ਮੈਨੂੰ ਪਰਵਾਸੀ ਚੰਗੇ ਨਹੀਂ ਲੱਗਦੇ

In ਮੁੱਖ ਲੇਖ
January 07, 2026

ਹਰਜੀਤ ਸਿੰਘ

ਉਹ ਗੋਰਾ ਸੀ। ਸੇਵਾਮੁਕਤ ਅਧਿਆਪਕ ਸੀ ਅਤੇ ਇਸ ਦਾ ਉਸ ਨੂੰ ਬਹੁਤ ਹੰਕਾਰ ਸੀ। ਦੂਜਾ ਉਸ ਨੂੰ ਇਸ ਦਾ ਹੰਕਾਰ ਸੀ ਕਿ ਉਹ ਅੰਗਰੇਜ਼ੀ ਬਹੁਤ ਜਾਣਦਾ ਹੈ ਕਿਉਂਕਿ ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਹੈ ਅਤੇ ਪਰਵਾਸੀ ਅੰਗਰੇਜ਼ੀ ਬਹੁਤ ਘੱਟ ਜਾਣਦੇ ਹਨ। ਉਸ ਦੇ ਵੱਡੇ ਵਡੇਰੇ ਯੂਰਪ ਤੋਂ ਪਰਵਾਸ ਕਰਕੇ ਆਏ ਸਨ ਅਤੇ ਫਿਰ ਇੱਥੋਂ ਦੇ ਹੋ ਗਏ।
ਉਹ ਅਕਸਰ ਮੈਨੂੰ ਪਾਰਕ ਵਿੱਚ ਸੈਰ ਕਰਦਾ ਮਿਲ ਜਾਂਦਾ। ਹਾਏ ਹੈਲੋ ਹੁੰਦੀ ਰਹਿੰਦੀ। ਅਕਸਰ ਉਹ ਮੈਨੂੰ ਟੋਕਦਾ ਕਿ ਇਹ ਅੱਖਰ ਏਦਾ ਨਹੀਂ, ਏਦਾ ਬੋਲਣਾ ਹੈ ਅਤੇ ਫਿਰ ਅਧਿਆਪਕ ਵਾਂਗ ਆਖਣਾ ਕਿ ਮੇਰੇ ਮਗਰ ਬੋਲੋ। ਮੈਂ ਉਸ ਨੂੰ ਕਹਿੰਦਾ ਕਿ ਉਸ ਦਾ ਬੋਲਣ ਦਾ ਢੰਗ ਯੂਰਪ ਦਾ ਹੈ ਅਤੇ ਮੇਰਾ ਭਾਰਤੀ, ਇਸ ਲਈ ਇਹ ਫ਼ਰਕ ਹੈ, ਪਰ ਉਹ ਹਰ ਗੱਲ ਵਿੱਚ ਆਪਣਾ ਹੀ ਘੋੜਾ ਭਜਾਉਂਦਾ ਰਹਿੰਦਾ ਅਤੇ ਮੇਰੀ ਗੱਲ ਨਾ ਸੁਣਦਾ।
ਇੱਕ ਦਿਨ ਗੱਲਾਂ ਕਰਦਿਆਂ ਮੈਂ ਉਸ ਨਾਲ ਸੇਕਸ਼ਪੀਅਰ, ਹੈਮਿੰਗਵੇ, ਵਰਡਸਵਰਥ, ਕੀਟਸ ਆਦਿ ਕਈ ਹੋਰ ਅੰਗਰੇਜ਼ੀ ਲੇਖਕਾਂ ਦੀਆਂ ਲਿਖਤਾਂ ਦਾ ਜ਼ਿਕਰ ਕੀਤਾ। ਰੂਸ ਦੇ ਲੇਖਕ ਗੋਰਕੀ ਆਦਿ ਅਤੇ ਗਰੀਕ ਸਾਹਿਤ ਦੀ ਗੱਲ ਕੀਤੀ। ਮੈਂ ਸਿਰਫ਼ ਉਨ੍ਹਾਂ ਸਾਹਿਤਕਾਰਾਂ ਬਾਰੇ ਹੀ ਗੱਲ ਕੀਤੀ, ਜਿਨ੍ਹਾਂ ਨੂੰ ਮੈਂ ਪੜਿ੍ਹਆ ਸੀ। ਮੇਰੀਆਂ ਗੱਲਾਂ ਸੁਣ ਕੇ ਉਹ ਹੈਰਾਨ ਹੋ ਕੇ ਮੇਰੇ ਵੱਲ ਇੰਝ ਦੇਖਣ ਲੱਗਾ ਜਿਵੇਂ ਮੈਂ ਕਿਸੇ ਹੋਰ ਦੁਨੀਆ ਤੋਂ ਆਇਆ ਹੋਵਾਂ। ਫਿਰ ਉਹ ਮੈਨੂੰ ਕਹਿਣ ਲੱਗਾ ਕਿ ਉਸ ਨੇ ਤਾਂ ਇੰਨਾਂ ਸਾਹਿਤ ਪੜਿ੍ਹਆ ਹੀ ਨਹੀਂ।
‘‘ਤੁਸੀਂ ਕਿੰਨੀਆਂ ਭਾਸ਼ਾਵਾਂ ਜਾਣਦੇ ਹੋ?” ਉਸ ਨੇ ਮੈਨੂੰ ਸਵਾਲ ਕੀਤਾ।
“ਮੈਂ ਚਾਰ ਭਾਸ਼ਾਵਾਂ ਜਾਣਦਾ ਹਾਂ। ਪਹਿਲੀ ਮੇਰੀ ਮਾਂ ਬੋਲੀ ਪੰਜਾਬੀ, ਦੂਜੀ ਤੁਹਾਡੀ ਮਾਂ ਬੋਲੀ ਅੰਗਰੇਜ਼ੀ, ਤੀਜੀ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਚੌਥੀ ਉਰਦੂ’’ ਮੈਂ ਜਵਾਬ ਦਿੱਤਾ। ਮੈਨੂੰ ਲੱਗਿਆ ਕਿ ਉਸ ਨੂੰ ਇਹ ਸਭ ਕੁਝ ਝੂਠ ਲੱਗ ਰਿਹਾ ਸੀ ਕਿ ਇੱਕ ਪਰਵਾਸੀ ਏਨਾ ਸਾਹਿਤ ਅਤੇ ਭਾਸ਼ਾਵਾਂ ਕਿਵੇਂ ਜਾਣਦਾ ਹੈ। ਮੈਂ ਇੱਥੇ ਦੱਸ ਦਿਆਂ ਕਿ ਗੋਰੇ ਲੋਕਾਂ ਲਈ ਇੱਕ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ।
‘‘ਤੁਸੀਂ ਰੂਸੀ ਅਤੇ ਗਰੀਕ ਸਾਹਿਤ ਕਿਵੇਂ ਪੜਿ੍ਹਆ।” ਉਸ ਨੇ ਫਿਰ ਅਗਲਾ ਸਵਾਲ ਕੀਤਾ।
“ਇਹ ਸਾਹਿਤ ਮੈਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੋਏ ਅਨੁਵਾਦ ਤੋਂ ਪੜਿ੍ਹਆ ਹੈ।” ਮੇਰਾ ਜਵਾਬ ਸੀ।
ਉਸ ਨੇ ਆਪਣੀ ਜੇਬ ਵਿੱਚੋਂ ਇੱਕ ਕਾਗਜ਼ ਅਤੇ ਪੈੱਨ ਕੱਢਿਆ ਅਤੇ ਕਹਿਣ ਲੱਗਾ,
‘‘ਚਲੋ ਚਾਰੇ ਭਾਸ਼ਾਵਾਂ ਵਿੱਚ ਆਪਣਾ ਨਾਂ ਲਿਖ ਕੇ ਦਿਖਾਓ।’’ ਮੈਂ ਤੁਰੰਤ ਚਾਰੇ ਭਾਸ਼ਾਵਾਂ ਵਿੱਚ ਆਪਣਾ ਨਾਂ ਲਿਖ ਕੇ ਉਸ ਨੂੰ ਦੇ ਦਿੱਤਾ।
“ਮੈਂ ਇਹ ਕਾਗਜ਼ ਰੱਖ ਲਵਾਂ?’’ ਉਸ ਨੇ ਪੁੱਛਿਆ।
“ਹਾਂ ਜੀ ਰੱਖ ਲਓ।’’ ਮੈਂ ਕਿਹਾ।
“ਮੈਨੂੰ ਤਾਂ ਸਿਰਫ਼ ਅੰਗਰੇਜ਼ੀ ਆਉਂਦੀ ਹੈ।’’ ਇਹ ਆਖ ਕਿ ਉਸ ਨੇ ਕਾਗਜ਼ ਆਪਣੀ ਜੇਬ ਵਿੱਚ ਪਾ ਲਿਆ।
“ਅਸਲ ਵਿੱਚ ਮੈਂ ਪਰਵਾਸੀਆ ਦੇ ਖਿਲਾਫ਼ ਹਾਂ।” ਉਹ ਕੁਝ ਉਦਾਸ ਹੋ ਕੇ ਆਖਣ ਲੱਗਾ।
“ਪਰ ਤੁਸੀਂ ਵੀ ਤਾਂ ਪਰਵਾਸੀ ਹੋ।’’ ਮੈਂ ਆਖਿਆ।
“ਨਹੀਂ, ਇਹ ਸਾਡਾ ਦੇਸ਼ ਹੈ, ਮੈਂ ਵ੍ਹਾਈਟ ਹਾਂ।”
“ਤੁਹਾਨੂੰ ਚਾਹੀਦਾ ਹੈ ਕਿ ਇਮੀਗ੍ਰੇਸ਼ਨ ਨੂੰ ਲਿਖੋ ਕਿ ਸਾਨੂੰ ਪਰਵਾਸੀ ਨਹੀਂ ਚਾਹੀਦੇ।” ਮੈਂ ਆਖਿਆ।
“ਸਾਨੂੰ ਪਰਵਾਸੀ ਚਾਹੀਦੇ ਹਨ, ਪਰ ਸਿਰਫ਼ ਮਜ਼ਦੂਰ, ਜਿਹੜੇ ਸਾਡਾ ਹਰ ਹੁਕਮ ਮੰਨਣ, ਕੋਈ ਕਿੰਤੂ ਪ੍ਰੰਤੂ ਨਾ ਕਰਨ ਅਤੇ ਤੁਹਾਡੇ ਵਰਗੇ ਅੰਗਰੇਜ਼ੀ ਜਾਣਨ ਵਾਲੇ ਨਹੀਂ।”
ਇਹ ਆਖ ਉਹ ਅਗਾਂਹ ਤੁਰ ਪਿਆ ਅਤੇ ਮੇਰੇ ਲਈ ਪਿੱਛੇ ਕਈ ਅਣਸੁਲਝੇ ਸਵਾਲ ਛੱਡ ਗਿਆ। ਇਹ ਸਵਾਲ ਅਜੇ ਤੱਕ ਮੇਰਾ ਪਿੱਛਾ ਕਰ ਰਹੇ ਹਨ।
ਚਲੋ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਇੱਕ ਮਲਟੀਨੈਸ਼ਨਲ ਕੰਪਨੀ ਦੀ ਸ਼ਰਤ ਸੀ ਕਿ ਉਸ ਦੇ ਹਰ ਮੁਲਾਜ਼ਮ ਲਈ ਅੰਗਰੇਜ਼ੀ ਦਾ ਨਿਸ਼ਚਤ
ਲੈਵਲ (ਇੱਥੇ ਕਲਾਸਾਂ ਦੇ ਲੈਵਲ ਹੁੰਦੇ ਹਨ) ਪਾਸ ਕਰਨਾ ਲਾਜ਼ਮੀ ਹੈ। ਇੱਕ ਗੋਰੇ ਨੂੰ ਇਸ ਕੰਪਨੀ ਵਿੱਚ ਨੌਕਰੀ ਮਿਲ ਗਈ, ਪਰ ਉਹ ਅੰਗਰੇਜ਼ੀ ਦਾ ਨਿਸ਼ਚਤ ਲੈਵਲ ਪਾਸ ਨਾ ਕਰ ਸਕਿਆ। ਅੰਗਰੇਜ਼, ਅੰਗਰੇਜ਼ੀ ਵਿੱਚੋਂ ਹੀ ਫੇਲ੍ਹ ਹੋ ਗਿਆ।

Loading