ਪੰਜਾਬ ਵਿੱਚ ਕੱਟੜਵਾਦੀ ਹਿੰਦੂ ਆਗੂ ਨਿਸ਼ਾਨੇ ’ਤੇ ਕਿਉਂ?

In ਮੁੱਖ ਖ਼ਬਰਾਂ
November 19, 2025

ਕ੍ਰਾਈਮ ਰਿਪੋਰਟ

ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਵਿੱਚ ਅੱਜਕੱਲ੍ਹ ਇੱਕ ਨਵਾਂ ਖਤਰਾ ਮੰਡਰਾ ਰਿਹਾ ਹੈ। ਕੱਟੜਵਾਦੀ ਹਿੰਦੂ ਸੰਗਠਨਾਂ ਨਾਲ ਜੁੜੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੇ ਨਾ ਸਿਰਫ਼ ਫਿਰਕੂ ਤਣਾਅ ਨੂੰ ਵਧਾਇਆ ਹੈ, ਸਗੋਂ ਪੂਰੇ ਸੂਬੇ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਉਠਾ ਦਿੱਤੇ ਹਨ। ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਆਰ.ਐੱਸ.ਐੱਸ. ਦੇ ਸੀਨੀਅਰ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪੰਜਾਬ ਵਿੱਚ ਹਿੰਦੂ ਆਗੂਆਂ ’ਤੇ ਹੋ ਰਹੇ ਯੋਜਨਾਬੱਧ ਹਮਲਿਆਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇੱਕ ਨਵੇਂ ਬਣੇ ਸਮੂਹ ‘ਸ਼ੇਰ-ਏ-ਪੰਜਾਬ ਬ੍ਰਿਗੇਡ’ ਨੇ ਸੋਸ਼ਲ ਮੀਡੀਆ ’ਤੇ ਖੁੱਲ੍ਹੇ ਆਮ ਤੌਰ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਇਸ ਨੂੰ ‘ਖਾਲਿਸਤਾਨ ਦੀ ਆਜ਼ਾਦੀ ਦੀ ਜੰਗ’ ਦਾ ਹਿੱਸਾ ਦੱਸਿਆ ਹੈ। ਪਰ ਸਵਾਲ ਇਹ ਹੈ ਕਿ ਪੰਜਾਬ ਵਿੱਚ ਅਜਿਹੇ ਕਤਲਾਂ ਦਾ ਸਿਲਸਿਲਾ ਕਿਉਂ ਜਾਰੀ ਹੈ? ਜ਼ਿਆਦਾਤਰ ਮਾਮਲਿਆਂ ਵਿੱਚ ਖਾਲਿਸਤਾਨੀ ਗੈਂਗਸਟਰ ਗੱਠਜੋੜ ਕਿਉਂ ਸਾਹਮਣੇ ਆਉਂਦਾ ਹੈ? ਕੌਣ ਹੈ ਇਨ੍ਹਾਂ ਕਤਲਾਂ ਦਾ ਅਸਲੀ ਮਾਸਟਰਮਾਈਂਡ? ਅਤੇ ਕੀ ਡਰੱਗ ਮਾਫੀਆ ਦੇ ਵਧਦੇ ਪ੍ਰਭਾਵ ਕਾਰਨ ਗੈਂਗਸਟਰਾਂ ਦੀ ਹਿੰਮਤ ਵਧ ਰਹੀ ਹੈ, ਸਰਕਾਰ ਇਸ ’ਤੇ ਸਖਤੀ ਕਿਉਂ ਨਹੀਂ ਕਰ ਰਹੀ?
ਨਵੀਨ ਅਰੋੜਾ ਦੇ ਕਤਲ ਨੇ ਫਿਰੋਜ਼ਪੁਰ ਨੂੰ ਹਲਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਬਲਦੇਵ ਰਾਜ ਅਰੋੜਾ, ਜੋ ਆਰ.ਐੱਸ.ਐੱਸ. ਦੇ ਪ੍ਰਮੁਖ ਆਗੂ ਹਨ, ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠੇ ਸਨ ਜਦੋਂ ਨਵੀਨ ਆਪਣੇ ਬੱਚਿਆਂ ਨੂੰ ਪਾਰਕ ਲੈ ਜਾਣ ਲਈ ਨਿਕਲਿਆ। ਸਿਰਫ਼ 15 ਮਿੰਟ ਬਾਅਦ ਖ਼ਬਰ ਆ ਗਈ ਕਿ ਰਸਤੇ ਵਿੱਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਪੁਲਿਸ ਅਨੁਸਾਰ, ਬਾਬਾ ਨੂਰ ਸ਼ਾਹ ਵਾਲੀ ਦਰਗਾਹ ਨੇੜੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਵੀਨ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਹ ਹਮਲਾ ਬਿਲਕੁਲ ਟਾਰਗੇਟ ਕਿਲਿੰਗ ਵਰਗਾ ਲੱਗ ਰਿਹਾ ਹੈ, ਜਿੱਥੇ ਰੇਕੀ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਅਤੇ ਹਮਲਾਵਰ ਭੱਜ ਗਏ। ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਨਵੀਨ ਨੂੰ ਆਰ.ਐੱਸ.ਐੱਸ. ਨਾਲ ਜੁੜੇ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ, ਉਸ ਨੂੰ ‘ਹਿੰਦੂ ਸਰਕਾਰ ਦਾ ਪਿਆਦਾ’ ਅਤੇ ਅਰੋੜਾ ਪਰਿਵਾਰ ਨੂੰ ‘ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ’ ਦੱਸਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਰ.ਐੱਸ.ਐੱਸ., ਸ਼ਿਵ ਸੈਨਾ, ਪੁਲਿਸ ਅਤੇ ਫ਼ੌਜੀ ਕਰਮਚਾਰੀਆਂ ਵਰਗੇ ‘ਦਿੱਲੀ ਦੇ ਏਜੰਟਾਂ’ ’ਤੇ ਹਮਲੇ ਜਾਰੀ ਰੱਖਣਗੇ, ਜਦੋਂ ਤੱਕ ਖਾਲਿਸਤਾਨ ਨਹੀਂ ਬਣ ਜਾਂਦਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਵਿੱਚ ਹਿੰਦੂ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਿਛਲੇ 10 ਸਾਲਾਂ ਵਿੱਚ ਸੱਤ ਤੋਂ ਵੱਧ ਅਜਿਹੇ ਕਤਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਆਰ.ਐੱਸ.ਐੱਸ., ਸ਼ਿਵ ਸੈਨਾ ਅਤੇ ਹੋਰ ਹਿੰਦੂ ਸੰਗਠਨਾਂ ਦੇ ਆਗੂ ਸ਼ਾਮਲ ਹਨ। ਇਹਨਾਂ ਘਟਨਾਵਾਂ ਦਾ ਪੈਟਰਨ ਇੱਕੋ ਜਿਹਾ ਹੈ – ਰੇਕੀ, ਗੋਲੀਬਾਰੀ ਅਤੇ ਹਮਲਾਵਰਾਂ ਦਾ ਬਚ ਜਾਣਾ। 2016 ਵਿੱਚ ਜਲੰਧਰ ਵਿੱਚ ਆਰ.ਐੱਸ.ਐੱਸ. ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕਤਲ ਹੋਇਆ, ਜਿਸ ਦੀ ਐਨ.ਆਈ.ਏ. ਜਾਂਚ ਅਜੇ ਵੀ ਜਾਰੀ ਹੈ ਅਤੇ ਮਾਸਟਰਮਾਈਂਡ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਉਸੇ ਸਾਲ ਲੁਧਿਆਣਾ ਦੇ ਖੰਨਾ ਵਿੱਚ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਗੁਪਤਾ ਨੂੰ ਮਾਰ ਦਿੱਤਾ ਗਿਆ ਸੀ। 2017 ਵਿੱਚ ਲੁਧਿਆਣਾ ਵਿੱਚ ਹਿੰਦੂ ਤਖ਼ਤ ਦੇ ਅਮਿਤ ਸ਼ਰਮਾ ਅਤੇ ਆਰ.ਐੱਸ.ਐੱਸ. ਨੇਤਾ ਰਵਿੰਦਰ ਗੋਸਾਈ ਦੇ ਕਤਲ ਹੋਏ ਸਨ, ਜਿਨ੍ਹਾਂ ਵਿੱਚ ਖਾਲਿਸਤਾਨੀ ਮਾਡਿਊਲ ਅਤੇ ਵਿਦੇਸ਼ੀ ਸਬੰਧ ਸਾਹਮਣੇ ਆਏ। ਅੰਮ੍ਰਿਤਸਰ ਵਿੱਚ ਹਿੰਦੂ ਸੰਘਰਸ਼ ਸੈਨਾ ਦੇ ਵਿਪਿਨ ਸ਼ਰਮਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
2024 ਵਿੱਚ ਰੂਪਨਗਰ ਦੇ ਨੰਗਲ ਵਿੱਚ ਵੀ.ਐੱਚ.ਪੀ. ਨੇਤਾ ਵਿਕਾਸ ਪ੍ਰਭਾਕਰ ਦੀ ਹੱਤਿਆ ਵਿੱਚ ਆਈ.ਐੱਸ.ਆਈ. ਅਤੇ ਖਾੜਕੂ ਸੰਗਠਨਾਂ ਦੀ ਸ਼ਮੂਲੀਅਤ ਸਾਹਮਣੇ ਆਈ। ਹੋਰਨਾਂ ਵਿੱਚ ਜਲੰਧਰ ਦੇ ਦੇਵੇਸ਼ ਗੁਪਤਾ, ਲੁਧਿਆਣਾ ਦੇ ਸੰਦੀਪ ਅਰੋੜਾ, ਫਾਜ਼ਿਲਕਾ, ਪਟਿਆਲਾ ਅਤੇ ਪਠਾਨਕੋਟ ਵਿੱਚ ਵੀ ਹਿੰਦੂ ਵਪਾਰੀਆਂ ਅਤੇ ਮੰਦਰ ਕਮੇਟੀ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹਨਾਂ ਸਾਰੇ ਕੇਸਾਂ ਵਿੱਚ ਗੈਂਗਸਟਰਾਂ ਦੀ ਭੂਮਿਕਾ ਅਤੇ ਵਿਦੇਸ਼ੀ ਹੈਂਡਲਰਾਂ (ਕੈਨੇਡਾ, ਪਾਕਿਸਤਾਨ) ਦੇ ਨਾਂ ਸਾਹਮਣੇ ਆਏ ਹਨ। ਸਿੱਖਸ ਫਾਰ ਜਸਟਿਸ (ਐੱਸ.ਐੱਫ਼.ਜੇ.) ਵਰਗੇ ਸੰਗਠਨਾਂ ਨੂੰ ਵੀ ਜਾਂਚਾਂ ਵਿੱਚ ਜੋੜਿਆ ਗਿਆ ਹੈ। ਹਥਿਆਰਾਂ ਦੀ ਸਪਲਾਈ ਅਤੇ ਫੰਡਿੰਗ ਵਿਦੇਸ਼ਾਂ ਤੋਂ ਹੋ ਰਹੀ ਹੈ, ਜਿਸ ਕਾਰਨ ਮੁੱਖ ਦੋਸ਼ੀ ਗ੍ਰਿਫ਼ਤਾਰੀ ਤੋਂ ਬਚ ਜਾਂਦੇ ਹਨ ਅਤੇ ਕੇਸ ਸਾਲਾਂ ਤੱਕ ਲਟਕੇ ਰਹਿੰਦੇ ਹਨ।
ਇਹ ਕਤਲ ਕਿਉਂ ਹੋ ਰਹੇ ਹਨ? ਸੁਰੱਖਿਆ ਮਾਹਿਰਾਂ ਅਨੁਸਾਰ, ਇਹ ਸਿਰਫ਼ ਵਿਅਕਤੀਆਂ ਨੂੰ ਮਾਰਨ ਲਈ ਨਹੀਂ, ਸਗੋਂ ਫਿਰਕੂ ਤਣਾਅ ਪੈਦਾ ਕਰਨ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਹਨ। ਖਾਲਿਸਤਾਨੀ ਤੱਤ ਆਰ.ਐੱਸ.ਐੱਸ. ਅਤੇ ਹੋਰ ਹਿੰਦੂ ਸੰਗਠਨਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਵਿੱਚ ਵੰਡ ਪੈਦਾ ਕਰਨਾ ਚਾਹੁੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਖਾਲਿਸਤਾਨੀ-ਗੈਂਗਸਟਰ ਗੱਠਜੋੜ ਸਾਹਮਣੇ ਆਉਂਦਾ ਹੈ ਕਿਉਂਕਿ ਗੈਂਗਸਟਰ ਹਥਿਆਰਾਂ ਅਤੇ ਨੈੱਟਵਰਕ ਦੀ ਵੰਡ ਨੂੰ ਅੰਜਾਮ ਦਿੰਦੇ ਹਨ, ਜਦਕਿ ਵਿਦੇਸ਼ੀ ਹੈਂਡਲਰ ਫੰਡਿੰਗ ਅਤੇ ਹੁਕਮ ਦਿੰਦੇ ਹਨ। ਅਮਿਤ ਸ਼ਰਮਾ ਅਤੇ ਰਵਿੰਦਰ ਗੋਸਾਈ ਦੇ ਕੇਸਾਂ ਵਿੱਚ ਐਨ.ਆਈ.ਏ. ਨੇ ਗੈਂਗਸਟਰ-ਖਾਲਿਸਤਾਨੀ ਗੱਠਜੋੜ ਨੂੰ ਉਜਾਗਰ ਕੀਤਾ।
ਕੁਝ ਪੰਜਾਬੀਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਡਰੱਗਸ ਦਾ ਵਪਾਰ ਲੱਖਾਂ ਕਰੋੜਾਂ ਦਾ ਹੈ, ਜੋ ਗੈਂਗਸਟਰਾਂ ਨੂੰ ਫੰਡ ਕਰਦਾ ਹੈ। ਗੈਂਗਸਟਰ ਡਰੱਗ ਰੂਟਸ ਨੂੰ ਕੰਟਰੋਲ ਕਰਦੇ ਹਨ ਅਤੇ ਖਾਲਿਸਤਾਨੀਆਂ ਨੂੰ ਹਥਿਆਰ ਪ੍ਰਦਾਨ ਕਰਦੇ ਹਨ।
ਸੁਆਲ ਇਹ ਹੈ ਕਿ ਸਰਕਾਰ ਡਰੱਗ ਮਾਫੀਆ ’ਤੇ ਸਖਤੀ ਕਿਉਂ ਨਹੀਂ ਕਰ ਰਹੀ? ਇਹ ਇੱਕ ਵੱਡਾ ਸਵਾਲ ਹੈ। ਪੰਜਾਬ ਸਰਕਾਰ ਨੇ ਡਰੱਗ ਵਿਰੋਧੀ ਮੁਹਿੰਮਾਂ ਚਲਾਈਆਂ ਹਨ, ਪਰ ਨਤੀਜੇ ਨਿਰਾਸ਼ਾਜਨਕ ਹਨ। ਬੋਰਡਰ ’ਤੇ ਸਮੁੱਗਲਿੰਗ ਜਾਰੀ ਹੈ, ਪੁਲਿਸ ਵਿੱਚ ਕੁਝ ਭ੍ਰਿਸ਼ਟਾਚਾਰ ਵੀ ਹੈ ਅਤੇ ਵਿਦੇਸ਼ੀ ਰੂਟਸ ਨੂੰ ਰੋਕਣ ਲਈ ਕੇਂਦਰ ਨਾਲ ਤਾਲਮੇਲ ਦੀ ਘਾਟ ਹੈ। ਜੇਕਰ ਸਰਕਾਰ ਨੇ ਡਰੱਗ ਨਾਲ ਜੁੜੇ ਨੈਕਸਸ ਨੂੰ ਨਾ ਤੋੜਿਆ ਤਾਂ ਪੰਜਾਬ ਵਿੱਚ ਲੁੱਟਮਾਰ, ਕਤਲ ਜਾਰੀ ਰਹਿਣਗੇ।

Loading