ਮੁਸਕਰਾਹਟ ਨਾਲ ਸਵਾਗਤ ਕਰਨਾ ਇਨਸਾਨ ਹੋਣ ਦੀ ਅਮੀਰੀ

In ਮੁੱਖ ਲੇਖ
January 07, 2026

ਜੀਵਨ ਦੇ ਮਾਰਗ ’ਤੇ ਵਿਚਰਦਿਆਂ ਹਰ ਮਨੁੱਖ ਦਾ ਨਿੱਤ ਦਿਨ ਅਨੇਕਾਂ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਇੱਕ-ਦੂਜੇ ਨਾਲ ਮਨੁੱਖ ਕਿਹੋ ਜਿਹਾ ਵਿਹਾਰ ਕਰਦਾ ਹੈ, ਇਹ ਅਕਸਰ ਹੀ ਹਰ ਕੋਈ ਦੇਖਦਾ-ਪਰਖਦਾ ਹੈ। ਘਰ ’ਚ ਆਏ ਪ੍ਰਾਹਣਿਆਂ ਨੂੰ ਖਿੜੇ ਮੱਥੇ ਜੀ ਆਇਆਂ ਕਹਿ ਕੇ ਸਵਾਗਤ ਕਰਨਾ ਮਨੁੱਖੀ ਸੂਝ ਤੇ ਸਲੀਕੇ ਦੀ ਅਮੀਰੀ ਹੁੰਦੀ ਹੈ। ਇਸ ’ਤੇ ਕੋਈ ਖ਼ਰਚ ਨਹੀਂ ਆਉਂਦਾ ਪਰ ਆਉਣ ਵਾਲਿਆਂ ’ਤੇ ਇਸ ਵਿਹਾਰ ਦਾ ਬਹੁਤ ਡੂੰਘਾ ਅਸਰ ਹੁੰਦਾ ਹੈ। ਉਂਝ ਤਾਂ ਕਿਸੇ ਘਰ, ਦਫ਼ਤਰ, ਅਦਾਰੇ ’ਚ ਵੀ ਕੋਈ ਜਾਵੇ, ਤਾਂ ਹਰ ਬੰਦਾ ਇਹੀ ਤਵੱਕੋ ਕਰਦਾ ਹੈ ਕਿ ਉਸ ਨਾਲ ਚੰਗਾ ਵਿਹਾਰ ਕੀਤਾ ਜਾਵੇ। ਮਨੁੱਖੀ ਸੂਝ-ਸਮਝ ਤੇ ਸਲੀਕਾ ਵੀ ਇਹੋ ਮੰਗ ਕਰਦਾ ਹੈ ਕਿ ਹਰ ਕਿਸੇ ਨਾਲ ਇਨਸਾਨੀਅਤ ਭਰਿਆ ਸਲੂਕ ਕੀਤਾ ਜਾਵੇ। ਇੱਥੇ ਇਹ ਵੀ ਜ਼ਰੂਰੀ ਹੈ ਕਿ ਚਾਹੁੰਦਾ ਹਰ ਕੋਈ ਹੈ ਕਿ ਉਸ ਨਾਲ ਦੂਜਾ ਬੰਦਾ ਸੱਭਿਅਕ ਵਰਤਾਓ ਕਰੇ ਪਰ ਆਪ ਕਈ ਵਾਰ ਬੰਦਾ ਦੂਜੇ ਨਾਲ ਖਰ੍ਹਵਾ ਬੋਲ ਕੇ ਆਪਣੀ ਪਛਾਣ ਕਰਵਾ ਦਿੰਦਾ ਹੈ। ਉਂਝ ਖਿੜੇ ਚਿਹਰੇ ਤੇ ਮੁਸਕਰਾਹਟ ਨਾਲ ਕਿਸੇ ਦਾ ਸਵਾਗਤ ਕਰਨਾ ਇਨਸਾਨ ਹੋਣ ਦੀ ਅਮੀਰੀ ਹੈ।
ਕਿਸੇ ਘਰ ਜਦੋਂ ਕੋਈ ਵਿਆਹ-ਸ਼ਾਦੀ, ਭੋਗ ਜਾਂ ਕੋਈ ਹੋਰ ਸਮਾਗਮ ਹੁੰਦਾ ਹੈ ਤਾਂ ਮੇਜ਼ਬਾਨ ਘਰ ਦੀਆਂ ਬਰੂਹਾਂ ’ਤੇ ਖੜ੍ਹੇ ਹੋ ਕੇ ਆਏ ਪ੍ਰਾਹੁਣਿਆਂ ਦਾ ਹੱਥ ਜੋੜ ਕੇ ਤੇ ਮੁਸਕਰਾ ਕੇ ਸਵਾਗਤ ਕਰਦੇ ਹਨ ਤੇ ਜੀ ਆਇਆਂ ਕਹਿ ਕੇ ਮਹਿਮਾਨਾਂ ਨੂੰ ਇਹੀ ਅਹਿਸਾਸ ਕਰਵਾਉਂਦੇ ਹਨ ਕਿ ਤੁਸੀਂ ਇਸ ਸਮਾਗਮ ’ਚ ਸ਼ਾਮਿਲ ਹੋ ਕੇ ਸਾਡਾ ਮਾਣ ਵਧਾਇਆ ਹੈ। ਆਮ ਤੌਰ ’ਤੇ ਘਰਾਂ ਵਿਚ ਹੁੰਦੇ ਸਮਾਗਮਾਂ ਸਮੇਂ ਤਾਂ ਸਟੇਜ ਸਕੱਤਰ ਪਰਿਵਾਰ ਵੱਲੋਂ ਇਕੱਠ ਵਿਚ ਬੈਠਿਆਂ ਨੂੰ ਜੀ ਆਇਆਂ ਕਹਿ ਕੇ ਆਪਣੀ ਗੱਲ ਸ਼ੁਰੂ ਕਰਦਾ ਹੈ। ਅੰਤ ’ਚ ਸਭ ਦਾ ਧੰਨਵਾਦ ਕਰਨ ਦਾ ਵੀ ਇਹੀ ਮਕਸਦ ਹੁੰਦਾ ਹੈ ਕਿ ਤੁਹਾਡੀ ਆਮਦ ਨੇ ਇਸ ਖ਼ੁਸ਼ੀਆਂ ਭਰੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਹਨ। ਸਮੇਂ ਦੇ ਬਦਲਣ ਨਾਲ ਪੈਲੇਸੀ ਸੱਭਿਆਚਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹੁਣ ਤਾਂ ਕਈ ਵਾਰ ਘਰ ਵਾਲਿਆਂ ਨੂੰ ਰੁਝੇਵਿਆਂ ਕਾਰਨ ਬਹੁਤੇ ਪ੍ਰਾਹਣਿਆਂ ਨੂੰ ਜੀ ਆਇਆਂ ਕਹਿਣ ਦਾ ਮੌਕਾ ਹੀ ਨਹੀਂ ਮਿਲਦਾ। ਹੁਣ ਕੋਈ ਇਹ ਉਡੀਕ ਨਹੀਂ ਕਰਦਾ ਕਿ ਉਸ ਨੂੰ ਚਾਹ-ਪਾਣੀ ਜਾਂ ਰੋਟੀ ਖਾਣ ਲਈ ਕੋਈ ਬੇਨਤੀ ਕਰੇ। ਹਰ ਮਹਿਮਾਨ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਇਹ ਜ਼ਿੰਮੇਵਾਰੀ ਆਪ ਹੀ ਨਿਭਾਈ ਜਾਂਦਾ ਹੈ। ਕਈ ਵਾਰ ਤਾਂ ਘਰ ਵਾਲਿਆਂ ਦੇ ਦਰਸ਼ਨ ਹੀ ਨਹੀਂ ਹੁੰਦੇ।
ਪੁਰਾਣੇ ਸਮਿਆਂ ’ਚ ਕਿਸੇ ਵਿਸ਼ੇਸ਼ ਮਹਿਮਾਨ ਦੀ ਆਮਦ ਸਮੇਂ ਘਰ ਵਾਲੇ ਮੁੱਖ ਦਰਵਾਜ਼ੇ ਦੀਆਂ ਬਰੂਹਾਂ ’ਤੇ ਸਰ੍ਹੋਂ ਦਾ ਤੇਲ ਚੋਅ ਕੇ ਉਸ ਨੂੰ ਜੀ ਆਇਆਂ ਕਹਿੰਦੇ ਸਨ। ਅਜੇ ਵੀ ਕਿਤੇ-ਕਿਤੇ ਇਹ ਰਸਮ ਨਿਭਾਈ ਜਾਂਦੀ ਹੈ। ਆਉਣ ਵਾਲੇ ਪ੍ਰਾਹੁਣੇ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਸੀ ਕਿ ਤੁਹਾਡਾ ਆਉਣਾ ਸਾਡੇ ਸਿਰ ਮੱਥੇ ਹੈ। ਬਦਲ ਰਹੇ ਸਮਿਆਂ ਦੀ ਬਦੌਲਤ ਪ੍ਰਾਹਣੇ ਵੀ ਹੁਣ ਕਦੇ-ਕਦਾਈਂ ਹੀ ਆਉਾਂਦੇਹਨ। ਇਸ ਸਬੰਧੀ ਵੀ ਪਹਿਲਾਂ ਮੋਬਾਈਲ ’ਤੇ ਸਹਿਮਤੀ ਤੇ ਸਮਾਂ ਲੈ ਕੇ ਹੀ ਅਗਲਾ ਆਉਾਂਦਾਹੈ। ਹੁਣ ਲੋਕ ਪਹਿਲਾਂ ਵਰਗੇ ਮਹਿਮਾਨ-ਨਿਵਾਜ਼ ਵੀ ਨਹੀਂ ਰਹੇ। ਘਰ ਆਏ ਨੂੰ ਕੋਈ ਹੱਸ ਕੇ ਬੁਲਾ ਲਵੇ ਤਾਂ ਇਹੀ ਗਨੀਮਤ ਹੈ। ਮੋਬਾਇਲ ’ਤੇ ਤਾਂ ਭਾਵੇਂ ਰੋਜ਼ ਹੀ ‘ਗੁੱਡ ਮੌਰਨਿੰਗ’ ਦੇ ਸੁਨੇਹੇ ਤੇ ਨਕਲੀ ਫੁੱਲਾਂ ਦੇ ਗੁਲਦਸਤੇ ਭੇਜੇ ਜਾਂਦੇ ਹੋਣ ਪਰ ਘਰ ਬਿਨਾਂ ਦੱਸੇ ਤੇ ਬੇਵਕਤ ਆਏ ਨੂੰ ਬਹੁਤੇ ਲੋਕ ਚੰਗਾ ਨਹੀਂ ਸਮਝਦੇ।
ਕਿਸੇ ਸਕੂਲ, ਕਾਲਜ, ਯੂਨੀਵਰਸਿਟੀ, ਦਫ਼ਤਰ ਜਾਂ ਆਦਾਰੇ ’ਚ ਜਦੋਂ ਕਦੇ ਕੋਈ ਨਵਾਂ ਅਧਿਆਪਕ, ਪ੍ਰਿੰਸੀਪਲ, ਅਧਿਕਾਰੀ ਤੇ ਮੁਲਾਜ਼ਮ ਪਹਿਲੇ ਦਿਨ ਆਉਾਂਦਾਹੈ ਤਾਂ ਉਸ ਨੂੰ ਉਸ ਦੇ ਦਫ਼ਤਰ ਵੱਲੋਂ ਰਸਮੀ ਤੌਰ ’ਤੇ ਜੀ ਆਇਆਂ ਕਹਿ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ। ਉਸ ਨੂੰ ਦਫ਼ਤਰ ਵੱਲੋਂ ਉਸ ਦੇ ਕੰਮ ਦੇ ਤੌਰ-ਤਰੀਕੇ ਤੇ ਸਾਥੀ ਕਰਮਚਾਰੀਆਂ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ, ਤਾਂ ਜੋ ਉਹ ਸਾਰਿਆਂ ਨਾਲ ਰਚ-ਮਿਚ ਸਕੇ। ਕੰਮ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਹਰ ਥਾਂ ਸੁਚਾਰੂ ਰੂਪ ਵਿਚ ਨਿਰਵਿਘਨ ਤੇ ਸਫਲਤਾ ਪੂਰਵਕ ਕੰਮ ਦਾ ਮਹੌਲ ਸਿਰਜਣ ਲਈ ਇਕ-ਦੂਜੇ ਨਾਲ ਮੇਲ-ਮਿਲਾਪ ਤੇ ਸੰਵਾਦ ਜ਼ਰੂਰੀ ਸ਼ਰਤ ਹੈ। ਅਕਸਰ ਹੀ ਦੇਖਦੇ ਹਾਂ ਕਿ ਸਾਹਿਤਕ-ਸੱਭਿਆਚਾਰਕ ਸਮਾਗਮਾਂ ਸਮੇਂ ਪ੍ਰਬੰਧਕਾਂ ਵੱਲੋਂ ਸਭ ਤੋਂ ਪਹਿਲਾਂ ਹਾਜ਼ਰੀਨ ਨੂੰ ਨਿੱਘੀ ਜੀ ਆਇਆਂ ਕਹਿ ਕੇ ਸਮਾਗਮ ’ਚ ਹਾਜ਼ਰ ਹੋਣ ਲਈ ਸਵਾਗਤ ਕੀਤਾ ਜਾਂਦਾ ਹੈ। ਕਈ ਵਾਰ ਬੁਲਾਰਾ ਬਹੁਤ ਹੀ ਕਾਵਿਕ ਸ਼ਬਦਾਂ ’ਚ ਸੰਬੋਧਨ ਕਰ ਕੇ ਜਾਂ ਕਿਸੇ ਕਵਿਤਾ ਦੀਆਂ ਸਤਰਾਂ ਬੋਲ ਕੇ ਸਰੋਤਿਆਂ ਦਾ ਮਨ ਜਿੱਤ ਲੈਂਦਾ ਹੈ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਜੀ ਆਇਆਂ ਕਹਿਣ ਵਾਲਾ ਸਵਾਗਤ ਕਰਨ ਦੀ ਥਾਂ ਲੋਕਾਂ ਦਾ ਧੰਨਵਾਦ ਹੀ ਕਰੀ ਜਾਂਦਾ ਹੈ, ਜਦੋਂਕਿ ਧੰਨਵਾਦ ਤਾਂ ਸਮਾਗਮ ਦੇ ਅਖ਼ੀਰ ਵਿਚ ਕੀਤਾ ਜਾਣਾ ਹੁੰਦਾ ਹੈ।
ਅਸਲ ’ਚ ਜੀ ਆਇਆਂ ਤੇ ਸਵਾਗਤ ਕੇਵਲ ਰਸਮੀ ਸ਼ਬਦ ਮਾਤਰ ਹੀ ਨਹੀਂ ਹਨ। ਜਦੋਂ ਵੀ ਕੋਈ ਕਿਸੇ ਰਿਸ਼ਤੇਦਾਰ, ਦੋਸਤ-ਮਿੱਤਰ ਜਾਂ ਕਿਤੇ ਵੀ ਕਿਸੇ ਨੂੰ ਮਿਲਣ ਜਾਂਦਾ ਹੈ ਤਾਂ ਜਦੋਂ ਮੇਜ਼ਬਾਨ ਤੁਹਾਨੂੰ ਡੂੰਘੀ ਅਪਣੱਤ ਦਿਖਾਉਂਦਿਆਂ ਧੰਨਭਾਗ ਕਹਿ ਕੇ ਘਰ ਦੀਆਂ ਬਰੂਹਾਂ ਉੱਤੇ ਖਿੜੇ ਚਿਹਰੇ ਨਾਲ ਜੀ ਆਇਆਂ ਕਹਿੰਦਾ ਹੈ ਤਾਂ ਇਹ ਸ਼ਬਦ ਮਨੁੱਖ ਦੇ ਮਨ-ਮਸਤਕ ’ਚ ਵਸ ਜਾਂਦੇ ਹਨ। ਮਨੁੱਖ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਮੇਜ਼ਬਾਨ ਤੁਹਾਡੇ ਜਾਣ ’ਤੇ ਕਿੰਨਾ ਕੁ ਖ਼ੁਸ਼ ਹੋਇਆ ਹੈ। ਹਵਾਈ ਅੱਡਿਆਂ ’ਤੇ ਇਹ ਦ੍ਰਿਸ਼ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਆਪਣੇ ਸਕੇ-ਸਬੰਧੀਆਂ ਨੂੰ ਜੀ ਆਇਆਂ ਕਹਿਣ ਲਈ ਘਰ ਦੇ ਮੈਂਬਰ ਫੁੱਲਾਂ ਦੇ ਬੁੱਕੇ ਲੈ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਸਹੀ ਸਲਾਮਤ ਪਹੁੰਚਣ ਦੀ ਖ਼ੁਸ਼ੀ ਵਿਚ ਮਠਿਆਈ ਖੁਆ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਕਈ ਸਾਲਾਂ ਬਾਅਦ ਜਦੋਂ ਕਦੇ ਕੋਈ ਵਿਦੇਸ਼ੋਂ ਪਰਤ ਕੇ ਪਿੰਡ ਆਉਂਦਾ ਹੈ, ਤਾਂ ਸਾਰਾ ਪਰਿਵਾਰ ਉਸ ਦਾ ਸਵਾਗਤ ਕਰਨ ’ਤੇ ਜੀ ਆਇਆਂ ਕਹਿਣ ਲਈ ਪੱਬਾਂ ਭਾਰ ਹੋਇਆ ਕਈ ਸਕੀਮਾਂ ਘੜਦਾ ਹੈ। ਘਰ ਦੇ ਵਿਛੜੇ ਜੀਆਂ ਦੇ ਆਉਣ ਦੀ ਖ਼ੁਸ਼ੀ ਮਨਾਉਾਂਦਿਆਂ,ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਸ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਨਿਛਾਵਰ ਕੀਤਾ ਜਾਂਦਾ ਹੈ। ਬਹੁਤੇ ਲੋਕ ਤਾਂ ਹੁਣ ਕਿਸੇ ਆਪਣੇ ਦੀ ਆਮਦ ’ਤੇ ਕੇਕ ਕੱਟ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ।
ਜਦੋਂ ਕੋਈ ਖਿਡਾਰੀ ਜਾਂ ਟੀਮ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਤਗ਼ਮੇ ਲੈ ਕੇ ਦੇਸ਼ ਦਾ ਨਾਂ ਰੋਸ਼ਨ ਕਰ ਕੇ ਵਾਪਸ ਆਪਣੇ ਦੇਸ਼ ਪਰਤਦੇ ਹਨ, ਤਾਂ ਹਵਾਈ ਅੱਡੇ ਉੱਤੇ ਹੀ ਉਨ੍ਹਾਂ ਦਾ ਸਵਾਗਤ ਕਰਨ ਤੇ ਜੀ ਆਇਆਂ ਕਹਿਣ ਲਈ ਵਿਸ਼ੇਸ਼ ਅਧਿਕਾਰੀ ਪਹੁੰਚਦੇ ਹਨ। ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ। ਹਰ ਕੋਈ ਉਨ੍ਹਾਂ ਦੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਬੇਤਾਬ ਹੋ ਜਾਂਦਾ ਹੈ। ਕਿਸੇ ਵੀ ਖੇਤਰ ਦੇ ਜੇਤੂ ਲਈ ਇਹ ਪਲ ਬਹੁਤ ਹੀ ਅਨਮੋਲ ਤੇ ਨਿਵੇਕਲੇ ਹੁੰਦੇ ਹਨ। ਕੋਈ ਵੀ ਸਮਾਗਮ ਭਾਵੇਂ ਸਰਕਾਰੀ, ਨਿੱਜੀ, ਦਫ਼ਤਰੀ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਹੋਵੇ, ਸਭ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਕਹਿ ਕੇ ਹੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਚਲਾਈ ਜਾਂਦੀ ਹੈ। ਅਸਲ ’ਚ ਇਹ ਕੇਵਲ ਕੋਈ ਰਸਮੀ ਕਾਰਵਾਈ ਹੀ ਨਹੀਂ ਹੁੰਦੀ ਸਗੋਂ ਮਨੁੱਖੀ ਸੂਝ-ਸਮਝ ਤੇ ਵਿਵੇਕ ਦਾ ਪ੍ਰਗਟਾਵਾ ਹੁੰਦੀ ਹੈ। ਆਮ ਜੀਵਨ ਵਿੱਚ ਵੀ ਇੱਕ-ਦੂਜੇ ਨੂੰ ਖਿੜੇ ਚਿਹਰੇ ਨਾਲ ਮਿਲਣਾ ਇੱਕ-ਦੂਜੇ ਨੂੰ ਜੀ ਆਇਆਂ ਕਹਿਣ ਦੇ ਸਮਾਨ ਹੀ ਹੁੰਦਾ ਹੈ।
ਅਜੋਕੀ ਜ਼ਿੰਦਗੀ ’ਚ ਬਹੁਤ ਕੁਝ ਬਦਲਦਾ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਅਜੋਕੇ ਸੋਸ਼ਲ ਮੀਡੀਆ ਦੇ ਜਾਲ ’ਚ ਬੁਰੀ ਤਰ੍ਹਾਂ ਗ੍ਰਿਫ਼ਤ ਹੁੰਦਾ ਜਾ ਰਿਹਾ ਹੈ। ਉਸ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖ਼ਬਰ ਹੀ ਨਹੀਂ। ਉਹ ਤਾਂ ਆਮ ਤੌਰ ’ਤੇ ਘਰ ਦੇ ਜੀਆਂ ਨਾਲ ਵੀ ਗੱਲਬਾਤ ਨਹੀਂ ਕਰਦਾ। ਕੇਵਲ ਵ੍ਹਟਸਐਪ, ਇੰਸਟਾਗ੍ਰਾਮ ’ਤੇ ਸੁਨੇਹੇ ਭੇਜਣੇ ਹੀ ਜ਼ਿੰਦਗੀ ਨਹੀਂ ਹੁੰਦੀ। ਲੋਕਾਂ ਨਾਲ ਮਿਲਣ ਤੇ ਸੰਵਾਦ ਰਚਾਉਣ ਨਾਲ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਅਜੋਕੇ ਸਮੇਂ ਦੀ ਮਾਨਸਿਕਤਾ ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਦਾ ਇੱਕ ਸ਼ਿਅਰ ਵੀ ਕਾਬਿਲੇਗੌਰ ਹੈ, ‘ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ।’

  • ਗੁਰਬਿੰਦਰ ਸਿੰਘ ਮਾਣਕ

Loading