ਬਰਤਾਨੀਆ ਨੇ ਇਮੀਗ੍ਰੇਸ਼ਨ ਨਿਯਮ ਅਮਰੀਕਾ ਤੋਂ ਸਖ਼ਤ ਬਣਾਏ

In ਮੁੱਖ ਖ਼ਬਰਾਂ
November 24, 2025

ਲੰਡਨ/ਏ.ਟੀ.ਨਿਊਜ਼ : ਬੀਤੇ ਦਿਨੀਂ ਬਰਤਾਨੀਆ ਦੀ ਲੇਬਰ ਪਾਰਟੀ ਦੀ ਸਰਕਾਰ ਨੇ ਇਮੀਗ੍ਰੇਸ਼ਨ (ਵਿਦੇਸ਼ੀ ਨਾਗਰਿਕਾਂ ਦੇ ਆਉਣ-ਜਾਣ) ਦੇ ਨਿਯਮਾਂ ਨੂੰ 50 ਸਾਲਾਂ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਸਖ਼ਤ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਨਵੇਂ ਸਿਸਟਮ ਨੂੰ “ਅਰਨਡ ਸੈਟਲਮੈਂਟ ਮਾਡਲ” ਕਿਹਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੁਣ ਬਰਤਾਨੀਆ ਵਿੱਚ ਹਮੇਸ਼ਾ ਲਈ ਰਹਿਣਾ, ਸਰਕਾਰੀ ਮਦਦ ਲੈਣਾ ਜਾਂ ਸ਼ਹਿਰੀ ਹੱਕ ਪ੍ਰਾਪਤ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ।
ਮੁੱਖ ਬਦਲਾਅ ਕੀ-ਕੀ ਹਨ?
ਹੁਣ 10 ਸਾਲ ਤੋਂ ਬਾਅਦ ਵੀ ਸੈਟਲਮੈਂਟ ਨਹੀਂ ਮਿਲੇਗਾ। ਪਹਿਲਾਂ ਕੋਈ ਵਿਅਕਤੀ 5 ਸਾਲ ਵੀਜ਼ੇ ’ਤੇ ਰਹਿੰਦਾ ਸੀ ਤਾਂ ਉਸ ਨੂੰ “ਇੰਡੈਫਿਨਿਟ ਲੀਵ ਟੂ ਰਿਮੇਨ” (ਹਮੇਸ਼ਾ ਰਹਿਣ ਦੀ ਇਜਾਜ਼ਤ) ਮਿਲ ਜਾਂਦੀ ਸੀ। ਹੁਣ ਇਹ ਸਮਾਂ ਦੁੱਗਣਾ ਯਾਨੀ 10 ਸਾਲ ਕਰ ਦਿੱਤਾ ਗਿਆ ਹੈ। ਯਾਨੀ 10 ਸਾਲ ਰਹਿਣ ਦੇ ਬਾਵਜੂਦ ਸੈਟਲਮੈਂਟ ਨਹੀਂ ਮਿਲੇਗਾ, ਸਗੋਂ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਸਰਕਾਰੀ ਸਹੂਲਤਾਂ ਸਿਰਫ਼ ਬਰਤਾਨਵੀ ਨਾਗਰਿਕਤਾ ਮਿਲਣ ’ਤੇ ਹੀ ਮਿਲਣਗੀਆਂ।
ਪਹਿਲਾਂ ਸੈਟਲਮੈਂਟ ਮਿਲਦਿਆਂ ਹੀ ਵਿਅਕਤੀ ਨੂੰ ਸੋਸ਼ਲ ਹਾਊਸਿੰਗ, ਬੈਨਿਫਿਟਸ, ਮੈਡੀਕਲ ਸਹੂਲਤਾਂ ਆਟੋਮੈਟਿਕ ਮਿਲ ਜਾਂਦੀਆਂ ਸਨ। ਹੁਣ ਇਹ ਸਾਰੀਆਂ ਸਹੂਲਤਾਂ ਸਿਰਫ਼ ਉਦੋਂ ਮਿਲਣਗੀਆਂ ਜਦੋਂ ਵਿਅਕਤੀ ਪੂਰੀ ਬਰਤਾਨਵੀ ਨਾਗਰਿਕਤਾ ਲੈ ਲਵੇਗਾ। ਨਾਗਰਿਕਤਾ ਲੈਣ ਲਈ “ਲਾਈਫ ਇਨ ਯੂ.ਕੇ.” ਟੈਸਟ ਪਾਸ ਕਰਨਾ ਪਏਗਾ ਤੇ ਵੱਡੀ ਫੀਸ ਵੀ ਦੇਣੀ ਪਏਗੀ।

ਹੈਲਥ ਤੇ ਕੇਅਰ ਵਰਕਰਾਂ ਲਈ ਵੀ ਸਖ਼ਤ ਨਿਯਮ
ਜਿਹੜੇ ਲੋਕ ਬਰਤਾਨੀਆ ਦੇ ਹਸਪਤਾਲਾਂ ਤੇ ਕੇਅਰ ਹੋਮਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਲਈ ਵੀ ਘੱਟੋ-ਘੱਟ 15 ਸਾਲ ਦੀ ਸ਼ਰਤ ਲਾਈ ਗਈ ਹੈ।

ਗਲਤ ਵੀਜ਼ਾ ਜਾਂ ਓਵਰ ਸਟੇ ਕਰਨ ਵਾਲਿਆਂ ’ਤੇ 30 ਸਾਲ ਦੀ ਪਾਬੰਦੀ
ਜੇਕਰ ਕੋਈ ਵਿਅਕਤੀ ਗੈਰ-ਕਾਨੂੰਨੀ ਤਰੀਕੇ ਨਾਲ ਰਿਹਾ ਜਾਂ ਵੀਜ਼ਾ ਖਤਮ ਹੋਣ ਦੇ ਬਾਵਜੂਦ ਰੁਕ ਗਿਆ ਤਾਂ ਉਸ ਨੂੰ ਸੈਟਲਮੈਂਟ ਲਈ 30 ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ। ਯਾਨੀ ਉਸ ਦੀ ਹਮੇਸ਼ਾ ਰਹਿਣ ਦੀ ਉਮੀਦ ਲਗਭਗ ਖ਼ਤਮ ਹੋ ਜਾਵੇਗੀ।

ਕਿਸ-ਕਿਸ ’ਤੇ ਪਵੇਗਾ ਅਸਰ?
ਸਰਕਾਰ ਮੁਤਾਬਕ ਇਹ ਨਿਯਮ 2021 ਤੋਂ ਬਾਅਦ ਬਰਤਾਨੀਆ ਆਏ ਲਗਭਗ 16 ਲੱਖ (1.6 ਮਿਲੀਅਨ) ਵਿਦੇਸ਼ੀ ਨਾਗਰਿਕਾਂ ’ਤੇ ਲਾਗੂ ਹੋਣਗੇ। ਭਾਰਤ ਬਰਤਾਨੀਆ ਵਿੱਚ ਸਭ ਤੋਂ ਵੱਡਾ ਮਾਈਗ੍ਰੇਸ਼ਨ ਸਰੋਤ ਹੈ, ਇਸ ਲਈ ਸਭ ਤੋਂ ਜ਼ਿਆਦਾ ਅਸਰ ਭਾਰਤੀ ਵਿਦਿਆਰਥੀਆਂ, ਸਕਿੱਲਡ ਵਰਕਰਾਂ ਤੇ ਹੈਲਥ ਵਰਕਰਾਂ ’ਤੇ ਪਵੇਗਾ। ਜਿਨ੍ਹਾਂ ਨੂੰ ਪਹਿਲਾਂ ਹੀ ਸੈਟਲਮੈਂਟ ਮਿਲ ਚੁੱਕੀ ਹੈ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।

ਸਰਕਾਰ ਕਿਉਂ ਇਹ ਸਖ਼ਤ ਕਦਮ ਚੁੱਕ ਰਹੀ ਹੈ?
ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ, “ਇਸ ਦੇਸ਼ ਵਿੱਚ ਹਮੇਸ਼ਾ ਰਹਿਣਾ ਕੋਈ ਹੱਕ ਨਹੀਂ, ਬਲਕਿ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸ ਨੂੰ ਕਮਾਉਣਾ ਪੈਂਦਾ ਹੈ। ਅਸੀਂ ਟੁੱਟੇ ਹੋਏ ਸਿਸਟਮ ਨੂੰ ਬਦਲ ਕੇ ਨਵਾਂ ਸਿਸਟਮ ਲਿਆ ਰਹੇ ਹਾਂ ਜੋ ਬਰਤਾਨਵੀ ਵਿਕਾਸ ਤੇ ਨਿਆਂ ਦੀ ਭਾਵਨਾ ਲਈ ਯੋਗ ਦੇਵੇਗਾ।”
ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਜ਼ਿਆਦਾ ਲੋਕ ਆਏ ਹਨ, ਜਿਸ ਕਾਰਨ ਸਿਹਤ ਸੇਵਾਵਾਂ, ਘਰ ਤੇ ਸਕੂਲਾਂ ’ਤੇ ਦਬਾਅ ਵਧਿਆ ਹੈ। ਇਸ ਲਈ ਹੁਣ “ਕੰਟਰੋਲਡ ਤੇ ਸਿਲੈਕਟਿਵ” ਸਿਸਟਮ ਬਣਾਇਆ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਬਰਤਾਨੀਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਲੇ ਸਖ਼ਤ ਇਮੀਗ੍ਰੇਸ਼ਨ ਮਾਡਲ ਵੱਲ ਵਧ ਰਿਹਾ ਹੈ।

ਭਾਰਤੀਆਂ ਨੂੰ ਕੀ ਸਲਾਹ ਹੈ?
ਜੇਕਰ ਤੁਸੀਂ 2021 ਤੋਂ ਬਾਅਦ ਬਰਤਾਨੀਆ ਆਏ ਹੋ ਤਾਂ ਆਪਣੇ ਵੀਜ਼ਾ ਦੀ ਮਿਆਦ, ਅੰਗਰੇਜ਼ੀ ਭਾਸ਼ਾ ਤੇ “ਲਾਈਫ ਇਨ ਯੂ.ਕੇ.” ਟੈਸਟ ਦੀ ਤਿਆਰੀ ਹੁਣੇ ਸ਼ੁਰੂ ਕਰ ਦਿਓ।
ਜਲਦੀ ਤੋਂ ਜਲਦੀ ਪੱਕਾ ਯੋਗਦਾਨ ਦਿਖਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਹੁਣ ਸਿਰਫ਼ ਕੰਮ ਕਰਨ ਨਾਲ ਨਹੀਂ, ਪੂਰਾ “ਇੰਟੈਗ੍ਰੇਸ਼ਨ” (ਦੇਸ਼ ਨਾਲ ਜੁੜਨਾ) ਦਿਖਾਉਣਾ ਪਵੇਗਾ।
ਜਿਨ੍ਹਾਂ ਦਾ ਸੈਟਲਮੈਂਟ 2025-26 ਵਿੱਚ ਆਉਣ ਵਾਲਾ ਹੈ, ਉਹ ਜਲਦੀ ਅਪਲਾਈ ਕਰ ਲੈਣ ਕਿਉਂਕਿ ਪੁਰਾਣੇ ਨਿਯਮਾਂ ਤਹਿਤ ਹੀ ਫੈਸਲਾ ਹੋਵੇਗਾ।
ਬਰਤਾਨੀਆ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਯੂਰੋਪ ਵਿੱਚ ਸਭ ਤੋਂ ਸਖ਼ਤ ਹੋ ਜਾਵੇਗਾ। ਪਰ ਬਹੁਤ ਸਾਰੇ ਭਾਰਤੀ ਤੇ ਦੂਜੇ ਵਿਦੇਸ਼ੀ ਨਾਗਰਿਕਾਂ ਲਈ “ਬਰਤਾਨੀਆ ਵਿੱਚ ਘਰ ਬਣਾਉਣ” ਦਾ ਸੁਪਨਾ ਹੁਣ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ।

Loading