ਨਵਦੀਪ ਸਿੰਘ ਗਿੱਲ
ਪੰਜਾਬੀ ਸੰਗੀਤ ਜਗਤ ਵਿੱਚ ਅੱਜ ਜਦੋਂ ਸ਼ੋਰ ਭਾਰੂ ਹੈ ਤਾਂ ਕੁਝ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਨਵੇਂ ਪੂਰ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਮੰਡੇਰ ਭਰਾਵਾਂ ਜਸਕੰਵਰ ਤੇ ਨਵਕੰਵਰ ਨੇ ਸਭਿਆਚਾਰਕ ਗਾਇਕੀ ਦੀ ਬੜੀ ਮਿੱਠੀ ਧੁਨ ਛੇੜੀ ਹੈ। ਲੋਕ ਗਾਇਕੀ ਦੇ ਪਿੜ ਦੀਆਂ ਇਹ ਆਵਾਜ਼ਾਂ ਤੁਹਾਡੇ ਮਨ ਤੇ ਰੂਹ ਨੂੰ ਸਰਸ਼ਾਰ ਕਰਦੀਆਂ ਨੇ। ਹਥਲਾ ਲੇਖ ਪੰਜਾਬੀ ਵਿਰਸੇ ਨੂੰ ਪਰਣਾਏ ਇਨ੍ਹਾਂ ਗਾਇਕ ਭਰਾਵਾਂ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੰਦਾ ਹੈ।
ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਜਰਗ ਦੇ ਛੈਲ-ਛਬੀਲੇ ‘ਮੰਡੇਰ ਭਰਾਵਾਂ’ ਦੀ ਜੋੜੀ ਨੇ ਵਿਰਾਸਤੀ ਗਾਇਕੀ ਦਾ ਪੱਲਾ ਫੜ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਅੱਜ ਉਹ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣ ਰਹੇ ਹਨ। ਜਸਕੰਵਰ ਸਿੰਘ ਅਤੇ ਨਵਕੰਵਰ ਸਿੰਘ ਨੇ ਆਪਣੇ ਦਾਦਾ ਅਤੇ ਪਿਤਾ ਪਾਸੋਂ ਸ਼ੌਕ ਵਜੋਂ ਸਿੱਖੀ ਇਸ ਕਲਾ ਨੂੰ ਪੇਸ਼ੇਵਰ ਮੁਕਾਮ ਤੱਕ ਪਹੁੰਚਾ ਦਿੱਤਾ ਹੈ। 24 ਅਤੇ 21 ਵਰਿ੍ਹਆਂ ਦੀ ਭਰ ਜਵਾਨੀ ਵਿੱਚ ਇਹ ਭਰਾ ਲੋਕ-ਗਾਇਕੀ ਦੇ ਪਿੜ ਵਿੱਚ ਪੂਰੀ ਤਰ੍ਹਾਂ ਨਿੱਤਰ ਚੁੱਕੇ ਹਨ। ਵਿਰਾਸਤੀ ਗਾਇਕੀ ਦੇ ਕਦਰਦਾਨਾਂ ਨੂੰ ਇਨ੍ਹਾਂ ਵਿੱਚੋਂ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਤੇ ਕਾਲਜ ਵਿੱਚ ਪੜ੍ਹਦੇ ਇਹ ਦੋਵੇਂ ਭਰਾ ਦਿਨ ਵੇਲੇ ਕਲਾਸਾਂ ਲਗਾਉਾਂਦੇਹਨ ਅਤੇ ਸ਼ਾਮ ਨੂੰ ਅਖਾੜਿਆਂ ਵਿੱਚ ਰੰਗ ਬੰਨ੍ਹਦੇ ਹਨ। ਕਈ ਵਾਰ ਤਾਂ ਸਫ਼ਰ ਦੌਰਾਨ ਗੱਡੀ ਵਿੱਚ ਹੀ ਸਿਲੇਬਸ ਦੀਆਂ ਕਿਤਾਬਾਂ ਪੜ੍ਹਦੇ ਅਤੇ ਨਾਲੋ-ਨਾਲ ਅਲਗੋਜ਼ਿਆਂ ਤੇ ਢੱਡ ’ਤੇ ਰਿਆਜ਼ ਕਰਦੇ ਨਜ਼ਰ ਆਉਾਂਦੇਹਨ।
ਜਸਕੰਵਰ ਸਿੰਘ (ਜਨਮ 11 ਫਰਵਰੀ 2002) ਅਤੇ ਨਵਕੰਵਰ ਸਿੰਘ (ਜਨਮ 24 ਸਤੰਬਰ 2005) ਦਾ ਜਨਮ ‘ਮੁੰਡਾ ਤੇਰਾ ਮੈਂ ਚੱਕ ਲਾਂ, ਚੱਲ ਚੱਲੀਏ ਜਰਗ ਦੇ ਮੇਲੇ’ ਵਰਗੇ ਲੋਕ-ਬੋਲੀਆਂ ਵਿੱਚ ਵਸੇ ਇਤਿਹਾਸਕ ਪਿੰਡ ਜਰਗ ਦੇ ਇੱਕ ਨਾਮਵਰ ਪਰਿਵਾਰ ਵਿੱਚ ਹੋਇਆ। ਇਸ ਪਰਿਵਾਰ ਨੂੰ ਇਲਾਕੇ ਵਿੱਚ ‘ਐੱਮ ਏ ਪਾਸ’ ਜਾਂ ‘ਸਰਪੰਚਾਂ ਦੇ ਪਰਿਵਾਰ’ ਵਜੋਂ ਜਾਣਿਆ ਜਾਂਦਾ ਹੈ। ਘਰ ਦੇ ਪੰਜ ਮੈਂਬਰ ਐੱਮ ਏ ਪਾਸ ਹਨ ਅਤੇ ਤਿੰਨ ਮੈਂਬਰ ਪਿੰਡ ਦੀ ਸਰਪੰਚੀ ਕਰ ਚੁੱਕੇ ਹਨ। ਪਰਿਵਾਰਕ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਅਮਰ ਸਿੰਘ ਮੰਡੇਰ ਪਿੰਡ ਦੇ ਸਰਪੰਚ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਹਰਦੇਵ ਸਿੰਘ ਨੇ ਪਿੰਡ ਦੀ ਵਾਗਡੋਰ ਸੰਭਾਲੀ। ਤੀਜੀ ਪੀੜ੍ਹੀ ਵਿੱਚ ਹਰਦੇਵ ਸਿੰਘ ਦੀ ਨੂੰਹ ਅਤੇ ਇਨ੍ਹਾਂ ਗਾਇਕ ਭਰਾਵਾਂ ਦੀ ਮਾਤਾ ਜਸਬੀਰ ਕੌਰ ਸਰਪੰਚ ਰਹੇ। ਪੜ੍ਹਾਈ ਪੱਖੋਂ ਵੀ ਇਹ ਪਰਿਵਾਰ ਮੋਹਰੀ ਰਿਹਾ ਹੈ; ਹਰਦੇਵ ਸਿੰਘ ਮੰਡੇਰ ਅਤੇ ਉਨ੍ਹਾਂ ਦੀ ਪਤਨੀ ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਵਿਸ਼ੇ ਵਿੱਚ ਐੱਮ ਏ ਕੀਤੀ ਸੀ। ਅਗਾਂਹ ਉਨ੍ਹਾਂ ਦੇ ਪੁੱਤਰ ਨਵਜੋਤ ਸਿੰਘ ਨੇ ਵੀ ਐੱਮ ਏ (ਪੰਜਾਬੀ) ਕੀਤੀ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਐੱਮ ਏ (ਰਾਜਨੀਤੀ ਸ਼ਾਸਤਰ) ਤੇ ਬੀ ਐੱਡ ਪਾਸ ਹਨ। ਮੌਜੂਦਾ ਪੀੜ੍ਹੀ ਵੀ ਵਿੱਦਿਅਕ ਮਿਆਰ ਨੂੰ ਬਰਕਰਾਰ ਰੱਖ ਰਹੀ ਹੈ। ਜਸਕੰਵਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਗਰੋ ਬਿਜ਼ਨਸ ਵਿੱਚ ਐੱਮ ਬੀ ਏ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਹੈ। ਛੋਟਾ ਭਰਾ ਨਵਕੰਵਰ ਵੀ ਏ ਐੱਸ ਕਾਲਜ ਖੰਨਾ ਤੋਂ ਬੀ ਏ ਫਾਈਨਲ ਕਰ ਰਿਹਾ ਹੈ ਅਤੇ ਆਉਾਂਦੇਸਾਲਾਂ ਵਿੱਚ ਉਹ ਮੰਡੇਰ ਪਰਿਵਾਰ ਦਾ ਛੇਵਾਂ ਪੋਸਟ-ਗ੍ਰੈਜੂਏਟ ਮੈਂਬਰ ਬਣਨ ਵੱਲ ਵਧ ਰਿਹਾ ਹੈ।
ਇਤਿਹਾਸਕ ਪਿੰਡ ਜਰਗ ਵਿੱਚ ਲੱਗਣ ਵਾਲੇ ਭਾਰੀ ਮੇਲੇ ਕਾਰਨ ਇੱਥੇ ਕਈ-ਕਈ ਦਿਨ ਗਵੰਤਰੀਆਂ, ਢਾਡੀਆਂ, ਕਵੀਸ਼ਰਾਂ ਅਤੇ ਨਕਲੀਏ-ਭੰਡਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ। ਅਮਰ ਸਿੰਘ ਅਤੇ ਹਰਦੇਵ ਸਿੰਘ ਇਨ੍ਹਾਂ ਕਲਾਕਾਰਾਂ ਦੀ ਦਿਲ ਖੋਲ੍ਹ ਕੇ ਮਹਿਮਾਨਨਿਵਾਜ਼ੀ ਕਰਦੇ, ਜਿਸ ਸਦਕਾ ਘਰ ਦੇ ਬੱਚਿਆਂ ਨੂੰ ਖਿਡੌਣਿਆਂ ਦੇ ਨਾਲ-ਨਾਲ ਲੋਕ-ਗਾਇਕੀ ਦੀ ਗੁੜ੍ਹਤੀ ਵੀ ਵਿਰਸੇ ਵਿੱਚੋਂ ਮਿਲੀ। ਇਸੇ ਸਾਹਿਤਕ ਤੇ ਕਲਾਤਮਿਕ ਮਾਹੌਲ ਸਦਕਾ ਹਰਦੇਵ ਸਿੰਘ ਦੇ ਪੁੱਤਰ ਨਵਜੋਤ ਸਿੰਘ ਦਾ ਮੋਹ ਲੋਕ-ਸੰਗੀਤ ਨਾਲ ਅਜਿਹਾ ਪਿਆ ਕਿ ਉਨ੍ਹਾਂ ਨੇ ਸਾਰੰਗੀਵਾਦਨ ਵਿੱਚ ਮੁਹਾਰਤ ਹਾਸਲ ਕਰ ਲਈ। ਭਾਵੇਂ ਉਹ ਕੁੱਲਵਕਤੀ ਗਾਇਕ ਨਾ ਬਣੇ, ਪਰ ਸ਼ੌਕ ਵਜੋਂ ਇਸ ਪਿੜ ਨਾਲ ਜੁੜੇ ਰਹੇ। ਸਾਲ 1992 ਵਿੱਚ ਸਾਹਿਤਕ-ਸੱਭਿਆਚਾਰਕ ਮੇਲਿਆਂ ਦੇ ਮੋਢੀ ਜਗਦੇਵ ਸਿੰਘ ਜੱਸੋਵਾਲ ਨੇ ਜਦੋਂ ਹਰਦੇਵ ਸਿੰਘ ਪਾਸੋਂ ਪ੍ਰੋ. ਮੋਹਨ ਸਿੰਘ ਦਾ ਮਹਾਂਕਾਵਿ ‘ਨਨਕਾਇਣ’ ਰਿਕਾਰਡ ਕਰਵਾਇਆ ਤਾਂ ਉਸ ਵਿੱਚ ਨਵਜੋਤ ਸਿੰਘ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ।
ਨਵਜੋਤ ਸਿੰਘ ਨੇ ਆਪਣੀ ਗਾਇਕੀ ਦੀ ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਜਸਕੰਵਰ ਤੇ ਨਵਕੰਵਰ ਨੂੰ ਸੌਂਪਿਆ। ਜਸ ਤੇ ਨਵ ਨੇ ਹਾਲੇ ਚੱਜ ਨਾਲ ਪੈਰ ਵੀ ਪੁੱਟਣਾ ਨਹੀਂ ਸੀ ਸਿੱਖਿਆ, ਜਦੋਂ ਨਵਜੋਤ ਉਨ੍ਹਾਂ ਨੂੰ ਚਾਦਰਾ-ਕੁੜਤਾ ਪਹਿਨਾ ਕੇ ਅਤੇ ਮੋਢਿਆਂ ’ਤੇ ਬਿਠਾ ਕੇ ਜਰਗ ਦੇ ਮੇਲੇ ਦੀ ਸੈਰ ਕਰਵਾਉਾਂਦੇ।ਵਕਤ ਦੇ ਨਾਲ-ਨਾਲ ਜਰਗ ਦੇ ਮੇਲੇ ਵਿੱਚ ਕਵੀਸ਼ਰਾਂ ਤੇ ਢਾਡੀਆਂ ਦੀਆਂ ਵਾਰਾਂ ਸੁਣਦਿਆਂ ਦੋਵੇਂ ਭਰਾ ਲੋਕ-ਸੰਗੀਤ ਦੇ ਅਜਿਹੇ ਮੁਰੀਦ ਹੋਏ ਕਿ ਖੇਡਣ-ਮੱਲਣ ਦੀ ਉਮਰੇ ਹੀ ਉਨ੍ਹਾਂ ਦੀਆਂ ਉਂਗਲਾਂ ਢੱਡ, ਸਾਰੰਗੀ ਅਤੇ ਤੂੰਬੇ ’ਤੇ ਧੁਨਾਂ ਛੇੜਨ ਲੱਗ ਪਈਆਂ। ਮੰਡੇਰ ਪਰਿਵਾਰ ਦੇ ਖ਼ੂਨ ਵਿੱਚ ਰਚੇ ਇਸੇ ਸੰਗੀਤਕ ਜਜ਼ਬੇ ਸਦਕਾ ਨਵਜੋਤ ਦੇ ਵਿਆਹ ਤੋਂ ਲੈ ਕੇ ਜਸ ਤੇ ਨਵ ਦੇ ਜਨਮ ਦੀਆਂ ਖ਼ੁਸ਼ੀਆਂ ਵੀ ਘਰ ਵਿੱਚ ਲੋਕ-ਸੰਗੀਤ ਦੇ ਅਖਾੜੇ ਲਗਾ ਕੇ ਹੀ ਮਨਾਈਆਂ ਗਈਆਂ।
ਪੜ੍ਹਾਈ ਦੇ ਨਾਲ-ਨਾਲ ਦੋਵੇਂ ਭਰਾ ਅੰਤਰ-ਜ਼ੋਨਲ ਅਤੇ ਅੰਤਰ-ਵਰਸਿਟੀ ਯੁਵਕ ਮੇਲਿਆਂ ਵਿੱਚ ਕਲੀ, ਕਵੀਸ਼ਰੀ, ਕਵਿਤਾ ਗਾਇਨ ਅਤੇ ਵਾਰਾਂ ਦੇ ਮੁਕਾਬਲਿਆਂ ਵਿੱਚ ਮੋਹਰੀ ਰਹਿੰਦੇ ਹੋਏ ਕਈ ਮੈਡਲ ਆਪਣੇ ਨਾਮ ਕਰ ਚੁੱਕੇ ਹਨ।
ਜਦੋਂ ਜਸ ਤੇ ਨਵ ਆਪਣੀ ਸੁਰੀਲੀ ਆਵਾਜ਼ ਵਿੱਚ ‘ਕੰਨੀਂ ਮੁੰਦਰਾਂ ਸੁਨਹਿਰੀ ਗਲ ਗਾਨੀ, ਭਾਬੋ ਨੀਂ ਇੱਕ ਜੋਗੀ ਆ ਗਿਆ’ ਅਤੇ ‘ਜੇ ਤੂੰ ਅੱਖੀਆਂ ਦੇ ਸਾਹਮਣੇ ਨ੍ਹੀਂ ਰਹਿਣਾ, ਮਾਹੀ ਵੇ ਸਾਡਾ ਦਿਲ ਮੋੜ ਦੇ’ ਵਰਗੇ ਗੀਤ ਗਾਉਾਂਦੇਹਨ ਤਾਂ ਪੂਰਾ ਮੇਲਾ ਹੀ ਲੁੱਟ ਲੈਂਦੇ ਹਨ। ਇਹ ਗੀਤ ਹੁਣ ਉਨ੍ਹਾਂ ਦੀ ਪਛਾਣ ਬਣ ਚੁੱਕੇ ਹਨ, ਜਿਨ੍ਹਾਂ ਦੀ ਸਰੋਤਿਆਂ ਵੱਲੋਂ ਵਾਰ-ਵਾਰ ਫਰਮਾਇਸ਼ ਕੀਤੀ ਜਾਂਦੀ ਹੈ। ਵਿਆਹਾਂ ਮੌਕੇ ਡੋਲੀ ਤੋਰਨ ਵੇਲੇ ਜਦੋਂ ਉਹ ‘ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਹੱਸ-ਹੱਸ ਤੋਰ ਬਾਬਲਾ’ ਗਾਉਾਂਦੇਹਨ ਤਾਂ ਮਾਹੌਲ ਭਾਵੁਕ ਹੋ ਜਾਂਦਾ ਹੈ। ਮੰਡੇਰ ਭਰਾਵਾਂ ਦੇ ਅਖਾੜਿਆਂ ਵਿੱਚ ‘ਆਸ਼ਕ ਸਹਿਣ ਨਿਮਾਣੇ ਚੋਟਾਂ ਇਸ਼ਕ ਦੀਆਂ’, ‘ਹਾਏ ਓ ਰੱਬਾ ਸੋਹਣਿਆਂ ਨੂੰ ਛੇਤੀ ਕਿਉਂ ਨ੍ਹੀਂ ਮੇਲਦਾ’ ਅਤੇ ‘ਲੈ ਕੇ ਦੇ ਗਿਆ ਮੇਲੇ ’ਚੋਂ ਕਾਲੀ ਗਾਨੀ’ ਵਰਗੇ ਮਕਬੂਲ ਗੀਤ ਸਰੋਤਿਆਂ ਨੂੰ ਕੀਲ ਲੈਂਦੇ ਹਨ। ਲੋਕ-ਗਾਥਾਵਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਪਕੜ ਕਮਾਲ ਦੀ ਹੈ। ਸੱਸੀ-ਪੁੰਨੂ ਦੀ ਗਾਥਾ ‘ਸਾਰਾ ਤੇਰੀ ਅੱਖ ਦਾ ਕਸੂਰ ਸੱਸੀਏ’, ਰਾਣੀ ਸੁੰਦਰਾਂ ਦੀ ਬੇਨਤੀ ‘ਪੂਰਨਾ ਵੇ ਅੱਖੀਆਂ ਦੇ ਰਹਿ ਸਾਹਮਣੇ’ ਅਤੇ ਸੋਹਣੀ ਦਾ ਅੰਤਰਨਾਦ ‘ਵੇ ਸੁਣ ਘੜਿਆ ਪੱਲਾ ਮੈਂ ਤੇਰਾ ਫੜਿਆ’ ਸੁਣਾਉਾਂਦੇਹੋਏ ਉਹ ਪੁਰਾਤਨ ਸਮਿਆਂ ਨੂੰ ਸੁਰਜੀਤ ਕਰ ਦਿੰਦੇ ਹਨ। ‘ਕਿੱਸਾ ਪੂਰਨ ਭਗਤ’, ‘ਲੈਲਾ-ਮਜਨੂੰ’ ਅਤੇ ‘ਹੀਰ ਦੀ ਕਲੀ’ ਤੋਂ ਇਲਾਵਾ ਜਦੋਂ ਉਹ ਲੰਮੀ ਹੇਕ ਨਾਲ ‘ਮਿਰਜ਼ਾ’ ਗਾਉਾਂਦੇਹਨ ਤਾਂ ਉਨ੍ਹਾਂ ਦੀ ਕਲਾ ਸਿਖਰਾਂ ਨੂੰ ਛੋਹ ਜਾਂਦੀ ਹੈ। ਦੁੱਲਾ ਭੱਟੀ ਅਤੇ ਜਿਊਣਾ ਮੌੜ ਦੀਆਂ ਵਾਰਾਂ ਰਾਹੀਂ ਉਹ ਸਰੋਤਿਆਂ ਵਿੱਚ ਬੀਰਰਸ ਭਰਨ ਦਾ ਹੁਨਰ ਵੀ ਰੱਖਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਨਵੇਂ ਰਿਕਾਰਡ ਹੋਏ ਗੀਤ ‘ਪੱਗ ਤੇਰੀਆਂ ਦੇ ਰੰਗ ਸਾਰੇ ਦੱਸਦੇ’ ਅਤੇ ‘ਤੂੰ ਮੇਰਾ ਰਾਜਾ ਸੋਹਣਿਆ ਵੇ’ ਸਰੋਤਿਆਂ ਦੇ ਸਨਮੁਖ ਹੋਏ ਹਨ, ਜੋ ਉਨ੍ਹਾਂ ਦੀ ਭਵਿੱਖੀ ਗਾਇਕੀ ਵੱਲ ਵਧਦੇ ਕਦਮ ਹਨ।
![]()
