ਹਰਵਿੰਦਰ ਕੌਰ ਮਾਨ
ਅੱਜ ਵਿਸ਼ਵਾਸ, ਪਿਆਰ, ਇੱਜ਼ਤ, ਇਮਾਨ, ਜਿਹੇ ਪਿਆਰੇ-ਪਿਆਰੇ ਸ਼ਬਦ ਧੋਖਾ-ਧੜੀ, ਬੇਈਮਾਨੀ, ਬੇਵਫ਼ਾਈਆਂ, ਝੂਠ-ਫਰੇਬ ਵਿੱਚ ਬਦਲ ਗਏ ਹਨ। ਰਿਸ਼ਤੇ ਤਾਰੋ-ਤਾਰ ਹੋ ਗਏ। ਕੋਈ ਵੀ ਰਿਸ਼ਤਾ ਵਿਸ਼ਵਾਸ ਪਿਆਰ ਕਰਨ ਦੇ ਕਾਬਿਲ ਨਹੀਂ ਰਿਹਾ। ਅੱਜ ਦੇ ਸਮੇਂ ਵਿੱਚ ਚਿਰਾਂ ਤੋਂ ਨਿਭਦਿਆਂ ਰਿਸ਼ਤਿਆਂ ਤੋਂ ਵੀ ਸਾਡਾ ਵਿਸ਼ਵਾਸ ਡਗਮਗਾਉਣ ਲੱਗ ਗਿਆ ਹੈ। ਹਰ ਪਲ ਹਰ ਘੜੀ ਮਨੁੱਖ ਡਰ ਤੇ ਸਹਿਮ ਵਿੱਚ ਜੀਅ ਰਿਹਾ ਹੈ। ਅੱਜ ਇਨ੍ਹਾਂ ਰਿਸ਼ਤਿਆਂ ਨੇ ਹੈਵਾਨੀਅਤ ਦਾ ਰੂਪ ਧਾਰਨ ਕਰ ਲਿਆ ਹੈ। ਅਜਿਹਾ ਕਿਉਂ? ਪੌਣ-ਪਾਣੀ ਧਰਤੀ ਅਸਮਾਨ ਸਭ ਤਾਂ ਅਸੀਂ ਗੰਧਲਾ ਕਰ ਦਿੱਤਾ ਹੈ। ਫਿਰ ਰਿਸ਼ਤਿਆਂ ਵਿੱਚ ਕਿੱਥੇ ਸੁਹਪਣ ਭਾਲਦੇ ਹਾਂ। ਕਹਿੰਦੇ ਹਨ ਕੁਦਰਤ ਦੇ ਕਣ-ਕਣ ਵਿੱਚ ਪਰਮਾਤਮਾ ਦਾ ਵਾਸਾ ਹੈ। ਪਰ ਅਸੀਂ ਤਾਂ ਹਰ ਕਣ ਹੀ ਬਰਬਾਦ ਕਰਨ ’ਤੇ ਲੱਗ ਗਏ ਹਾਂ। ਦਰੱਖਤਾਂ ਦੀ ਕਟਾਈ, ਪਾਣੀ ਦੀ ਦੂਸ਼ਿਤਤਾ, ਸ਼ੋਰ ਪ੍ਰਦੂਸ਼ਣ, ਹਾਨੀਕਾਰਕ ਸਪਰੇਆਂ ਤੇ ਹੋਰ ਪਤਾ ਨਹੀਂ ਕਿੰਨੀਆਂ-ਕਿੰਨੀਆਂ ਘਟੀਆ ਚੀਜ਼ਾਂ ਜੋ ਅਸੀਂ ਰੋਜ਼ਾਨਾ ਵਰਤ ਕੇ ਧਰਤੀ-ਅਸਮਾਨ ਨੂੰ ਵੀ ਰੋਣ ਲਈ ਮਜਬੂਰ ਕਰ ਦਿੱਤਾ। ਲਗਾਤਾਰ ਚਲਦੀਆਂ ਮੋਟਰਾਂ ਘਰ ਦੇ ਨਲ ਭਾਵੇਂ ਘਰ ਦਾ ਲੱਗਿਆ ਸੰਗਮਰਮਰ ਧੋਣ ਲਈ ਹੀ ਵਰਤਿਆ ਜਾਂਦਾ ਹੋਵੇ, ਪਰ ਇਸ ਤੇ ਘਟਣ ਦੀ ਸਾਨੂੰ ਰਤਾ ਕੁ ਵੀ ਚਿੰਤਾ ਨਹੀਂ। ਅਸੀਂ ਭੁੱਲ ਗਏ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ? ਕਿਤੇ ਪੈਟਰੋਲ ਡੀਜ਼ਲ ਵਾਂਗੂ ਇਸ ਦੀਆਂ ਕੀਮਤਾਂ ਚੁਕਾਉਂਦਿਆਂ-ਚੁਕਾਉਂਦਿਆਂ ਬਰਬਾਦ ਨਾ ਹੋ ਜਾਣ। ਪਰ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹ ਫਸਲਾਂ ਬੀਜਣੀਆਂ ਨੇ ਜੋ ਪਾਣੀ ਵੱਧ ਪੀਂਦੀਆਂ ਹਨ। ਅਸੀਂ ਘਰਾਂ ’ਚ ਪਾਣੀ ਦੀ ਬਰਬਾਦੀ ਵਾਧੂ ਕਰਾਂਗੇ। ਕਿਉਂਕਿ ਅੱਜ ਮੁਫ਼ਤ ਵਿਚ ਮਿਲਦਾ ਹੈ। ਇਹ ਸਾਡੀ ਪਹਿਲੀ ਬਰਬਾਦੀ ਦੀ ਨਿਸ਼ਾਨੀ ਹੈ। ਘਰ ਜ਼ਰੂਰ ਵੱਡੇ ਬਣਾ ਲਏ, ਪਰ ਦਰੱਖਤ ਇਕ ਵੀ ਨਹੀਂ ਲਾਉਣਾ। ਏ. ਸੀ. ਦੀ ਗਿਣਤੀ ਵੱਧ ਜਾਵੇਗੀ ਪਰ ਦਰੱਖਤਾਂ ਦਾ ਸਾਨੂੰ ਕੀ? ਉਹ ਸਰਕਾਰ ਸੋਚੇ। ਅਸੀਂ ਤਾਂ ਆਪਣੇ ਘਰ ਸਾਫ- ਸੁਥਰੇ ਰੱਖਣੇ ਨੇ, ਪੱਤਿਆਂ ਦਾ ਗੰਦ ਕੌਣ ਚੁੱਕੇ? ਇੰਨੇ ਸੋਹਣੇ ਫਰਸ਼ ਖਰਾਬ ਹੋ ਜਾਂਦੇ ਹਨ, ਇਨ੍ਹਾਂ ਦਰੱਖਤ ਲਗਾਉਣ ਨਾਲ। ਸ਼ਾਬਾਸ਼। ਜਿਉਂ-ਜਿਉਂ ਅਸੀਂ ਇਨ੍ਹਾਂ ਚੀਜ਼ਾਂ ਨੂੰ ਬਰਬਾਦ ਕਰ ਰਹੇ ਹਾਂ। ਤਿਉਂ-ਤਿਉਂ ਸਾਡੇ ਰਿਸ਼ਤੇ ਵੀ ਕੜਵਾਹਟ ਨਾਲ ਭਰ ਗਏ ਹਨ। ਕਦੇ ਇਹ ਮਨ ਨੇ ਸੁਣਿਆ ਸੀ, ਕਿ ਰੁੱਖ ਨੂੰ ਕੱਟਣ ਵਾਲੀ ਕੁਹਾੜੀ ਵੀ ਰੋ ਪਈ ਸੀ। ਪਰ ਅੱਜ ਪੱਥਰਾਂ ਜਿਹੇ ਇਨਸਾਨ ਹੋ ਗਏ ਹਾ। ਕੋਈ ਸਮਾਂ ਸੀ ਜਦੋਂ ਸਾਡੇ ਵੱਡੇ ਸਾਨੂੰ ਸਿਖਾਉਾਂਦੇਸੀ ਕਿ ਕੀੜੀ ਮਾਰਨ ’ਤੇ ਵੀ ਪਾਪ ਲੱਗਦਾ ਹੈ। ਸਾਰੇ ਹੀ ਜੀਵ ਜੰਤੂ ਵਿਚ ਰੱਬ ਵਸਦਾ ਹੈ। ਉਹ ਪੰਛੀ ਉਸ ਰੱਬ ਨਾਲ ਜੁੜਿਆ ਹੈ। ਕਿੰਨਾ ਕੋਮਲ ਸੀ ਸਾਡਾ ਹਿਰਦਾ, ਡਰ ਲੱਗਦਾ ਸੀ, ਕਿ ਕਿਤੇ ਕਿਸੇ ਦਾ ਗ਼ਲਤੀ ਨਾਲ ਵੀ ਦਿਲ ਨਾ ਦੁਖਾ ਦੇਈਏ, ਸਾਨੂੰ ਪਾਪ ਹੀ ਨਾ ਲੱਗ ਜਾਵੇ ਕਿਤੇ। ਨਾਲੇ ਉਸ ਸਮੇਂ ਤਾਂ ਕੋਈ ਮਹਿੰਗੇ ਸਕੂਲ, ਮਹਿੰਗੀ ਪੜ੍ਹਾਈ ਵੀ ਨਹੀਂ ਸੀ। ਫਿਰ ਵੀ ਕਿੰਨਾ ਕੁਝ ਪੜ੍ਹਾਉਂਦੇ ਸੀ ਸਾਨੂੰ। ਰੱਬ ਨੂੰ ਹਰ ਪਲ ਯਾਦ ਕਰਨ ਲਈ ਕਹਿੰਦੇ ਸੀ ਉਹ ਪੁਰਾਣੇ ਲੋਕ। ਭਾਵੇਂ ਭੂਤਾਂ ਦੀਆਂ ਕਹਾਣੀਆਂ ਸੁਣਾ ਕੇ ਡਰਾ ਵੀ ਦਿੰਦੇ ਸੀ। ਪਰ ਦੂਜੇ ਪਾਸੇ ਰੱਬ ਲਈ ਵਿਸ਼ਵਾਸ ਵੀ ਪੱਕਾ ਕਰਾ ਕੇ ਰੱਖਦੇ ਸੀ। ਕਿੱਥੇ ਗਈ ਉਹ ਸਿੱਖਿਆ ਜੋ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇ ਪਾ ਰਹੇ। ਪਤੀ-ਪਤਨੀ ਦੇ ਰਿਸ਼ਤੇ, ਮਾਤਾ-ਪਿਤਾ, ਬੱਚਿਆਂ, ਭੈਣ-ਭਰਾਵਾਂ, ਦੋਸਤ-ਮਿੱਤਰ, ਸਹੇਲੀ ਸਭ ਰਿਸ਼ਤੇ ਖ਼ਤਮ ਕਰਕੇ ਅਸੀਂ ਸਿਰਫ ਲਾਲਚ ਦਾ ਰਿਸ਼ਤਾ ਹੀ ਪ੍ਰਮੁੱਖ ਰੱਖ ਲਿਆ? ਸਿਆਣੇ ਕਹਿੰਦੇ ਸੀ ਕੁਝ ਵੀ ਕਰਨ ਤੋਂ ਪਹਿਲਾਂ ਕੰਧ ਤੋਂ ਵੀ ਸਲਾਹ ਮੰਗੋ ਤਾਂ ਉਹ ਵੀ ਤੁਹਾਨੂੰ ਸਹੀ ਸਲਾਹ ਦੇਵੇਗੀ। ਪਰ ਅੱਜ ਕੀ ਹੋ ਗਿਆ ਜੋ ਅਸੀਂ ਕਿਸੇ ਨੂੰ ਮਾਰਨ ਦੀਆਂ ਮਹੀਨਾ ਮਹੀਨਾ ਵਿਉਂਤਾ ਬਣਾਉਂਦੇ ਹਾਂ। ਫਿਰ ਅੰਜਾਮ ਵੀ ਦੇ ਦਿੰਦੇ ਹਾਂ। ਸਾਡੀ ਪੀੜ੍ਹੀ ਕਿਹੜੇ ਪਾਸੇ ਚੱਲ ਪਈ ਹੈ। ਅਜੇ ਵੀ ਵੇਲਾ ਸੰਭਲਣ ਦਾ ਹੈ। ਜੇ ਸੰਭਾਲਿਆ ਜਾਵੇ ਤਾਂ ਆਪਣੇ ਦਿਲਾਂ ਵਿਚ ਇਨਸਾਨੀਅਤ ਜਗਾ ਕੇ ਰੱਖੋ। ਅਸੀਂ ਸਭ ਜਾਣਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦਿੰਦੇ ਹਾਂ। ਪਰ ਪਤਾ ਨਹੀਂ ਗ਼ਲਤੀ ਕਿੱਥੇ ਰਹਿ ਜਾਂਦੀ ਹੈ। ਉਹ ਗ਼ਲਤ ਰਸਤੇ ਵੱਲ ਜਾ ਰਹੇ ਹਨ। ਬੱਚਿਆਂ ਦੇ ਹੱਥਾਂ ਵਿਚ ਉਮਰ ਤੋਂ ਪਹਿਲਾਂ ਦਿੱਤੇ ਮੋਬਾਈਲਾਂ ਨੇ ਵੀ ਉਨ੍ਹਾਂ ਦੇ ਮਨਾਂ ਨੂੰ ਗ਼ਲਤ ਰਸਤੇ ਵੱਲ ਤੋਰਿਆ ਹੈ। ਇਹ ਸਮਾਂ ਜੋ ਸਾਨੂੰ ਸਭ ਨੂੰ ਮਿਲ ਕੇ ਸੰਭਾਲਣਾ ਪਵੇਗਾ। ਸਾਨੂੰ ਆਪਣੇ ਧੀਆਂ ਪੁੱਤਾਂ ਨੂੰ ਸਿਖਾਉਣਾ ਪਵੇਗਾ ਕਿ ਰਿਸ਼ਤੇ ਅਨਮੋਲ ਨੇ ਇਨ੍ਹਾਂ ਨੂੰ ਖਤਮ ਨਾ ਕਰੋ। ਸਭ ਤੋਂ ਪਹਿਲਾਂ ਸਾਨੂੰ ਪੁਰਾਣੇ ਸਮਿਆਂ ਵਾਂਗ ਕੁਦਰਤ ਨਾਲ ਜੁੜਨਾ ਪੈਣਾ ਹੈ। ਅਸੀਂ ਆਪਣਿਆਂ ਨੂੰ ਮਹਿਸੂਸ ਕਰਾਉਣਾ ਹੈ ਕਿ ਕਣ-ਕਣ ਵਿੱਚ ਰੱਬ ਵਸਦਾ ਹੈ। ਕਿਸੇ ਨੂੰ ਦੁੱਖ ਦੇਣ ਨਾਲ ਉਸ ਦੀ ਆਤਮਾ ਦੁਖੀ ਹੁੰਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਹੀ ਪਵੇਗਾ ਕਿ ਕਰੋੜਾਂ ਦੀ ਕਮਾਈ ਫਿਰ ਹੀ ਕਰੋਗੇ, ਜੇਕਰ ਰੁਪਏ ਤੋਂ ਕੰਮ ਸ਼ੁਰੂ ਕਰੋਗੇ, ਕਿਉਂਕਿ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ। ਮਿਹਨਤ ਨਾਲ ਕਮਾਈ ਕਰੋ। ਮੁੱਕਦੀ ਗੱਲ, ਸਾਨੂੰ ਆਪਣੇ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਹੀ ਪੈਣਾ ਹੈ। ਚਾਹੇ ਡਰ ਨਾਲ ਹੀ ਸਹੀ, ਨਹੀਂ ਤਾਂ ਧਰਤੀ ’ਤੇ ਰਹਿੰਦੇ ਰਿਸ਼ਤੇ ਇੰਨੇ ਗੰਧਲੇ ਹੋ ਜਾਣਗੇ, ਕਿ ਅਸੀਂ ਰਿਸ਼ਤਿਆਂ ਦਾ ਨਾਂਅ ਲੈਂਦੇ ਵੀ ਸ਼ਰਮ ਮਹਿਸੂਸ ਕਰਾਂਗੇ।
-ਗੁਰੂ ਨਾਨਕ ਦੇਵ ਇੰਸਟੀਚਿਊਟ, ਚੀਮਾ।
![]()
