ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੀ ਲੋੜ

In ਪੰਜਾਬ
November 11, 2025

ਜਗਮੋਹਨ ਸਿੰਘ ਲੱਕੀ

 -ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਜੰਮਿਆਂ- ਜਾਇਆਂ ਨੂੰ ਮਾਣ ਹੈ ਕਿ ਇਹ ਨਿੱਤ ਨਵੀਂਆਂ ਮੁਹਿੰਮਾਂ ਸਰ ਕਰਦੇ ਰਹਿੰਦੇ ਹਨ। ਸਿਰਫ਼ ਦੇਸ਼ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਜਾ ਕੇ ਵਿਦੇਸ਼ੀ ਧਰਤੀ ’ਤੇ ਵੀ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਬਹੁਤ ਤਰੱਕੀ ਕੀਤੀ ਹੈ। ਅਨੇਕਾਂ ਐਨ.ਆਰ.ਆਈ.ਪੰਜਾਬੀ ਕਹਿੰਦੇ ਹਨ ਕਿ ਦੇਸ਼ ਵਿੱਚ ਉਹਨਾਂ ਦੀਆਂ ਕਿਰਤਾਂ ਅਤੇ ਸਖ਼ਤ ਮਿਹਨਤ ਦਾ ਮੁੱਲ ਨਹੀਂ ਪਿਆ, ਜਿਸ ਕਾਰਨ ਉਹਨਾਂ ਨੂੰ ਪਰਵਾਸ ਦਾ ਦਰਦ ਹੰਢਾਉਣਾ ਪਿਆ। ਪਰਦੇਸੀ ਪੰਜਾਬੀ ਅਨੇਕਾਂ ਵਾਰ ਦਾਅਵਾ ਕਰਦੇ ਹਨ ਕਿ ਵਿਦੇਸ਼ੀ ਮੁਲਕਾਂ ਵਿੱਚ ਉਹਨਾਂ ਦੀ ਕਿਰਤ ਅਤੇ ਸਖ਼ਤ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ ਅਤੇ ਉਹਨਾਂ ਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ, ਜਿਸ ਕਾਰਨ ਉਹ ਵਾਪਸ ਪੰਜਾਬ ਮੁੜਨ ਦੀ ਥਾਂ ਵਿਦੇਸ਼ਾਂ ’ਚ ਹੀ ਪੱਕੇ ਤੌਰ ’ਤੇ ਰਹਿਣ ਲੱਗ ਪਏ ਹਨ। ਇਹੋ ਕਾਰਨ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਆਪਣੇ ਜੱਦੀ ਘਰਾਂ ਅਤੇ ਜੱਦੀ ਜ਼ਮੀਨ ਨੂੰ ਛੱਡ ਕੇ ਵਿਦੇਸ਼ ਜਾ ਚੁੱਕੇ ਹਨ ਅਤੇ ਅਜੇ ਵੀ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬੀਆਂ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਇੱਕ ਵਾਰ ਤਾਂ ਪੰਜਾਬ ਕਾਫ਼ੀ ਪਿੱਛੇ ਚਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਪੰਜਾਬੀਆਂ ਨੇ ਅਜੇ ਹੌਂਸਲਾ ਨਹੀਂ ਹਾਰਿਆ ਅਤੇ ਉਹ ਪੂਰੇ ਹੌਂਸਲੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਉਭਰਨ ਦਾ ਯਤਨ ਕਰ ਰਹੇ ਹਨ। 

ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਅਕਸਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕਰਦੇ ਰਹਿੰਦੇ ਹਨ। ਉਹਨਾਂ ਵੱਲੋਂ ਪੰਜਾਬ ਦੀ ਭਲਾਈ ਲਈ ਕੁਝ ਯਤਨ ਵੀ ਕੀਤੇ ਜਾਂਦੇ ਹਨ ਪਰ ਪੰਜਾਬ ਅਸਲੀ ਅਰਥਾਂ ਵਿੱਚ ਮੁੜ ਰੰਗਲਾ ਤਾਂ ਹੀ ਬਣ ਸਕਦਾ ਹੈ ਜੇ ਸਾਰੀਆਂ ਧਿਰਾਂ ਸਰਕਾਰ ਨੂੰ ਸਹਿਯੋਗ ਦੇਣ ਅਤੇ ਸਾਂਝੀ ਮੁਹਿੰਮ ਚਲਾ ਕੇ ਹੀ ਪੰਜਾਬ ਦੀਆਂ ਨਸ਼ੇ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਭਾਵੇਂ ਨਸ਼ੇ ਵਿਰੁੱਧ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਚਲਾਈ ਹੋਈ ਹੈ ਅਤੇ ਨਸ਼ੇ ਦੇ ਅਨੇਕਾਂ ਵਪਾਰੀ ਫੜੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਕਾਰਨ ਦੁਖਾਂਤ ਵਾਪਰ ਰਹੇ ਹਨ।
ਚੰਨ ਚਾਨਣੀ ਰਾਤ ’ਚ ਚੰਦਰਮਾ ਦੀ ਠੰਡੀ ਤੇ ਸ਼ੀਤਲ ਚਾਨਣੀ ਵੀ ਉਦੋਂ ਮਾਪਿਆਂ ਨੂੰ ਤਿੱਖੀਆਂ ਸੂਲ਼ਾਂ ਵਾਂਗ ਚੁਭਦੀ ਹੈ, ਜਦੋਂ ਵਿਹੜੇ ’ਚ ਜਵਾਨ ਧੀ-ਪੁੱਤਰ ਦੀ ਲਾਸ਼ ਪਈ ਹੁੰਦੀ ਹੈ। ਕੀ ਕਿਸੇ ਨੇ ਉਹਨਾਂ ਮਾਪਿਆਂ ਬਾਰੇ ਵੀ ਸੋਚਿਆ ਹੈ? ਜਿਨ੍ਹਾਂ ਦੇ ਜਵਾਨ ਪੁੱਤਰ ਨਸ਼ੇ ਕਾਰਨ ਇਸ ਜਹਾਨੋਂ ਤੁਰ ਗਏ ਹਨ। ਲਾਡਾਂ ਨਾਲ ਪਾਲੇ ਜਿਹੜੇ ਪੁੱਤਰਾਂ ਨੇ ਮਾਪਿਆਂ ਦੀ ਬੁਢਾਪੇ ਦੀ ਡੰਗੋਰੀ ਬਣਨਾ ਸੀ, ਉਹਨਾਂ ਪੁੱਤਰਾਂ ਦੀਆਂ ਅਰਥੀਆਂ ਹੀ ਬੁੱਢੇ ਬਾਪੂਆਂ ਨੂੰ ਆਪਣੇ ਮੋਢਿਆਂ ’ਤੇ ਚੁੱਕਣੀਆਂ ਪੈ ਰਹੀਆਂ ਹਨ। ਵਿਹੜੇ ਵਿੱਚ ਅਣਵਿਆਹੇ ਨੌਜਵਾਨ ਦੀ ਲਾਸ਼ ’ਤੇ ਖ਼ੂਨ ਦੇ ਅੱਥਰੂ ਵਹਾਉਂਦਿਆਂ ਜਦੋਂ ਭੈਣ ਲਾਸ਼ ਬਣੇ ਵੀਰ ਦੇ ਚਿਹਰੇ ’ਤੇ ਸਿਹਰਾ ਬੰਨ੍ਹਦੀ ਹੈ, ਉਹ ਦਰਦਮਈ ਦ੍ਰਿਸ਼ ਪੱਥਰਾਂ ਨੂੰ ਵੀ ਰੁਆਉਣ ਵਾਲਾ ਹੁੰਦਾ ਹੈ। ਵੱਡੀ ਗਿਣਤੀ ਮਾਵਾਂ ਆਪਣੇ ਭਰ ਜਵਾਨ ਪੁੱਤਰਾਂ ਦੇ ਨਸ਼ੇ ਕਾਰਨ ਮਰਨ ਤੋਂ ਬਾਅਦ ਆਪਣੀ ਸੁੱਧ ਬੁੱਧ ਭੁੱਲ ਜਾਂਦੀਆਂ ਹਨ। ਕੀ ਤੁਸੀਂ ਉਹਨਾਂ ਨਵਵਿਆਹੁਤਾ ਮੁਟਿਆਰਾਂ ਬਾਰੇ ਕਦੇ ਸੋਚਿਆ ਹੈ? ਜੋ ਕਿ ਲਾਵਾਂ- ਫੇਰਿਆਂ ਤੋਂ ਬਾਅਦ ਕਈ ਤਰ੍ਹਾਂ ਦੇ ਸ਼ਗਨ ਮਨਾਉਂਦਿਆਂ ਸਹੁਰੇ ਘਰ ਪਹੁੰਚਦੀਆਂ ਹਨ ਪਰ ਸ਼ਗਨਾਂ ਨਾਲ ਸ਼ਿੰਗਾਰੀ ਸੁਹਾਗ ਸੇਜ ’ਤੇ ਉਹਨਾਂ ਦੇ ਕੰਤ ਨਸ਼ੇ ਦੀ ਓਵਰਡੋਜ਼ ਕਾਰਨ ਆਉਂਦੇ ਸਾਰ ਮੂਧੇ ਮੂੰਹ ਡਿੱਗ ਪੈਂਦੇ ਹਨ ਅਤੇ ਸਦੀਵੀ ਵਿਛੋੜਾ ਦੇ ਜਾਂਦੇ ਹਨ। ਅਜਿਹੀਆਂ ਭਰ ਜੋਬਨ ਨਵਵਿਆਹੁਤਾ ਮੁਟਿਆਰਾਂ ਦੀਆਂ ਗੋਰੀਆਂ ਬਾਂਹਾਂ ਵਿੱਚ ਪਾਈਆਂ ਹੋਈਆਂ ਰੰਗ ਬਿਰੰਗੀਆਂ ਵੰਗਾਂ ਛਣਕਣ ਅਤੇ ਕੋਈ ਸੰਗੀਤ ਛੇੜਨ ਤੋਂ ਪਹਿਲਾਂ ਹੀ ਤੜੱਕ ਕਰਕੇ ਟੁੱਟਣ ਲੱਗਦੀਆਂ ਹਨ। ਹੁਣ ਉਸ ਸਮੇਂ ਬਾਰੇ ਸੋਚੋ! ਜਦੋਂ ਨਸ਼ੇ ਕਾਰਨ ਮਰੇ ਕਿਸੇ ਨੌਜਵਾਨ ਦਾ ਪੰਜ ਸੱਤ ਸਾਲ ਦਾ ਮਾਸੂਮ ਪੁੱਤਰ ਸ਼ਮਸ਼ਾਨ ਘਾਟ ਵਿੱਚ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੰਦਾ ਹੈ ਤਾਂ ਉਦੋਂ ਸ਼ਮਸ਼ਾਨ ਘਾਟ ਦੀਆਂ ਕੰਧਾਂ ਵੀ ਧਾਹਾਂ ਮਾਰ ਮਾਰ ਕੇ ਵਿਰਲਾਪ ਕਰਨ ਲੱਗਦੀਆਂ ਹਨ। ਹੁਣ ਤਾਂ ਨਸ਼ੇ ਖਾਤਰ ਨੌਜਵਾਨ ਮਾਪੇ ਆਪਣੇ ਨਵਜੰਮੇ ਇਕਲੌਤੇ ਪੁੱਤਰਾਂ ਨੂੰ ਵੀ ਵੇਚਣ ਲੱਗ ਪਏ ਹਨ, ਇਸ ਤੋਂ ਵੱਡੀ ਤ੍ਰਾਸਦੀ ਭਲਾ ਕੀ ਹੋਵੇਗੀ?
ਇਹ ਠੀਕ ਹੈ ਕਿ ਸਾਡੇ ਰੰਗਲੇ ਪੰਜਾਬ ਦੀ ਸ਼ਾਨ ਜਿੱਥੇ ਸੋਹਣੇ ਸੁਨੱਖੇ ਤੇ ਉੱਚੇ ਲੰਬੇ ਪੰਜਾਬੀ ਗੱਭਰੂ ਹਨ, ਜਿਨ੍ਹਾਂ ਦੀ ਸੂਰਬੀਰਤਾ, ਸਾਹਸ, ਦਲੇਰੀ ਅਤੇ ਹੌਂਸਲੇ ਦੀਆਂ ਗੱਲਾਂ ਪੂਰੀ ਦੁਨੀਆ ਵਿੱਚ ਹੁੰਦੀਆਂ ਹਨ। ਲੰਘੇ ਦਿਨਾਂ ਦੌਰਾਨ ਪੰਜਾਬ ’ਚ ਆਏ ਹੜ੍ਹਾਂ ਮੌਕੇ ਪੰਜਾਬੀ ਨੌਜਵਾਨਾਂ ਨੇ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ। ਇਹ ਪੰਜਾਬੀ ਨੌਜਵਾਨ ਦਿਨ ਰਾਤ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਲੱਗੇ ਰਹੇ। ਪੰਜਾਬੀ ਨੌਜਵਾਨਾਂ ਦੀ ਇਸ ਸੇਵਾ ਭਾਵਨਾ ਨੂੰ ਪੂਰੀ ਦੁਨੀਆ ਨੇ ਵੇਖਿਆ ਅਤੇ ਸਲਾਹਿਆ।
ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ, ਸਾਰੀਆਂ ਸਿਆਸੀ ਧਿਰਾਂ, ਸਮਾਜਿਕ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਸਾਂਝੇ ਉਪਰਾਲੇ ਕਰਨ। ਇਸ ਤੋਂ ਇਲਾਵਾ ਪੰਜਾਬ ਦੇ ਧੀਆਂ-ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੂੰ ਅਲਵਿਦਾ ਕਹਿ ਕੇ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਨਵਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ।

Loading