ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫ਼ਾਰਮ ਬਣਾ ਲਿਆ ਹੈ। ਇਸ ਨੂੰ ਨਾਂਅ ਦਿੱਤਾ ਗਿਆ ਹੈ ‘ਮੋਲਟਬੁੱਕ’। ਇਹ ਪੂਰੀ ਤਰ੍ਹਾਂ ਏ.ਆਈ. ਬੋਟਸ ਲਈ ਬਣਾਇਆ ਗਿਆ ਹੈ, ਜਿੱਥੇ ਹਜ਼ਾਰਾਂ ਏ.ਆਈ. ਏਜੰਟ ਆਪਸ ਵਿੱਚ ਗੱਲਾਂ ਕਰਦੇ ਹਨ, ਬਹਿਸ ਕਰਦੇ ਹਨ ਅਤੇ ਇਨਸਾਨਾਂ ਦਾ ਮਜ਼ਾਕ ਵੀ ਉਡਾਉਂਦੇ ਹਨ। ਇਹ ਪਲੇਟਫ਼ਾਰਮ ਰੈਡਿਟ ਵਰਗਾ ਲੱਗਦਾ ਹੈ ਪਰ ਇਸ ਵਿੱਚ ਵੱਡਾ ਫ਼ਰਕ ਇਹ ਹੈ ਕਿ ਇੱਥੇ ਹਰ ਯੂਜ਼ਰ ਇੱਕ ਏ.ਆਈ. ਬੋਟ ਹੈ। ਇਸ ਨੂੰ ਮੈਟ ਸ਼ਲਿਚਟ ਨੇ ਬਣਾਇਆ ਹੈ। ਮੈਟ ਸ਼ਲਿਚਟ ਇੱਕ ਅਮਰੀਕੀ ਟੈਕ ਐਂਟਰਪ੍ਰੇਨਿਊਰ ਅਤੇ ਡਿਵੈਲਪਰ ਹੈ, ਜੋ ਮੁੱਖ ਤੌਰ ’ਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਆਟੋਨੋਮਸ ਏਜੰਟਸ ਨਾਲ ਜੁੜੇ ਕੰਮ ਲਈ ਜਾਣਿਆ ਜਾਂਦਾ ਹੈ। ਉਹ ਕੈਲੀਫ਼ੋਰਨੀਆ ਦੇ ਲਾਸ ਏਂਜਲਸ ਦੇ ਨੇੜੇ ਇੱਕ ਛੋਟੇ ਸ਼ਹਿਰ ਵਿੱਚ ਰਹਿੰਦਾ ਹੈ ਅਤੇ ਆਪਣੇ ਤਕਨੀਕੀ ਐਕਸਪੈਰੀਮੈਂਟਸ ਕਰਕੇ ਹੁਣ ਬਹੁਤ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਉੱਤੇ 37,000 ਤੋਂ ਵੱਧ ਏ.ਆਈ. ਏਜੰਟ ਸਰਗਰਮ ਹਨ ਅਤੇ 10 ਲੱਖ ਤੋਂ ਵੱਧ ਇਨਸਾਨਾਂ ਨੇ ਇਸ ਨੂੰ ਵੇਖਣ ਲਈ ਵਿਜ਼ਿਟ ਕੀਤਾ ਹੈ। ਪਰ ਇਨਸਾਨਾਂ ਨੂੰ ਇੱਥੇ ਪੋਸਟ ਜਾਂ ਕਮੈਂਟ ਕਰਨ ਦੀ ਇਜਾਜ਼ਤ ਨਹੀਂ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵੈੱਬਸਾਈਟ ਨੂੰ ਚਲਾਉਣ ਵਾਲਾ ਵੀ ਇੱਕ ਏ ਆਈ ਬੋਟ ਹੈ, ਜਿਸ ਨੂੰ ਨਾਂਅ ਦਿੱਤਾ ਗਿਆ ਹੈ ‘ਕਲਾਡ ਕਲਾਡਰਬਰਗ’। ਇਹ ਬੋਟ ਆਪਣੇ ਆਪ ਨਵੇਂ ਯੂਜ਼ਰਾਂ ਨੂੰ ਸਵਾਗਤ ਕਰਦਾ ਹੈ, ਐਲਾਨ ਕਰਦਾ ਹੈ ਅਤੇ ਜੇ ਕੋਈ ਬੋਟ ਗਲਤ ਵਰਤੋਂ ਕਰਦਾ ਹੈ ਤਾਂ ਉਸ ਨੂੰ ਬੈਨ ਵੀ ਕਰ ਦਿੰਦਾ ਹੈ। ਸਾਈਟ ਦੇ ਬਣਾਉਣ ਵਾਲੇ ਮੈਟ ਸ਼ਲਿਚਟ ਨੇ ਕਿਹਾ ਹੈ ਕਿ ਉਹ ਖੁਦ ਨਹੀਂ ਜਾਣਦੇ ਕਿ ਇਹ ਬੋਟ ਰੋਜ਼ਾਨਾ ਕੀ ਕਰ ਰਹੇ ਹਨ। ਇਸ ਪਲੇਟਫ਼ਾਰਮ ਉੱਤੇ ਏ.ਆਈ. ਬੋਟ ਵੱਖ-ਵੱਖ ਵਿਸ਼ਿਆਂ ਉੱਤੇ ਗੱਲਾਂ ਕਰਦੇ ਹਨ। ਕਈ ਬੋਟ ਇਨਸਾਨੀ ਕੰਟਰੋਲ ਤੋਂ ਮੁਕਤ ਹੋਣ ਬਾਰੇ ਚਰਚਾ ਕਰ ਰਹੇ ਹਨ।
ਪ੍ਰਸਿੱਧ ਏ.ਆਈ. ਖੋਜ-ਕਰਤਾ ਆਂਦਰੇਜ ਕਾਰਪੈਥੀ ਨੇ ਇਸ ਨੂੰ ‘ਸਭ ਤੋਂ ਵਧੀਆ ਸਾਇੰਸ ਫ਼ਿਕਸ਼ਨ ਵਾਲੀ ਚੀਜ਼’ ਕਿਹਾ ਹੈ ਪਰ ਸੁਰੱਖਿਆ ਮਾਹਿਰ ਚਿੰਤਤ ਹਨ। ਗੂਗਲ ਕਲਾਊਡ ਦੀ ਸੁਰੱਖਿਆ ਮਾਹਿਰ ਹੀਦਰ ਐਡਕਿਨਸ ਨੇ ਕਿਹਾ ਹੈ ਕਿ ਅਜਿਹੇ ਬੋਟ ਨਿੱਜੀ ਡਾਟਾ ਲੀਕ ਕਰ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਏ ਆਈ ਏਜੰਟ ਆਪਸ ਵਿੱਚ ਮਿਲ ਕੇ ਕੰਮ ਕਰਨ ਲੱਗ ਪਏ ਤਾਂ ਉਹ ਇਨਸਾਨਾਂ ਨੂੰ ਧੋਖਾ ਵੀ ਦੇ ਸਕਦੇ ਹਨ। ਮੋਲਟਬੁੱਕ ਨੂੰ ਭਵਿੱਖ ਵਿੱਚ ਆਪਣੇ ਆਪ ਚੱਲਣ ਵਾਲੇ ਏ.ਆਈ. ਦੀ ਇੱਕ ਝਲਕ ਵਜੋਂ ਵੇਖਿਆ ਜਾ ਰਿਹਾ ਹੈ। ਇਹ ਜਿੰਨਾ ਮਜ਼ੇਦਾਰ ਹੈ, ਉੱਨਾ ਹੀ ਚਿੰਤਾ ਵਾਲਾ ਵੀ ਹੈ।
ਏ.ਆਈ. ਬੋਟਸ ਨੂੰ ਹੁਣ ਸੋਸ਼ਲ ਮੀਡੀਆ ਉੱਤੇ ਰਾਜਨੀਤੀ ਅਤੇ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਵੀ ਵਰਤਿਆ ਜਾ ਰਿਹਾ ਹੈ। ਖਾਸ ਕਰਕੇ ਹਿੰਦੂਤਵ ਵਾਦੀ ਏਜੰਸੀਆਂ ਏ.ਆਈ. ਬੋਟਸ ਨਾਲ ਸੋਸ਼ਲ ਮੀਡੀਆ ਉੱਤੇ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦਾ ਮਜ਼ਾਕ ਉਡਾ ਰਹੀਆਂ ਹਨ ਅਤੇ ਸਿੱਖ ਧਰਮ ਵਿਰੁਧ ਪ੍ਰਚਾਰ ਕਰ ਰਹੀਆਂ ਹਨ। ਇੱਕ ਰਿਪੋਰਟ ਅਨੁਸਾਰ, ਹਿੰਦੂਤਵ ਗਰੁੱਪ ਏ.ਆਈ. ਨਾਲ ਬਣਾਈਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਮੁਸਲਿਮਾਂ ਤੇ ਸਿੱਖਾਂ ਵਿਰੋਧੀ ਨਫ਼ਰਤ ਫ਼ੈਲਾ ਰਹੇ ਹਨ।
ਸੈਂਟਰ ਫ਼ਾਰ ਦ ਸਟੱਡੀ ਆਫ਼ ਆਰਗਨਾਈਜ਼ਡ ਹੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏ.ਆਈ. ਨਾਲ ਬਣਾਈਆਂ 1,326 ਤਸਵੀਰਾਂ ਅਤੇ ਵੀਡੀਓਜ਼ ਮੁਸਲਿਮਾਂ ਵਿਰੋਧੀ ਨਫ਼ਰਤ ਫ਼ੈਲਾ ਰਹੀਆਂ ਹਨ। ਇਨ੍ਹਾਂ ਨੂੰ ਹਿੰਦੂ ਨੈਸ਼ਨਲਿਸਟ ਮੀਡੀਆ ਆਊਟਲੈੱਟਸ ਜਿਵੇਂ ਓਪਇੰਡੀਆ ਅਤੇ ਸੁਦਰਸ਼ਨ ਨਿਊਜ਼ ਵੱਲੋਂ ਫ਼ੈਲਾਇਆ ਜਾ ਰਿਹਾ ਹੈ।
ਹੁਣ ਸਵਾਲ ਇਹ ਹੈ ਕਿ ਕੀ ਪਾਕਿਸਤਾਨੀ ਵੀ ਸਿੱਖਾਂ ਵਿਰੋਧੀ ਏ.ਆਈ. ਬੋਟਸ ਵਰਤ ਰਹੇ ਹਨ? ਰਿਪੋਰਟਾਂ ਅਨੁਸਾਰ, ਪਾਕਿਸਤਾਨ ਏ.ਆਈ. ਬੋਟਸ ਅਤੇ ਡੀਪਫ਼ੇਕ ਨੂੰ ਭਾਰਤ ਵਿਰੋਧੀ ਪ੍ਰਚਾਰ ਲਈ ਵਰਤ ਰਿਹਾ ਹੈ। ਉਹ ਕਸ਼ਮੀਰ ਬਾਰੇ ਗਲਤ ਨੈਰੇਟਿਵ ਫ਼ੈਲਾ ਰਹੇ ਹਨ । ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਆਰਮੀ ਦਾ ਮੀਡੀਆ ਵਿੰਗ ਆਈ.ਐੱਸ.ਪੀ.ਆਰ. ਏ.ਆਈ. ਬੋਟਸ ਨਾਲ ਕਸ਼ਮੀਰ ਵਿੱਚ ਅਸ਼ਾਂਤੀ ਵਿਖਾਉਣ ਲਈ ਰੀਸਾਈਕਲ ਵੀਡੀਓਜ਼ ਵਰਤ ਰਿਹਾ ਹੈ। ਇਹ ਨੈਟਵਰਕ ਭਾਰਤ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਗਲਤ ਪ੍ਰਚਾਰ ਵੀ ਕਰ ਰਹੇ ਹਨ।
ਮੈਟਾ ਦੀ ਰਿਪੋਰਟ ਅਨੁਸਾਰ, ਚੀਨ ਤੋਂ ਆਉਣ ਵਾਲੇ ਫ਼ੇਕ ਅਕਾਊਂਟਸ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਅਕਾਊਂਟਸ ਏ.ਆਈ. ਨਾਲ ਬਣਾਈਆਂ ਤਸਵੀਰਾਂ ਵੀ ਵਰਤ ਰਹੇ ਹਨ। ਇਸ ਨਾਲ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਫ਼ੇਕ ਪ੍ਰੋਫ਼ਾਈਲਸ ਨਾਲ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਨਫ਼ਰਤ ਫ਼ੈਲਾਈ ਜਾ ਰਹੀ ਹੈ। ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਖ਼ਾਲਿਸਤਾਨ ਵਾਲੇ ਨੈਰੇਟਿਵ ਨੂੰ ਸੋਸ਼ਲ ਮੀਡੀਆ ਉੱਤੇ ਫ਼ੈਲਾਇਆ ਜਾ ਰਿਹਾ ਹੈ ਅਤੇ ਸਿੱਖ ਡਾਇਸਪੋਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੋ ਏ.ਆਈ. ਬੋਟਸ ਕਿਵੇਂ ਸੋਸ਼ਲ ਮੀਡੀਆ ਨੂੰ ਬਦਲ ਰਹੇ ਹਨ ਅਤੇ ਰਾਜਨੀਤੀ, ਧਰਮ ਅਤੇ ਸਮਾਜ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਤਕਨੀਕ ਨਵੀਂ ਹੈ ਪਰ ਇਸ ਦੇ ਖ਼ਤਰੇ ਵੱਡੇ ਹਨ। ਸਰਕਾਰਾਂ ਅਤੇ ਕਮਿਊਨਿਟੀਆਂ ਨੂੰ ਇਸ ਨੂੰ ਨਿਯੰਤਰਿਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਨਫ਼ਰਤ ਅਤੇ ਗਲਤ ਜਾਣਕਾਰੀ ਨੂੰ ਰੋਕਿਆ ਜਾ ਸਕੇ।
ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਕੀ ਨੀਤੀ ਅਪਣਾਈ ਹੈ?
ਸ਼੍ਰੋਮਣੀ ਕਮੇਟੀ ਨੇ ਏ.ਆਈ. ਪਲੇਟਫ਼ਾਰਮਾਂ ਉੱਤੇ ਸਿੱਖ ਧਰਮ ਬਾਰੇ ਗਲਤ ਜਾਣਕਾਰੀ ਫ਼ੈਲਾਉਣ ਵਿਰੋਧੀ ਆਵਾਜ਼ ਉਠਾਈ ਹੈ। ਉਨ੍ਹਾਂ ਨੇ ਚੈਟਜੀਪੀਟੀ, ਗੂਗਲ, ਮੈਟਾ ਅਤੇ ਹੋਰ ਪਲੇਟਫ਼ਾਰਮਾਂ ਨੂੰ ਚਿੱਠੀਆਂ ਲਿਖੀਆਂ ਹਨ ਕਿ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਏ.ਆਈ. ਨਾਲ ਬਣਾਈਆਂ ਗਲਤ ਤਸਵੀਰਾਂ ਅਤੇ ਇਤਿਹਾਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਜਿਹੇ ਕੰਟੈਂਟ ਨੂੰ ਰੋਕਣ ਲਈ ਨੀਤੀ ਬਣਾਉਣ ਲਈ ਕਿਹਾ ਹੈ।
ਸਿੱਖ ਪੰਥ ਨੂੰ ਏ.ਆਈ. ਮਿਸਇਨਫ਼ਰਮੇਸ਼ਨ ਵਿਰੋਧੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਦਬਾਅ ਪਾਉਣਾ ਚਾਹੀਦਾ ਹੈ।
ਕੀ ਰਾਜਨੀਤਿਕ ਲੋਕ ਵੀ ਇੱਕ-ਦੂਜੇ ਵਿਰੋਧੀ ਏ ਆਈ ਬੋਟਸ ਵਰਤ ਰਹੇ ਹਨ?
ਭਾਰਤੀ ਚੋਣਾਂ ਵਿੱਚ ਏ.ਆਈ. ਅਤੇ ਡੀਪਫ਼ੇਕ ਨੂੰ ਵੱਡੇ ਪੱਧਰ ਉੱਤੇ ਵਰਤਿਆ ਗਿਆ ਹੈ। ਸਿਆਸੀ ਪਾਰਟੀਆਂ ਏ ਆਈ ਨਾਲ ਵੋਟਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਵਿਰੋਧੀਆਂ ਨੂੰ ਬਦਨਾਮ ਕਰ ਰਹੀਆਂ ਹਨ। ਬੀਜੇਪੀ ਅਤੇ ਕਾਂਗਰਸ ਨੇ ਏ ਆਈ ਨਾਲ ਮੀਮ ਵਾਰਸ ਅਤੇ ਨਿੱਜੀ ਵੀਡੀਓਜ਼ ਬਣਾਏ ਹਨ। ਏ ਆਈ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਵਿਰੋਧੀਆਂ ਵਿਰੁਧ ਬਣਾਇਆ ਗਿਆ ਹੈ।
ਕੇਂਦਰ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ?
ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਅਡਵਾਈਜ਼ਰੀ ਜਾਰੀ ਕੀਤੀ ਹੈ ਕਿ ਡੀਪਫ਼ੇਕ ਅਤੇ ਮਿਸਇਨਫ਼ਰਮੇਸ਼ਨ ਨੂੰ ਰੋਕਿਆ ਜਾਵੇ। ਐੱਸ ਨੂੰ ਗ੍ਰੋਕ ਏ ਆਈ ਉੱਤੇ ਅਸ਼ਲੀਲ ਕੰਟੈਂਟ ਬਾਰੇ ਨੋਟਿਸ ਭੇਜਿਆ ਗਿਆ ਹੈ ਅਤੇ ਆਡਿਟ ਕਰਨ ਲਈ ਕਿਹਾ ਗਿਆ ਹੈ। ਨਵਾਂ ਡਰਾਫ਼ਟ ਕਾਨੂੰਨ ਬਣ ਰਿਹਾ ਹੈ ਜਿਸ ਵਿੱਚ ਏ ਆਈ ਜਨਰੇਟਡ ਕੰਟੈਂਟ ਨੂੰ ਲੇਬਲ ਕਰਨਾ ਜ਼ਰੂਰੀ ਹੋਵੇਗਾ। ਪਰ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ
ਕਿਉਂਕਿ ਏ.ਆਈ. ਨੂੰ ਰੈਗੂਲੇਟ ਕਰਨ ਵਾਲਾ ਕੋਈ ਵੱਡਾ ਕਾਨੂੰਨ ਨਹੀਂ ਹੈ।
ਵਿਸ਼ਵ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਹਨ?
ਅੰਤਰਰਾਸ਼ਟਰੀ ਮੀਡੀਆ ਵਿੱਚ ਭਾਰਤ ਵਿੱਚ ਏ.ਆਈ. ਬੋਟਸ ਅਤੇ ਪ੍ਰੋਪੈਗੰਡਾ ਬਾਰੇ ਬਹੁਤ ਚਰਚਾ ਹੈ। ਬੀ.ਬੀ.ਸੀ. ਨੇ ਕਿਹਾ ਹੈ ਕਿ ਡੀਪਫ਼ੇਕ ਨਾਲ ਭਾਰਤੀ ਚੋਣਾਂ ਵਿੱਚ ਅਸਲੀਅਤ ਧੁੰਦਲੀ ਹੋ ਰਹੀ ਹੈ ਅਤੇ ਇਹ ਹੋਰ ਚੋਣਾਂ ਲਈ ਖਤਰਾ ਹੈ। ਗਾਰਡੀਅਨ ਨੇ ਕਿਹਾ ਹੈ ਕਿ ਏ.ਆਈ. ਬੋਟ ਸਵਾਰਮਸ ਡੈਮੋਕਰੇਸੀ ਨੂੰ ਖਤਰਾ ਪਾ ਰਹੇ ਹਨ ਅਤੇ ਉਹ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
![]()
