ਯੂਰਪ ਵਿੱਚ ਐਟਮੀ ਤਬਾਹੀ ਦਾ ਖਤਰਾ!

In ਮੁੱਖ ਖ਼ਬਰਾਂ
November 11, 2025

ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੇ ਤਿੰਨ ਸਾਲ ਪੁਰਾਣੇ ਯੁੱਧ ਨੇ ਹੁਣ ਇੱਕ ਨਵਾਂ ਅਤੇ ਬਹੁਤ ਖਤਰਨਾਕ ਮੋੜ ਲੈ ਲਿਆ ਹੈ। ਰੂਸ ਨੇ 7 ਨਵੰਬਰ 2025 ਤੋਂ 8 ਨਵੰਬਰ 2025 ਤੱਕ ਯੂਕ੍ਰੇਨ ਉੱਤੇ ਡਰੋਨਾਂ ਅਤੇ ਮਿਸਾਈਲਾਂ ਨਾਲ ਸਭ ਤੋਂ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਨਾ ਸਿਰਫ਼ ਰਿਹਾਇਸ਼ੀ ਇਮਾਰਤਾਂ ਤਬਾਹ ਹੋਈਆਂ ਹਨ ਅਤੇ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਸਗੋਂ ਦੋ ਪ੍ਰਮਾਣੂ ਪਾਵਰ ਪਲਾਂਟਾਂ (ਖਮੇਲਨਿਤਸਕੀ ਅਤੇ ਰਿਵਨੇ) ਨੂੰ ਬਿਜਲੀ ਪਹੁੰਚਾਉਣ ਵਾਲੇ ਸਬ-ਸਟੇਸ਼ਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਯੂਕ੍ਰੇਨ ਨੇ ਇਸ ਨੂੰ ਜਾਣਬੂਝ ਕੇ ਯੂਰਪ ਦੀ ਪ੍ਰਮਾਣੂ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਕਿਹਾ ਹੈ। ਲੱਖਾਂ ਘਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਰੁਕ ਗਈ ਹੈ, ਜਿਸ ਨਾਲ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਇਹ ਹਮਲਾ ਨਾ ਸਿਰਫ਼ ਯੂਕਰੇਨ ਨੂੰ ਬਲਕਿ ਪੂਰੇ ਯੂਰਪ ਨੂੰ ਡਰਾ ਰਿਹਾ ਹੈ, ਕਿਉਂਕਿ ਇਸ ਨਾਲ ਐਟਮੀ ਤਬਾਹੀ ਦਾ ਖਤਰਾ ਵਧ ਗਿਆ ਹੈ। ਕੀ ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੈ? ਇਹ ਸਵਾਲ ਹੁਣ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਯੂਕਰੇਨ ਵਿੱਚ ‘ਬਲੈਕਆਊਟ’ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਰੂਸ ਦੇ ਖਤਰਨਾਕ ਹਮਲਿਆਂ ਨੇ ਯੂਕ੍ਰੇਨ ਦੀ ਊਰਜਾ ਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਯੂਲੀਆ ਸਵਿਰੀਡੈਂਕੋ ਨੇ ਦੱਸਿਆ ਕਿ ਕੀਵ, ਪੋਲਟਾਵਾ ਅਤੇ ਖਾਰਕੀਵ ਖੇਤਰਾਂ ਵਿੱਚ ਬਿਜਲੀ ਪਲਾਂਟ ਅਤੇ ਗ੍ਰਿਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਜ਼ਾਰਾਂ ਘਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਠਪ ਹੋ ਗਈ ਹੈ, ਜਿਸ ਨਾਲ ਲੱਖਾਂ ਲੋਕ ਹਨੇਰੇ ਅਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਸਰਕਾਰੀ ਊਰਜਾ ਕੰਪਨੀ ਤਸੇਂਟਰੇਨਰਗੋ ਨੇ ਇਸ ਨੂੰ ਫਰਵਰੀ 2022 ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ਕਿਹਾ ਹੈ, ਜਿਸ ਵਿੱਚ ਉਹਨਾਂ ਦੀਆਂ ਸਾਰੀਆਂ ਉਤਪਾਦਨ ਸਮਰੱਥਾਵਾਂ ਤਬਾਹ ਹੋ ਗਈਆਂ ਸਨ ਅਤੇ ਬਿਜਲੀ ਉਤਪਾਦਨ ‘ਜ਼ੀਰੋ’ ਹੋ ਗਿਆ ਸੀ। ਇਹ ਹਮਲਾ ਯੂਕ੍ਰੇਨ ਦੀ ਕੁੱਲ ਬਿਜਲੀ ਦਾ ਲਗਭਗ 8 ਫੀਸਦੀ ਉਤਪਾਦਨ ਕਰਨ ਵਾਲੀ ਕੰਪਨੀ ਉੱਤੇ ਹੋਇਆ ਹੈ, ਜਿਸ ਨਾਲ ਰਾਸ਼ਟਰੀ ਪਾਵਰ ਗ੍ਰਿਡ ਉੱਤੇ ਡੂੰਘਾ ਅਸਰ ਪਿਆ ਹੈ। ਯੂਕਰੇਨੀ ਵਾਇਰ ਫੋਰਸ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਇੱਕ ਰਾਤ ਵਿੱਚ 450 ਡਰੋਨ ਅਤੇ 45 ਮਿਸਾਈਲਾਂ ਚਲਾਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਲਿਆ ਗਿਆ, ਪਰ 25 ਥਾਵਾਂ ਉੱਤੇ ਹੋਏ ਹਮਲਿਆਂ ਨਾਲ ਇਹ ਸਾਫ਼ ਹੈ ਕਿ ਯੁੱਧ ਇੱਕ ਨਵੇਂ ਅਤੇ ਖਤਰਨਾਕ ਪੜਾਅ ਵਿੱਚ ਦਾਖਲ ਹੋ ਗਿਆ ਹੈ।
ਕੀਵ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਡਰੋਨਾਂ ਦੇ ਹਮਲਿਆਂ ਨਾਲ ਘੱਟੋ-ਘੱਟ ਚਾਰ ਲੋਕ ਮਾਰੇ ਗਏ ਅਤੇ ਦਰਜਨ ਜ਼ਖ਼ਮੀ ਹੋਏ ਸਨ। ਖਾਰਕੀਵ ਵਿੱਚ ਇੱਕ ਥਰਮਲ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਪੂਰਾ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ। ਪੋਲਟਾਵਾ ਓਬਲਾਸਟ ਵਿੱਚ ਰੂਸੀ ਹਮਲੇ ਨਾਲ ਬਿਜਲੀ ਅਤੇ ਪਾਣੀ ਦੀ ਸਪਲਾਈ ਰੁਕ ਗਈ, ਜਿਸ ਨਾਲ ਹਜ਼ਾਰਾਂ ਪਰਿਵਾਰ ਠੰਢ ਅਤੇ ਹਨੇਰੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਹਨ। ਯੂਕ੍ਰੇਨ ਦੇ ਊਰਜਾ ਮੰਤਰਾਲੇ ਅਨੁਸਾਰ, ਇਸ ਹਮਲੇ ਨਾਲ ਦੇਸ਼ ਦੇ 30 ਫੀਸਦੀ ਤੋਂ ਵੱਧ ਊਰਜਾ ਵਿਵਸਥਾ ਨੂੰ ਨੁਕਸਾਨ ਪਹੁੰਚਿਆ ਹੈ, ਜੋ ਕਿ ਸਰਦੀਆਂ ਦੇ ਸਮੇਂ ਵਿੱਚ ਬਹੁਤ ਖਤਰਨਾਕ ਹੈ। ਹਸਪਤਾਲਾਂ ਵਿੱਚ ਜਨਰੇਟਰ ਚੱਲ ਰਹੇ ਹਨ, ਪਰ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਸਥਿਤੀ ਜਾਨਲੇਵਾ ਬਣ ਸਕਦੀ ਹੈ। ਯੂਕ੍ਰੇਨੀ ਰਾਸ਼ਟਰਪਤੀ ਵਲੋਡੀਮੀਰ ਜ਼ੇਲੰਸਕੀ ਨੇ ਕਿਹਾ, ‘ਰੂਸ ਨੇ ਸਾਡੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ, ਪਰ ਅਸੀਂ ਹਾਰ ਨਹੀਂ ਮੰਨਾਂਗੇ।’ ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਰੂਸ ਦੇ ਊਰਜਾ ਖੇਤਰ ਉੱਤੇ ਵਧੇਰੇ ਸਖ਼ਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ।
ਸੂਤਰਾਂ ਅਨੁਸਾਰ ਰੂਸ ਨੇ ਜਾਣਬੂਝ ਕੇ ਖਮੇਲਨਿਤਸਕੀ ਅਤੇ ਰਿਵਨੇ ਪ੍ਰਮਾਣੂ ਪਲਾਂਟਾਂ ਨੂੰ ਬਿਜਲੀ ਪਹੁੰਚਾਉਣ ਵਾਲੇ ਸਬ-ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਿ ਯੂਰਪ ਦੇ ਸਭ ਤੋਂ ਵੱਡੇ ਐਟਮੀ ਪਲਾਂਟ ਜ਼ਾਪੋਰੀਜ਼ੀਆ ਨਾਲ ਵੀ ਜੁੜੇ ਹੋਏ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ਇਸ ਨੂੰ ‘ਐਟਮੀ ਬਲੈਕਮੇਲ’ ਕਿਹਾ ਹੈ ਅਤੇ ਕਿਹਾ ਕਿ ਇਹ ਹਮਲੇ ਯਾਨੀ ਕੋਈ ਵੀ ਸਮੇਂ ਇੱਕ ਵਿਨਾਸ਼ਕਾਰੀ ਐਟਮੀ ਦੁਰਘਟਨਾ ਪੈਦਾ ਕਰ ਸਕਦੇ ਹਨ। ਉਹਨਾਂ ਨੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਬੋਰਡ ਆਫ਼ ਗਵਰਨਰਜ਼ ਦੀ ਤੁਰੰਤ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਸਿਬੀਹਾ ਨੇ ਭਾਰਤ ਅਤੇ ਚੀਨ ਵਰਗੇ ਵੱਡੇ ਦੇਸ਼ਾਂ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਰੂਸ ਉੱਤੇ ਦਬਾਅ ਪਾਉਣ ਤਾਂ ਜੋ ਅਜਿਹੇ ਹਮਲੇ ਰੁਕ ਜਾਣ। ਇਹ ਅਪੀਲ ਜ਼ਾਪੋਰੀਜ਼ੀਆ ਪਲਾਂਟ ਨੇੜੇ ਹੋਈ ਪਿਛਲੀ ਗੋਲਾਬਾਰੀ ਦੀ ਯਾਦ ਤਾਜ਼ਾ ਕਰਦੀ ਹੈ, ਜਿਸ ਨਾਲ ਯੂਰਪ ਵਿੱਚ ਰੇਡੀਏਸ਼ਨ ਖਤਰੇ ਦੀ ਸਥਿਤੀ ਪੈਦਾ ਹੋ ਗਈ ਸੀ।
ਅੰਤ ਵਿੱਚ, ਇਹ ਹਮਲਾ ਨਾ ਸਿਰਫ਼ ਯੂਕ੍ਰੇਨ ਦੇ ਲੋਕਾਂ ਲਈ ਤਬਾਹੀ ਹੈ, ਸਗੋਂ ਪੂਰੇ ਵਿਸ਼ਵ ਲਈ ਚੇਤਾਵਨੀ। ਯੂਰਪ ਦਾ ਡਰ ਜਾਇਜ਼ ਹੈ, ਕਿਉਂਕਿ ਐਟਮੀ ਯੁੱਧ ਦਾ ਖਤਰਾ ਅਸਲੀ ਹੈ। ਇਹ ਯੁੱਧ ਸਦਾ ਲਈ ਰੁਕਣਾ ਚਾਹੀਦਾ ਹੈ।

Loading