ਐਲ. ਐਸ. ਹਰਦੇਨੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਮੇਤ ਪੂਰਾ ਸੰਘ ਪਰਿਵਾਰ ਕਸ਼ਮੀਰ ਦੀ ਸਮੱਸਿਆ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਰਾਇ ਪ੍ਰਗਟ ਕੀਤੀ ਸੀ, ਹਾਲਾਂਕਿ ਕਸ਼ਮੀਰ ਸਮੱਸਿਆ ਦੇ ਇਤਿਹਾਸ ਦਾ ਨੇੜਿਓਂ ਅਧਿਐਨ ਕਰਨ ’ਤੇ ਪਤਾ ਲਗਦਾ ਹੈ ਕਿ ਇਸ ਮੁੱਦੇ ਨੂੰ ਗੁੰਝਲਦਾਰ ਬਣਾਉਣ ਵਿੱਚ ਬਰਤਾਨੀਆ ਤੇ ਅਮਰੀਕੀ ਸਾਜਿਸ਼ਾਂ ਦੀ ਮਹੱਤਵਪੂਰਨ ਭੂਮਿਕਾ ਸੀ। ਅਮਰੀਕਾ ਤੇ ਬਰਤਾਨੀਆ, ਖ਼ਾਸ ਕਰਕੇ ਬਰਤਾਨੀਆ ਚਾਹੁੰਦਾ ਸੀ ਕਿ ਜੰਮੂ-ਕਸ਼ਮੀਰ ਦਾ ਪਾਕਿਸਤਾਨ ਨਾਲ ਰਲੇਂਵਾ ਹੋ ਜਾਵੇ। ਭਾਰਤ ਦੀ ਵੰਡ ਤੋਂ ਪਹਿਲਾਂ ਬਰਤਾਨੀਆ ਦੇ ਆਖਰੀ ਵਾਇਸਰਾਏ ਅਤੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਸ਼ਮੀਰ ਪਾਕਿਸਤਾਨ ਵਿੱਚ ਸ਼ਾਮਿਲ ਹੋ ਜਾਵੇ।
ਇਸ ਦੌਰਾਨ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਕਸ਼ਮੀਰ ਨੂੰ ਇੱਕ ਸੁਤੰਤਰ ਦੇਸ਼ ਬਣਾ ਕੇ ਇਸ ਨੂੰ ਏਸ਼ੀਆ ਦਾ ਸਵਿਟਜ਼ਰਲੈਂਡ ਬਣਾਉਣਾ ਚਾਹੁੰਦੇ ਹਨ। ਇਸ ਗੱਲ ਦਾ ਪਤਾ ਲੱਗਣ ਬਾਅਦ ਪਾਕਿਸਤਾਨ ਨੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ। ਇਹ ਹਮਲਾ ਪਾਕਿਸਤਾਨੀ ਹਾਕਮਾਂ ਤੇ ਫ਼ੌਜ ਦੀ ਸ਼ਹਿ ’ਤੇ ਕਬੀਲਾਈ ਪਠਾਣਾਂ ਦੁਆਰਾ ਕੀਤਾ ਗਿਆ ਸੀ। ਇਸ ਹਮਲੇ ਦੀ ਨਿੰਦਾ ਕਰਦਿਆਂ ਕਸ਼ਮੀਰ ਦੇ ਸਰਬ-ਪ੍ਰਵਾਨਿਤ ਨੇਤਾ ਸ਼ੇਖ ਅਬਦੁੱਲਾ ਨੇ ਕਿਹਾ ਕਿ ਹਮਲਾਵਰ ਪੂਰੀ ਤਰ੍ਹਾਂ ਹਥਿਆਰਬੰਦ ਸਨ। ਇਨ੍ਹਾਂ ਹਮਲਾਵਰਾਂ ਨੇ ਭਿਆਨਕ ਤਬਾਹੀ ਮਚਾਉਂਦਿਆਂ ਲੋਕਾਂ ਨੂੰ ਲੁੱਟਿਆ, ਔਰਤਾਂ ਨਾਲ ਬਦਸਲੂਕੀ ਕੀਤੀ, ਬੱਚਿਆਂ ਨੂੰ ਮਾਰਿਆ ਤੇ ਕੁਰਾਨ ਦਾ ਅਪਮਾਨ ਵੀ ਕੀਤਾ। ਇਹ ਉਹ ਅਪਰਾਧੀ ਸਨ, ਜਿਨ੍ਹਾਂ ਨੂੰ ਕੁਝ ਲੋਕ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਦੱਸਦੇ ਹਨ। ਬਰਤਾਨੀਆ ਦੇ ਅਸਿੱਧੇ ਸਮਰਥਨ ਨਾਲ ਪਠਾਣਾਂ ਦੁਆਰਾ ਕੀਤੇ ਗਏ ਇਸ ਹਮਲੇ ਦੇ ਬਾਵਜੂਦ ਜਦੋਂ ਕਸ਼ਮੀਰ ਨੂੰ ਪਾਕਿਸਤਾਨ ਵਿੱਚ ਮਿਲਾਇਆ ਨਾ ਜਾ ਸਕਿਆ ਤਾਂ ਜਨਮਤ ਸੰਗ੍ਰਹਿ ਦੀ ਗੱਲ ਹੋਣ ਲੱਗੀ। ਪਰ ਮਾਊਂਟਬੈਟਨ ਨੂੰ ਲੱਗਾ ਕਿ ਜੇਕਰ ਉਸ ਕਸ਼ਮੀਰ ਵਿੱਚ ਜਨਮਤ ਸੰਗ੍ਰਹਿ ਕਰਵਾਇਆ ਜਾਂਦਾ ਹੈ, ਜਿਸ ਦਾ ਪਹਿਲਾਂ ਹੀ ਭਾਰਤ ਵਿੱਚ ਰਲੇਵਾਂ ਹੋ ਚੁੱਕਾ ਹੈ ਤਾਂ ਇਸ ਦਾ ਨਤੀਜਾ ਭਾਰਤ ਦੇ ਹੱਕ ਵਿੱਚ ਹੀ ਹੋਵੇਗਾ। ਇਸ ’ਤੇ ਮਾਊਂਟਬੈਟਨ ਲਾਹੌਰ ਗਏ ਤਾਂ ਉੱਥੇ ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਨਾਲ ਮੁਲਾਕਾਤ ਕੀਤੀ। ਜਿਨਾਹ ਨੇ ਸੁਝਾਅ ਦਿੱਤਾ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੂੰ ਕਸ਼ਮੀਰ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ਇਸ ’ਤੇ ਮਾਊਂਟਬੈਟਨ ਨੇ ਪੁੱਛਿਆ ਕਿ ਹਮਲਾਵਰ ਪਠਾਣਾਂ ਨੂੰ ਕਿਵੇਂ ਹਟਾਇਆ ਜਾਵੇਗਾ ਤਾਂ ਜਿਨਾਹ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਹਟਾਉਂਦੇ ਹੋ ਤਾਂ ਸਮਝ ਲਓ ਕਿ ਅੱਗੇ ਕੋਈ ਵੀ ਗੱਲਬਾਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਜਿਨਾਹ ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਕਸ਼ਮੀਰ ਗਏ ਸਨ ਤਾਂ ਉਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਕਿ ਕਸ਼ਮੀਰ ਦੇ ਮੁਸਲਮਾਨ ਉਸ ਦਾ ਸਮਰਥਨ ਕਰਨ ਪਰ ਕਸ਼ਮੀਰ ਦੇ ਮੁਸਲਮਾਨਾਂ ਨੇ ਉਸ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਨਾਲ ਹਨ ਤੇ ਦੋ-ਰਾਸ਼ਟਰੀ ਸਿਧਾਂਤ ਦੇ ਵੀ ਵਿਰੁੱਧ ਹਨ। ਇਸ ਦੌਰਾਨ ਮਾਊਂਟਬੈਟਨ ਨੇ ਸੁਝਾਅ ਦਿੱਤਾ ਕਿ ਕਸ਼ਮੀਰ ਦਾ ਪੂਰਾ ਮੁੱਦਾ ਸੰਯੁਕਤ ਰਾਸ਼ਟਰ ਨੂੰ ਸੌਂਪ ਦਿੱਤਾ ਜਾਵੇ। 1 ਜਨਵਰੀ, 1948 ਨੂੰ ਇਹ ਮਾਮਲਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਸੌਂਪ ਦਿੱਤਾ ਗਿਆ। ਜਿਵੇਂ ਹੀ ਇਹ ਮਾਮਲਾ ਸੁਰੱਖਿਆ ਪ੍ਰੀਸ਼ਦ ਕੋਲ ਗਿਆ ਤਾਂ ਬਰਤਾਨੀਆ ਨੇ ਭਾਰਤ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਰਤਾਨੀਆ ਤੇ ਅਮਰੀਕਾ ਨੇ ਕਬਾਈਲੀਆਂ ਦੇ ਹਮਲਿਆਂ ਵਿਰੁੱਧ ਹਮਲੇ ਭਾਰਤ ਦੀ ਸ਼ਿਕਾਇਤ ਨੂੰ ਭਾਰਤ-ਪਾਕਿਸਤਾਨ ਵਿਚਕਾਰ ਵਿਵਾਦ ਦਾ ਰੂਪ ਦੇ ਦਿੱਤਾ। ਬਰਤਾਨੀਆ ਨੇ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ’ਚ ਭਾਰਤ ਦੀ ਸਖ਼ਤ ਨਿੰਦਾ ਕਰਦਿਆਂ ਉਸ (ਭਾਰਤ) ’ਤੇ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਦਬਾਅ ਬਣਾਇਆ। ਇਹ ਸਭ ਉਸ ਸਮੇਂ ਕੀਤਾ ਗਿਆ, ਜਦੋਂ ਭਾਰਤੀ ਫ਼ੌਜ ਹਮਲਾਵਰਾਂ ਨੂੰ ਪੂਰੀ ਤਰ੍ਹਾਂ ਭਜਾਉਣ ਦੀ ਸਥਿਤੀ ਵਿੱਚ ਸੀ ਪਰ ਬਰਤਾਨੀਆ ਤੇ ਅਮਰੀਕਾ ਜਾਣਦੇ ਸਨ ਕਿ ਜੇਕਰ ਭਾਰਤ ਨੇ ਹਮਲਾਵਰਾਂ ਨੂੰ ਪੂਰੀ ਤਰ੍ਹਾਂ ਖਦੇੜ ਦਿੱਤਾ ਤਾਂ ਕਸ਼ਮੀਰ ਦੀ ਸਮੱਸਿਆ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਇਸ ਲਈ ਉਨ੍ਹਾਂ ਨੇ ਦਬਾਅ ਪਾ ਕੇ ਜਬਰੀ ਜੰਗਬੰਦੀ ਕਰਵਾ ਦਿੱਤੀ। ਇਸ ਜੰਗਬੰਦੀ ਦਾ ਨਤੀਜਾ ਇਹ ਨਿਕਲਿਆ ਕਿ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਕਬਜ਼ੇ ’ਚ ਚਲਾ ਗਿਆ।
ਇਸ ਦੌਰਾਨ ਜਨਮਤ ਸੰਗ੍ਰਹਿ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਗਿਆ ਪਰ ਇਸ ਦੇ ਨਾਲ ਇੱਕ ਸ਼ਰਤ ਇਹ ਲਗਾਈ ਗਈ ਕਿ ਪਾਕਿਸਤਾਨੀ ਕਸ਼ਮੀਰ ਤੋਂ ਆਪਣੀ ਫ਼ੌਜ ਵਾਪਸ ਬੁਲਾਉਣ ਦੇ ਨਾਲ ਹੀ ਉਨ੍ਹਾਂ ਕਬਾਈਲੀ ਨਾਗਰਿਕਾਂ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕਰੇਗਾ, ਜੋ ਪਾਕਿਸਤਾਨ ਵੱਲੋਂ ਲੜ ਰਹੇ ਸਨ। ਪਾਕਿਸਤਾਨ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਲਿਆ ਪਰ ਬਰਤਾਨੀਆ ਤੇ ਅਮਰੀਕਾ ਨੇ ਪਾਕਿਸਤਾਨ ’ਤੇ ਇਸ ਸ਼ਰਤ ਨੂੰ ਲਾਗੂ ਕਰਨ ਲਈ ਦਬਾਅ ਨਹੀਂ ਪਾਇਆ। ਇਸ ਦੀ ਵੱਡੀ ਵਜ੍ਹਾ ਇਹ ਸੀ ਕਿ ਦੋਵੇਂ ਦੇਸ਼ ਜਾਣਦੇ ਸਨ ਕਿ ਜੇਕਰ ਪਾਕਿਸਤਾਨ ਨੇ ਕਸ਼ਮੀਰ ਤੋਂ ਆਪਣੀ ਫ਼ੌਜ ਵਾਪਸ ਬੁਲਾ ਲਈ ਤਾਂ ਉੱਥੇ ਹੋਣ ਵਾਲੇ ਜਨਮਤ ਸੰਗ੍ਰਹਿ ਦੇ ਨਤੀਜੇ ਭਾਰਤ ਦੇ ਹੱਕ ਵਿੱਚ ਜਾਣਗੇ। ਜਦੋਂ ਇਹ ਸਪੱਸ਼ਟ ਹੋ ਗਿਆ ਕਿ ਜਨਮਤ ਸੰਗ੍ਰਹਿ ਹੋਣ ਨਾਲ ਬਰਤਾਨੀਆ ਅਤੇ ਅਮਰੀਕਾ ਅਸਿੱਧੇ ਤੌਰ ’ਤੇ ਕਸ਼ਮੀਰ ’ਤੇ ਆਪਣਾ ਪ੍ਰਭਾਵ ਬਣਾ ਕੇ ਨਹੀਂ ਰੱਖ ਸਕਣਗੇ ਤਾਂ ਉਨ੍ਹਾਂ ਨੇ ਇੱਕ ਨਵੀਂ ਚਾਲ ਚੱਲੀ। ਉਨ੍ਹਾਂ ਸੁਝਾਅ ਦਿੱਤਾ ਕਿ ਕਸ਼ਮੀਰ ਮੁੱਦੇ ਦਾ ਹੱਲ ਵਿਚੋਲਗੀ ਰਾਹੀਂ ਕੱਢਿਆ ਜਾਵੇ। ਇਸ ਸੰਬੰਧ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਤੇ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਇਕ ਰਸਮੀ ਪ੍ਰਸਤਾਵ ਭੇਜਿਆ। ਇਨ੍ਹਾਂ ਦੋਵੇਂ ਦੇਸ਼ਾਂ ਨੇ ਨਹਿਰੂ ’ਤੇ ਏਨਾ ਦਬਾਅ ਪਾਇਆ ਕਿ ਉਨ੍ਹਾਂ ਨੂੰ ਜਨਤਕ ਤੌਰ ’ਤੇ ਆਪਣੀ ਅਸਹਿਮਤੀ ਪ੍ਰਗਟ ਕਰਨੀ ਪਈ। ਨਹਿਰੂ ਨੇ ਦੋਸ਼ ਲਗਾਇਆ ਕਿ ਦੋਵੇਂ ਦੇਸ਼ ਸਮੱਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੇ, ਸਗੋਂ ਆਪਣੇ ਕੁਝ ਲੁਕਵੇਂ ਇਰਾਦਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਇਸ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਬਰਤਾਨੀਆ ਤੇ ਅਮਰੀਕਾ ਵਿਚੋਲਗੀ ਰਾਹੀਂ ਕਸ਼ਮੀਰ ਵਿੱਚ ਵਿਦੇਸ਼ੀ ਫ਼ੌਜਾਂ ਭੇਜਣਾ ਚਾਹੁੰਦੇ ਸਨ ਤਾਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸੋਵੀਅਤ ਯੂਨੀਅਨ ਨੇ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰਨਾ ਜ਼ਰੂਰੀ ਸਮਝਿਆ। ਸੋਵੀਅਤ ਯੂਨੀਅਨ ਦੇ ਪ੍ਰਤੀਨਿਧੀ ਯਾਕੋਵ ਮੌਲਿਕ ਨੇ 1952 ਦੇ ਸ਼ੁਰੂ ’ਚ ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਪਿਛਲੇ 4 ਸਾਲਾਂ ਤੋਂ ਹੱਲ ਇਸ ਕਰਕੇ ਨਹੀਂ ਹੋ ਸਕਿਆ, ਕਿਉਂਕਿ ਬਰਤਾਨੀਆ ਤੇ ਅਮਰੀਕਾ ਆਪਣੇ ਸਾਮਰਾਜੀ ਇਰਾਦਿਆਂ ਨੂੰ ਪੂਰਾ ਕਰਨ ਲਈ ਕਸ਼ਮੀਰ ਨੂੰ ਆਪਣੇ ਕੰਟਰੋਲ ’ਚ ਰੱਖਣਾ ਚਾਹੁੰਦੇ ਹਨ ਤੇ ਇਸੇ ਲਈ ਸੰਯੁਕਤ ਰਾਸ਼ਟਰ ਰਾਹੀਂ ਪ੍ਰਸਤਾਵਾਂ ਨੂੰ ਅੱਗੇ ਵਧਾ ਰਹੇ ਹਨ, ਤਾਂ ਜੋ ਕਸ਼ਮੀਰ ਨੂੰ ਉਨ੍ਹਾਂ ਦਾ ਫ਼ੌਜੀ ਅੱਡਾ ਬਣਾਇਆ ਜਾ ਸਕੇ। ਸੋਵੀਅਤ ਯੂਨੀਅਨ ਵੱਲੋਂ ਬਰਤਾਨੀਆ ਤੇ ਅਮਰੀਕਾ ਦੇ ਪ੍ਰਸਤਾਵਾਂ ਵਿਰੁੱਧ ਵੀਟੋ ਕਰਨ ਨਾਲ ਉਹ ਮਤਾ ਰੱਦ ਹੋ ਗਿਆ, ਜਿਸ ਰਾਹੀਂ ਇਹ ਦੋਵੇਂ ਦੇਸ਼ ਕਸ਼ਮੀਰ ਨੂੰ ਆਪਣੀ ਬਸਤੀ ਬਣਾਉਣਾ ਚਾਹੁੰਦੇ ਸਨ। ਇਸ ਤੋਂ ਬਾਅਦ 1957 ’ਚ ਸੁਰੱਖਿਆ ਪ੍ਰੀਸ਼ਦ ਵਿੱਚ ਕਸ਼ਮੀਰ ਮੁੱਦੇ ’ਤੇ ਇੱਕ ਲੰਬੀ ਬਹਿਸ ਹੋਈ। ਇਸ ਬਹਿਸ ’ਚ ਹਿੱਸਾ ਲੈਂਦਿਆ ਸੋਵੀਅਤ ਪ੍ਰਤੀਨਿਧੀ ਏ.ਐਸ. ਸੋਵੋਲੇਵ ਨੇ ਦਾਅਵਾ ਕੀਤਾ ਕਿ ਕਸ਼ਮੀਰ ਸਮੱਸਿਆ ਦਾ ਬਹੁਤ ਪਹਿਲਾਂ ਹੱਲ ਹੋ ਚੁੱਕਾ ਹੈ, ਉੱਥੋਂ ਦੇ ਲੋਕਾਂ ਨੇ ਸਮੱਸਿਆ ਦਾ ਹੱਲ ਲੱਭ ਲਿਆ ਹੈ ਤੇ ਫ਼ੈਸਲਾ ਕੀਤਾ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ।
ਇਸ ਦੌਰਾਨ ਕਈ ਵਾਰ ਜਵਾਹਰ ਲਾਲ ਨਹਿਰੂ ਨੇ ਬਰਤਾਨੀਆ ਤੇ ਅਮਰੀਕਾ ਦੀ ਤਿੱਖੀ ਨਿੰਦਾ ਕੀਤੀ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਭਾਰੀ ਫ਼ੌਜੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ। ਨਹਿਰੂ ਨੇ ਵਾਰ-ਵਾਰ ਸਪੱਸ਼ਟ ਕੀਤਾ ਕਿ ਉਹ ਇਨ੍ਹਾਂ ਸਾਮਰਾਜੀ ਤਾਕਤਾਂ ਦੇ ਦਬਾਅ ਅੱਗੇ ਨਾ ਹੁਣ ਤੇ ਨਾ ਹੀ ਭਵਿੱਖ ਵਿੱਚ ਕਦੇ ਝੁਕਣਗੇ।
ਇਸ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ, ਜਿਸ ਦੀ ਕਲਪਨਾ ਵੀ ਜਵਾਹਰ ਲਾਲ ਨਹਿਰੂ ਨੇ ਨਹੀਂ ਕੀਤੀ ਹੋਵੇਗੀ। ਸਾਲ 1962 ’ਚ ਚੀਨ ਨੇ ਅਕਤੂਬਰ ਵਿੱਚ ਭਾਰਤ ’ਤੇ ਹਮਲਾ ਕਰ ਦਿੱਤਾ ਤਾਂ ਅਮਰੀਕਾ ਤੇ ਬਰਤਾਨੀਆ ਨੇ ਭਾਰਤ ਦੀ ਨਾਮਾਤਰ ਸਹਾਇਤਾ ਇਸ ਸ਼ਰਤ ’ਤੇ ਕੀਤੀ ਕਿ ਭਾਰਤ ਕਸ਼ਮੀਰ ਸਮੱਸਿਆ ਦਾ ਹੱਲ ਕਰੇ। ਅਮਰੀਕਾ ਦੇ ਸਵੇਰੋਲ ਹੈਰੀਮੈਨ ਤੇ ਬਰਤਾਨੀਆ ਦੇ ਡੰਕਨ ਸੈਂਡਰਸ ਦਿੱਲੀ ਆਏ ਤਾਂ ਉਨ੍ਹਾਂ ਨੇ ਦਿੱਲੀ ’ਚ ਠਹਿਰਨ ਦੌਰਾਨ ਚੀਨੀ ਹਮਲੇ ਬਾਰੇ ਘੱਟ ਤੇ ਕਸ਼ਮੀਰ ਬਾਰੇ ਜ਼ਿਆਦਾ ਚਰਚਾ ਕੀਤੀ। ਭਾਰਤ ਦੀਆਂ ਮੁਸ਼ਕਿਲਾਂ ਦਾ ਫ਼ਾਇਦਾ ਉਠਾਉਂਦਿਆਂ ਅਮਰੀਕਾ ਨੇ ਮੰਗ ਕੀਤੀ ਕਿ ਭਾਰਤ ਵਿੱਚ ਵਾਇਸ ਆਫ਼ ਅਮਰੀਕਾ ਟ੍ਰਾਂਸਮੀਟਰ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਸੋਵੀਅਤ ਯੂਨੀਅਨ ਨਾਲ ਕੀਤੀ ਗਈ ਸੰਧੀ ਤੋੜ ਦਿੱਤੀ ਜਾਵੇ।
ਅਮਰੀਕਾ ਤੇ ਬਰਤਾਨੀਆ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦੀ ਬਜਾਏ ਪਾਕਿਸਤਾਨ ਦਾ ਸਮਰਥਨ ਹੀ ਕੀਤਾ ਤੇ ਆਪਣੇ ਸੌੜੇ ਹਿੱਤਾਂ ਲਈ ਇਨ੍ਹਾਂ ਦੋਵਾਂ ਦੇਸ਼ਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਬਜਾਏ ਇੱਕ ਗ਼ੈਰ-ਲੋਕਤੰਤਰੀ ਦੇਸ਼ ਦਾ ਸਮਰਥਨ ਕੀਤਾ। ਜੇਕਰ ਇਹ ਦੋਵੇਂ ਦੇਸ਼ ਭਾਰਤ ਦਾ ਸਮਰਥਨ ਕਰਦੇ ਤਾਂ ਕਸ਼ਮੀਰ ਸਮੱਸਿਆ ਦਾ ਹੱਲ ਬਹੁਤ ਪਹਿਲਾਂ ਹੀ ਹੋ ਗਿਆ ਹੁੰਦਾ।
![]()
