vਵਾਸ਼ਿੰਗਟਨ/ਨਿਊਯਾਰਕ/ਏ.ਟੀ.ਨਿਊਜ਼: ਜਿਸ ਅਮਰੀਕਾ ਨੇ ਦੁਨੀਆਂ ਨੂੰ ਸਿਲੀਕਾਨ ਵੈਲੀ, ਟੇਸਲਾ, ਸਪੇਸਐਕਸ ਤੇ ਏਪਲ ਵਰਗੇ ਨਾਂਅ ਦਿੱਤੇ, ਅੱਜ ਉਹੀ ਅਮਰੀਕਾ ਆਪਣੀਆਂ ਫੈਕਟਰੀਆਂ ਵਿੱਚ ਇੱਕ ਵੀ ਚੰਗਾ ਮਕੈਨਿਕ, ਪਲੰਬਰ ਜਾਂ ਟਰੱਕ ਡਰਾਈਵਰ ਨਹੀਂ ਲੱਭ ਰਿਹਾ। ਇੱਕ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੀ ਵਾਰੀ ਵ੍ਹਾਈਟ ਹਾਊਸ ਵਿੱਚ ਵਾਪਸ ਆਉਣ ਤੋਂ ਬਾਅਦ ਇਮੀਗ੍ਰੇਸ਼ਨ ’ਤੇ ਸਭ ਤੋਂ ਸਖ਼ਤ ਨੀਤੀਆਂ ਲਾਗੂ ਕਰਨ ਦਾ ਵਾਅਦਾ ਕਰ ਰਹੇ ਹਨ, ਦੂਜੇ ਪਾਸੇ ਅਮਰੀਕੀ ਉਦਯੋਗ ਜਗਤ ਔਖਾ ਹੈ ਕਿ “ਜੇਕਰ ਹੁਨਰਮੰਦ ਕਾਮੇ ਨਾ ਆਏ ਤਾਂ ਸਾਡੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ।”
ਸਭ ਤੋਂ ਵੱਡਾ ਸੰਕਟ ਆਟੋਮੋਟਿਵ ਸੈਕਟਰ ਵਿੱਚ ਹੈ। ਡੈਟਰਾਇਟ ਦੀਆਂ ਵੱਡੀਆਂ ਕਾਰ ਕੰਪਨੀਆਂ ਹੁਣ ਮਕੈਨਿਕਾਂ ਨੂੰ 1 ਕਰੋੜ ਰੁਪਏ (ਲਗਭਗ 120,000 ਡਾਲਰ) ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕਰ ਰਹੀਆਂ ਹਨ, ਪਰ ਫਿਰ ਵੀ ਨੌਜਵਾਨ ਅੱਗੇ ਨਹੀਂ ਆ ਰਹੇ। ਫੋਰਡ, ਜਨਰਲ ਮੋਟਰਜ਼ ਤੇ ਸਟੈਲੈਂਟਿਸ ਵਰਗੀਆਂ ਕੰਪਨੀਆਂ ਦੇ ਪਲਾਂਟਾਂ ਵਿੱਚ ਹਜ਼ਾਰਾਂ ਅਹੁਦੇ ਖ਼ਾਲੀ ਪਏ ਹਨ। ਇਕੱਲਾ ਆਟੋ ਸੈਕਟਰ ਹੀ 2.5 ਲੱਖ ਤੋਂ ਵੱਧ ਮਕੈਨਿਕਾਂ ਦੀ ਘਾਟ ਦਾ ਸ਼ਿਕਾਰ ਹੈ।
ਫੋਰਡ ਮੋਟਰ ਕੰਪਨੀ ਦੇ ਮੁਖੀ ਜਿਮ ਫਾਰਲੇ ਨੇ ਕਿਹਾ, ‘“ਅਸੀਂ ਸੁਪਰ ਡਿਊਟੀ ਟਰੱਕ ਦਾ ਡੀਜ਼ਲ ਇੰਜਣ ਕੱਢਣਾ ਸਿਖਾਉਣ ਵਿੱਚ 4-5 ਸਾਲ ਲਗਾਉਂਦੇ ਹਾਂ। ਪਰ ਅੱਜ ਦੇ ਅਮਰੀਕੀ ਨੌਜਵਾਨਾਂ ਕੋਲ ਬੇਸਿਕ ਟੂਲਜ਼ ਵਰਤਣ ਦਾ ਵੀ ਤਜਰਬਾ ਨਹੀਂ। ਇਹ ਸਿਰਫ਼ ਫੋਰਡ ਦੀ ਨਹੀਂ, ਪੂਰੇ ਅਮਰੀਕਾ ਦੀ ਸਮੱਸਿਆ ਹੈ।’”
ਅਮਰੀਕਾ ਦੇ 10 ਲੱਖ ਤੋਂ ਵੱਧ ਅਹਿਮ ਅਹੁਦੇ ਖ਼ਾਲੀ
ਅਮਰੀਕੀ ਲੇਬਰ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਵੇਲੇ 10.5 ਲੱਖ ਤੋਂ ਵੱਧ ਅਹਿਮ ਨੌਕਰੀਆਂ ਖ਼ਾਲੀ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
ਮਕੈਨਿਕ ਤੇ ਟੈਕਨੀਸ਼ੀਅਨ,ਪਲੰਬਰ ਤੇ ਇਲੈਕਟ੍ਰੀਸ਼ੀਅਨ,ਵੈਲਡਰ ਤੇ ਮਸ਼ੀਨ ਆਪਰੇਟਰ,ਟਰੱਕ ਡਰਾਈਵਰ,ਐਚ ਏਵੀਏਸੀ ਟੈਕਨੀਸ਼ੀਅਨ,ਫੈਕਟਰੀ ਵਰਕਰ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਅਹੁਦੇ 80,000 ਤੋਂ 150,000 ਡਾਲਰ ਸਾਲਾਨਾ (70 ਲੱਖ ਤੋਂ 1.3 ਕਰੋੜ ਰੁਪਏ) ਤੱਕ ਦਿੰਦੇ ਹਨ, ਫਿਰ ਵੀ ਅਰਜ਼ੀਆਂ ਨਹੀਂ ਆ ਰਹੀਆਂ।
ਮੈਨੂਅਲ ਸਕਿੱਲਜ਼ ਦਾ ਸੰਕਟ –
ਕਾਲਜ ਡਿਗਰੀ ਕੰਮ ਨਾ ਆਈ
ਅਮਰੀਕਾ ਦੀ ਸਭ ਤੋਂ ਵੱਡੀ ਗਲਤੀ ਇਹ ਰਹੀ ਕਿ ਪਿਛਲੇ 30-40 ਸਾਲਾਂ ਵਿੱਚ ਹਰ ਮਾਂ-ਬਾਪ ਨੇ ਆਪਣੇ ਬੱਚੇ ਨੂੰ ਕਿਹਾ ‘ਚਾਰ ਸਾਲ ਦੀ ਕਾਲਜ ਡਿਗਰੀ ਲੈ ਲੈ, ਚੰਗੀ ਨੌਕਰੀ ਲੱਗ ਜੂ।” ਨਤੀਜਾ? ਵੋਕੇਸ਼ਨਲ ਸਕੂਲ ਬੰਦ ਹੋ ਗਏ, ਟਰੇਡ ਸਕੂਲਾਂ ਵਿੱਚ ਨਾਮ ਲਈ ਵੀ ਵਿਦਿਆਰਥੀ ਨਹੀਂ ਗਏ। ਅੱਜ ਅਮਰੀਕਾ ਵਿੱਚ ਬੇਸ਼ੁਮਾਰ ਨੌਜਵਾਨਾਂ ਕੋਲ ਫਿਲਾਸਫੀ, ਸੋਸ਼ਿਓਲੋਜੀ ਤੇ ਜੈਂਡਰ ਸਟੱਡੀਜ਼ ਦੀਆਂ ਡਿਗਰੀਆਂ ਹਨ, ਪਰ ਕੋਈ ਵੀ ਇਹ ਨਹੀਂ ਜਾਣਦਾ ਕਿ ਇੱਕ ਡੀਜ਼ਲ ਇੰਜਣ ਨੂੰ ਖੋਲ੍ਹਿਆ ਕਿਵੇਂ ਜਾਂਦਾ ਹੈ।’
ਜਿਮ ਫਾਰਲੇ ਨੇ ਕਿਹਾ, “ਅਸੀਂ ਏ.ਆਈ., ਚਿੱਪਸ ਤੇ ਸਾਫਟਵੇਅਰ ਵਿੱਚ ਦੁਨੀਆਂ ਦੀ ਅਗਵਾਈ ਕਰ ਰਹੇ ਹਾਂ, ਪਰ ਜਦੋਂ ਗੱਲ ਅਸਲ ਚੀਜ਼ ਬਣਾਉਣ ਦੀ ਆਉਂਦੀ ਹੈ ਤਾਂ ਅਸੀਂ ਪਿੱਛੇ ਰਹਿ ਗਏ ਹਾਂ।”
ਇਮੀਗ੍ਰੇਸ਼ਨ ਸਖ਼ਤੀ ਦੇ ਨਤੀਜੇ ਮਾੜੇ ਨਿਕਲੇ
2017-2020 ਦੇ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਐਚ-12ਬੀ,ਐਚ -2ਬੀ ਤੇ ਐਲ-1 ਵੀਜ਼ਿਆਂ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਨਤੀਜਾ? ਲੱਖਾਂ ਹੁਨਰਮੰਦ ਕਾਮੇ ਮੈਕਸੀਕੋ, ਭਾਰਤ, ਚੀਨ, ਫਿਲੀਪੀਨਜ਼ ਤੇ ਮੱਧ ਏਸ਼ੀਆ ਤੋਂ ਅਮਰੀਕਾ ਨਹੀਂ ਆ ਸਕੇ। ਬਹੁਤ ਸਾਰੇ ਤਾਂ ਕੈਨੇਡਾ, ਜਰਮਨੀ ਤੇ ਆਸਟ੍ਰੇਲੀਆ ਚਲੇ ਗਏ।
ਹੁਣ ਟਰੰਪ “ਮਾਸ ਡਿਪੋਰਟੇਸ਼ਨ” ਤੇ “ਬਾਰਡਰ ਵਾਲ” ਦੀ ਗੱਲ ਕਰ ਰਹੇ ਹਨ। ਪਰ ਅਮਰੀਕੀ ਵਪਾਰ ਜਗਤ ਡਰਿਆ ਹੋਇਆ ਹੈ। ਚੈਂਬਰ ਆਫ਼ ਕਾਮਰਸ, ਨੈਸ਼ਨਲ ਐਸੋਸੀਏਸ਼ਨ ਆਫ਼ ਮੈਨੂਫੈਕਚਰਰਜ਼ ਤੇ ਆਟੋ ਅਲਾਇੰਸ ਨੇ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਹੁਨਰਮੰਦ ਇਮੀਗ੍ਰੇਂਟਸ ਨੂੰ ਨਾ ਆਉਣ ਦਿੱਤਾ ਗਿਆ ਤਾਂ ਅਮਰੀਕੀ ਉਦਯੋਗ ਨੂੰ ਬਹੁਤ ਵੱਡਾ ਝਟਕਾ ਲੱਗੇਗਾ।
ਕੀ ਹੁਣ ਟਰੰਪ ਦੀਆਂ ਨੀਤੀਆਂ ਢਿੱਲੀਆਂ ਹੋਣਗੀਆਂ?
ਟਰੰਪ ਦੇ ਨਵੇਂ ਪ੍ਰਸ਼ਾਸਨ ਵਿੱਚ ਵਪਾਰ ਸਲਾਹਕਾਰਾਂ ਦਾ ਇੱਕ ਵੱਡਾ ਹਿੱਸਾ ਚਾਹੁੰਦਾ ਹੈ ਕਿ ਘੱਟੋ-ਘੱਟ “ਹੁਨਰਮੰਦ ਵਰਕਰ ਵੀਜ਼ਾ” ਪ੍ਰੋਗਰਾਮ ਨੂੰ ਫਿਰ ਤੋਂ ਖੋਲ੍ਹਿਆ ਜਾਵੇ। ਟਰੰਪ ਨੇ ਚੋਣ ਮੁਹਿੰਮ ਦੌਰਾਨ ਵੀ ਕਿਹਾ ਸੀ, “ਅਸੀਂ ਸਿਰਫ਼ ਮੈਰਿਟ ਬੇਸਡ ਇਮੀਗ੍ਰੇਸ਼ਨ ਚਾਹੁੰਦੇ ਹਾਂ – ਜੋ ਦੇਸ਼ ਲਈ ਚੰਗਾ ਕਰਨ, ਉਹ ਆਵੇ।” ਪਰ ਹੁਣ ਲੱਗ ਰਿਹਾ ਹੈ ਕਿ ਉਦਯੋਗ ਦੇ ਦਬਾਅ ਕਾਰਨ ਉਨ੍ਹਾਂ ਨੂੰ ਆਪਣੀ ਸਖ਼ਤੀ ਵਿੱਚ ਨਰਮੀ ਲਿਆਉਣੀ ਪਵੇਗੀ।
ਪੰਜਾਬੀ ਭਾਈਚਾਰੇ ਲਈ ਕੀ ਮਤਲਬ?
ਅਮਰੀਕਾ ਵਿੱਚ ਟਰੱਕਿੰਗ ਉਦਯੋਗ ਪੰਜਾਬੀਆਂ ਦਾ ਗੜ੍ਹ ਰਿਹਾ ਹੈ। ਕੈਲੀਫੋਰਨੀਆ, ਟੈਕਸਾਸ ਤੇ ਨਿਊਜਰਸੀ ਵਿੱਚ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਸੀ.ਡੀ.ਐਲ. ਲਾਇਸੈਂਸ ਲੈਣ ਵਾਲੇ ਨਵੇਂ ਡਰਾਈਵਰਾਂ ਦੀ ਗਿਣਤੀ ਘੱਟ ਗਈ ਹੈ ਕਿਉਂਕਿ ਨਵੇਂ ਇਮੀਗ੍ਰੇਂਟਸ ਨੂੰ ਵੀਜ਼ਾ ਨਹੀਂ ਮਿਲ ਰਿਹਾ। ਜੇਕਰ ਸਰਹੱਦ ਬਿਲਕੁਲ ਬੰਦ ਹੋ ਗਈ ਤਾਂ ਪੰਜਾਬੀ ਟਰੱਕਿੰਗ ਕਾਰੋਬਾਰ ’ਤੇ ਵੀ ਬਹੁਤ ਮਾੜਾ ਅਸਰ ਪਵੇਗਾ।
ਅੰਤ ਵਿੱਚ ਅਮਰੀਕਾ ਅੱਜ ਉਸੇ ਦੋਰਾਹੇ ’ਤੇ ਖੜ੍ਹਾ ਹੈ ਜਿੱਥੇ 1960 ਦੇ ਦਹਾਕੇ ਵਿੱਚ ਜਰਮਨੀ ਖੜ੍ਹਾ ਸੀ – ਜਦੋਂ ਉਸ ਨੇ ਟਰਕੀ ਤੋਂ ਗੈਸਟ ਵਰਕਰ ਬੁਲਾਏ ਸਨ। ਜਾਂ ਤਾਂ ਅਮਰੀਕਾ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਮੁੜ ਤੋਂ ਹੱਥਾਂ ਨਾਲ ਕੰਮ ਸਿਖਾਉਣਾ ਪਵੇਗਾ, ਜਾਂ ਫਿਰ ਬਾਹਰੋਂ ਹੁਨਰਮੰਦ ਕਾਮਿਆਂ ਨੂੰ ਬੁਲਾਉਣ ਦੀਆਂ ਦਰਵਾਜ਼ੇ ਖੋਲ੍ਹਣੇ ਪੈਣਗੇ।
ਜੇਕਰ ਟਰੰਪ ਸਰਕਾਰ ਨੇ ਸਿਰਫ਼ “ਅਮਰੀਕਾ ਫਸਟ” ਦਾ ਨਾਅਰਾ ਹੀ ਲਾਇਆ ਤੇ ਅਸਲ ਹੁਨਰ ਨੂੰ ਅੰਦਰ ਨਾ ਆਉਣ ਦਿੱਤਾ, ਤਾਂ ਜਲਦੀ ਹੀ ਅਮਰੀਕੀ ਫੈਕਟਰੀਆਂ ਵਿੱਚ ਤਾਲੇ ਲੱਗ ਜਾਣਗੇ ਤੇ ਉਹੀ ਅਮਰੀਕਾ ਜੋ ਦੁਨੀਆਂ ਨੂੰ ਕਾਰਾਂ, ਟਰੱਕ ਤੇ ਮਸ਼ੀਨਾਂ ਸਪਲਾਈ ਕਰਦਾ ਸੀ, ਆਪ ਉਨ੍ਹਾਂ ਦੀ ਮੁਰੰਮਤ ਨਹੀਂ ਕਰ ਸਕੇਗਾ।
![]()
