ਪੰਜਾਬ ਦੇ ਸ਼ੰਭੂ ਬੈਰੀਅਰ ਅਤੇ ਖਨੌਰੀ ਬਾਰਡਰ ’ਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਇੱਕ ਸਾਲ ਤੋਂ ਧਰਨੇ ਲਗਾਏ ਹੋਏ ਹਨ, ਜਿਸ ਨੂੰ ਦੂਜਾ ਕਿਸਾਨ ਅੰਦੋਲਨ ਕਿਹਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਵੀ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਪਸ਼ਟ ਕਹਿ ਰਹੇ ਹਨ ਕਿ ਉਹ ਕਿਸਾਨ ਮੰਗਾਂ ਦੀ ਪੂਰਤੀ ਤੱਕ ਆਪਣਾ ਮਰਨ ਵਰਤ ਜਾਰੀ ਰੱਖਣਗੇ। ਇਹ ਦੂਜਾ ਕਿਸਾਨ ਅੰਦੋਲਨ ਭਾਵੇਂ ਚੜ੍ਹਦੀਕਲਾ ਵਿੱਚ ਜਾ ਰਿਹਾ ਹੈ ਪਰ ਇਸ ਅੰਦੋਲਨ ਦੌਰਾਨ ਸਾਰੀਆਂ ਕਿਸਾਨ ਜਥੇਬੰਦੀਆਂ ਵਿੱਚ ਏਕੇ ਦੀ ਘਾਟ ਜ਼ਰੂਰ ਰੜਕਦੀ ਹੈ। ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਸਾਂਝੀਆਂ ਹਨ ਤਾਂ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਏਕੇ ਅਤੇ ਸਾਂਝੇ ਸੰਘਰਸ਼ ਤੋਂ ਪਰਹੇਜ ਕਿਉਂ ਕੀਤਾ ਜਾ ਰਿਹਾ ਹੈ?
ਗਣਤੰਤਰ ਦਿਵਸ ਵਾਲੇ ਦਿਨ ਕਰੀਬ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੱਖ- ਵੱਖ ਇਲਾਕਿਆਂ ਵਿੱਚ ਟਰੈਕਟਰ ਮਾਰਚ ਕੱਢੇ ਗਏ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਵੱਖ- ਵੱਖ ਸ਼ਾਪਿੰਗ ਮਾਲਾਂ ਅਤੇ ਅਨੇਕਾਂ ਭਾਜਪਾ ਆਗੂਆਂ ਦੇ ਦਫ਼ਤਰਾਂ ਅੱਗੇ ਵੀ ਟਰੈਕਟਰ ਮਾਰਚ ਕੀਤੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਛੋਟੇ ਦੁਕਾਨਦਾਰਾਂ ਦੇ ਹੱਕ ਵਿੱਚ ਵੀ ਆਵਾਜ਼ ਉਠਾਈ ਅਤੇ ਕਿਹਾ ਕਿ ਸ਼ਾਪਿੰਗ ਮਾਲਾਂ ਅਤੇ ਵੱਡੀਆਂ ਕੰਪਨੀਆਂ ਕਾਰਨ ਛੋਟੇ ਦੁਕਾਨਦਾਰਾਂ ਦਾ ਕੰਮ ਘੱਟ ਰਿਹਾ ਹੈ। ਇਸ ਸਮੇਂ ਕੇਂਦਰ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤੇ ਜਾਣ ਕਾਰਨ ਕਿਸਾਨ ਕਾਫੀ ਉਤਸ਼ਾਹਿਤ ਹਨ। ਉਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਹੈ ਕਿ ਸ਼ਾਇਦ ਹੁਣ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਪੂਰੀਆਂ ਕਰ ਸਕਦੀ ਹੈ।
ਇਸ ਕਿਸਾਨ ਅੰਦੋਲਨ ਦਾ ਪੰਜਾਬ ਦੀ ਸਿਆਸਤ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਅਨੇਕਾਂ ਸਿਆਸੀ ਆਗੂ ਕਿਸਾਨ ਧਰਨੇ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾ ਚੁੱਕੇ ਹਨ। ਕਿਸਾਨ ਅੰਦੋਲਨ ਕਾਰਨ ਮੁੱਖ ਕਿਸਾਨ ਆਗੂਆਂ ਦੇ ਆਧਾਰ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿਚੋਂ ਨਵੀਂ ਸਿਆਸੀ ਲੀਡਰਸ਼ਿਪ ਉਭਰ ਕੇ ਸਾਹਮਣੇ ਆ ਸਕਦੀ ਹੈ।
ਪੰਜਾਬ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਸਰਗਰਮ ਹਨ, ਜਿਨ੍ਹਾਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ, ਜਦੋਂ ਕਿ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਹਨ, ਜੋ ਕਿ ਹਮੇਸ਼ਾ ਰਾਸ਼ਟਰੀ ਸਿਆਸਤ ਨੂੰ ਮੁੱਖ ਰੱਖ ਕੇ ਹੀ ਆਪਣੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਂਦੀਆਂ ਹਨ ਅਤੇ ਉਹਨਾਂ ਦਾ ਵੱਡਾ ਨਿਸ਼ਾਨਾ ਦੇਸ਼ ਦੀ ਸੱਤਾ ਪ੍ਰਾਪਤ ਕਰਨਾ ਹੁੰਦਾ ਹੈ। ਸਿਰਫ਼ ਅਕਾਲੀ ਦਲ ਹੀ ਹੈ, ਜੋ ਕਿ ਖੇਤਰੀ ਪਾਰਟੀ ਹੋਣ ਕਰਕੇ ਪੰਜਾਬ ਨੂੰ ਹਰ ਪੱਖੋਂ ਮੁੱਖ ਰੱਖਦਾ ਆਇਆ ਹੈ ਪਰ ਇਸ ਸਮੇਂ ਅਕਾਲੀ ਦਲ ਦੀ ਜੋ ਹਾਲਤ ਹੈ, ਉਹ ਸਭ ਦੇ ਸਾਹਮਣੇ ਹੈ। ਇਸੇ ਕਾਰਨ ਹੁਣ ਪੰਜਾਬ ਵਿੱਚ ਨਵੀਂ ਖੇਤਰੀ ਪਾਰਟੀ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਕਾਰਨ ਹੁਣ ਪੰਜਾਬ ਦੇ ਅਨੇਕਾਂ ਲੋਕ ਕਿਸਾਨ ਅੰਦੋਲਨ ਵੱਲ ਵੀ ਧਿਆਨ ਨਾਲ ਵੇਖ ਰਹੇ ਹਨ ਕਿ ਸ਼ਾਇਦ ਇਸ ਪਾਸਿਓਂ ਹੀ ਪੰਜਾਬ ਦੀ ਨਵੀਂ ਲੀਡਰਸ਼ਿਪ ਦਾ ਉਭਾਰ ਹੋ ਜਾਵੇ। ਭਾਵੇਂ ਕਿ ਇਸ ਸਬੰਧੀ ਅਜੇ ਸਿਰਫ਼ ਕਿਆਸਅਰਾਈਆਂ ਹੀ ਹਨ ਅਤੇ ਲੋਕਾਂ ਦੇ ਇਕੱਠ ਨੂੰ ਵੋਟਾਂ ਵਿੱਚ ਬਦਲਣਾ ਆਸਾਨ ਨਹੀਂ ਹੁੰਦਾ। ਪਿਛਲੇ ਕਿਸਾਨ ਅੰਦੋਲਨ ਦੀ ਸਫ਼ਲਤਾ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਚੋਣਾਂ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਸਫ਼ਲਤਾ ਨਹੀਂ ਸੀ ਮਿਲੀ ਅਤੇ ਚੋਣਾਂ ਲੜਨ ਦੇ ਸਵਾਲ ’ਤੇ ਵੀ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪੈ ਗਈ ਸੀ।
ਇਸ ਸਮੇਂ ਚੱਲ ਰਹੇ ਕਿਸਾਨ ਅੰਦੋਲਨ ਲਈ ਕਿਸਾਨਾਂ ਵੱਲੋਂ ਹੋਰਨਾਂ ਵਰਗਾਂ ਦੀ ਹਮਾਇਤ ਲੈਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕੁਝ ਵਰਗਾਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸਾਰੇ ਵਰਗ ਪਿਛਲੇ ਕਿਸਾਨ ਅੰਦੋਲਨ ਵਾਂਗ ਪੂਰੀ ਤਰ੍ਹਾਂ ਮੌਜੂਦਾ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਨਹੀਂ ਆਏ। ਇਸ ਦੇ ਬਾਵਜੂਦ ਕਿਸਾਨ ਚੜ੍ਹਦੀਕਲਾ ਵਿੱਚ ਹਨ ਅਤੇ ਅੰਦੋਲਨ ਵਿੱਚ ਸਰਗਰਮ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਆਪਣੇ ਘਰਾਂ ਅਤੇ ਖੇਤਾਂ ਨੂੰ ਛੱਡ ਕੇ ਸੜਕਾਂ ਕਿਨਾਰੇ ਧਰਨਿਆਂ ਵਿੱਚ ਬੈਠ ਜਾਣਾ ਆਸਾਨ ਨਹੀਂ ਹੁੰਦਾ ਪਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਏ ਹਨ।
ਇਸ ਸਮੇਂ ਸਭ ਦੀਆਂ ਨਜ਼ਰਾਂ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਗੱਲਬਾਤ ਵੱਲ ਲੱਗੀਆਂ ਹੋਈਆਂ ਹਨ। ਇਹ ਗੱਲਬਾਤ ਆਉਣ ਵਾਲੇ ਦਿਨਾਂ ਦੌਰਾਨ ਹੋਵੇਗੀ, ਜਿਸ ਕਰਕੇ ਇਸ ਸਮੇਂ ਇਸ ਗੱਲਬਾਤ ਸਬੰਧੀ ਕਿਆਸ ਅਰਾਈਆਂ ਹੀ ਲਗਾਈਆਂ ਜਾ ਰਹੀਆਂ ਹਨ। ਵੱਖ- ਵੱਖ ਧਿਰਾਂ ਨੂੰ ਇਸ ਗੱਲਬਾਤ ਦੇ ਚੰਗੇ ਨਤੀਜੇ ਆਉਣ ਦੀ ਆਸ ਹੈ। ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਹੀ ਤਰੀਕੇ ਨਾਲ ਸਰਕਾਰ ਅੱਗੇ ਪੇਸ਼ ਕਰਨ ਤਾਂ ਕਿ ਇਹਨਾਂ ਮੰਗਾਂ ਸਬੰਧੀ ਕੇਂਦਰ ਸਰਕਾਰ ਆਪਣਾ ਕੋਈ ਫ਼ੈਸਲਾ ਕਰ ਸਕੇ। ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰੇ ਅਤੇ ਦੁਵੱਲੀ ਗੱਲਬਾਤ ਰਾਹੀਂ ਕਿਸਾਨ ਮਸਲਾ ਹੱਲ ਹੋ ਸਕੇ। ਹਰ ਮਸਲੇ ਦਾ ਹੱਲ ਤਾਂ ਗੱਲਬਾਤ ਦੀ ਮੇਜ਼ ’ਤੇ ਆ ਕੇ ਹੀ ਹੋ ਸਕਦਾ ਹੈ। ਇਸ ਕਰਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਗੱਲਬਾਤ ਨੂੰ ਸ਼ੁੱਭ ਸ਼ਗਨ ਹੀ ਕਿਹਾ ਜਾਣਾ ਚਾਹੀਦਾ ਹੈ।
![]()
