ਲੱਗੀ ਹੈ। ਟਰੰਪ ਸਰਕਾਰ ਵੱਲੋਂ ਰਾਜਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣ। ਟਰੰਪ ਸਰਕਾਰ ਵੱਲੋਂ ਕੈਲੀਫ਼ੋਰਨੀਆ ਨੂੰ ਕਮਜ਼ੋਰ ਪਾਲਣਾ ਕਾਰਨ ਚਿੰਨਿ੍ਹਤ ਕੀਤਾ ਗਿਆ ਤੇ ਕਰੋੜਾਂ ਡਾਲਰ ਦੀ ਫ਼ੈਡਰਲ ਫ਼ੰਡਿੰਗ ਰੋਕਣ ਦੀ ਧਮਕੀ ਮਿਲੀ ਹੈ।
ਅਮਰੀਕਾ ਨੇ ਅਜਿਹੇ ਫ਼ੈਸਲੇ ਕਿਉਂ ਲਏ?
ਅਮਰੀਕਾ ਸਰਕਾਰ ਦਾ ਮੁੱਖ ਮਕਸਦ ਸੜਕ ਸੁਰੱਖਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਟਰੱਕ ਹਾਦਸੇ ਵਧੇ ਹਨ। ਕੁਝ ਹਾਦਸੇ ਅਪ੍ਰਵਾਸੀ ਡਰਾਈਵਰਾਂ ਨਾਲ ਜੁੜੇ, ਜਿੱਥੇ ਭਾਸ਼ਾ ਦੀ ਸਮੱਸਿਆ ਨੂੰ ਕਾਰਨ ਦੱਸਿਆ ਗਿਆ। ਇਹ ਨਿਯਮ ਪਹਿਲਾਂ ਵੀ ਸਨ, ਪਰ 2025 ਵਿੱਚ ਸਖ਼ਤੀ ਨਾਲ ਲਾਗੂ ਕੀਤੇ ਗਏ ਹਨ। ਰਾਜਾਂ ਬਾਰੇ ਆਡਿਟ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਰਾਜ ਨਿਯਮ ਨਾ ਮੰਨਣ ਤਾਂ ਫ਼ੈਡਰਲ ਹਾਈਵੇ ਫ਼ੰਡਿੰਗ ਕੱਟੀ ਜਾਵੇਗੀ। ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਤੇ ਆਰਥਿਕ ਸਥਿਰਤਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਪਰ ਆਲੋਚਕਾਂ ਨੂੰ ਲੱਗਦਾ ਹੈ ਕਿ ਇਹ ਅਪ੍ਰਵਾਸੀਆਂ ਵਿਰੋਧੀ ਨੀਤੀ ਹੈ, ਖਾਸ ਕਰ ਭਾਰਤੀਆਂ ਵਿਰੋਧੀ। ਅਮਰੀਕਾ ਵਿੱਚ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਪ੍ਰਵਾਸੀਆਂ ਨੂੰ ਬੁਲਾਇਆ ਜਾਂਦਾ ਹੈ, ਫ਼ਿਰ ਉਹਨਾਂ ਨੂੰ ਹੀ ਬਾਹਰ ਕਿਉਂ ਕੱਢਿਆ ਜਾ ਰਿਹਾ ਹੈ?
ਪੰਜਾਬੀ ਡਰਾਈਵਰਾਂ ਕੋਲ ਕੀ ਹੈ ਹੱਲ?
ਪੰਜਾਬੀ ਡਰਾਈਵਰਾਂ ਲਈ ਹੱਲ ਸੰਭਵ ਹੈ, ਪਰ ਮਿਹਨਤ ਲੱਗੇਗੀ। ਪਹਿਲਾਂ ਤਾਂ ਅੰਗਰੇਜ਼ੀ ਸਿੱਖਣੀ ਪਵੇਗੀ। ਟਰੱਕਿੰਗ ਉਦਯੋਗ ਤੇ ਅਪ੍ਰਵਾਸੀ ਸੰਗਠਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਸ਼ਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣ। ਸਪੱਸ਼ਟ ਤੇ ਸਰਲ ਟ੍ਰੇਨਿੰਗ ਪ੍ਰਕਿਰਿਆ ਬਣਾਈ ਜਾਵੇ। ਸਿਸਟਮ ਪਾਰਦਰਸ਼ੀ ਤੇ ਗੈਰ-ਭੇਦਭਾਵੀ ਹੋਵੇ। ਡਰਾਈਵਰਾਂ ਨੂੰ ਸਿਰਫ਼ ਭਾਸ਼ਾ ਕਾਰਨ ਸੜਕ ਤੋਂ ਬਾਹਰ ਨਾ ਕੀਤਾ ਜਾਵੇ। ਪੰਜਾਬੀ ਭਾਈਚਾਰੇ ਨੇ ਆਪਣੇ ਪੱਧਰ ਤੇ ਵੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਅਮਰੀਕਾ ਵਿੱਚ ਪੰਜਾਬੀ ਗੁਰਦੁਆਰਿਆਂ ਤੇ ਕਮਿਊਨਿਟੀ ਸੈਂਟਰਾਂ ਵਿੱਚ ਅੰਗਰੇਜ਼ੀ ਕਲਾਸਾਂ ਚੱਲ ਰਹੀਆਂ ਹਨ। ਆਨਲਾਈਨ ਐਪਸ ਜਿਵੇਂ ਡੂਓਲਿੰਗੋ ਜਾਂ ਯੂਟਿਊਬ ਉਪਰ ਪੰਜਾਬੀ ਵਿੱਚ ਅੰਗਰੇਜ਼ੀ ਸਿੱਖਣ ਵਾਲੇ ਵੀਡੀਓ ਵਰਤੇ ਜਾ ਸਕਦੇ ਹਨ। ਕੁਝ ਕੰਪਨੀਆਂ ਆਪਣੇ ਡਰਾਈਵਰਾਂ ਨੂੰ ਅੰਗਰੇਜ਼ੀ ਸਿਖਾਉਣ ਲਈ ਪ੍ਰੋਗਰਾਮ ਚਲਾ ਰਹੀਆਂ ਹਨ। ਲਾਇਸੈਂਸ ਰੀਨਿਊ ਕਰਾਉਣ ਲਈ ਅੰਗਰੇਜ਼ੀ ਟੈਸਟ ਪਾਸ ਕਰਨਾ ਪਵੇਗਾ। ਫ਼ਿਲਹਾਲ, ਪੰਜਾਬੀ ਨੌਜਵਾਨਾਂ ਨੂੰ ਅੰਗਰੇਜ਼ੀ ਸਿੱਖ ਕੇ ਤਿਆਰ ਰਹਿਣਾ ਚਾਹੀਦਾ ਹੈ, ਤਾਂ ਜੋ ਅਮਰੀਕੀ ਸੜਕਾਂ ਤੇ ਉਹਨਾਂ ਦਾ ਟਰੱਕ ਫ਼ਿਰ ਤੋਂ ਦੌੜ ਸਕੇ।
![]()
