
ਚੰਡੀਗੜ੍ਹ/ਪਟਿਆਲਾ, 14 ਨਵੰਬਰ:
Chandigarh AQI: ਚੰਡੀਗੜ੍ਹ ਵਿਚ ਵੀਰਵਾਰ ਨੂੰ ਵੀ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਅਤੇ AQI ਪੱਧਰ 421 ਦੇ ਚਿੰਤਾਜਨਕ ਅੰਕੜੇ ਤੱਕ ਪਹੁੰਚ ਗਿਆ, ਜਿਸ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਅਜਿਹਾ ਉੱਚ AQI ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਦਰਸਾਉਂਦਾ ਹੈ ਜੋ ਕਿ ਗੰਭੀਰ ਸਿਹਤ ਖਤਰੇ ਪੈਦਾ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਉੱਚ ਪੱਧਰ ਦਾ ਏਕਿਉਆਈ ਖਾਸ ਤੌਰ ’ਤੇ ਕਮਜ਼ੋਰ ਸਮੂਹਾਂ ਜਿਵੇਂ ਕਿ ਬੱਚਿਆਂ, ਬਜ਼ੁਰਗਾਂ, ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਬਹੁਤ ਖਤਰਨਾਕ ਹੈ।
ਅਧਿਕਾਰਤ ਅੰਕੜਿਆਂ ਦੇ ਅਨੁਸਾਰ ਸ਼ਹਿਰ ਵਿੱਚ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ 418 ਸੀ, ਹਾਲਾਂਕਿ ਸਵੇਰੇ 9 ਵਜੇ ਤੱਕ ਔਸਤ AQI 412 ਤੇ ਆ ਗਿਆ। ਧੂੰਏਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਵੀ ਖਿੱਤੇ ਵਿੱਚ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਲਾਤ ਸ਼ੁੱਕਰਵਾਰ ਤੱਕ ਬਣੇ ਰਹਿਣਗੇ।
ਮੌਸਮ ਵਿਭਾਗ ਦੇ ਮਾਹਰਾਂ ਦੇ ਅਨੁਸਾਰ ਪਹਾੜਾਂ ਵਿੱਚ ਪੱਛਮੀ ਗੜਬੜੀ ਨੇ ਖੇਤਰ ਵਿੱਚ ਨਮੀ ਦੀ ਮਾਤਰਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਹਵਾ ਦਾ ਸੰਚਾਰ ਘਟਿਆ ਹੈ ਅਤੇ ਨਤੀਜੇ ਵਜੋਂ ਸਵੇਰ ਦੀ ਸੰਘਣੀ ਧੁੰਦ ਹੈ। ਖੇਤਰ ਦੀ ਵਿਗੜਦੀ ਹਵਾ ਦੀ ਗੁਣਵੱਤਾ ਸਿਰਫ ਫਸਲਾਂ ਨੂੰ ਸਾੜਨ ਦੇ ਨਤੀਜਾ ਵਜੋਂ ਨਹੀਂ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਵਿੱਚ ਧੂੜ ਅਤੇ ਸ਼ਹਿਰੀ ਪ੍ਰਦੂਸ਼ਣ ਸਰੋਤ ਸ਼ਾਮਲ ਹਨ ਜਿਵੇਂ ਕਿ ਵਾਹਨਾਂ ਦੇ ਤੋਂ ਨਿੱਕਲਦਾ ਧੂਆਂ ਅਤੇ ਉਦਯੋਗਿਕ ਨਿਕਾਸ ਆਦਿ।
ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਪਹਿਲੂ ਸ਼ਾਮ ਦੇ ਤਾਪਮਾਨ ਦਾ ਵਧਣਾ ਹੈ। ਇਸ ਵੇਲੇ ਇਸ ਖੇਤਰ ਵਿੱਚ ਰਾਤ ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਜਦਕਿ ਨਵੰਬਰ ਦੇ ਦੂਜੇ ਹਫ਼ਤੇ ਆਮ ਤਾਪਮਾਨ 11 ਤੋਂ 12 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ।