ਹੁਕਮਨਾਮੇ ਦੀ ਉਲੰਘਣਾ ਕਰ ਕੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਕੀਤਾ ਜਾ ਰਿਹੈ ਖਤਮ : ਬੀਬੀ ਜਗੀਰ ਕੌਰ

In ਮੁੱਖ ਖ਼ਬਰਾਂ
January 29, 2025
ਐੱਸਜੀਪੀਸੀ ਦਾ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਦੇਖਣ ਵਿਚ ਆ ਰਿਹਾ ਹੈ ਕਿ ਹੁਕਮਨਾਮੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਿੰਘ ਸਾਹਿਬਾਨ ’ਤੇ ਆਪਣਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ 2 ਦਸੰਬਰ ਦੇ ਹੁਕਮਨਾਮਿਆਂ ਦੀ ਭਾਵਨਾ ਨੂੰ ਤੋੜ ਮਰੋੜ ਕੇ ਪੇਸ਼ ਕਰਵਾਉਣਾ ਚਾਹੁੰਦੇ ਹਨ। ਪੰਥ ਦੇ ਸਾਹਮਣੇ ਇਹ ਜੋ ਦੁਬਿਧਾ ਬਣੀ ਹੋਈ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵੱਡਾ ਯੋਗਦਾਨ ਹੈ।ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਵੱਲੋਂ ਹਾਲੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਜਾਰੀ ਹੈ। ਐੱਸਜੀਪੀਸੀ ਵੱਲੋਂ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਇਹ ਵੀ ਆਖਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪੜਤਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਕਰ ਸਕਦੇ। ਇਸ ਦੇ ਬਾਵਜੂਦ ਇਹ ਪੜਤਾਲ ਜਾਰੀ ਹੈ ਤੇ ਸਿੰਘ ਸਾਹਿਬਾਨ ਦੇ ਹੁਕਮ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਸੰਸਥਾ ਦਾ ਪ੍ਰਧਾਨ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਅੱਗੇ ਆਉਣ ਪਰ ਉਹ ਆਪਣੀ ਕੁਰਸੀ ਬਚਾਉਣ ’ਚ ਲੱਗੇ ਹੋਏ ਹਨ।ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਸਮੁੱਚਾ ਪੰਥ ਤੇ ਸਿੱਖ ਕੌਮ ਇਕ ਵਾਰ ਫੇਰ ਤਖਤ ਸਾਹਿਬਾਨਾਂ ਤੋਂ ਬੜੀ ਆਸ ਲਗਾਈ ਬੈਠੇ ਹਨ ਕਿ ਜੋ ਗੈਰ-ਸਿਧਾਂਤਕ ਬਿਰਤਾਂਤ ਰਚਿਆ ਜਾ ਰਿਹਾ ਹੈ, ਉਸ ਵਿਰੁੱਧ ਸਪਸ਼ਟ ਤੌਰ ’ਤੇ ਸਿੱਖ ਜਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਆਪਣਾ ਆਦੇਸ਼ ਤੇ ਹੁਕਮ ਸੁਣਾਉਣ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਪੰਥਕ ਹਾਲਾਤ ਤੇ ਸਥਿਤੀ ਬਹੁਤ ਡਾਵਾਂ ਡੋਲ ਨਜ਼ਰ ਆਉਂਦੀ ਹੈ ਅਤੇ ਦੋ ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਸੰਗਤਾਂ ’ਚ ਬਣਿਆ ਉਤਸ਼ਾਹ ਤੇ ਜਜ਼ਬਾ ਜਿਉਂ ਦਾ ਤਿਉਂ ਹੀ ਰਹਿ ਗਿਆ ਹੈ।

Loading