ਵੱਡੀ ਗਿਣਤੀ ਪੰਜਾਬੀਆਂ ਵੱਲੋਂ ਕੀਤੇ ਗਏ ਦੂਜੇ ਮੁਲਕਾਂ ਨੂੰ ਪ੍ਰਵਾਸ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਪ੍ਰਵਾਸੀ ਪੰਜਾਬੀ ਹਰ ਸਾਲ ਹੀ ਕਰੋੜਾਂ-ਅਰਬਾਂ ਰੁਪਏ ਦੇ ਰੂਪ ਵਿੱਚ ਬੇਗਾਨੇ ਮੁਲਕਾਂ ਵਿਚੋਂ ਪੰਜਾਬ ਵਿੱਚ ਡਾਲਰ ਅਤੇ ਪੌਂਡ ਭੇਜਦੇ ਹਨ, ਜਿਸ ਕਾਰਨ ਇਧਰ ਰਹਿੰਦੇ ਉਹਨਾਂ ਦੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਦੀ ਰੋਜ਼ੀ ਰੋਟੀ ਚਲਣ ਦੇ ਨਾਲ ਹੀ ਉਹਨਾਂ ਨੂੰ ਅਨੇਕਾਂ ਹੀ ਵਡਮੁੱਲੀਆਂ ਸਹੂਲਤਾਂ ਵੀ ਮਿਲ ਰਹੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਦੇ ਹਰ ਦੂਜੇ ਘਰ ਵਿੱਚ ਰਹਿੰਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜਾਂ ਫਿਰ ਰਿਸ਼ਤੇਦਾਰ ਪ੍ਰਵਾਸ ਕਰਕੇ ਵਿਦੇਸ਼ ਗਿਆ ਹੋਇਆ ਹੈ, ਜੋ ਕਿ ਵਿਦੇਸ਼ ਵਿੱਚ ਸਖ਼ਤ ਮਿਹਨਤ ਕਰਦਾ ਹੋਇਆ ਵੀ ਇਹਨਾਂ ਦਾ ਪੂਰਾ ਧਿਆਨ ਰੱਖਦਾ ਹੈ। ਇਸ ਪਰਵਾਸੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੱਲੋਂ ਭੇਜੇ ਜਾਂਦੇ ਡਾਲਰਾਂ ਤੇ ਪੌਂਡਾਂ ਦੀ ਚਮਕ ਇਹਨਾਂ ਪੰਜਾਬੀਆਂ ਦੇ ਨਾਲ- ਨਾਲ ਹੋਰਨਾਂ ਲੋਕਾਂ ਦੀਆਂ ਵੀ ਅੱਖਾਂ ਚੁੰਧਿਆਈ ਰੱਖਦੀ ਹੈ ਅਤੇ ਇਹ ਪ੍ਰਵਾਸੀ ਪੰਜਾਬੀਆਂ ਵੱਲੋਂ ਭੇਜੇ ਜਾਂਦੇ ਪੈਸੇ ਦੇ ਸਿਰ ਉੱਪਰ ਸੁੱਖਾਂ ਭਰੀ ਜਿੰਦਗੀ ਬਤੀਤ ਕਰ ਰਹੇ ਹਨ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ ਵਸੇ ਵਿਦੇਸ਼ੀ ਭਾਰਤੀਆਂ ਨੇ ਵਿੱਤੀ ਸਾਲ 2025 ਵਿੱਚ 135.46 ਬਿਲੀਅਨ ਡਾਲਰ ਆਪਣੇ ਘਰਾਂ ਨੂੰ ਭਾਵ ਭਾਰਤ ਵਿੱਚ ਭੇਜੇ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਆਰ.ਬੀ.ਆਈ. ਅਨੁਸਾਰ ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 14% ਦਾ ਵਾਧਾ ਦਰਜ ਕੀਤਾ ਗਿਆ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਪ੍ਰਵਾਸੀਆਂ ਤੋਂ ਪੈਸੇ ਲੈਣ ਵਿੱਚ ਸਭ ਤੋਂ ਅੱਗੇ ਰਿਹਾ ਹੈ। 2016-17 ਵਿੱਚ ਜਿੱਥੇ ਇਹ 61 ਬਿਲੀਅਨ ਡਾਲਰ ਸੀ। ਹੁਣ ਇਹ ਪਿਛਲੇ 8 ਸਾਲਾਂ ਵਿੱਚ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ। ਆਰ.ਬੀ.ਆਈ. ਮੁਤਾਬਕ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਵਰਗੇ ਵਿਕਸਿਤ ਦੇਸ਼ਾਂ ਤੋਂ ਭਾਰਤ ਭੇਜੇ ਜਾਣ ਵਾਲੇ ਪੈਸੇ ਦਾ ਹਿੱਸਾ ਸਭ ਤੋਂ ਜ਼ਿਆਦਾ ਹੈ। ਵਿਦੇਸ਼ਾਂ ਤੋਂ ਪ੍ਰਵਾਸੀਆਂ ਭਾਰਤੀਆਂ ਵੱਲੋਂ ਭਾਰਤ ਭੇਜੇ ਗਏ ਕੁੱਲ ਪੈਸੇ ਦਾ ਲਗਭਗ 45% ਇਨ੍ਹਾਂ ਤਿੰਨ ਦੇਸ਼ਾਂ ਤੋਂ ਆਇਆ ਹੈ। ਵਿਦੇਸ਼ੀ ਭਾਰਤੀਆਂ ਵੱਲੋਂ ਵਿੱਤੀ ਸਾਲ 2025 ਦੌਰਾਨ ਹੁਣ ਤੱਕ ਭਾਰਤ ਵਿੱਚ ਭੇਜੇ ਗਏ ਪੈਸੇ ਵਿੱਚ ਵੱਖ ਵੱਖ ਮੁਲਕਾਂ ’ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਭੇਜਿਆ ਗਿਆ ਪੈਸਾ ਵੀ ਸ਼ਾਮਲ ਹੈ।
ਪੰਜਾਬ ਵਿੱਚ ਅੱਤਵਾਦ ਦੇ ਦੌਰ 1980-81 ਤੋਂ 1992 ਦੌਰਾਨ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਸਪਸ਼ਟ ਕਿਹਾ ਗਿਆ ਸੀ ਪੰਜਾਬ ਨੇ ਇਹਨਾਂ ਸਾਲਾਂ ਦੌਰਾਨ ਸੰਤਾਪ ਹੰਢਾਇਆ ਪਰ ਪੰਜਾਬ ਦੀ ਅਰਥ ਵਿਵਸਥਾ ਨੂੰ ਢਾਹ ਨਹੀਂ ਲੱਗ ਸਕੀ ਕਿਉਂਕਿ ਪ੍ਰਵਾਸੀ ਪੰਜਾਬੀਆਂ ਦਾ ਜੋ ਪੈਸਾ ਪੰਜਾਬ ਵਿੱਚ ਆਉਂਦਾ ਰਿਹਾ ਉਸਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਬਦਹਾਲ ਹੋਣ ਤੋਂ ਬਚਾ ਲਿਆ। ਇੱਕ ਪੱਖ ਇਹ ਵੀ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪੰਜਾਬ ਵਿੱਚ ਆਲੀਸ਼ਾਨ ਘਰ ਬਣਾਉਂਦੇ ਰਹੇ, ਪੰਜਾਬ ਦਾ ਦੁਆਬਾ ਖੇਤਰ ਐਨ.ਆਰ.ਆਈਜ਼ ਵੱਲੋਂ ਬਣਾਈਆਂ ਕੋਠੀਆਂ ਦੀ ਮੂੰਹੋਂ ਬੋਲਦੀ ਤਸਵੀਰ ਹੈ। ਜਿਸਦਾ ਮਤਲਬ ਹੈ ਕਿ ਵਿਦੇਸ਼ੀ ਪੈਸਾ ਪੰਜਾਬ ਵਿੱਚ ਆਉਂਦਾ ਰਿਹਾ। ਰੇਤਾ, ਬੱਜਰੀ ਅਤੇ ਹੋਰ ਬਿਲਡਿੰਗ ਮੈਟੀਰੀਅਲ ਪੰਜਾਬ ਵਿਚੋਂ ਖਰੀਦਿਆ ਗਿਆ। ਇਥੋਂ ਤੱਕ ਕਿ ਜਦੋਂ ਪੰਜਾਬ ਵਿੱਚ ਅਰਬਨ ਡਿਵੈਲਪਮੈਂਟ ਸ਼ੁਰੂ ਹੋਈ ਤਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪਲਾਟ, ਕੋਠੀਆ, ਫਲੈਟ ਵੀ ਵੱਡੀ ਗਿਣਤੀ ਵਿੱਚ ਖਰੀਦੇ ਗਏ ਨਾਲ ਹੀ ਉਹਨਾਂ ਵੱਲੋਂ ਜ਼ਮੀਨਾਂ ਵੀ ਖਰੀਦੀਆਂ ਗਈਆਂ। ਇਹ ਸਾਰਾ ਪੈਸਾ ਪੰਜਾਬ ਵਿੱਚ ਆਇਆ ਅਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਦਾ ਰਿਹਾ। ਪ੍ਰਵਾਸੀ ਪੰਜਾਬੀਆਂ ਵੱਲੋਂ ਪਿਛਲੇ ਸਮੇਂ ’ਚ ਪ੍ਰਾਪਰਟੀ ਲਈ ਬਹੁਤ ਇਨਵੈਸਟਮੈਂਟ ਕੀਤੀ ਗਈ। ਇਸਦੇ ਨਾਲ ਹੀ ਪਿੰਡਾਂ ਸ਼ਹਿਰਾਂ ਵਿਚ ਸਕੂਲ, ਹਸਪਤਾਲ ਅਤੇ ਵਿਕਾਸ ਕਾਰਜਾਂ ਲਈ ਯੋਗਦਾਨ ਦਿੱਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਬਹੁਗਿਣਤੀ ਪੰਜਾਬੀ ਖਾਸ ਤੌਰ ’ਤੇ ਪੰਜਾਬ ਵਿੱਚ ਆ ਕੇ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਨ। ਇਸਦਾ ਸਿੱਧਾ ਮਤਲਬ ਕਿ ਡਾਲਰਾਂ ਅਤੇ ਪੌਂਡਾ ਦਾ ਖਰਚਾ ਰੁਪਈਆ ਵਿੱਚ ਹੋ ਰਿਹਾ ਹੈ। ਕੱਪੜੇ, ਗਹਿਣੇ, ਕੇਟਰਿੰਗ, ਲੈਣ ਦੇਣ ਇਹ ਸਭ ਕੁਝ ਪੰਜਾਬ ਦੇ ਖਾਤੇ ਵਿੱਚ ਹੀ ਜਾ ਰਹੇ ਹਨ। ਪ੍ਰਵਾਸੀ ਪੰਜਾਬੀਆਂ ਵੱਲੋਂ ਵਿਆਹਾਂ ਦੌਰਾਨ ਸਭ ਤੋਂ ਜ਼ਿਆਦਾ ਖ਼ਰਦ ਕੀਤਾ ਜਾਂਦਾ ਹੈ।ਜਿਸ ਦਾ ਸਿੱਧਾ ਲਾਭ ਪੰਜਾਬ ਦੀ ਆਰਥਿਕਤਾ ਨੂੰ ਹੋ ਰਿਹਾ ਹੈ।
ਵੱਡੀ ਗਿਣਤੀ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਰਦੇ ਸਮੇਂ ਆਪਣੀਆਂ ਅੱਖਾਂ ਅੱਗੇ ਉਸ ਛੋਟੀ ਭੈਣ ਦਾ ਮਾਸੂਮ ਚਿਹਰਾ ਵੀ ਆਉਂਦਾ ਰਹਿੰਦਾ ਹੈ, ਜਿਹੜੀ ਨਿੱਕੀ ਭੈਣ ਨੂੰ ਉਹ ਛੋਟੀ ਜਿਹੀ ਨੂੰ ਹੀ ਪਿੰਡ ਛੱਡ ਕੇ ਅੱਧ ਮਿਚੀਆਂ ਅੱਖਾਂ ਵਿੱਚ ਕਈ ਤਰ੍ਹਾਂ ਦੇ ਸੁਪਨੇ ਲੈਂਦਿਆਂ ਦਿੱਲੀ ਦੇ ਹਵਾਈ ਅੱਡੇ ਤੋਂ ਵਿਦੇਸ਼ ਲਈ ਜਹਾਜ਼ ਚੜ੍ਹੇ ਸਨ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀਆਂ ਨਿੱਕੀਆਂ ਭੈਣਾਂ ਹੁਣ ਜਵਾਨ ਹੋ ਚੁੱਕੀਆਂ ਹਨ ਅਤੇ ਉਹਨਾਂ ਦੇ ਵਿਆਹਾਂ ਦਾ ਫਿਕਰ ਉਹਨਾਂ ਦੇ ਬੇਬੇ ਬਾਪੂ ਨੂੰ ਵੱਢ ਵੱਢ ਖਾਂਦਾ ਹੈ ਅਤੇ ਸਭ ਦੀ ਟੇਕ ਪ੍ਰਵਾਸ ਦਾ ਦਰਦ ਹੰਢਾ ਰਹੇ ਪੰਜਾਬੀ ਪ੍ਰਵਾਸੀ ਪੁੱਤਰਾਂ ਉੱਪਰ ਹੀ ਹੁੰਦੀ ਹੈ। ਇਸ ਤਰ੍ਹਾਂ ਆਪਣੇ ਪਰਿਵਾਰ ਦੇ ਲਈ ਇਹ ਪਰਵਾਸੀ ਪੰਜਾਬੀ ਨੌਜਵਾਨ ਆਪਣੀ ਜਿੰਦਗੀ ਕੁਰਬਾਨ ਕਰ ਦਿੰਦੇ ਹਨ । ਖੁਦ ਭੁੱਖੇ ਰਹਿ ਕੇ ਆਪਣੇ ਪੰਜਾਬ ਰਹਿੰਦੇ ਪਰਿਵਾਰ ਨੂੰ ਹਰ ਮਹੀਨੇ ਹੀ ਮੋਟੀ ਰਕਮ ਭੇਜਦੇ ਹਨ ਤਾਂ ਕਿ ਭੈਣਾਂ ਦੇ ਵਿਆਹ ਲਈ ਦਾਜ ਦਾ ਪ੍ਰਬੰਧ ਹੋ ਸਕੇ ਅਤੇ ਬਾਪੂ ਸਿਰ ਚੜ੍ਹੇ ਕਰਜ਼ੇ ਦੀ ਪੰਡ ਕੁਝ ਹੋਲੀ ਹੋ ਸਕੇ।
ਜਿਹੜੇ ਪ੍ਰਵਾਸੀ ਪੰਜਾਬੀ ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਅਤੇ ਖੇਡ ਮੇਲਿਆਂ ਲਈ ਲੱਖਾਂ ਡਾਲਰ ਭੇਜ ਸਕਦੇ ਹਨ ਤਾਂ ਉਹ ਪ੍ਰਵਾਸੀ ਪੰਜਾਬੀ ਆਪਣੇ ਪਿੰਡ ਦੇ ਜੇ ਇੱਕ ਇੱਕ ਗਰੀਬ ਪਰਿਵਾਰ ਦੀ ਵੀ ਸਹਾਇਤਾ ਕਰ ਦੇਣ ਤਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਗਰੀਬ ਵਿਅਕਤੀ ਖ਼ੁਦਕੁਸ਼ੀ ਕਰਨ ਬਾਰੇ ਨਹੀਂ ਸੋਚੇਗਾ। ਕਰਜ਼ੇ ਦੇ ਝੰਬੇ ਅਤੇ ਜਵਾਨ ਧੀ ਦੀ ਡੋਲੀ ਨਾ ਤੋਰ ਸਕਣ ਦਾ ਗਮ ਦਿਲ ਨੂੰ ਲਾਈ ਬੈਠੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਰੋਕਣ ਲਈ ਪਰਵਾਸੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
![]()
