ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਬੇ ਏਰੀਆ ਪੰਜਾਬੀ ਸਿੱਖ ਭਾਈਚਾਰੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਗੁਰੂ ਸਾਹਿਬ ਵੱਲੋਂ ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਗਈ ਕੁਰਬਾਨੀ ਨੂੰ ਯਾਦ ਕੀਤਾ ਗਿਆ। ਸ਼ਹੀਦੀ ਸਮਾਗਮ ਦੀ ਸ਼ੁਰੂਆਤ ਡਾ. ਚਰਨ ਕੰਵਲ ਸਿੰਘ ਤੇ ਰੇਸ਼ਮਾ ਸਿੰਘ ਵੱਲੋਂ ਸ਼ਬਦ ਕੀਰਤਨ ਨਾਲ ਹੋਈ। ਭਾਰੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਇੰਡੋ-ਅਮੈਰੀਕਨ ਕਮਿਊਨਿਟੀ ਫ਼ੈਡਰੇਸ਼ਨ ਦੇ ਸੰਸਥਾਪਕ ਜੀਵਨ ਜ਼ੁਤਸ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸਲਾਮ ਕਬੂਲਣ ਦੀ ਬਜਾਏ ਧਰਮ ਦੀ ਖਾਤਰ ਆਪਾ ਵਾਰਨ ਨੂੰ ਤਰਜੀਹ ਦਿੱਤੀ। ਗੁਰੂ ਸਾਹਿਬ ਨੇ ਇਹ ਕੁਰਬਾਨੀ ਸਮੁੱਚੀ ਮਨੁੱਖਤਾ ਦੇ ਭਲੇ ਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਦਿੱਤੀ। ਉਨ੍ਹਾਂ ਦੀ ਇਸ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਖਿਆ ਜਾਵੇਗਾ। ਹੋਰ ਸਥਾਨਕ ਆਗੂਆਂ ਤੋਂ ਇਲਾਵਾ ਯੂਨੀਅਨ ਸਿਟੀ ਦੇ ਮੇਅਰ ਗੈਰੀ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਯੋਗਦਾਨ ਉੱਪਰ ਰੋਸ਼ਨੀ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਸਾਨੂੰ ਵੱਖ- ਵੱਖ ਭਾਈਚਾਰਿਆਂ ਵਿੱਚ ਏਕਤਾ ਤੇ ਇੱਕਜੁਟਤਾ ਦਾ ਸੁਨੇਹਾ ਦਿੰਦੀ ਹੈ। ਕੈਲੀਫ਼ੋਰਨੀਆ ਦੇ ਅਸੰਬਲੀ ਮੈਂਬਰ ਅਲੈਕਸ ਲੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ ਸਮਾਗਮ ਕਰਵਾਉਣ ਲਈ ਇੰਡੋ-ਅਮੈਰੀਕਨ ਕਮਿਊਨਿਟੀ ਫ਼ੈਡਰੇਸ਼ਨ ਦੀ ਸ਼ਲਾਘਾ ਕੀਤੀ। ਮਿਲਪਿਟਸ ਦੇ ਮੇਅਰ ਕਾਰਮਲ ਮੋਨਟਾਨੋ ਨੇ ਵੀ ਗੁਰੂ ਸਾਹਿਬ ਅੱਗੇ ਸਿਰ ਝੁਕਾਇਆ।
ਜੈਸੀ ਕੌਰ ਨੇ ਆਪਣੇ ਜਜ਼ਬਾਤੀ ਸੰਬੋਧਨ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਤੇ ਕਿਹਾ ਕਿ ਮੁਗਲ ਰਾਜਾ ਔਰੰਗਜ਼ੇਬ ਵੇਲੇ ਜਦੋਂ ਅਤਿਆਚਾਰ ਸਿਖਰ ’ਤੇ ਸੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੇ ਹਿੰਦੂ ਭਾਈਚਾਰੇ ਵਿੱਚ ਨਵੀਂ ਰੂਹ ਫ਼ੂਕੀ ਤੇ ਜ਼ੁਲਮ ਖ਼ਿਲਾਫ਼ ਇਕਜੁੱਟ ਹੋਣ ਲਈ ਪ੍ਰੇਰਤ ਕੀਤਾ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
![]()
