ਅਮਰੀਕਾ-ਇਜਰਾਇਲੀ ਗੱਠਜੋੜ ਦੀ ਫਲਸਤੀਨੀਆਂ ਦੇ ਮੁਕੰਮਲ ਉਜਾੜੇ ਦੀ ਸਾਜਿਸ਼

In ਮੁੱਖ ਖ਼ਬਰਾਂ
February 22, 2025
ਇਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਇਜਰਾਇਲੀ ਫੌਜਾਂ ਨੇ ਅਮਰੀਕਾ ਅਤੇ ਹੋਰ ਪੱਛਮੀ ਸਾਮਰਾਜੀ ਮੁਲਕਾਂ ਦੀ ਖੁੱਲ੍ਹੀ ਹਮਾਇਤ ਦੇ ਨਾਲ਼ ਹਜਾਰਾਂ ਫਲਸਤੀਨੀ ਲੋਕਾਂ ਨੂੰ ਸਿੱਧੇ ਤੌਰ ’ਤੇ ਕਤਲ ਕੀਤਾ ਸੀ। ਇਹ ਅੰਕੜਾ 70,000 ਤੋਂ ਲੈ ਕੇ 2 ਲੱਖ ਦੇ ਨਜਦੀਕ ਹੋਣ ਦੀ ਸੰਭਾਵਨਾ ਹੈ। ਗਜਾ ਵਿੱਚ 90% ਇਮਾਰਤਾਂ ਜਾਂ ਤਾਂ ਬਿਲਕੁਲ ਤਬਾਹ ਹੋ ਚੁਕੀਆਂ ਹਨ ਜਾਂ ਫਿਰ ਬਹੁਤ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਲੱਗਭੱਗ ਸਾਰੇ ਹਸਪਤਾਲ, ਵਿੱਦਿਅਕ ਸੰਸਥਾਵਾਂ, ਪੀਣ ਵਾਲ਼ੇ ਪਾਣੀ ਦੇ ਸਰੋਤ ਅਤੇ ਢਾਂਚਾ, ਇੱਕ ਤਿਹਾਈ ਤੋਂ ਵੱਧ ਖੇਤੀ ਯੋਗ ਜਮੀਨ ਤਬਾਹ ਹੋ ਚੁਕੇ ਹਨ। ਟਰੰਪ ਨੇ ਇੱਕ ਮੀਡੀਆ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਸੀ ਕਿ ਪਿਛਲੇ ਕੁਝ ਸਮੇਂ ਵਿੱਚ ਗਜਾ ਵਿੱਚ ਇੱਕ ਪੂਰੀ ਸੱਭਿਅਤਾ ਤਬਾਹ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਗਜਾ ਦੀ ਸਾਰੀ ਵਸੋਂ ਨੂੰ ਸਥਾਈ ਤੌਰ ’ਤੇ ਉਜਾੜ ਕੇ ਉੱਥੇ ਆਲੀਸ਼ਾਨ ਹੋਟਲ ਅਤੇ ਹੋਰ ਉਸਾਰੀ ਕਰਨ ਦੀ ਯੋਜਨਾ ਬਾਰੇ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਮਿਸਰ ਅਤੇ ਜਾਰਡਨ ਵਰਗੇ ਅਰਬ ਮੁਲਕਾਂ ਵਿੱਚ ਫਲਸਤੀਨ ਦੇ ਲੋਕਾਂ ਨੂੰ ਅਸਥਾਈ ਕੈਂਪਾਂ ਵਿੱਚ ਵਸਾਇਆ ਜਾਵੇਗਾ। ਇਸ ਤੋਂ ਵੀ ਵੱਧ, ਖੁਦ ਅਮਰੀਕਾ ਸਿੱਧੇ ਤੌਰ ’ਤੇ ਗਜਾ ਉੱਪਰ ਕਬਜਾ ਕਰੇਗਾ। ਭਾਵੇਂ ਇਸ ਬਿਆਨ ਦਾ ਸਾਰੇ ਅਰਬ ਮੁਲਕਾਂ ਸਮੇਤ ਅਮਰੀਕਾ ਦੇ ਪੱਛਮੀ ਭਾਈਵਾਲਾਂ ਨੇ ਵੀ ਵਿਰੋਧ ਕੀਤਾ ਸੀ ਪਰ ਇਸ ਬਿਆਨ ਤੋਂ ਨੇਤਨਯਾਹੂ ਕਾਫੀ ਖੁਸ਼ ਸੀ ਅਤੇ ਇਜਰਾਇਲ ਦੇ ਰੱਖਿਆ ਮੰਤਰੀ ਨੇ ਤਾਂ ਇਸ ਯੋਜਨਾ ਉੱਪਰ ਅਮਲ ਕਰਨ ਦੀਆਂ ਤਿਆਰੀਆਂ ਵੀ ਵਿੱਢ ਦਿੱਤੀਆਂ ਹਨ। ਇਜਰਾਇਲ-ਹਮਾਸ ਵਿੱਚ ਹੋਈ ਜੰਗਬੰਦੀ ਦੀ ਵੀ ਇਜਰਾਇਲ ਵਾਰ-ਵਾਰ ਉਲੰਘਣਾ ਕਰ ਰਿਹਾ ਹੈ ਜਿਸ ਕਾਰਣ ਹੁਣ ਹਮਾਸ ਨੇ ਕੁਝ ਸਮੇਂ ਲਈ ਜੰਗਬੰਦੀ ਦੇ ਪਹਿਲੇ ਗੇੜ ਵਿੱਚ ਕੀਤੀ ਜਾ ਰਹੀ ਬੰਧਕਾਂ ਦੀ ਰਿਹਾਈ ਦੇ ਅਮਲ ਨੂੰ ਫਿਲਹਾਲ ਰੋਕ ਦਿੱਤਾ ਹੈ। ਦੋ ਸਾਲ ਦੀ ਭਿਆਨਕ ਨਸਲਕੁਸ਼ੀ ਦੇ ਬਾਵਜੂਦ ਇਜਰਾਇਲ ਹਮਾਸ ਅਤੇ ਫਲਸਤੀਨੀ ਵਿਰੋਧ ਨੂੰ ਕੁਚਲਣ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਫਲਸਤੀਨ ਦੇ ਲੜਾਕਿਆਂ ਨੂੰ ਕੁਚਲਣ ਵਿੱਚ ਅਸਫਲ ਰਹਿਣ ਤੋਂ ਬਾਅਦ ਇਜਰਾਇਲ ਸਾਮਰਾਜੀ ਅਮਰੀਕਾ ਤੇ ਹੋਰ ਪੱਛਮੀ ਧੜੇ ਦੇ ਮੁਲਕਾਂ ਦੀ ਪੂਰੀ ਹਮਾਇਤ ਦੇ ਨਾਲ਼ ਗਜਾ ਦੀ ਕੁੱਲ ਵਸੋਂ ਦੀ ਨਸਲਕੁਸ਼ੀ ਕਰਕੇ, ਗਜਾ ਨੂੰ ਪੂਰੀ ਤਰ੍ਹਾਂ ਨਾਲ਼ ਉਜਾੜਣ ਦੇ ਕੰਮ ਵਿੱਚ ਲੱਗ ਗਿਆ। ਇਸੇ ਦੌਰਾਨ ਉਸਨੇ ਲੇਬਨਾਨ ਉੱਪਰ ਵੀ ਹਮਲਾ ਕਰਕੇ ਕੁਝ ਇਲਾਕਿਆਂ ਉੱਪਰ ਕਬਜੇ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਹਿਜਬੁਲਾ ਨੂੰ ਖਤਮ ਕਰਕੇ, ਪੱਛਮੀ ਕੰਢੇ ਵਿੱਚ ਆਪਣੇ “ਸੈਟਲਰ ਬਸਤੀਵਾਦੀਆਂ” ਦੇ ਵਸੇਬੇ ਹੋਰ ਵਧਾ ਸਕੇ ਪਰ ਇਸ ਵਿੱਚ ਵੀ ਉਸਨੂੰ ਮੂੰਹ ਦੀ ਖਾਣੀ ਪਈ। ਇਜਰਾਇਲ ਵਿੱਚ ਵੀ ਉਹ ਲੋਕ ਜਿਹਨਾਂ ਦੇ ਪਰਿਵਾਰ ਦੇ ਲੋਕ ਹਮਾਸ ਕੋਮ ਬੰਧਕ ਸਨ, ਉਹਨਾਂ ਨੇ ਨੇਤਨਯਾਹੂ ਸਰਕਾਰ ਵਿਰੁੱਧ ਰੋਸ-ਮੁਜਾਹਰੇ ਸ਼ੁਰੂ ਕਰ ਦਿੱਤੇ। ਇਸ ਜੰਗ ਦੌਰਾਨ ਇਜਰਾਇਲ ਦਾ ਫੌਜੀ ਨੁਕਸਾਨ ਵੀ ਕਾਫੀ ਵੱਡੀ ਮਾਤਰਾ ਵਿੱਚ ਹੋਇਆ। ਵੱਡੀ ਗਿਣਤੀ ਵਿੱਚ ਅਫਸਰ ਅਤੇ ਜਵਾਨ ਫੌਜੀ ਮਾਰੇ ਗਏ।

Loading