ਜਲੰਧਰ/ਏ.ਟੀ.ਨਿਊਜ਼: ਪੰਜਾਬ ’ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫ਼ੀ ਦਿਲਚਸਪ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦਿਹਾਤੀ ਇਲਾਕਿਆਂ ਨਾਲ ਸਬੰਧਿਤ ਇਨ੍ਹਾਂ ਚੋਣਾਂ ਵਿੱਚ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਦਾਨ ਵਿੱਚ ਉਤਰਦੇ ਹੋਏ ਵੇਖਿਆ ਗਿਆ ਹੈ ਪਰ ਇਸ ਵਾਰ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਵੀ ਮੁਸਤੈਦੀ ਨਾਲ ਮੈਦਾਨ ਵਿੱਚ ਉਤਰ ਰਹੀ ਹੈ। ਜਿਹੜੀਆਂ ਵੋਟਾਂ ਪਹਿਲਾਂ 2-3 ਪਾਰਟੀਆਂ ਵਿਚਕਾਰ ਵੰਡੀਆਂ ਜਾਂਦੀਆਂ ਸਨ ਅਤੇ ਜਿਨ੍ਹਾਂ ਦੇ ਆਧਾਰ ’ਤੇ ਜਿੱਤ-ਹਾਰ ਦਾ ਫ਼ੈਸਲਾ ਹੁੰਦਾ ਸੀ, ਉਨ੍ਹਾਂ ਵੋਟਾਂ ਵਿੱਚ ਹੁਣ ਭਾਜਪਾ ਵੀ ਸੰਨ੍ਹ ਲਾਉਣ ’ਚ ਲੱਗ ਗਈ ਹੈ। ਇਸ ਦਾ ਨੁਕਸਾਨ ਕਿਸ ਨੂੰ ਹੋਵੇਗਾ, ਇਹ ਚੋਣ ਨਤੀਜਿਆਂ ਵਿੱਚ ਸਪਸ਼ਟ ਹੋ ਜਾਵੇਗਾ ਪਰ ਜਿਸ ਤਰ੍ਹਾਂ ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਲਈ ਕਮਰ ਕੱਸੀ ਹੈ, ਉਸ ਨਾਲ ਪਾਰਟੀ ਦੇ ਵਰਕਰ ਤਾਂ ਉਤਸ਼ਾਹਿਤ ਹਨ ਹੀ, ਆਮ ਜਨਤਾ ਵਿੱਚ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਜਿੱਥੇ ਕਦੇ ਨਾਮੋ-ਨਿਸ਼ਾਨ ਨਹੀਂ, ਉੱਥੇ ਹੁਣ ਕਈ ਦਾਅਵੇਦਾਰ
ਜ਼ਿਲ੍ਹਾ ਪ੍ਰੀਸ਼ਦ ਦੀਆਂ ਇਨ੍ਹਾਂ ਚੋਣਾਂ ਦਾ ਆਯੋਜਨ ਪੰਜਾਬ ਦੇ 14,653 ਪਿੰਡਾਂ ਵਿੱਚ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਅਜ਼ਮਾਇਸ਼ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਪਹਿਲੀ ਵਾਰ ਮੈਦਾਨ ਵਿੱਚ ਉਤਰ ਰਿਹਾ ਹੈ। ਭਾਜਪਾ ਕਿਸ ਪੱਧਰ ’ਤੇ ਤਿਆਰੀ ਵਿੱਚ ਜੁਟੀ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਖੇਤਰਾਂ ਵਿੱਚ ਕੁੱਲ੍ਹ 357 ਜ਼ੋਨ ਹਨ ਅਤੇ ਇਨ੍ਹਾਂ ਵਿੱਚ 279 ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕੀਤੇ ਗਏ ਹਨ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ’ਚ ਕਾਗਜ਼ ਭਰੇ ਗਏ ਹਨ। ਇਸੇ ਤਰ੍ਹਾਂ ਬਲਾਕ ਪੱਧਰ ’ਤੇ ਵੀ ਇਸ ਵਾਰ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 2,777 ਬਲਾਕ ਜ਼ੋਨਾਂ ਵਿੱਚ ਭਾਜਪਾ ਦੇ ਲੋਕਾਂ ਨੇ 1569 ਕਾਗਜ਼ ਦਾਖ਼ਲ ਕੀਤੇ ਹਨ। ਕਈ ਇਲਾਕਿਆਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਵੀ ਹੋਏ ਹਨ। ਇਸ ਸਬੰਧੀ ਅੰਤਿਮ ਡਾਟਾ ਅਜੇ ਆਉਣਾ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਕਦੇ ਭਾਜਪਾ ਦਾ ਨਾਮੋ-ਨਿਸ਼ਾਨ ਤਕ ਨਹੀਂ ਸੀ, ਉਨ੍ਹਾਂ ਵਿੱਚ ਪਾਰਟੀ ਦੇ ਕਾਗਜ਼ ਦਾਖਲ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਜਿੱਤ-ਹਾਰ ਬਾਅਦ ਦੀ ਗੱਲ ਹੈ ਪਰ ਖ਼ਾਸ ਗੱਲ ਇਹ ਹੈ ਕਿ ਪਾਰਟੀ ਕੋਸ਼ਿਸ਼ ਕਰ ਰਹੀ ਹੈ।
ਸਿਰਫ਼ ‘ਸ਼ਹਿਰਾਂ ਦੀ ਪਾਰਟੀ’ ਟੈਗਲਾਈਨ ਨੂੰ ਪਿੱਛੇ ਛੱਡ ਰਹੀ ਭਾਜਪਾ
ਅੰਗਰੇਜ਼ੀ ਦਾ ਇੱਕ ਸ਼ਬਦ ਹੈ ‘ਹਿੰਟਰਲੈਂਡ’ ਅਤੇ ਇਹ ਸ਼ਬਦ ਭਾਜਪਾ ਲਈ ਕਾਫ਼ੀ ਚਰਚਾ ਵਿੱਚ ਹੈ। ਹਿੰਟਰਲੈਂਡ ਦਾ ਮਤਲਬ ਹੁੰਦਾ ਹੈ ਕਿ ਦੂਰ-ਦੁਰਾਡੇ ਦੇ ਪਿੰਡ ਜਾਂ ਇਲਾਕੇ ਅਤੇ ਭਾਜਪਾ ਦਾ ਟਾਰਗੈੱਟ ਅੱਜਕੱਲ ਇਹ ਹਿੰਟਰਲੈਂਡ ਹੀ ਹਨ। ਭਾਜਪਾ ਨੂੰ ਅਕਸਰ ਸ਼ਹਿਰੀ ਪਾਰਟੀ ਦੇ ਤੌਰ ’ਤੇ ਜਾਣਿਆ ਜਾਂਦਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਨੇ ਪਿੰਡਾਂ ਵੱਲ ਰੁਖ਼ ਕੀਤਾ ਹੈ ਅਤੇ ਪਾਰਟੀ ਦੀ ਕੋਸ਼ਿਸ਼ ਹੈ ਕਿ ਉਹ ਖ਼ੁਦ ਨੂੰ ਸਿਰਫ਼ ‘ਸ਼ਹਿਰਾਂ ਦੀ ਪਾਰਟੀ’ ਦੀ ਟੈਗਲਾਈਨ ’ਚੋਂ ਬਾਹਰ ਕੱਢ ਸਕੇ। ‘ਪਿੰਡਾਂ ਦੀ ਪਾਰਟੀ’ ਵਾਲੀ ਟੈਗਲਾਈਨ ਇਕਦਮ ਤਾਂ ਨਹੀਂ ਮਿਲੇਗੀ ਪਰ ਪਿੰਡਾਂ ਵਿੱਚ ਖੁਦ ਨੂੰ ਸਥਾਪਤ ਕਰਨ ਲਈ ਪਾਰਟੀ ਕੋਲ ਕਾਫ਼ੀ ਵੱਡਾ ਮੈਦਾਨ ਹੈ।
ਮੈਂਬਰੀ ਮੁਹਿੰਮ ’ਚ ਵੀ ਪਿੰਡਾਂ ’ਚ ਮਿਲਿਆ ਸੀ ਪਾਜ਼ੇਟਿਵ ਰਿਸਪਾਂਸ
ਪੰਜਾਬ ’ਚ ਭਾਜਪਾ ਪਿੰਡਾਂ ਵਿੱਚ ਕਾਮਯਾਬ ਹੋ ਰਹੀ ਹੈ ਜਾਂ ਨਹੀਂ, ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੈਂਬਰੀ ਮੁਹਿੰਮ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਚੱਲ ਰਹੀ ਹੈ ਅਤੇ ਪਿਛਲੇ ਸਮੇਂ ਦੇ ਮੁਕਾਬਲੇ ਪਾਰਟੀ ਨੂੰ ਇਸ ਵਾਰ ਦੀ ਮੈਂਬਰੀ ਮੁਹਿੰਮ ਵਿੱਚ ਪਿੰਡਾਂ ’ਚ ਕਾਫੀ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ। 2 ਸਤੰਬਰ 2024 ਨੂੰ ਦੇਸ਼ ਭਰ ਵਿੱਚ ਭਾਜਪਾ ਨੇ ਮੈਂਬਰੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਵਿੱਚ ਭਾਜਪਾ ਨੂੰ ਪਿੰਡਾਂ ਤੋਂ ਪਾਜ਼ੇਟਿਵ ਰਿਸਪਾਂਸ ਮਿਲਿਆ ਅਤੇ ਪਾਰਟੀ ਨੇ ਉਨ੍ਹਾਂ ਇਲਾਕਿਆਂ ਵਿੱਚ ਵੀ ਨਵੇਂ ਮੈਂਬਰ ਬਣਾਏ ਜਿੱਥੇ ਕਦੇ ਭਾਜਪਾ ਦਾ ਝੰਡਾ ਤੱਕ ਨਹੀਂ ਵੇਖਿਆ ਜਾਂਦਾ ਸੀ। ਜਾਣਕਾਰੀ ਅਨੁਸਾਰ ਉਕਤ ਮੈਂਬਰੀ ਮੁਹਿੰਮ ਵਿੱਚ ਵੀ ਭਾਜਪਾ ਦੇ ਕੁਲ ਮੈਂਬਰਾਂ ਤੋਂ ਇਲਾਵਾ ਲੱਗਭਗ ਡੇਢ ਲੱਖ ਨਵੇਂ ਮੈਂਬਰ ਪਿੰਡਾਂ ਨਾਲ ਹੀ ਜੁੜੇ ਸਨ। ਪਿਛਲੀਆਂ ਬਲਾਕ ਕਮੇਟੀ ਚੋਣਾਂ ਵਿੱਚ ਵੀ ਜੇ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਭਾਜਪਾ ਨੇ 12,738 ਬਲਾਕਾਂ ਵਿੱਚ 3,391 ਉਮੀਦਵਾਰਾਂ ਨੂੰ ਸਰਪੰਚ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਵਿੱਚ 1,040 ਉਮੀਦਵਾਰ ਜੇਤੂ ਰਹੇ।
ਕਾਰਪੋਰੇਸ਼ਨ ਚੋਣਾਂ ’ਚ ਵੀ ਮਜ਼ਬੂਤ ਨਜ਼ਰ ਆਈ ਸੀ ਭਾਜਪਾ
ਪਿਛਲੇ ਸਾਲ ਪੰਜਾਬ ’ਚ ਹੋਈਆਂ ਕਾਰਪੋਰੇਸ਼ਨ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਫਲਤਾ ਬਾਰੇ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਪਾਰਟੀ ਨੂੰ 2017 ਦੇ ਮੁਕਾਬਲੇ 2024 ’ਚ ਨਾ ਸਿਰਫ਼ ਬਿਹਤਰ ਵੋਟਾਂ ਮਿਲੀਆਂ, ਸਗੋਂ ਪਾਰਟੀ ਦੀ ਟਿਕਟ ’ਤੇ ਜਿੱਤਣ ਵਾਲਿਆਂ ਦੀ ਗਿਣਤੀ ਵੀ ਵਧ ਗਈ। ਜਲੰਧਰ ਨਗਰ ਨਿਗਮ ’ਚ 85 ਸੀਟਾਂ ’ਤੇ ਹੋਈਆਂ ਚੋਣਾਂ ਵਿੱਚ ਭਾਜਪਾ ਨੇ 2017 ’ਚ 7 ਸੀਟਾਂ ਜਿੱਤੀਆਂ ਸਨ। ਉਸ ਵੇਲੇ ਕੁੱਲ੍ਹ 80 ਸੀਟਾਂ ਸਨ। ਇਸ ਵਾਰ ਦਸੰਬਰ 2024 ’ਚ ਹੋਈਆਂ ਚੋਣਾਂ ਵਿੱਚ ਪਾਰਟੀ ਨੇ 19 ਸੀਟਾਂ ਜਿੱਤੀਆਂ, ਜੋਕਿ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਰਿਹਾ। ਇਥੇ ਇੱਕ ਖ਼ਾਸ ਗੱਲ ਇਹ ਹੈ ਕਿ ਕਿਸੇ ਵੇਲੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ 5 ਸੀਟਾਂ ਦਾ ਨੁਕਸਾਨ ਹੋਇਆ ਸੀ ਅਤੇ ਕਾਂਗਰਸ ਵਰਗੀ ਪਾਰਟੀ ਨੂੰ ਵੀ 43 ਸੀਟਾਂ ਦਾ ਨੁਕਸਾਨ ਝੱਲਣਾ ਪਿਆ ਸੀ। ਇੰਝ ਲੁਧਿਆਣਾ ਵਿੱਚ 2018 ਦੇ ਮੁਕਾਬਲੇ 2024 ਵਿੱਚ ਭਾਜਪਾ ਨੂੰ 9 ਵਾਧੂ ਸੀਟਾਂ ਮਿਲੀਆਂ। ਅੰਮ੍ਰਿਤਸਰ ਵਿੱਚ ਵੀ 2017 ’ਚ 6 ਸੀਟਾਂ ’ਤੇ ਸਿਮਟੀ ਭਾਜਪਾ ਨੂੰ 2024 ਦੀਆਂ ਕਾਰਪੋਰੇਸ਼ਨ ਚੋਣਾਂ ਵਿੱਚ 9 ਸੀਟਾਂ ਮਿਲੀਆਂ ਸਨ। ਪਟਿਆਲਾ ਵਰਗੇ ਇਲਾਕੇ ਜਿੱਥੇ ਭਾਜਪਾ ਨੇ ਖਾਤਾ ਵੀ ਨਹੀਂ ਖੋਲ੍ਹਿਆ ਸੀ, ਉੱਥੇ ਵੀ ਪਾਰਟੀ ਨੂੰ ਇਸ ਵਾਰ 4 ਸੀਟਾਂ ਮਿਲੀਆਂ ਸਨ।
2027 ਦੇ ਰੋਡਮੈਪ ਲਈ ਰੂਰਲ ਵੋਟ ਬੈਂਕ ’ਤੇ ਨਜ਼ਰ
ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਜਿਸ ਤਰ੍ਹਾਂ ਭਾਜਪਾ ਤੇਜ਼ੀ ਨਾਲ ਅੱਗ ਵਧ ਰਹੀ ਹੈ, ਜੇ ਇਹੀ ਰਫ਼ਤਾਰ ਬਣੀ ਰਹੀ ਅਤੇ ਪਾਰਟੀ ਨੂੰ ਸਫ਼ਲਤਾ ਮਿਲੀ ਤਾਂ ਸ਼ਾਇਦ 2027 ਦੀਆਂ ਵਿਧਾਨ ਸਭਾ ਚੋਣਾਂ ਤਕ ਪਾਰਟੀ ਖ਼ੁਦ ਨੂੰ ਕਾਫ਼ੀ ਹੱਦ ਤਕ ਸਥਾਪਤ ਕਰ ਲਵੇਗੀ। ਭਾਜਪਾ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਪੰਜਾਬ ਵਿੱਚ ਚੋਣ ਲੜੀ ਹੈ ਪਰ 2022 ਦੀਆਂ ਚੋਣਾਂ ਵਿੱਚ ਪਾਰਟੀ ਇਕੱਲਿਆਂ ਹੀ ਮੈਦਾਨ ਵਿੱਚ ਉਤਰੀ ਅਤੇ 62 ਸੀਟਾਂ ’ਤੇ ਚੋਣ ਲੜੀ। ਪਹਿਲਾਂ ਪਾਰਟੀ ਅਕਾਲੀ ਦਲ ਦੇ ਨਾਲ 23 ਸੀਟਾਂ ’ਤੇ ਚੋਣ ਲੜਦੀ ਸੀ। 2027 ਦੇ ਰੋਡਮੈਪ ਲਈ ਭਾਜਪਾ ਦੀ ਨਜ਼ਰ ਹੁਣ ਦਿਹਾਤੀ ਵੋਟ ਬੈਂਕ ’ਤੇ ਹੈ ਅਤੇ ਵੋਟ ਸ਼ੇਅਰ ਵਧਾਉਣ ਲਈ ਪਾਰਟੀ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਹਿਲੀ ਵਾਰ ਨਹੀਂ ਲੱਭਣੇ ਪਏ ਕੈਂਡੀਡੇਟ
ਪੰਜਾਬ ’ਚ ਭਾਜਪਾ ਪਿੰਡਾਂ ਵਿੱਚ ਮੈਦਾਨ ’ਚ ਉਤਰਨਾ ਤਾਂ ਦੂਰ ਦੀ ਗੱਲ, ਪਾਰਟੀ ਆਪਣੇ ਸਿੰਬਲ ਦੀ ਵੀ ਵਰਤੋਂ ਨਹੀਂ ਕਰਦੀ ਸੀ ਪਰ ਇਸ ਵਾਰ ਉਹ ਭਾਜਪਾ ਸਿੰਬਲ ’ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀ ਦੀ ਚੋਣ ਲੜ ਰਹੀ ਹੈ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਕੈਂਡੀਡੇਟ ਲੱਭਣੇ ਨਹੀਂ ਪਏ, ਸਗੋਂ ਇੱਕ-ਇੱਕ ਸੀਟ ਤੋਂ ਕਈ-ਕਈ ਲੋਕਾਂ ਨੇ ਪਾਰਟੀ ਕੋਲ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਦਾਅਵਾ ਪੇਸ਼ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਬਾਕਾਇਦਾ ਸਟੇਟ ਇਲੈਕਸ਼ਨ ਕਮੇਟੀ ਦੀਆਂ ਸੇਵਾਵਾਂ ਲੈਣੀਆਂ ਪਈਆਂ।
![]()
