
ਨਵੀਂ ਦਿੱਲੀ, 5 ਨਵੰਬਰ :ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਰਟ ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖ਼ਾਲਿਦ ਸੈਫ਼ੀ ਖ਼ਿਲਾਫ਼ 2020 ਦੀ ਉੱਤਰ ਪੂਰਬੀ ਦਿੱਲੀ ਹਿੰਸਾ ਦੇ ਸਬੰਧ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਸ਼ਾਮਲ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਸੈਫ਼ੀ ਜੋ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਪ੍ਰਮੁੱਖ ਕਾਰਕੁਨਾਂ ਵਿੱਚੋਂ ਇੱਕ ਸੀ, ਨੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਹ ਦਲੀਲ ਦਿੱਤੀ ਸੀ ਕਿ ਉਸ ਵਿਰੁੱਧ ਅਜਿਹੇ ਗੰਭੀਰ ਦੋਸ਼ ਲਗਾਉਣ ਦਾ ਕੋਈ ਆਧਾਰ ਨਹੀਂ ਹੈ।
ਹਾਲਾਂਕਿ ਜਸਟਿਸ ਮਨੋਜ ਕੁਮਾਰ ਓਹਰੀ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਨੇ ਸੈਫ਼ੀ ’ਤੇ ਕਤਲ ਦੀ ਕੋਸ਼ਿਸ਼ ਸਮੇਤ ਦੰਗਿਆਂ ਨਾਲ ਸਬੰਧਤ ਹੋਰ ਦੋਸ਼ਾਂ ਦੇ ਨਾਲ-ਨਾਲ 50 ਤੋਂ ਵੱਧ ਲੋਕਾਂ ਦੀ ਮੌਤ ਅਤੇ ਵਿਆਪਕ ਹਿੰਸਾ ਨਾਲ ਸਬੰਧਤ ਦੋਸ਼ ਲਗਾਉਣ ਲਈ ਕਾਫ਼ੀ ਆਧਾਰ ਪਾਇਆ ਸੀ।