ਬਦਲ ਰਿਹੈ ਪੰਜਾਬ ਦੀ ਸਿਆਸੀ ਆਬੋ-ਹਵਾ ਦਾ ਰੁੱਖ

In ਖਾਸ ਰਿਪੋਰਟ
December 04, 2025

ਬਲਰਾਜ ਪੰਨੂੰ
ਪੰਜਾਬ ਦੇ ਵਿੱਚ ਸਿਆਸਤਦਾਨਾਂ ਦੇ ਜ਼ੁਬਾਨੋਂ ਜਿਸ ਤਰ੍ਹਾਂ ਦੇ ਬਿਆਨ ਸੁਣਨ ਨੂੰ ਮਿਲ ਰਹੇ ਹਨ, ਇਹ ਆਬੋ-ਹਵਾ 2027 ਦੀ ਰਣਨੀਤੀ ਕਹਿ ਲਓ ਜਾਂ ਹੋਂਦ ਬਚਾਉਣ ਦਾ ਫ਼ਿਕਰ। ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ, ਵੈਸੇ ਉਹ ਅੱਜ-ਕੱਲ੍ਹ ਜਪਾਨ ਦੇ ਵਿੱਚ ਨੇ, ਤੇ ਸਾਊਥ ਕੋਰੀਆ ਦੇ ਵਿੱਚ ਵੀ ਰੰਗ ਭਾਗ ਲਾ ਸਕਦੇ ਨੇ ਪਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ‘ਪੰਜਾਬ’ ਗੁਥਮ ਗੁੱਥਾ ਹੋਇਆ ਪਿਆ। ਵਿਰੋਧੀ ਉਮੀਦਵਾਰ ਭੜਕੇ ਹੋਏ ਨੇ ਕਿ ਬਲਾਕ ਦਫ਼ਤਰਾਂ ਵਿਚੋਂ ਅਫ਼ਸਰ ਗੈਰ ਹਾਜ਼ਰ ਨੇ। ਓਧਰ ਅੰਮ੍ਰਿਤਸਰ ਦੇ ਡੀ.ਸੀ. ਦਫ਼ਤਰ ਦੇ ਸਾਹਮਣੇ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਦੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ।
ਕੀ ਇਹ ਸੱਚ ਹੈ ਕਿ ਜੇਲ੍ਹ ਵਿੱਚ ਬੈਠਾ ਅੰਮ੍ਰਿਤਪਾਲ ਪੰਜਾਬ ਸਰਕਾਰ ਦੇ ਲਈ ਖਤਰਾ ਹੈ ਜਾਂ ਉਹਨਾਂ ਦੇ ਗਲੇ ਦੀ ਹੱਡੀ? ਕੀ ਉਹਦੀ ਇੱਕ ਝਲਕ ਜਾਂ ਉਸ ਦੇ ਸ਼ਬਦ ਏਡੇ ਤੱਤੇ ਨੇ ਕਿ ਉਹ ਪਾਣੀਆਂ ਨੂੰ ਅੱਗ ਲਗਾਉਣ ਦੀ ਤਾਕਤ ਰੱਖਦੇ ਨੇ? ਤਰਥੱਲੀ ਮਚਾ ਸਕਦੇ ਨੇ ਜਾਂ ਪੰਜਾਬ ਨੂੰ ਤੋੜ ਕੇ ਰੱਖ ਸਕਦੇ ਨੇ? ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਹਾਈਕੋਰਟ ਦੇ ਵਿੱਚ ਇਹ ਗੱਲਾਂ ਪੰਜਾਬ ਸਰਕਾਰ ਨੇ ਕਹੀਆਂ ਕਿ ਅੰਮ੍ਰਿਤਪਾਲ ਨੂੰ ਪੈਰੋਲ ਨਾ ਦਿੱਤੀ ਜਾਵੇ ਤੇ ਉਸ ਦੀਆਂ ਗੱਲਾਂ ਪੰਜ ਦਰਿਆਵਾਂ ਨੂੰ ਅੱਗ ਲਗਾਉਣ ਵਰਗੀਆਂ ਨੇ ਜਾਂ ਅੱਗ ਲਾ ਸਕਦੀਆਂ ਨੇ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਵਿੱਚ ਕਿਹੜੇ ਪੰਜ ਦਰਿਆ ਨੇ? ਜਿਹੜੇ ਢਾਈ ਕੁ ਵਗਦੇ ਨੇ, ਉਹ ਵੀ ਦਰਿਆ ਦੀ ਜਗ੍ਹਾ ’ਤੇ ਨਾਲੇ ਬਣੇ ਹੋਏ ਨੇ। ਸਵਾਲ ਇਹ ਹੈ ਕਿ ਅੰਮ੍ਰਿਤਪਾਲ ਤੋਂ ਖਤਰਾ ਕਿਉਂ? ਜੇ ਏਡਾ ਹੀ ਖਤਰਨਾਕ ਸੀ ਤਾਂ ਉਸ ਨੂੰ ਚੋਣ ਕਿਉਂ ਲੜਨ ਦਿੱਤੀ ਗਈ। ਚੋਣ ਕਮਿਸ਼ਨ ਨੇ ਕਾਨੂੰਨ ਦੇ ਤਹਿਤ ਹੀ ਚੋਣ ਲੜਨ ਦੀ ਆਗਿਆ ਦਿੱਤੀ ਸੀ ਤੇ ਕਾਨੂੰਨ ਅਨੁਸਾਰ ਹੀ ਉਹ ਪੈਰੋਲ ਦੀ ਮੰਗ ਕਰ ਰਿਹਾ ਹੈ ਤਾਂ ਕਿ ਲੋਕ ਸਭਾ ਵਿੱਚ ਲੋਕਾਂ ਦੀ ਗੱਲ ਰੱਖ ਸਕੇ। ਕੇਂਦਰ ਨੂੰ ਕੋਈ ਖਤਰਾ ਨਹੀਂ, ਬੀਜੇਪੀ ਨੂੰ ਕੋਈ ਖਤਰਾ ਨਹੀਂ ਪਰ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਪਾਲ ਤੋਂ ਕਾਹਦਾ ਖਤਰਾ ਹੋ ਗਿਆ? ਕੀ ਉਸ ਨੇ ਬੰਦੇ ਮਾਰੇ ਨੇ? ਕਤਲ ਕੀਤੇ? ਬਲਾਸਟ ਕੀਤੇ ਨੇ? ਡਾਕੇ ਜਾਂ ਚੋਰੀ ਜਾਂ ਮੰਤਰੀਆਂ ਵਾਂਗੂ ਕੋਠੀਆਂ ਦੱਬੀਆਂ ਨੇ? ਨਹੀਂ ਨਾ? ਹਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਉਸ ’ਤੇ ਦੋ ਪਰਚੇ ਨੇ ਇੱਕ ਅਜਨਾਲੇ ਵਾਲਾ ਤੇ ਦੂਜਾ ਉਸ ਦੇ ਪਿੰਡ ਵਾਲਾ। ਨਸ਼ੇ ਛੁਡਵਾਉਣਾ ਜੇ ਐਡੀ ਮਾੜੀ ਗੱਲ ਹੈ ਤਾਂ ਪੈਰੋਲ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲਣੀ ਚਾਹੀਦੀ। ਉਸ ਨੂੰ ਜੇਲ੍ਹ ਵਿੱਚ ਤਾੜ ਕੇ ਰੱਖਣਾ ਚਾਹੀਦਾ ਹੈ। ਜੇ ਜਾਇਜ਼ ਹੈ ਤਾਂ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਪਾਲ ਨੂੰ ਪਹਿਲੀ ਕਤਾਰ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਵੱਡਾ ਵਾਅਦਾ ਸੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਅਸੀਂ ਹਮੇਸ਼ਾ ਸਿਮਰਨਜੀਤ ਸਿੰਘ ਮਾਨ ਦੀ ਉਦਾਹਰਣ ਦਿੰਦੇ ਹਾਂ ਕਿ ਜੇਲ੍ਹ ਵਿੱਚ ਬੈਠ ਕੇ ਹੀ ਉਹ ਵੀ ਜਿੱਤੇ ਸਨ ਤਾਂ ਇੱਕ ਮਹੀਨੇ ਬਾਅਦ ਸਰਕਾਰ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਸੀ। ਹਾਲਾਂ ਕਿ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਲਿਖੀ ਸੀ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਕਿ ‘‘ਸਾਨੂੰ ਵੱਖਰਾ ਰਾਜ ਮੰਗਣ ਲਈ ਮਜਬੂਰ ਨਾ ਕਰੋ, ਸਾਨੂੰ ਅੱਤਵਾਦੀ ਬਣਨ ਲਈ ਮਜਬੂਰ ਨਾ ਕਰੋ।’’ ਇਹਨਾਂ ਚਿੱਠੀਆਂ ਦੇ ਤਹਿਤ ਹੀ ਉਹਨਾਂ ’ਤੇ ਕਾਰਵਾਈ ਕੀਤੀ ਗਈ ਸੀ ਤੇ ਉਹ ਜੇਲ੍ਹ ਵਿੱਚ ਬੰਦ ਸਨ ਪਰ ਫੇਰ ਵੀ ਲੋਕਾਂ ਦਾ ਫਤਵਾ ਵੇਖਦਿਆਂ ਸਰਕਾਰ ਵੱਲੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਆਮ ਇਨਸਾਨ ਇਹੋ ਜਿਹੇ ਮਸਲੇ ’ਤੇ ਸ਼ੱਕ ਕੇਂਦਰ ’ਤੇ ਕਰਦਾ ਸੀ ਪਰ ਪੰਜਾਬ ਸਰਕਾਰ ਤਾਂ ਨਿੱਤਰ ਕੇ ਸਾਹਮਣੇ ਆ ਗਈ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਦੇ ਸਾਂਸਦ ਅਤੇ ਕੇਂਦਰੀ ਰੇਲ ਰਾਜ ਮੰਤਰੀ ਦੇ ਅੰਮ੍ਰਿਤਪਾਲ ਦੇ ਹੱਕ ਵਿੱਚ ਨਿੱਤਰੇ। ਹਾਲਾਂ ਕਿ ਲੋਕ ਇਸ ਨੂੰ ਸਿਆਸੀ ਚਾਲ ਕਹਿ ਰਹੇ ਨੇ। ਵੈਸੇ ਹਾਈਕੋਰਟ ਨੇ ਕਿਹਾ ਹੈ ਕਿ ਸਬੂਤ ਪੇਸ਼ ਕਰੋ, ਜੋਕਿ ਪੰਜਾਬ ਸਰਕਾਰ ਅਗਲੇ ਹਫ਼ਤੇ ਪੇਸ਼ ਕਰੇਗੀ। ਚਰਚਾ ਇਹ ਵੀ ਹੈ ਕਿ ਜੇ ਜੰਮੂ ਵਾਲੇ ਰਾਸ਼ਿਦ ਨੂੰ ਸਰਕਾਰ ਰਿਆਇਤ ਦੇ ਸਕਦੀ ਹੈ ਤਾਂ ਫੇਰ ਅੰਮ੍ਰਿਤਪਾਲ ਨੇ ਕੀ ਜ਼ੁਲਮ ਕੀਤਾ ਹੈ? ਪਰ ਆਮ ਆਦਮੀ ਪਾਰਟੀ ਤਾਂ ਬੀਜੇਪੀ ਤੋਂ ਵੀ ਤੱਤੀ ਚੱਲ ਰਹੀ ਹੈ। ਅਕਾਲੀਆਂ ਦੀ ਚੁੱਪੀ ਇਸ ਮਸਲੇ ’ਤੇ ਲੋਕਾਂ ਨੂੰ ਚੁਭ ਰਹੀ ਹੈ। ਇੱਕ ਹੋਰ ਗੱਲ, ਪੰਜਾਬ ਸਰਕਾਰ ਦੇ ਵਕੀਲ ਅਨੂਪਮ ਗੁਪਤਾ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਜੇਲ੍ਹ ਤੋਂ ਇੱਕ ਹਿੱਟ ਲਿਸਟ ਜਾਰੀ ਕੀਤੀ ਹੈ। ਵੈਸੇ ਇਹ ਪਹਿਲੀ ਵਾਰ ਸੁਣਿਆ ਹੈ। ਵਕੀਲ ਸਾਹਿਬ ਕਹਿੰਦੇ ਨੇ ਕਿ ਇਹ ਹਿੱਟ ਲਿਸਟ ਅੰਮ੍ਰਿਤਪਾਲ ਨੇ ਆਪਣੇ ਵਿਰੋਧੀਆਂ ਲਈ ਭੇਜੀ ਹੈ ਪਰ ਸਵਾਲ ਇਹ ਹੈ ਕਿ ਸਰਕਾਰ ਨੇ ਅਜੇ ਤੱਕ ਇਸ ਲਿਸਟ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਕਿ ਕਿਸੇ ਬੰਦੇ ਨੂੰ ਧਮਕੀ ਆਈ ਹੈ। ਨਾ ਕਦੇ ਸੀ. ਐਮ. ਦੀ ਜ਼ੁਬਾਨੋ ਤੇ ਨਾ ਹੀ ਡੀ.ਜੀ.ਪੀ.ਦੀ ਜ਼ੁਬਾਨੋ ਇਹ ਗੱਲ ਸੁਣੀ ਗਈ ਹੈ।
ਅੱਜ-ਕੱਲ੍ਹ ਇੱਕ ਸਰਵੇ ਕਾਫ਼ੀ ਚਰਚਾ ਦੇ ਵਿੱਚ ਹੈ। ਅਖੇ, ‘‘ਕਿਵੇਂ ਲੱਗੀ ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ’’। ਇਹ ਗੱਲ ਕਾਫ਼ੀ ਚਰਚਾ ਦੇ ਵਿੱਚ ਹੈ। ਟੈਲੀਫੋਨ ਸਰਵੇ ਕਰਵਾਏ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਆਮ ਬੰਦਿਆਂ ਵਿੱਚ ਜਾ ਕੇ ਸਰਵੇ ਨੂੰ ਤਵੱਜੋ ਕਿਉਂ ਨਹੀਂ ਦੇ ਰਹੀ? ਆਮ ਲੋਕਾਂ ਵਿੱਚ ਵਿਚਰਨ, ਤਾਂ ਪਤਾ ਚੱਲ ਜਾਵੇਗਾ ਕਿ ਕਿਵੇਂ ਲੱਗੀ ਭਗਵੰਤ ਮਾਨ ਸਰਕਾਰ? ਸਰਵੇ ’ਤੇ ਸੱਚਾਈ ਸਾਹਮਣੇ ਨਹੀਂ ਆਉਂਦੀ। ਸਿਆਣੇ ਕਹਿੰਦੇ ਨੇ ਕਿ ਜ਼ਮੀਨੀ ਹਕੀਕਤ ਦੀ ਗੱਲ ਜਾਣਨੀ ਹੋਵੇ ਤਾਂ ਹੱਟੀ, ਚੱਕੀ ਤੇ ਭੱਠੀ ਬੰਦੇ ਦੀ ਔਕਾਤ ਦਸ ਦਿੰਦੀਆਂ ਨੇ। ਸਰਕਾਰਾਂ ਬਾਰੇ ਸਹੀ ਟੀਕਾ ਟਿੱਪਣੀ ਓਨੀ ਪੜੇ ਲਿਖੇ ਬੰਦੇ ਨਹੀਂ ਕਰ ਸਕਦੇ, ਜਿੰਨੇ ਪਿੰਡਾਂ ਦੀਆਂ ਸੱਥਾਂ ’ਚ ਖੜੇ ਬਾਬੇ ਜਾਣਕਾਰੀ ਦਿੰਦੇ ਨੇ। ਕਦੇ ਜਾ ਕੇ ਵੇਖੋ, ਬਖੀਏ ਉਧੇੜ ਦੇਣਗੇ ਸਰਕਾਰਾਂ ਦੀਆਂ ਕਾਰਗੁਜਾਰੀਆਂ ਦੇ। ਤੀਹਰੀ ਸਿਕਿਓਰਟੀ ਵਿੱਚ ਚੱਲਣ ਵਾਲੇ ਨੂੰ ਕੀ ਪਤਾ ਕਿ ਸੱਥਾਂ ਵਾਲੇ ਦੋ ਗਾਲਾਂ ਅੱਗੇ ਅਤੇ ਇੱਕ ਪਿੱਛੇ ਲਾ ਕੇ ਤੁਹਾਡੀ ਗੱਲ ਖਤਮ ਕਰਦੇ ਨੇ। ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਨੇ ਹੀ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਿੱਲਣ ਨਹੀਂ ਸੀ ਦਿੱਤਾ। ਅੱਜ ਤੱਕ ਜਿੰਨਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਦੇ ਮੌੜ ਜਾਣਦੇ ਸਨ, ਓਨਾ ਅੱਜ ਤੱਕ ਕਿਸੇ ਮੁੱਖ ਮੰਤਰੀ ਨੂੰ ਪਿੰਡਾਂ ਦੀ ਨਬਜ਼ ਬਾਰੇ ਪਤਾ ਨਹੀਂ ਹੋਣਾ। ਪ੍ਰਸ਼ਾਸਨ ਓਨਾਂ ਦਾ ਕਿਵੇਂ ਰਿਹਾ? ਜਾਂ ਵਾਅਦੇ ਕਿੰਨੇ ਕੁ ਨਿਭਾਏ? ਜਾਂ ਕਿੰਨੀਆਂ ਕੁ ਗੱਲਾਂ ’ਤੇ ਖਿਲਵਾੜ ਕਰ ਗਏ? ਇਹ ਸਭ ਤੁਸੀਂ ਜਾਣਦੇ ਹੀ ਹੋ। ਪਰ ਲੋਕ ਉਹਨੂੰ ਆਪਣਾ ਗਿਣਦੇ ਸੀ। ਮੇਰਾ ਖਿਆਲ ਹੈ ਕਿ ‘ਆਪ’ ਪਾਰਟੀ ਨੂੰ ਵੀ ਇਹ ਕੁਝ ਸਿੱਖਣਾ ਚਾਹੀਦਾ ਹੈ। ਇਹ ਠੀਕ ਹੈ ਕਿ ਡਾਗਾਂ ਉਹਨਾਂ ਦੇ ਰਾਜ ਵਿੱਚ ਵੀ ਲੋਕਾਂ ਨੂੰ ਪਈਆਂ ਸਨ ਤੇ ਡਾਗਾਂ ਅੱਜ ਕੱਲ੍ਹ ਪੀ. ਆਰ. ਟੀ. ਸੀ. ਦੇ ਮੁਲਾਜਮਾਂ ਨੂੰ ਵੀ ਪੈ ਰਹੀਆਂ ਨੇ ਤੇ ਅਧਿਆਪਕਾਂ ਨੂੰ ਵੀ। ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਸਾਲਾ ਦੇ ਵਿੱਚ ਅੰਮ੍ਰਿਤਸਰ ਦੇ ਪੰਜ ਡੀ ਸੀ ਬਦਲ ਕੇ ਕਾਫੀ ਚਰਚਾ ਵਿੱਚ ਰਹੀ ਹੈ। 16 ਮੈਡੀਕਲ ਕਾਲਜ ਨਹੀਂ ਖੁੱਲ੍ਹੇ ਤਾਂ ਕੀ ਹੋਇਆ। ਕੱਚਿਆਂ ਤੋਂ ਪੱਕੇ ਤਾਂ ਕੀਤੇ ਹੀ ਨੇ। ਸਾਲ 2014 ਵਿੱਚ ਲੋਕ ਸਭਾ ’ਚ ਚਾਰ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਹਿੰਦੋਸਤਾਨ ਦੇ ਨਕਸ਼ੇ ’ਤੇ ਆਈ ਸੀ। ਸਾਲ 2017 ਦੇ ਵਿੱਚ ਸਿੱਖ ਐਂਗਲ ਨੂੰ ਲੈ ਕੇ ਚੋਣ ਲੜੇ। ਸਾਲ 2022 ਦੇ ਵਿੱਚ ਸਪੋਰਟ ਸਿੱਖ ਐਂਗਲ ਦੀ ਸੀ ਪਰ ਇਸ ਤੋਂ ਜਰ੍ਹਾ ਬੱਚ ਕੇ ਚੱਲੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦੀ ਰਣਨੀਤੀ ਬਦਲ ਰਹੀ ਹੈ ਕਿਉਂ ਕਿ ਉਹਨਾਂ ਨੂੰ ਸਾਫ ਪਤਾ ਹੈ ਕਿ ਸਿੱਖ ਵੋਟ ਸਾਡੇ ਹੱਕ ਵਿੱਚ ਨਹੀਂ ਭੁਗਤੇਗੀ। ਬਰਗਾੜੀ ਮਸਲੇ ਦੇ ਉੱਤੇ ਅਨੇਕਾਂ ਸਰਕਾਰਾਂ ਬਣੀਆਂ, ਗਈਆਂ ਤੇ ਬਰਗਾੜੀ ਦਾ ਲਾਭ ਆਮ ਆਦਮੀ ਪਾਰਟੀ ਨੇ ਵੀ ਲਿਆ ਪਰ ਕੀਤਾ ਕੁਝ ਨਹੀਂ। ਹੁਣ ਆਮ ਆਦਮੀ ਪਾਰਟੀ ਦਲਿਤ, ਹਿੰਦੂ, ਪਿੱਛੜੀਆਂ ਸ਼੍ਰੇਣੀਆਂ ’ਤੇ ਆਪਣੀ ਰਣਨੀਤੀ ਫੋਕਸ ਕਰ ਰਹੀ ਲੱਗਦੀ ਹੈ। ਵੈਸੇ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਇਸ ਰਣਨੀਤੀ ਨਾਲ ਅੱਗੇ ਵੱਧ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੇ ਸੱਤਾ ’ਚ ਨਹੀਂੇ ਤਾਂ ਘੱਟੋ ਘੱਟ ਵਿਰੋਧੀ ਧਿਰ ਬਣਨ ਦੇ ਲਈ ਹਰ ਤਰ੍ਹਾਂ ਦਾ ਜੁਗਾੜ ਜ਼ਰੂਰ ਫਿੱਟ ਕਰੇਗੀ। ਕੁਝ ਵੀ ਹੈ ਪੰਜਾਬ ਸਭ ਕੁੱਝ ਸਹਿੰਦਾ ਮੁਸੀਬਤਾਂ ਦੇ ਨਾਲ ਲੜਦਾ ਝਗੜਦਾ ਚੜ੍ਹਦੀਕਲਾ ਦੇ ਵਿੱਚ ਹੈ ਤੇ ਗੁਣਗੁਣਾਉਂਦਾ ਹੈ:-
ਮੇਰੀ ਚੁੱਪ ਦਾ ਰੌਲਾ ਤਕੜਾ ਏ, ਤੇਰੇ ਤਲਖ਼ੀ ਸ਼ੋਰ ਸਵਾਲਾਂ ਤੋਂ,
ਕਿਸੇ ਹੱਦ ਤੱਕ ਪਰਖੀਂ ਸਬਰ ਮੇਰਾ, ਮੈਂ ਬਾਗੀ ਬਹੁਤ ਖ਼ਿਆਲਾਂ ਤੋਂ॥

Loading