ਪੰਜਾਬ ਦਾ ਮਾਣ ਫੁੱਟਬਾਲ ਖਿਡਾਰੀ ਇੰਦਰ ਸਿੰਘ

In ਖੇਡ ਖਿਡਾਰੀ
January 22, 2026

ਪ੍ਰਿੰਸੀਪਲ ਸਰਵਣ ਸਿੰਘ
ਇੰਦਰ ਸਿੰਘ ਨੂੰ ਪੰਜਾਬ ਦਾ ਪੇਲੇ ਕਿਹਾ ਜਾਂਦਾ ਹੈ। ਉਹ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਤੇ 1967-68 ’ਚ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਮੈਂਬਰ ਰਿਹਾ ਹੈ। 1962 ਤੋਂ 1985 ਤੱਕ ਉਹ ਉੱਚ ਪਾਏ ਦੀ ਫੁੱਟਬਾਲ ਖੇਡਿਆ ਤੇ ਉਹਦੇ ਨਾਂਅ ਦੀਆਂ ਧੁੰਮਾਂ ਪੈਂਦੀਆਂ ਰਹੀਆਂ। ਉਹਦੀ ਤੇਜ਼-ਤਰਾਰ ਖੇਡ ਨੇ ਅਨੇਕ ਕਲੱਬਾਂ ਨੂੰ ਰੰਗਭਾਗ ਲਾਏ। ਉਸ ਨੂੰ ਵਿਦੇਸ਼ੀ ਮੁਲਕਾਂ ਤੇ ਕਲੱਬਾਂ ਨੇ ਖੇਡਣ ਦੇ ਬਹੁਤ ਲਾਲਚ ਦਿੱਤੇ, ਪਰ ਉਸ ਨੇ ਪੰਜਾਬ ਤੇ ਭਾਰਤ ਦੀਆਂ ਕਲੱਬਾਂ ਵੱਲੋਂ ਖੇਡਣ ਨੂੰ ਹੀ ਤਰਜੀਹ ਦਿੱਤੀ। 1962 ਵਿੱਚ ਉਹ ਲੀਡਰਜ਼ ਕਲੱਬ ਜਲੰਧਰ ਵੱਲੋਂ ਖੇਡਣ ਲੱਗਾ ਸੀ ਤੇ 1985 ਵਿੱਚ ਫਗਵਾੜੇ ਦੇ ਜੇਸੀਟੀ ਕਲੱਬ ਵੱਲੋਂ ਖੇਡਦਿਆਂ ਰਿਟਾਇਰ ਹੋਇਆ। ਸਾਲ 2001 ਤੋਂ 2011 ਤੱਕ ਉਹ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਆਨਰੇਰੀ ਸੈਕਟਰੀ ਰਿਹਾ। 2003 ਵਿੱਚ ਉਸ ਨੂੰ ‘ਫਗਵਾੜੇ ਦਾ ਮਾਣ’ ਐਵਾਰਡ ਨਾਲ ਸਨਮਾਨਿਆ ਗਿਆ। ਹੁਣ ਉਹ ਜੀਵਨ ਦੀ ਸ਼ਾਮ ਆਪਣੇ ਸ਼ਹਿਰ ਫਗਵਾੜੇ ਵਿੱਚ ਹੀ ਬਿਤਾ ਰਿਹੈ।
ਉਹਦਾ ਜਨਮ 23 ਦਸੰਬਰ 1943 ਨੂੰ ਫਗਵਾੜੇ ਦੇ ਇੱਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਵਰਿ੍ਹਆਂ-ਬੱਧੀ ਫੁੱਟਬਾਲ ਖੇਡੀ ਜਿਸ ਦੌਰਾਨ ਸੈਂਕੜੇ ਗੋਲ ਕੀਤੇ। ਉਹ ਫੁੱਟਬਾਲ ਦੀਆਂ ਪ੍ਰਸਿੱਧ ਕਲੱਬਾਂ, ਪੰਜਾਬ ਤੇ ਭਾਰਤ ਦੀਆਂ ਟੀਮਾਂ ਦਾ ਕਪਤਾਨ ਵੀ ਰਿਹਾ ਅਤੇ ਮੈਨੇਜਰ ਤੇ ਪ੍ਰਬੰਧਕ ਵੀ। ਉਹਦਾ ਕੱਦ ਕਾਠ ਹਾਕੀ ਦੇ ਬਾਬਾ ਬੋਹੜ ਊਧਮ ਸਿੰਘ ਤੇ ਲੰਮੀਆਂ ਦੌੜਾਂ ਦੇ ਏਸ਼ੀਅਨ ਚੈਂਪੀਅਨ ਹਰੀ ਚੰਦ ਵਾਂਗ ਸਮੱਧਰ ਹੀ ਹੈ, ਪਰ ਹੈ ਜਿੰਨਾ ਨਿੱਕਾ ਓਨਾ ਹੀ ਤਿੱਖਾ! ਉਹਦਾ ਬਚਪਨ ਫਗਵਾੜੇ ਪਲਿਆ, ਜੁਆਨੀ ਵੀ ਫਗਵਾੜੇ ਦੀਆਂ ਜੂਹਾਂ ’ਚ ਮਾਣੀ ਤੇ ਬੁਢਾਪਾ ਵੀ ਫਗਵਾੜੇ ’ਚ ਹੀ ਕੱਟਿਆ ਜਾ ਰਿਹੈ। ਉਹ ਫਗਵਾੜੇ ਦੀ ਸ਼ਾਨ ਹੈ ਤੇ ਪੰਜਾਬ ਦਾ ਮਾਣ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਨਾਲ ਨਿਵਾਜਿਆ ਤੇ ਦਿੱਲੀ ਦੀ ਜਰਨਿਸਲਟ ਯੂਨੀਅਨ ਨੇ 1974 ਦਾ ਸਰਬੋਤਮ ਭਾਰਤੀ ਖਿਡਾਰੀ ਐਲਾਨਿਆ। ਉਹਦੀ ਖੇਡ ਕਲਾਤਮਿਕ ਹੋਣ ਦੇ ਨਾਲ ਏਨੀ ਸਾਫ਼ ਸੁਥਰੀ ਸੀ ਕਿ ਉਹਦੇ ਲੰਮੇ ਖੇਡ ਜੀਵਨ ’ਚ ਇੱਕ ਵਾਰ ਵੀ ਕਿਸੇ ਰੈਫਰੀ ਨੂੰ ਲਾਲ ਕਾਰਡ ਵਿਖਾਉਣ ਦੀ ਲੋੜ ਨਾ ਪਈ।
ਇੰਦਰ ਸਿੰਘ ਵੇਖਣ ਨੂੰ ਇੰਨਾ ਸਾਦਾ ਬੰਦਾ ਲੱਗਦੈ ਕਿ ਫੁੱਟਬਾਲ ਦੇ ਇਸ ਲਾਸਾਨੀ ਖਿਡਾਰੀ ਨੂੰ ਕੋਈ ਰਾਹ ਵਿੱਚ ਮਿਲ ਪਵੇ ਤਾਂ ਯਕੀਨ ਹੀ ਨਾ ਕਰੇ ਕਿ ਇਹ ਵੀ ਕੋਈ ਖਿਡਾਰੀ ਐ! ਐਨ ਉਵੇਂ ਜਿਵੇਂ ਏਸ਼ਿਆਈ ਖੇਡਾਂ ਦੇ ਦੋ ਗੋਲਡ ਮੈਡਲ ਜਿੱਤਣ ਵਾਲੇ ਦੌੜਾਕ ਹਰੀ ਚੰਦ ਨੂੰ ਕੋਈ ਅਥਲੀਟ ਨਹੀਂ ਸੀ ਮੰਨਦਾ, ਉਵੇਂ ਕੋਈ ਇੰਦਰ ਸਿੰਘ ਨੂੰ ਜਰਨੈਲ ਸਿੰਘ ਜਾਂ ਗੁਰਦੇਵ ਸਿੰਘ ਗਿੱਲ ਵਾਂਗ ਰੋਅਬ ਦਾਅਬ ਵਾਲਾ ਫੁੱਟਬਾਲਰ ਨਹੀਂ ਸਮਝਦਾ। ਇਹੋ ਕਾਰਨ ਸੀ ਕਿ ਰੇਲ ਗੱਡੀ ਦਾ ਸਫ਼ਰ ਕਰਦਿਆਂ ਉਸ ਨੂੰ ਬਹਿਣ ਲਈ ਕੋਈ ਥਾਂ ਵੀ ਨਹੀਂ ਸੀ ਛੱਡਦਾ। ਹੈਰਾਨੀ ਦੀ ਗੱਲ ਹੈ ਕਿ ਸਮੱਧਰ ਕੱਦ ਦੇ ਇੰਦਰ ਸਿੰਘ ਨੇ ਵੱਡੇ ਕੱਦਾਵਰ ਖਿਡਾਰੀਆਂ ਨੂੰ ਵਾਹਣੀਂ ਪਾਈ ਰੱਖਿਆ!
ਉਹਦੇ ਗੁਆਂਢੀ ਦੱਸਦੇ ਸਨ ਕਿ ਉਹ ਪੈਰਾਂ ਨਾਲ ਗੇਂਦ ਰੇੜ੍ਹਨਾ ਪਹਿਲਾਂ ਸਿੱਖਿਆ ਤੇ ਤੁਰਨਾ ਮਗਰੋਂ। ਜਦੋਂ ਸਕੂਲੇ ਜਾਣ ਲੱਗਾ ਤਾਂ ਉਹ ਬਸਤੇ ’ਚ ਕਾਪੀਆਂ ਕਿਤਾਬਾਂ ਪਿੱਛੋਂ ਪਾਉਂਦਾ,ਬਾਲਾਂ ਪਹਿਲਾਂ। ਸਕੂਲ ਦੇ ਮੈਦਾਨ ਵਿੱਚ ਉਸ ਨੇ ਸਕੂਲ ਲੱਗਣ ਤੋਂ ਪਹਿਲਾਂ ਵੀ ਬਾਲਾਂ ਨੂੰ ਠੇਡੇ ਮਾਰਦੇ ਫਿਰਨਾ ਤੇ ਸਕੂਲ ’ਚ ਛੁੱਟੀ ਹੋਣ ਤੋਂ ਪਿੱਛੋਂ ਵੀ ਬਾਲ ਮਗਰ ਭੱਜੇ ਫਿਰਨਾ। ਅੱਧੀ ਛੁੱਟੀ ਵੇਲੇ ਵੀ ਤੇ ਸਵੇਰੇ ਸ਼ਾਮੀਂ ਵੀ। ਦੁਪਹਿਰੇ ਧੁੱਪ ’ਚ ਪੈਰ ਤਪ ਜਾਣੇ ਤਾਂ ਹਲਟੀ ਦੇ ਪਾਣੀ ਨਾਲ ਠੰਢੇ ਕਰ ਕੇ ਫਿਰ ਖੇਡਣ ’ਚ ਮਸਤ ਹੋ ਜਾਣਾ। ਸਕੂਲ ’ਚ ਵਧੇਰੇ ਕੁੱਟ ਉਸ ਨੇ ਕਿਤਾਬਾਂ ਨਾ ਪੜ੍ਹਨ ਤੇ ਫੁੱਟਬਾਲ ਵੱਧ ਖੇਡਣ ਦੀ ਖਾਧੀ। ਉਹਦੀ ਕਿਰਤ ਕਮਾਈ ਵੇਖੀਏ ਤਾਂ ਫੁੱਟਬਾਲ ਦੇ ਸਿਰ ’ਤੇ ਹੀ ਉਸ ਨੇ ਉਮਰ ਭਰ ਦੀਆਂ ਰੋਟੀਆਂ ਕਮਾਈਆਂ। ਫੁੱਟਬਾਲ ਦੇ ਖਿਡਾਰੀ ਵਜੋਂ ਨਾ ਸਿਰਫ਼ ਉਹ ਆਪਣੇ ਸਕੂਲ ਜਾਂ ਆਲੇ ਦੁਆਲੇ ’ਚ ਹਰਮਨ ਪਿਆਰਾ ਖਿਡਾਰੀ ਬਣਿਆ ਸਗੋਂ ਸਕੂਲਾਂ ਤੋਂ ਲੈ ਕੇ ਉਹ ਅਨੇਕਾਂ ਛੋਟੇ ਵੱਡੇ ਟੂਰਨਾਮੈਂਟਾਂ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਐਲਾਨਿਆ ਜਾਂਦਾ ਰਿਹਾ।
ਸਾਲ 1959 ’ਚ ਉਹ ਪੰਜਾਬ ਸਕੂਲਾਂ ਦੀ ਟੀਮ ਵਿੱਚ ਚੁਣਿਆ ਗਿਆ ਸੀ। ਟਰਾਇਲ ਚੰਡੀਗੜ੍ਹ ਹੋਏ ਸਨ। ਉਦੋਂ ਕਿਸੇ ਦੇ ਖ਼ਾਅਬ ਖ਼ਿਆਲ ’ਚ ਵੀ ਨਹੀਂ ਸੀ ਕਿ ਇਹ ਬਲੂੰਗੜਾ ਜਿਹਾ ਬਾਲ ਟੀਮ ਵਿੱਚ ਚੁਣਿਆ ਜਾਏਗਾ? ਕੋਚ ਚੈਟਰਜੀ ਤਾਂ ਉਸ ਨੂੰ ਵੇਖਣ ਸਾਰ ਕਹਿਣ ਲੱਗ ਪਿਆ ਸੀ ਕਿ ਇਹ ਬਚੂੰਗੜਾ ਜਿਹਾ ਬਾਲ ਵੱਡੇ ਖਿਡਾਰੀਆਂ ਦੀ ਝਾਲ ਕਿੱਥੋਂ ਝੱਲ ਲਵੇਗਾ? ਇਹ ਤਾਂ ਡਰਦਾ ਮਾਰਾ ਈ ਅਗਲਿਆਂ ਲਈ ਰਾਹ ਛੱਡ ਦੇਵੇਗਾ, ਪਰ ਉਹਦਾ ਅਨੁਮਾਨ ਗ਼ਲਤ ਨਿਕਲਿਆ। ਉਹ ਪੰਜਾਬ ਦੀ ਟੀਮ ਵਿੱਚ ਚੁਣਿਆ ਵੀ ਗਿਆ ਅਤੇ ਅਗਾਂਹ ਲਈ ਜਿੱਤਾਂ ਦੇ ਬੀਜ ਵੀ ਬੀਜੇ ਗਏ। ਮੁੱਢਲੀਆਂ ਜਮਾਤਾਂ ਉਹ ਸਰਕਾਰੀ ਸਕੂਲ ’ਚ ਪੜਿ੍ਹਆ ਤੇ ਉੱਪਰਲੀਆਂ ਆਰੀਆ ਹਾਈ ਸਕੂਲ ਫਗਵਾੜੇ।
ਸਾਲ 1963 ਵਿੱਚ ਉਹ ਪਹਿਲੀ ਵਾਰ ਭਾਰਤੀ ਟੀਮ ’ਚ ਚੁਣਿਆ ਗਿਆ ਤੇ ਪ੍ਰੀ ਉਲੰਪਿਕ ਟੂਰਨਾਮੈਂਟ ਖੇਡਿਆ। ‘ਏਸ਼ੀਆ ਦਾ ਜਰਨੈਲ’ ਜਰਨੈਲ ਸਿੰਘ ਉਦੋਂ ਬੰਗਾਲ ਵੱਲੋਂ ਖੇਡਦਾ ਸੀ। ਇੰਦਰ ਸਿੰਘ ਪੰਜਾਬ ਦਾ ਪਹਿਲਾ ਖਿਡਾਰੀ ਸੀ ਜੋ ਭਾਰਤ ਦੀ ਨੈਸ਼ਨਲ ਟੀਮ ਵਿੱਚ ਪਾਇਆ ਗਿਆ। 1964 ਵਿੱਚ ਉਹ ਫਿਰ ਭਾਰਤ ਵੱਲੋਂ ਪ੍ਰੀ ਉਲੰਪਿਕ ਟੂਰਨਾਮੈਂਟ ਖੇਡਿਆ। ਉਸੇ ਸਾਲ ਉਹ ਇਜ਼ਰਾਈਲ ਦਾ ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਖੇਡਣ ਗਿਆ ਜਿੱਥੇ ਉਹਨੇ ਸਭ ਤੋਂ ਵੱਧ ਗੋਲ ਕੀਤੇ। ਉਹਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਉੱਥੇ ਭਾਰਤੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਸੀ।
ਸਾਲ 1964 ’ਚ ਉਹ ਕੁਆਲਾਲੰਪੁਰ ਦਾ ਟੂਰਨਾਮੈਂਟ ਖੇਡਿਆ ਜੋ ਏਸ਼ੀਆ ਦਾ ਅੱਵਲ ਨੰਬਰ ਫੁੱਟਬਾਲ ਟੂਰਨਾਮੈਂਟ ਸਮਝਿਆ ਜਾਂਦਾ ਹੈ। ਉੱਥੇ ਵੀ ਉਸ ਨੇ ਕਮਾਲ ਦੀ ਖੇਡ ਵਿਖਾਈ ਜਿਹਦੇ ਕਰਕੇ ਮਲਾਇਆ ਦੇ ਸਰਦਾਰਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਲਿਆ ਤੇ ਸਟੇਡੀਅਮ ’ਚ ਗੇੜੇ ਦਿੱਤੇ। ਮਲਾਇਆ ਸਰਕਾਰ ਵੱਲੋਂ ਉਸ ਨੂੰ ਨੌਕਰੀ ਦੀ ਪੇਸ਼ਕਸ਼ ਹੋਈ ਜੋ ਉਸ ਨੇ ਦੇਸ਼ਭਗਤੀ ਹਿੱਤ ਠੁਕਰਾ ਦਿੱਤੀ। 1967, 1968, 1969 ਤੇ 1970 ’ਚ ਉਹ ਲਗਾਤਾਰ ਕੁਆਲਾਲੰਪੁਰ ਦਾ ਟੂਰਨਾਮੈਂਟ ਖੇਡਦਾ ਰਿਹਾ। 1969 ’ਚ ਉਹ ਭਾਰਤੀ ਟੀਮ ਦਾ ਕਪਤਾਨ ਸੀ। ਉਸ ਨੇ 1966 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਗ ਲਿਆ, ਪਰ ਉੱਥੇ ਭਾਰਤੀ ਟੀਮ 1962 ਦੀਆਂ ਏਸ਼ਿਆਈ ਖੇਡਾਂ ਵਾਂਗ ਗੋਲਡ ਮੈਡਲ ਨਹੀਂ ਸੀ ਜਿੱਤ ਸਕੀ। 1969 ਵਿੱਚ ਉਸ ਨੂੰ ਅਰਜਨ ਐਵਾਰਡ ਦਿੱਤਾ ਗਿਆ। 1974 ’ਚ ਦਿੱਲੀ ਦੇ ਖੇਡ ਪੱਤਰਕਾਰਾਂ ਵੱਲੋਂ ਉਸ ਨੂੰ ਦੇਸ਼ ਦਾ ਸਰਬੋਤਮ ਫੁੱਟਬਾਲਰ ਐਲਾਨਿਆ ਗਿਆ।

Loading