ਚੰਡੀਗੜ੍ਹ/ਏ.ਟੀ.ਨਿਊਜ਼ : ਭਾਜਪਾ ਨੇਤਾ ਸੁਨੀਲ ਜਾਖੜ ਦੇ ਪੋਤੇ ਜੈਵੀਰ ਜਾਖੜ ਅਤੇ ਅਕਾਲੀ ਨੇਤਾ ਸੁਖਬੀਰ ਬਾਦਲ ਦੀ ਪੁੱਤਰੀ ਹਰਕੀਰਤ ਕੌਰ ਦੇ ਵਿਆਹ ਸਮਾਗਮ ਵਿੱਚ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨੂੰ ਲੈ ਕੇ ਆਗੂਆਂ ਵਿੱਚ ਸਿਆਸੀ ਨੋਕਝੋਕ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਂਗਰਸੀਆਂ ਆਗੂਆਂ ਵੱਲੋਂ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਦੇ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ’ਤੇ ਸਖ਼ਤ ਨੁਕਤਾਚੀਨੀ ਕੀਤੀ ਹੈ। ਰਾਜਾ ਵੜਿੰਗ ਨੇ ਇਹ ਸਿਆਸੀ ਟਕੋਰ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਰਾਜਾ ਵੜਿੰਗ ਦੀ ਆਲੋਚਨਾ ਕਰਨ ਤੋਂ ਬਾਅਦ ਕੀਤੀ ਹੈ। ਹਾਲਾਂ ਕਿ ਰਾਣਾ ਗੁਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਮੈਦਾਨ ਵਿੱਚ ਆ ਗਏ ਹਨ।
ਰਾਜਾ ਵੜਿੰਗ ਨੇ ਰਾਣਾ ਗੁਰਜੀਤ ਸਿੰਘ ਦਾ ਨਾਮ ਲਏ ਬਗੈਰ ਕਿਹਾ ਕਿ ਕੋਈ ਵੀ ਪ੍ਰਧਾਨ ਬਣ ਸਕਦਾ ਹੈ। ਜੇਕਰ ਕੋਈ ਪ੍ਰਧਾਨ ਬਣਨਾ ਚਾਹੁੰਦਾ ਉਹ ਦਿੱਲੀ ਜਾ ਕੇ ਆਪਣੀ ਪੈਰਵੀ ਕਰੇ, ਪਰ ਘੱਟੋ ਘੱਟ ਮੀਡੀਆ ਵਿੱਚ ਬਿਆਨਬਾਜ਼ੀ ਨਾ ਕਰੇ। ਵੜਿੰਗ ਨੇ ਕਿਹਾ ਕਿ ਉਹ ਤਾਂ ਬਾਦਲ ਤੇ ਜਾਖੜ ਦੇ ਵਿਆਹ ਸਮਾਗਮ ਵਿੱਚ ਨਹੀਂ ਗਿਆ। ਉਹ ਕਾਂਗਰਸੀ ਹੈ ਤੇ ਕਾਂਗਰਸੀਆਂ ਦੇ ਸਮਾਗਮਾਂ ਵਿੱਚ ਜਾਣਗੇ। ਉਹਨਾਂ ਕਿਹਾ ਕਿ ਹੇਠਲੇ ਪੱਧਰ ’ਤੇ ਵਰਕਰ ਹੈਰਾਨ ਤੇ ਪਰੇਸ਼ਾਨ ਹਨ ਕਿਉਂਕਿ ਲੀਡਰ ਖੁਦ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਵਿਆਹ ਸਮਾਗਮਾਂ ਵਿੱਚ ਹਾਜ਼ਰ ਹੁੰਦੇ ਹਨ।
ਭਾਵੇਂ ਰਾਣਾ ਗੁਰਜੀਤ ਸਿੰਘ ਅਜੇ ਚੁੱਪ ਹਨ, ਪਰ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ’ਤੇ ਮੁੱਖ ਮੰਤਰੀ ਅਤੇ ਰਾਜਾ ਵੜਿੰਗ ਦਾ ਨਾਮ ਲਏ ਬਗੈਰ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਕੁਝ ਆਗੂ ਖੁਸ਼ੀ ਅਤੇ ਗਮੀ ਦੇ ਪਰਿਵਾਰਕ ਜਸ਼ਨਾਂ ’ਤੇ ਟਿੱਪਣੀ ਕਰਕੇ ਸਾਡੇ ਸੱਭਿਆਚਾਰ ਪ੍ਰਤੀ ਆਪਣੀ ਨੀਵੀਂ ਸੋਚ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਜਦੋਂ ਪੰਜਾਬ ਵਿੱਚ ਹਰ ਮੁੱਦੇ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰੇ ਦੀ ਲੋੜ ਹੈ ਤਾਂ ਅਜਿਹੇ ਬਿਆਨਾਂ ਰਾਹੀਂ ਲੋਕਾਂ ਦਾ ਧਿਆਨ ਗੰਭੀਰ ਮੁੱਦਿਆਂ ਤੋਂ ਹਟਾਉਣ ਦੇ ਇਸ ਮਾੜੇ ਇਰਾਦੇ ਨੂੰ ਸਮਝਣ ਅਤੇ ਪੂਰੀ ਤਰ੍ਹਾਂ ਰੱਦ ਕਰਨ ਦੀ ਲੋੜ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੋਤੇ ਜੈਵੀਰ ਜਾਖੜ ਅਤੇ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਧੀ ਹਰਕੀਰਤ ਕੌਰ ਦੇ ਵਿਆਹ ਸਬੰਧੀ ਪਤਵੰਤਿਆਂ ਲਈ ਇੱਕ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ। ਇਨ੍ਹਾਂ ਸਮਾਗਮਾਂ ਵਿੱਚ ਵੱਖ- ਵੱਖ ਸਿਆਸੀ ਪਾਰਟੀਆਂ ਤੋ ਬਿਨਾਂ ਧਾਰਮਿਕ, ਸਮਾਜਿਕ ਆਗੂ ਸ਼ਾਮਲ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਇੱਕ ਸਮਾਗਮ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਅੰਨਦਾਤਾ ਭੁੱਖ ਹੜਤਾਲ ’ਤੇ ਹੈ, ਉੱਥੇ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਦਾਅਵਤਾਂ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕਰਕੇ ਲੋਕ ਹੇਠਲੇ ਪੱਧਰ ’ਤੇ ਲੜਦੇ ਰਹਿੰਦੇ ਹਨ, ਕਿਸੇ ਸਮਾਗਮ ਵਿੱਚ ਨਹੀਂ ਜਾਂਦੇ ਪਰ ਇਹ ਖੁਦ ਜੱਫੀਆਂ ਪਾਉਂਦੇ ਹਨ। ਇੱਕ ਦੂਜੇ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਆਪਣੇ ਮੰਚਾਂ ਤੋਂ ਇੱਕ ਦੂਜੇ ਵਿਰੁੱਧ ਜ਼ਹਿਰ ਉਗਲਦੇ ਹਨ ਪਰ ਨਿੱਜੀ ਸਮਾਗਮਾਂ ਵਿੱਚ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸ਼ੱਕੀ ਚਿਹਰਾ ਨੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਜਾਖੜ ਦੇ ਸਮਾਗਮ ਵਿੱਚ ਸਾਰੇ ਲੀਡਰ ਸਨ ਪਰ ਉਹ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਅਤੇ ਨਾ ਹੀ ਉਹ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਦੀ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਇੱਕ ਸ਼ੁੱਧ ਸ਼ਾਕਾਹਾਰੀ ਵਿਆਹ ਸੀ। ਇਸ ਲਈ ਤੁਹਾਨੂੰ (ਮੁੱਖ ਮੰਤਰੀ) ਸੱਦਾ ਨਹੀਂ ਦਿੱਤਾ ਸੀ ਕਿਉਂਕਿ ਇਹ ਵਿਆਹ ਏ.ਐੱਮ. ਸੀ ਪੀ.ਐੱਮ. ਨਹੀਂ।
![]()
