ਦਿੱਲੀ ਲਾਲ ਕਿਲ੍ਹੇ ਵਿਖੇ ਧਮਾਕੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀ ਫਿਰਕੂਵਾਦ ਦੇ ਸ਼ਿਕਾਰ

In ਮੁੱਖ ਖ਼ਬਰਾਂ
November 24, 2025

10 ਨਵੰਬਰ ਦੀ ਰਾਤ ਲਾਲ ਕਿਲ੍ਹੇ ਦੇ ਨੇੜੇ ਹੋਏ ਛੋਟੇ ਜਿਹੇ ਧਮਾਕੇ ਨੇ ਨਾ ਸਿਰਫ਼ ਰਾਜਧਾਨੀ ਦੀ ਸੁਰੱਖਿਆ ਏਜੰਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਗੋਂ ਦੇਸ਼ ਭਰ ਵਿੱਚ ਪੜ੍ਹ ਰਹੇ ਹਜ਼ਾਰਾਂ ਕਸ਼ਮੀਰੀ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੱਤਾ ਹੈ। ਸਧਾਰਨ ਕਸ਼ਮੀਰੀ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਮਾਨ, ਡਰ ,ਫਿਰਕੂਵਾਦ ਅਤੇ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨਾਂ ’ਤੇ ਚੀਜ਼ਾਂ ਨਹੀਂ ਵੇਚੀਆਂ ਜਾ ਰਹੀਆਂ, ਹਮਜਮਾਤੀ “ਆਤੰਕਵਾਦੀ ਪਰਿਵਾਰ” ਵਰਗੇ ਤੰਜ ਕੱਸ ਰਹੇ ਨੇ ਤੇ ਕਈ ਵਿਦਿਆਰਥੀ ਤਾਂ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ।
ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਇਬਰਾਹੀਮ (ਨਾਂ ਬਦਲਿਆ ਗਿਆ) ਨੇ ਦੱਸਿਆ, “ਧਮਾਕੇ ਵਾਲੇ ਦਿਨ ਜਦੋਂ ਮੈਂ ਕਲਾਸ ਵਿੱਚ ਗਿਆ ਤਾਂ ਕਿਸੇ ਨੇ ਚੀਕ ਕੇ ਕਿਹਾ – ‘ਆਪਣੇ ਮਾਂ-ਪਿਓ ਨੂੰ ਕਹੋ ਆਤੰਕਵਾਦੀ ਗਤੀਵਿਧੀਆਂ ਬੰਦ ਕਰਨ’। ਮੈਂ ਤਾਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ, ਪਰ ਮੇਰੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਮੈਂ ਤਾਂ ਪੜ੍ਹਨ ਆਇਆ ਹਾਂ।”
ਉਹ ਅੱਗੇ ਦੱਸਦਾ ਹੈ ਕਿ ਇਸ ਹਫ਼ਤੇ ਰਾਤ ਦਾ ਖਾਣਾ ਲੈਣ ਗਿਆ ਤਾਂ ਦੁਕਾਨਦਾਰ ਨੇ ਪੁੱਛਿਆ – “ਕਿੱਥੋਂ ਦਾ ਹੈਂ?” ਮੈਂ ਡਰ ਕੇ ਕਿਹਾ “ਪੰਜਾਬ”। ਮੈਨੂੰ ਆਪਣੀ ਅਸਲ ਪਛਾਣ ਲੁਕਾਉਣੀ ਪੈ ਰਹੀ ਹੈ।
ਅਨੰਤਨਾਗ ਦੀ 20 ਸਾਲਾ ਮੁਨੱਜ਼ਾ, ਜੋ ਹਿਜਾਬ ਪਾਉਂਦੀ ਹੈ, ਨੇ ਦੱਸਿਆ, ਕਿ ਉੱਤਰੀ ਕੈਂਪਸ ਦੇ ਇੱਕ ਸਟੋਰ ’ਤੇ ਦੁੱਧ ਲੈਣ ਗਈ ਤਾਂ ਵੈਂਡਰ ਟੀਵੀ ’ਤੇ ਲਾਲ ਕਿਲ੍ਹੇ ਵਾਲੀ ਖ਼ਬਰ ਵੇਖ ਰਿਹਾ ਸੀ। ਮੇਰੇ ਮੂੰਹ ਵੱਲ ਵੇਖ ਕੇ ਬੋਲਿਆ, ‘ਮੁਸਲਮਾਨਾਂ ਨੂੰ ਸਾਮਾਨ ਨਹੀਂ ਵੇਚਦਾ।’ ਮੈਂ ਚੁੱਪ ਕਰਕੇ ਵਾਪਸ ਆ ਗਈ। ਕਾਲਜ ਵਿੱਚ ਜਮਾਤੀਆਂ ਮਜ਼ਾਕ ਵਿੱਚ ਕਹਿੰਦੇ ਨੇ, ‘ਤੇਰੇ ਬੈਗ ਵਿੱਚ ਪੱਥਰ ਨੇ ਜਾਂ ਏਕੇ-47?’ ਮਜ਼ਾਕ ਸੁਣ ਕੇ ਹੱਸਣਾ ਪੈਂਦਾ ਹੈ, ਪਰ ਦਿਲ ਵਿੱਚ ਤੀਰ ਵਾਂਗ ਚੁਭਦਾ ਹੈ।”
ਫਰੀਦਾਬਾਦ ਪੁਲਿਸ ਨੇ ਲਗਭਗ 2,000 ਕਸ਼ਮੀਰੀ ਵਿਦਿਆਰਥੀਆਂ ਅਤੇ ਕਿਰਾਏਦਾਰਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਹੁਣ ਤੰਜ ਕਸਦੇ ਨੇ ਕਿ“ਤੇਰੇ ਘਰ ਵਿੱਚ ਵੀ ਤਾਂ ਅੱਤਵਾਦੀ ਹੋਣਗੇ।”
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਭਰ ਵਿੱਚ ਪੜ੍ਹ ਰਹੇ ਅਤੇ ਕੰਮ ਕਰ ਰਹੇ ਕਸ਼ਮੀਰੀਆਂ ਨਾਲ ਕੋਈ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ “ਅਪਰਾਧੀ ਬਹੁਤ ਘੱਟ ਗਿਣਤੀ ਵਿੱਚ ਹਨ, ਉਹ ਪੂਰੇ ਜੰਮੂ-ਕਸ਼ਮੀਰ ਦੀ ਨੁਮਾਇੰਦਗੀ ਨਹੀਂ ਕਰਦੇ।”
ਜੰਮੂ ਐਂਡ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇ.ਕੇ.ਐਸ.ਏ.) ਨੇ ਲਾਲ ਕਿਲ੍ਹੇ ਦੇ ਧਮਾਕੇ ਦੀ ਸਖ਼ਤ ਨਿਖੇਧੀ ਕੀਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਇਸ ਘਟਨਾ ਨੇ ਸੂਬੇ ਤੋਂ ਬਾਹਰ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਐਸੋਸੀਏਸ਼ਨ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਪੁਲਸ ਵੀ ਸਾਨੂੰ ਸ਼ੱਕੀ ਨਜ਼ਰ ਨਾਲ ਵੇਖ ਰਹੀ ਹੈ। ਕਈ ਵਿਦਿਆਰਥੀ ਇਮਤਿਹਾਨ ਛੱਡ ਕੇ ਘਰ ਭੱਜ ਗਏ ਨੇ। ਉੱਤਰਾਖੰਡ ਦੇ ਦੇਹਰਾਦੂਨ ਵਿੱਚ ਤਾਂ 1700 ਕਸ਼ਮੀਰੀ ਵਿਦਿਆਰਥੀਆਂ ਦੀ ਨਿਗਰਾਨੀ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਦੀਆਂ ਮੋਬਾਈਲ ਕਾਲਾਂ ਦੀ ਵੀ ਜਾਸੂਸੀ ਹੋ ਰਹੀ ਹੈ। ਨਵੇਂ ਸਿਰਿਓਂ ਵੈਰੀਫਿਕੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।”
ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਖ਼ੁਦ ਮਾਮਲੇ ਵਿੱਚ ਦਖਲ ਦੇਣ ਅਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ।
ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਮੰਨਣਾ ਹੈ ਕਿ ਇਸ ਵਿਤਕਰੇ ਦੀਆਂ ਕਈ ਵੱਡੀਆਂ ਵਜ੍ਹਾਵਾਂ ਹਨ। ਪਹਿਲਾਂ ਤਾਂ ਮੀਡੀਆ ਦਾ ਇੱਕ ਧਿਰ ਵਾਲਾ ਰਵੱਈਆ। ਜਦੋਂ ਵੀ ਕਸ਼ਮੀਰ ਨਾਲ ਜੁੜੀ ਕੋਈ ਘਟਨਾ ਵਾਪਰਦੀ ਹੈ, ਤਾਂ ਚੈਨਲਾਂ ’ਤੇ ਚੱਲਣ ਵਾਲੀਆਂ ਬਹਿਸਾਂ ਵਿੱਚ ਕਸ਼ਮੀਰੀਆਂ ਬਾਰੇ ਫਿਰਕੂਵਾਦ ਫੈਲਾਇਆ ਜਾਂਦਾ ਹੈ। ਇਸ ਨਾਲ ਸਧਾਰਨ ਲੋਕਾਂ ਦੇ ਮਨ ਵਿੱਚ ਡਰ ਅਤੇ ਗੁੱਸਾ ਪੈਦਾ ਹੁੰਦਾ ਹੈ, ਜੋ ਬਾਅਦ ਵਿੱਚ ਨਫ਼ਰਤ ਵਿੱਚ ਬਦਲ ਜਾਂਦਾ ਹੈ।
ਦੂਜਾ, ਸੋਸ਼ਲ ਮੀਡੀਆ ’ਤੇ ਫ਼ੈਲਣ ਵਾਲੀਆਂ ਝੂਠੀਆਂ ਖ਼ਬਰਾਂ। ਲਾਲ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਵਟਸਐਪ ਅਤੇ ਫੇਸਬੁੱਕ ’ਤੇ ਕਈ ਅਜਿਹੇ ਮੈਸੇਜ ਵਾਇਰਲ ਹੋਏ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਕਸ਼ਮੀਰੀ ਵਿਦਿਆਰਥੀ ਹੀ ਇਸ ਵਿੱਚ ਸ਼ਾਮਲ ਹਨ”। ਭਾਵੇਂ ਪੁਲਿਸ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ, ਪਰ ਫਿਰਕੂ ਲੋਕਾਂ ਨੇ ਅਫਵਾਹਾਂ ਫੈਲਾ ਦਿੱਤੀਆਂ।
ਤੀਜਾ, ਸਿਆਸੀ ਮਾਹੌਲ। ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਪ੍ਰਤੀ ਲੋਕਾਂ ਦੇ ਮਨ ਵਿੱਚ ਇੱਕ ਅਜੀਬ ਕਿਸਮ ਦਾ ਗੁੱਸਾ ਹੈ। ਕਈ ਲੋਕ ਸੋਚਦੇ ਨੇ ਕਿ ਹੁਣ ਤਾਂ ਸਭ ਕੁਝ ਠੀਕ ਹੋ ਗਿਆ, ਫਿਰ ਵੀ ਧਮਾਕੇ ਕਿਉਂ?” ਅਤੇ ਇਸ ਗੁੱਸੇ ਦਾ ਨਿਸ਼ਾਨਾ ਸਧਾਰਨ ਕਸ਼ਮੀਰੀ ਵਿਦਿਆਰਥੀ ਬਣ ਜਾਂਦੇ ਨੇ।
ਦੇਹਰਾਦੂਨ ਵਿੱਚ 1700 ਕਸ਼ਮੀਰੀ ਵਿਦਿਆਰਥੀਆਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਨਿਗਰਾਨੀ ਸਖ਼ਤ ਕਰਨ ਅਤੇ ਮੋਬਾਈਲ ਕਾਲਾਂ ਦੀ ਜਾਸੂਸੀ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਵੀ ਕਸ਼ਮੀਰੀ ਵਿਦਿਆਰਥੀਆਂ ਦੇ ਘਰਾਂ ਅਤੇ ਹੋਸਟਲਾਂ ’ਤੇ ਪੁਲਸ ਦੀਆਂ ਛਾਪੇਮਾਰੀ ਦੀਆਂ ਖ਼ਬਰਾਂ ਆ ਰਹੀਆਂ ਹਨ।
ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ, “ਅਸੀਂ ਸਿਰਫ਼ ਵੈਰੀਫਿਕੇਸ਼ਨ ਕਰ ਰਹੇ ਹਾਂ। ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ। ਪਰ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ।” ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਾਵਧਾਨੀ ਉਨ੍ਹਾਂ ਦੇ ਜੀਵਨ ਨੂੰ ਮੁਸ਼ਕਲ ਬਣਾ ਰਹੀ ਹੈ।
ਕਸ਼ਮੀਰੀ ਲੋਕ ਆਖਦੇ ਹਨ ਕਿ ਕਸ਼ਮੀਰ ਨੂੰ “ਧਰਤੀ ਦਾ ਸਵਰਗ” ਆਖਿਆ ਜਾਂਦਾ ਹੈ ਪਰ ਉੱਥੋਂ ਦੇ ਨੌਜਵਾਨਾਂ ਨੂੰ ਵਾਰ ਵਾਰ ਆਪਣੀ ਭਾਰਤ ਪ੍ਰਤੀ ਵਫ਼ਾਦਾਰੀ ਦਾ ਸਬੂਤ ਦੇਣਾ ਪੈਂਦਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਵੀ ਕਸ਼ਮੀਰੀਆਂ ਨੇ ਵਾਦੀ ਵਿੱਚ ਵਿਸ਼ਾਲ ਮਾਰਚ ਕੱਢੇ, ਦਹਿਸ਼ਤਗਰਦੀ ਵਿਰੁੱਧ ਆਵਾਜ਼ ਚੁੱਕੀ, ਪਰ ਫਿਰ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ।
ਸਮਾਜ ਸ਼ਾਸਤਰੀ ਡਾ. ਆਸ਼ਿਸ਼ ਨੰਦੀ ਦਾ ਕਹਿਣਾ ਹੈ, “ਇਹ ਇੱਕ ਖ਼ਤਰਨਾਕ ਚੱਕਰ ਹੈ। ਜਦੋਂ ਤੁਸੀਂ ਕਿਸੇ ਪੂਰੇ ਭਾਈਚਾਰੇ ਨੂੰ ਸ਼ੱਕੀ ਮੰਨ ਲੈਂਦੇ ਹੋ, ਤਾਂ ਕੁਝ ਨੌਜਵਾਨ ਸੱਚਮੁੱਚ ਹੀ ਨਿਰਾਸ਼ ਹੋ ਕੇ ਗਲਤ ਰਾਹ ਪੁੱਟ ਸਕਦੇ ਨੇ। ਇਹ ਦੇਸ਼ ਲਈ ਘਾਤਕ ਹੈ।”
ਲਾਲ ਕਿਲ੍ਹੇ ਵਾਲਾ ਧਮਾਕਾ ਭਾਵੇਂ ਛੋਟਾ ਸੀ, ਪਰ ਇਸ ਨੇ ਫਿਰ ਤੋਂ ਦੇਸ਼ ਦੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਸ ਦਾ ਖ਼ਮਿਆਜ਼ਾ ਸਧਾਰਨ ਕਸ਼ਮੀਰੀ ਨੌਜਵਾਨ ਭੁਗਤ ਰਹੇ ਨੇ, ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਘਰੋਂ ਦੂਰ ਪੜ੍ਹਨ ਆਏ ਸਨ।

Loading