ਜਰਮਨੀ ਦੇ ਬਵੇਰੀਆ ਪ੍ਰਾਂਤ ਵਿੱਚ ਸਥਿਤ ਪਾਸਾਊ ਡਾਇਓਸੀਸ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ 1945 ਤੋਂ 2022 ਤੱਕ ਲਗਭਗ 700 ਬੱਚੇ ਅਤੇ ਕਿਸ਼ੋਰ ਕੈਥੋਲਿਕ ਚਰਚ ਦੇ ਪਾਦਰੀਆਂ ਵੱਲੋਂ ਯੌਨ ਸ਼ੋਸ਼ਣ ਅਤੇ ਹਿੰਸਾ ਦਾ ਸ਼ਿਕਾਰ ਹੋਏ ਹਨ। ਇਹ ਰਿਪੋਰਟ ਪਾਸਾਊ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਤਿਆਰ ਕੀਤੀ ਹੈ ਅਤੇ ਇਸ ਵਿੱਚ ਚਰਚ ਵਿੱਚ ਦਹਾਕਿਆਂ ਤੱਕ ਚੱਲੀ ਸੰਸਥਾਗਤ ਨਾਕਾਮੀ ਅਤੇ ਦਬਾਅ ਵਾਲੀ ਸੰਸਕ੍ਰਿਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਖਬਰ ਨਾ ਸਿਰਫ ਜਰਮਨੀ ਵਿੱਚ ਹਲਚਲ ਮਚਾ ਰਹੀ ਹੈ ਬਲਕਿ ਵਿਸ਼ਵ ਭਰ ਵਿੱਚ ਚਰਚ ਦੀ ਵਿਸ਼ਵਾਸਯੋਗਤਾ ਉੱਪਰ ਸਵਾਲ ਖੜ੍ਹੇ ਕਰ ਰਹੀ ਹੈ। ਇਸ ਰਿਪੋਰਟ ਨੇ ਫਿਰ ਤੋਂ ਉਸ ਵੱਡੇ ਸਵਾਲ ਨੂੰ ਜਨਮ ਦਿੱਤਾ ਹੈ ਕਿ ਜਰਮਨ ਚਰਚਾਂ ਨੇ ਦਹਾਕਿਆਂ ਤੱਕ ਨਾਬਾਲਗਾਂ ਨਾਲ ਦੁਰਵਿਹਾਰ ਕਿਉਂ ਕੀਤਾ?
ਇਸ 400 ਪੰਨਿਆਂ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੱਟੋ-ਘੱਟ 154 ਕੈਥੋਲਿਕ ਪਾਦਰੀਆਂ ਨੇ ਨਾਬਾਲਗਾਂ ਨਾਲ ਯੌਨ ਸ਼ੋਸ਼ਣ, ਸਰੀਰਕ ਹਿੰਸਾ ਜਾਂ ਦੋਵੇਂ ਕੀਤੇ ਹਨ। ਜ਼ਿਆਦਾਤਰ ਪੀੜਤ ਲੜਕੇ ਸਨ। ਖੋਜਕਰਤਾਵਾਂ ਨੇ ਕਿਹਾ ਹੈ ਕਿ ਅਸਲੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਹੋਏ। ਰਿਪੋਰਟ ਵਿੱਚ 672 ਤੋਂ ਵੱਧ ਬੱਚੇ ਅਤੇ ਕਿਸ਼ੋਰਾਂ ਨੂੰ ਪੀੜਤ ਦੱਸਿਆ ਗਿਆ ਹੈ ਜੋ ਕੈਥੋਲਿਕ ਬੋਰਡਿੰਗ ਸਕੂਲਾਂ, ਹੋਸਟਲਾਂ, ਧਾਰਮਿਕ ਸਿੱਖਿਆ ਕਲਾਸਾਂ ਅਤੇ ਆਲਟਰ ਸੇਵਾ ਦੌਰਾਨ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਕਈ ਮਾਮਲਿਆਂ ਵਿੱਚ ਸਿਰਫ਼ ‘ਬੱਚਿਆਂ ਦੇ ਗਰੁੱਪ’ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿਸੇ ਪਾਦਰੀ ਨੇ ਕਲਾਸ ਦੀ ਪ੍ਰੈਕਟਿਸ ਵਿੱਚ ਸ਼ੋਸ਼ਣ ਕੀਤਾ। ਇਸ ਕਰਕੇ ਅਸਲੀ ਪੀੜਤਾਂ ਦੀ ਗਿਣਤੀ ਪੱਕੀ ਨਾਲ ਨਹੀਂ ਦੱਸੀ ਜਾ ਸਕਦੀ।
ਰਿਪੋਰਟ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਪਾਸਾਊ ਡਾਇਓਸੀਸ ਵਿੱਚ 1945 ਤੋਂ 2022 ਤੱਕ ਸੇਵਾ ਕਰਨ ਵਾਲੇ ਲਗਭਗ 2,400 ਪਾਦਰੀਆਂ ਵਿੱਚੋਂ 6.4 ਪ੍ਰਤੀਸ਼ਤ ਤੇ ਨਾਬਾਲਗਾਂ ਨਾਲ ਦੁਰਵਿਹਾਰ ਦਾ ਸ਼ੱਕ ਹੈ। ਇਨ੍ਹਾਂ ਵਿੱਚੋਂ 128 ਪਾਦਰੀਆਂ ਤੇ ਸਿੱਧੇ ਯੌਨ ਸ਼ੋਸ਼ਣ ਦੇ ਇਲਜ਼ਾਮ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 86 ਪ੍ਰਤੀਸ਼ਤ ਸ਼ੱਕੀ ਪਾਦਰੀ ਅਜਿਹੇ ਸਨ ਜਿਨ੍ਹਾਂ ਨੇ ਇਹ ਕੰਮ ਪਹਿਲੀ ਵਾਰ ਨਹੀਂ ਕੀਤਾ ਸੀ। ਉਹ ਵਾਰ-ਵਾਰ ਅਜਿਹਾ ਕਰਦੇ ਰਹੇ। ਇਹ ਤਿੰਨ ਸਾਲਾਂ ਦੀ ਖੋਜ ਹੈ ਜਿਸ ਨੂੰ ਪਾਸਾਊ ਯੂਨੀਵਰਸਿਟੀ ਦੀ ਟੀਮ ਨੇ ਪੂਰਾ ਕੀਤਾ। ਖੋਜ ਦੇ ਮੁਖੀ ਮਾਰਕ ਫੌਨ ਕਲੌਰਿੰਗ ਨੇ ਕਿਹਾ, ‘ਜੋ ਵੀ ਹੋਇਆ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਪੀੜਤਾਂ ਉਪਰ ਇਸ ਦਾ ਬੁਰਾ ਅਸਰ ਪੂਰੀ ਜ਼ਿੰਦਗੀ ਰਹਿੰਦਾ ਹੈ।’ ਪਾਸਾਊ ਦੇ ਬਿਸ਼ਪ ਸਟੀਫਨ ਓਸਟਰ ਨੇ ਰਿਪੋਰਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਚਰਚ ਦੀ ‘ਵੱਡੀ ਨਾਕਾਮੀ’ ਦੱਸਿਆ ਅਤੇ ਕਿਹਾ, ‘ਮੈਂ ਸਿਰਫ਼ ਮੁਆਫ਼ੀ ਮੰਗ ਸਕਦਾ ਹਾਂ ਅਤੇ ਚੁੱਪੀ ਵਾਲੀ ਸੰਸਕ੍ਰਿਤੀ ਨੂੰ ਬਦਲਣ ਦੀ ਜ਼ਰੂਰਤ ਹੈ।’
ਇਹ ਘਟਨਾ ਜਰਮਨੀ ਵਿੱਚ ਚਰਚ ਨਾਲ ਜੁੜੇ ਦੁਰਵਿਹਾਰ ਦੇ ਵੱਡੇ ਸਕੈਂਡਲਾਂ ਦੀ ਇੱਕ ਕੜੀ ਹੈ। 2018 ਵਿੱਚ ਇੱਕ ਰਾਸ਼ਟਰੀ ਪੱਧਰ ਦੀ ਵੱਡੇ ਅਧਿਐਨ ਨੇ ਜਰਮਨੀ ਭਰ ਵਿੱਚ ਕੈਥੋਲਿਕ ਚਰਚਾਂ ਵਿੱਚ ਹਜ਼ਾਰਾਂ ਯੌਨ ਸ਼ੋਸ਼ਣ ਦੇ ਮਾਮਲੇ ਖੋਲ੍ਹੇ ਸਨ। ਉਸ ਅਧਿਐਨ ਵਿੱਚ 1946 ਤੋਂ 2014 ਤੱਕ 3,677 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਨੇ ਚਰਚ ਦੀ ਵਿਸ਼ਵਾਸਯੋਗਤਾ ਨੂੰ ਵੱਡਾ ਝਟਕਾ ਦਿੱਤਾ ਸੀ।
ਹੁਣ ਸਵਾਲ ਇਹ ਹੈ ਕਿ ਜਰਮਨ ਚਰਚਾਂ ਨੇ ਦਹਾਕਿਆਂ ਤੱਕ ਨਾਬਾਲਗਾਂ ਨਾਲ ਅਜਿਹਾ ਦੁਰਵਿਹਾਰ ਕਿਉਂ ਕੀਤਾ? ਰਿਪੋਰਟ ਅਤੇ ਪਿਛਲੇ ਅਧਿਐਨਾਂ ਵਿੱਚ ਇਸ ਦੇ ਕਈ ਕਾਰਨ ਦੱਸੇ ਗਏ ਹਨ। ਪਹਿਲਾ ਵੱਡਾ ਕਾਰਨ ਚਰਚ ਵਿੱਚ ਚੱਲੀ ਚੁੱਪੀ ਅਤੇ ਦਬਾਅ ਵਾਲੀ ਸੰਸਕ੍ਰਿਤੀ ਹੈ। ਪਾਦਰੀਆਂ ਨੂੰ ਬਹੁਤ ਤਾਕਤ ਅਤੇ ਅਧਿਕਾਰ ਮਿਲਿਆ ਹੁੰਦਾ ਹੈ ਅਤੇ ਉਹਨਾਂ ਨੂੰ ਚੁਣੌਤੀ ਦੇਣਾ ਮੁਸ਼ਕਲ ਹੁੰਦਾ ਹੈ। ਬਹੁਤ ਵਾਰ ਪੀੜਤਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਜਾਂ ਉਹਨਾਂ ਨੂੰ ਨਹੀਂ ਮੰਨਿਆ ਜਾਂਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਰਚ ਨੇ ਅਕਸਰ ਗਲਤੀਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਅਤੇ ਪਾਦਰੀਆਂ ਨੂੰ ਸਜ਼ਾ ਦੇਣ ਦੀ ਬਜਾਏ ਨਵੇਂ ਥਾਂ ਭੇਜ ਦਿੱਤਾ ਜਾਂਦਾ ਸੀ ਜਿੱਥੇ ਉਹ ਫਿਰ ਅਜਿਹਾ ਕਰਦੇ ਰਹਿੰਦੇ ਸਨ। ਇਹ ਸੰਸਥਾਗਤ ਨਾਕਾਮੀ ਹੈ ਜਿੱਥੇ ਤਾਕਤ ਵਾਲੇ ਲੋਕ ਆਪਣੇ ਗਲਤ ਕੰਮਾਂ ਨੂੰ ਲੁਕਾਉਾਂਦੇਰਹੇ। ਖੋਜਕਰਤਾਵਾਂ ਨੇ ਇਹ ਵੀ ਕਿਹਾ ਹੈ ਕਿ ਚਰਚ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕੋਈ ਮਜ਼ਬੂਤ ਨਿਯਮ ਨਹੀਂ ਸਨ ਅਤੇ ਰਿਪੋਰਟਿੰਗ ਸਿਸਟਮ ਵੀ ਕਮਜ਼ੋਰ ਸੀ। ਇਹ ਸਭ ਕਾਰਨ ਮਿਲ ਕੇ ਦਹਾਕਿਆਂ ਤੱਕ ਅਜਿਹੇ ਕੰਮਾਂ ਨੂੰ ਚੱਲਣ ਦਿੱਤਾ।
ਕੌਣ ਜ਼ਿੰਮੇਵਾਰ ਹੈ? ਰਿਪੋਰਟ ਵਿੱਚ ਸਿੱਧੇ ਤੌਰ ’ਤੇ 154 ਪਾਦਰੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਜਿਨ੍ਹਾਂ ਨੇ ਯੌਨ ਸ਼ੋਸ਼ਣ ਅਤੇ ਹਿੰਸਾ ਕੀਤੀ। ਪਰ ਇਹ ਸਿਰਫ਼ ਉਹ ਨਹੀਂ ਹਨ। ਚਰਚ ਦੇ ਉੱਚ ਅਧਿਕਾਰੀ ਜਿਵੇਂ ਬਿਸ਼ਪ ਅਤੇ ਆਰਚਬਿਸ਼ਪ ਵੀ ਜ਼ਿੰਮੇਵਾਰ ਹਨ ਕਿਉਂਕਿ ਉਹਨਾਂ ਨੇ ਇਹਨਾਂ ਮਾਮਲਿਆਂ ਨੂੰ ਢੱਕਿਆ ਅਤੇ ਪਾਦਰੀਆਂ ਨੂੰ ਸਜ਼ਾ ਨਹੀਂ ਦਿੱਤੀ। ਉਦਾਹਰਨ ਵਜੋਂ, ਪਿਛਲੇ ਸਕੈਂਡਲਾਂ ਵਿੱਚ ਜਰਮਨੀ ਦੇ ਕਈ ਬਿਸ਼ਪਾਂ ਤੇ ਇਲਜ਼ਾਮ ਲੱਗੇ ਹਨ ਕਿ ਉਹਨਾਂ ਨੇ ਪੀੜਤਾਂ ਨੂੰ ਨਹੀਂ ਸੁਣਿਆ ਅਤੇ ਤਾਕਤ ਵਾਲੇ ਪਾਦਰੀਆਂ ਨੂੰ ਬਚਾਇਆ। ਪਾਸਾਊ ਵਿੱਚ ਵੀ ਰਿਪੋਰਟ ਨੇ ਕਿਹਾ ਹੈ ਕਿ ਚਰਚ ਅਧਿਕਾਰੀਆਂ ਅਤੇ ਗੈਰ-ਚਰਚ ਵਾਲੇ ਵਿਅਕਤੀਆਂ ਨੇ ਵੀ ਗਲਤੀਆਂ ਕੀਤੀਆਂ। ਵੈਟੀਕਨ ਅਤੇ ਪੋਪ ਵੀ ਅਸਿੱਧੇ ਤੌਰ ਤੇ ਜ਼ਿੰਮੇਵਾਰ ਮੰਨੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਿਛਲੇ ਸਾਲਾਂ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਪਰ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ ਗਈ। ਉਦਾਹਰਨ ਵਜੋਂ, 2010 ਵਿੱਚ ਇੱਕ ਮਾਮਲੇ ਵਿੱਚ ਪੀੜਤਾਂ ਨੇ ਪੋਪ ਨੂੰ ਸ਼ਿਕਾਇਤ ਕੀਤੀ ਪਰ ਕੁਝ ਨਹੀਂ ਹੋਇਆ।
ਕੀ ਕਾਰਵਾਈ ਹੋਈ ਹੈ?
ਰਿਪੋਰਟ ਆਉਣ ਤੋਂ ਬਾਅਦ ਬਿਸ਼ਪ ਓਸਟਰ ਨੇ ਮੁਆਫ਼ੀ ਮੰਗੀ ਅਤੇ ਚਰਚ ਵਿੱਚ ਸੰਸਕ੍ਰਿਤੀ ਬਦਲਾਵ ਦੀ ਗੱਲ ਕੀਤੀ। ਚਰਚ ਨੇ ਹੁਣ ਬੱਚਿਆਂ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਹਨ ਜਿਵੇਂ ਸਖ਼ਤ ਸਿਖਲਾਈ ਅਤੇ ਰਿਪੋਰਟਿੰਗ ਸਿਸਟਮ। ਜਰਮਨੀ ਵਿੱਚ ਪੁਲਿਸ ਅਤੇ ਅਦਾਲਤਾਂ ਨੇ ਕਈ ਮਾਮਲਿਆਂ ਵਿੱਚ ਜਾਂਚ ਸ਼ੁਰੂ ਕੀਤੀ ਹੈ ਅਤੇ ਕੁਝ ਪਾਦਰੀਆਂ ਨੂੰ ਸਜ਼ਾ ਵੀ ਹੋਈ ਹੈ। ਉਦਾਹਰਨ ਵਜੋਂ, ਇੱਕ ਮਾਮਲੇ ਵਿੱਚ ਇੱਕ ਪਾਦਰੀ ਨੂੰ 7 ਸਾਲਾਂ ਦੀ ਜੇਲ੍ਹ ਹੋਈ ਪਰ ਚਰਚ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। 2018 ਦੀ ਰਾਸ਼ਟਰੀ ਰਿਪੋਰਟ ਤੋਂ ਬਾਅਦ ਚਰਚ ਨੇ ਵੱਡੇ ਪੱਧਰ ਤੇ ਜਾਂਚਾਂ ਸ਼ੁਰੂ ਕੀਤੀਆਂ ਅਤੇ ਕਈ ਬਿਸ਼ਪਾਂ ਨੂੰ ਅਸਤੀਫਾ ਦੇਣਾ ਪਿਆ। ਪਰ ਬਹੁਤੇ ਲੋਕ ਮੰਨਦੇ ਹਨ ਕਿ ਅਜੇ ਵੀ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਜਿਵੇਂ ਵੈਟੀਕਨ ਵੱਲੋਂ ਵੱਧ ਨਿਗਰਾਨੀ ਅਤੇ ਪੀੜਤਾਂ ਨੂੰ ਮੁਆਵਜ਼ਾ।
ਵਿਸ਼ਵ ਵਿੱਚ ਇਸ ਰਿਪੋਰਟ ’ਤੇ ਕੀ ਪ੍ਰਤੀਕਿਰਿਆ ਹੈ?
ਵਿਸ਼ਵ ਅਖਬਾਰਾਂ ਨੇ ਇਸ ਨੂੰ ਵੱਡੇ ਪੱਧਰ ’ਤੇ ਕਵਰ ਕੀਤਾ ਹੈ। ਡੀਪੀਏ ਨਿਊਜ਼ ਏਜੰਸੀ ਨੇ ਲਿਖਿਆ, ‘ਪਾਸਾਊ ਡਾਇਓਸੀਸ ਵਿੱਚ 700 ਬੱਚੇ ਸ਼ੋਸ਼ਣ ਦਾ ਸ਼ਿਕਾਰ ਹੋਏ, ਇਹ ਚਰਚ ਦੀ ਵੱਡੀ ਨਾਕਾਮੀ ਹੈ।’ ਸਪੀਗਲ ਮੈਗਜ਼ੀਨ ਨੇ ਕਿਹਾ, ‘ਸੈਂਕੜੇ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਚਰਚ ਵਿੱਚ ਸੈਕੰਡਲਾਂ ਨੂੰ ਦਬਾਉਣ ਦੀ ਰੁਚੀ ਤੇ ਚੁੱਪੀ ਨੂੰ ਦਰਸਾਉਂਦੇ ਹਨ।’ ਰੈਲੀਜਨ ਡਿਜੀਟਲ ਨੇ ਬਿਸ਼ਪ ਦੇ ਬਿਆਨ ਨੂੰ ਹਾਈਲਾਈਟ ਕੀਤਾ, ‘ਸਿਰਫ਼ ਮੁਆਫ਼ੀ ਮੰਗੀ ਜਾ ਸਕਦੀ ਹੈ।’
ਲੋਕਾਂ ਦੀ ਪ੍ਰਤੀਕਿਰਿਆ ਵੀ ਤਿੱਖੀ ਹੈ। ਸੋਸ਼ਲ ਮੀਡੀਆ ਐਕਸ ਤੇ ਬਹੁਤ ਸਾਰੀਆਂ ਪੋਸਟਾਂ ਆਈਆਂ ਹਨ। ਟੌਮੀ ਰਿਚਰਡਜ਼ ਨੇ ਲਿਖਿਆ, ‘ਇਹ 77 ਸਾਲਾਂ ਦੀ ਲੁਕੀ ਵਹਿਸ਼ਤ ਹੈ, 700 ਪੀੜਤ ਅਤੇ 154 ਦੋਸ਼ੀ।’
ਵਿਸ਼ਵ ਭਰ ਵਿੱਚ ਲੋਕ ਚਰਚ ਨੂੰ ਵੱਧ ਪਾਰਦਰਸ਼ੀ ਅਤੇ ਜ਼ਿੰਮੇਵਾਰ ਬਣਾਉਣ ਦੀ ਮੰਗ ਕਰ ਰਹੇ ਹਨ। ਬਹੁਤੇ ਅਖਬਾਰਾਂ ਨੇ ਇਸ ਨੂੰ ਚਰਚ ਦੀ ਵੱਡੀ ਨਾਕਾਮੀ ਦੱਸਿਆ ਅਤੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ। ਇਹ ਰਿਪੋਰਟ ਨੇ ਫਿਰ ਤੋਂ ਸਾਬਤ ਕੀਤਾ ਹੈ ਕਿ ਚਰਚ ਨੂੰ ਆਪਣੇ ਅੰਦਰ ਵੱਡੇ ਬਦਲਾਵ ਲਿਆਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੇ ਕੰਮ ਨਾ ਵਾਪਰਨ।
ਇਹ ਰਿਪੋਰਟ ਪਾਸਾਊ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਮੁੱਖ ਤੌਰ ’ਤੇ 8 ਦਸੰਬਰ 2025 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਪਹਿਲਾਂ ਬਿਸ਼ਪ ਅਤੇ ਬੈਠਕਾਂ ਨੂੰ ਦਿੱਤੀ ਗਈ ਸੀ ਅਤੇ ਫਿਰ ਆਨਲਾਈਨ ਅਤੇ ਅਖਬਾਰਾਂ ਵਿੱਚ ਆਈ ਸੀ।
![]()
