ਰਿਸ਼ਤਿਆਂ ਦੀ ਵਿਆਕਰਣ ਬੜੀ ਸਧਾਰਨ ਵੀ ਹੈ ਤੈ ਬੜੀ ਉਲਝਾਉਣ ਵਾਲੀ ਵੀ ਹੈ। ਜਿਸ ਨੂੰ ਇਹ ਸਮਝ ਆ ਗਈ ਇਹੀ ਜ਼ਿੰਦਗੀ ਸਵਰਗ ਬਣ ਜਾਂਦੀ ਨਾ ਸਮਝੇ ਤਾਂ ਇਹੀ ਇੱਕ ਉਲਝਣ ਤਾਣੀ ਬਣ ਜਾਂਦੀ ਹੈ। ਸੰਸਾਰ ਔਰਤਾਂ ਤੇ ਮਰਦਾਂ ਦੇ ਸੁਮੇਲ ਨਾਲ ਹੀ ਚਲਦਾ ਹੈ ।ਇੱਕ ਗੱਡੀ ਦੋ ਪਹੀਏ ਨਾਲ-ਨਾਲ ਤੁਰੇ ਜਾਣ ਤਾਂ ਵਧੀਆ ਹੈ। ਔਰਤ ਹੈ ਤਾਂ ਕਿੰਨੇ ਹੀ ਰਿਸ਼ਤੇ ਭੈਣਾਂ ,ਮਾਸੀਆਂ ,ਚਾਚੀਆਂ, ਤਾਈਆਂ ,ਭੂਆ, ਮਾਮੀਆਂ ਅਣਗਿਣਤ ਹੋਰ ਨੇੜੇ ਦੇ ਦੂਰ ਦੇ ਹੌਂਦ ਵਿਚ ਆਉਂਦੇ ਨੇ। ਰਿਸ਼ਤਿਆਂ ਦੀ ਵਿਆਕਰਣ ਇਕੱਲੀ ਖੂਨ ਦੇ ਰਿਸ਼ਤਿਆਂ ਨਾਲ ਨਹੀਂ ਸਿਰਜੀ ਜਾਂਦੀ। ਖੂਨ ਤੋਂ ਬਾਹਰ ਵੀ ਦੋਸਤੀ ਜਿਹੇ ਰਿਸ਼ਤੇ ਸਿਰਜੇ ਜਾਂਦੇ ਨੇ। ਸਾਰਿਆਂ ਰਿਸ਼ਤਿਆਂ ਵਿੱਚ ਇੱਕ ਰਿਸ਼ਤਾ ਪਤੀ ਪਤਨੀ ਦਾ ਹੀ ਅਜਿਹਾ ਰਿਸ਼ਤਾ ਹੈ ਜਿਹੜਾ ਜੋਂ ਨਾਲ ਰਹਿ ਕੇ ਹੀ ਅੱਗੇ ਵਧਦਾ ਹੈ ਕਿਉਂਕਿ ਦੂਜੇ ਸਮੇਂ ਸਮੇਂ ਤੇ ਜ਼ਿੰਦਗੀ ਦੇ ਰੰਗਮੰਚ ਤੇ ਆਪਣਾ ਬਣਦਾ ਰੋਲ ਪਲੇਅ ਕਰਦੇ ਨੇ। ਪਰ ਇਹ ਰਿਸ਼ਤਾ ਵਿਆਹ ਤੋਂ ਬਾਅਦ ਲੰਬਾ ਤੇ ਇਮਾਨਦਾਰੀ ਤੇ ਭਰੋਸੇ ਵਾਲਾ ਹੁੰਦਾ ਹੈ ।ਇਸ ਰਿਸ਼ਤੇ ਨਾਲ ਸੰਸਾਰ ਅੱਗੇ ਚੱਲਦਾ ਹੈ ।ਨਵੇਂ ਜੀਵਨ ਦਾ ਅਧਾਰ ਬੱਝਦਾ ਹੈ ।ਰਹਿਣ ਲਈ ਬਸੇਰਾ ਖਾਣ ਲਈ ਭੋਜਨ ਹੋਰ ਵਿਕਾਸ ਦੇ ਸੁਪਣੇ ਸਿਰਜੇ ਜਾਂਦੇ ਹਨ।ਪਤੀ ਪਤਨੀ ਦਾ ਰਿਸ਼ਤੇ ਵਾਰੇ ਜੇਂ ਕਰ ਗੱਲ ਕਰੀਏ ਤਾਂ ਇਤਿਹਾਸ ਬਹੁਤ ਲੰਮਾ ਹੈ। ਪਰ ਜੇਕਰ ਸਭਿਅਕ ਸਮਾਜ ਦੀ ਗੱਲ ਕਰੀਏ ਤਾਂ ਪੰਜਾਬੀ ਸਮਾਜ ਵਿਚ ਕਿਸੇ ਵੇਲੇ ਕੋਈ ਦੇਖ ਦਿਖਾਈ ਨੀ ਹੁੰਦੀ ਸੀ ਸਿਰਫ ਇੱਕ ਰੁਪਏ ਸ਼ਗਨ ਦੇ ਰਿਸ਼ਤੇ ਕਰ ਦਿੱਤੇ ਜਾਂਦੇ ਸੀ । ਜੇਕਰ ਦੇਖੀਏ ਤੀਹ ਚਾਲੀ ਸਾਲ ਪਹਿਲਾਂ ਇਹ ਆਮ ਸੀ । ਪਰ ਰਿਸ਼ਤੇ ਸੱਚੇ ਸੀ ਇੱਕ ਗੋਰਾ ਹੁੰਦਾ ਦੂਜਾ ਸਾਥੀ ਭਾਵੇਂ ਕਾਲੇ ਰੰਗ ਦਾ ਹੁੰਦਾ ਪਰ ਰੂਹ ਦੇ ਤੇ ਸੱਚੇ ਮੇਲ ਸੀ।ਸਾਰੀ ਉਮਰ ਤੱਕ ਨਿਭਾਉਂਦੇ ਸਨ। ਹੌਲ਼ੀ ਹੌਲ਼ੀ ਸਮੇਂ ਬਦਲੇ ਦੇਖ ਦਿਖਾਈ,ਕੱਦ ਕਾਠ ,ਪੜ੍ਹਾਈ ਲਿਖਾਈ,ਦਾਜ ਦਹੇਜ, ਹੈਸੀਅਤ ਦੇਖੀ ਜਾਣ ਲੱਗੀ ਪਰ ਐਨਾ ਕੁਝ ਕਰਕੇ ਉਹ ਮੋਹ ਪਿਆਰ ਨੀ ਦਿਸਦੇ। ਵੈਸੇ ਕਿਹਾ ਇਹ ਵੀ ਜਾਂਦਾ ਹੈ ਕਿ ਵਿਆਹ ਮੋਤੀ ਚੂਰ ਦਾ ਲੱਡੂ ਹੈ ਖਾਕੇ ਤੇ ਨਾ ਖਾਕੇ ਪਛਤਾਵਾ ਹੁੰਦਾ ਹੈ ਪਰ ਲੋਕ ਕਹਿੰਦੇ ਨੇ ਕਿ ਖਾਕੇ ਹੀ ਪਛਤਾਵਾ ਕੀਤਾ ਜਾਵੇ ।ਇਸ ਤਰ੍ਹਾਂ ਵਿਆਹ ਨਾਮ ਦੀ ਪਵਿੱਤਰ ਰੀਤ ਦੁਆਰਾ ਦੋ ਸ਼ਖ਼ਸੀਅਤਾਂ ਮਿਲ ਜਾਂਦੀਆਂ ਨੇ ।ਚਲੋਂ ਜੇਂ ਵਿਆਹ ਤੋਂ ਬਾਅਦ ਸਮਾਂ ਠੀਕ ਚੱਲਦਾ ਰਹੇ ਤਾਂ ਘਰ ਸਵਰਗ ਲੱਗਦਾ ਹੈ। ਪਤੀ ਪਤਨੀ ਦੇ ਰਿਸ਼ਤਿਆਂ ਵਾਰੇ ਵੱਖ ਵੱਖ ਵਿਚਾਰ , ਕਹਾਵਤਾਂ ,ਗੀਤ ,ਮੁਹਾਵਰੇ ਬਣੇ ਹੋਏ ਨੇ।
ਜੋੜੀਆਂ ਜੱਗ ਥੋੜ੍ਹੀਆਂ ਨਰੜ੍ਹ ਬਥੇਰੇ ਪਹਿਲੀ ਕਹਾਵਤ ਹੈ
ਇੱਕ ਹੋਰ ਕਿਹਾ ਜਾਂਦਾ ਹੈ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ ਪਰ ਕਈ ਵਾਰ ਕੁਜੋੜ ਵੀ ਬਣ ਜਾਦੇ ਹਨ।
ਗੀਤਾਂ ਵਿਚ ਤੇਰੀ ਰੱਬ ਨੇ ਬਣਾਤੀ ਜੋੜੀ ਯਾਰਾ
ਵੱਜਦਾ ਜੋਗੀ ਦਾ ਇੱਕ ਤਾਰਾ
ਤੇਰੀ ਮੇਰੀ ਜੋੜੀ ਉਮਰਾਂ ਥੋੜੀ
ਵਧੀਆ ਜੋੜੀਆਂ ਜਦ ਬਣਦੀਆਂ ਨੇ ਕਿਹਾ ਜਾਂਦਾ ਹੈ
ਮਿੱਠੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ
ਕੀ ਵਾਰੀ ਆਪਣੇ ਆਪ ਦੀ ਪ੍ਰਸੰਸਾ ਲਈ ਕਿਹਾ ਜਾਂਦਾ ਹੈ
ਜੋੜੀਆਂ ਤਾਂ ਹੋਰ ਵੀ ਨੇ ਲੱਖਾਂ ਸੋਹਣਿਆਂ ਤੇਰੀ ਮੇਰੀ ਵਾਲੀ ਦੀ ਗੱਲ ਵੱਖਰੀ
ਇੱਕ ਹੋਰ ਲਿਖਿਆ ਗਿਆ ਹੈ
ਜਿਵੇਂ ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈ ਜਿਹੜੀ ਮੈਨੂੰ ਸੋਹਣੀਏ ਨੀ ਤੂੰ ਮਿਲ ਗਈ।
ਆਪਣੇ ਆਪ ਨੂੰ ਵਡਿਆਉਣ ਲਈ ਕਿਹਾ ਜਾਂਦਾ ਹੈ
ਨੀ ਜੋੜੀ ਸਾਡੀ ਜੱਚਦੀ ਜੱਚਦੀ ਨੀ ਜੱਟਾ ਕੋਈ ਹੋਰ
ਜ਼ਿੰਦਗੀ ਵਿਚ ਆਰਥਿਕਤਾ ਜ਼ਰੂਰ ਰੋਲ ਨਿਭਾਉਂਦੀ ਹੈ ਕਿਉਂਕਿ ਮਿਹਨਤੀ ਲੋਕਾਂ ਦਾ ਪਿਆਰ ਹੋਰ ਵਧਦਾ ਹੈ
ਜਦ ਪਤਨੀ ਕਹਿ ਦੇਵੇ ਕਿ ਹਾੜੀ ਵੱਢੂੰਗੀ ਬਰਾਬਰ ਤੇਰੇ ਦਾਤੀ ਨੂੰ ਲਵਾ ਦੇ ਘੁੰਗਰੂ
ਮੋਹ ਪਿਆਰ ਵਿੱਚ ਚੱਲਣ ਵਾਲੇ ਨਾਲ ਹੀ ਚੱਲਦੇ ਤੇ ਇਹ ਕਿਹਾ ਜਾਂਦਾ ਹੈ
ਮੇਲੇ ਚੱਲੂਗੀਂ ਬਰਾਬਰ ਤੇਰੇ ਵੇ ਟਿਕਟਾਂ ਦੋ ਲੈਣ ਲਈ
ਜ਼ਿੰਦਗੀ ਵਿੱਚ ਇੱਕ ਦਾ ਸਾਥ ਛੁੱਟ ਜਾਣਾ ਜ਼ਿੰਦਗੀ ਰੋਲ ਕੇ ਰੱਖ ਦਿੰਦਾ ਹੈ। ਜ਼ਿੰਦਗੀ ਬੇਵਕਤ ਹੋ ਜਾਂਦੀ ਹੈ ਜ਼ਿੰਦਗੀ ਦੀ ਇਹ ਪਲ ਰੱਬ ਦੁਸ਼ਮਣ ਨੂੰ ਵੀ ਨਾ ਦਿਖਾਵੇ।
ਪਰ ਕੁਝ ਲੋਕ ਚਟਕਾਰੇ ਲੈਣ ਲੱਗ ਪੈਂਦੇ ਨੇ ਜੇਕਰ ਕੋਈ ਘਰ ਵਾਲੀ ਨਾਲ ਕੰਮ ਕਰਵਾਏ ਤਾਂ ਆਖਣਗੇ ਰੰਨ ਮੁਰੀਦ ਹੈ ।
ਪੁੱਛ ਕੇ ਪੈਰ ਚੱਕਦਾ ਹੈ। ਪਤਾ ਨੀ ਹੋਰ ਕੀ ਕੀ ਸੁਣਨ ਨੂੰ ਮਿਲਦਾ ਹੈ
ਬਹੁਤੀ ਵਾਰ ਕੁਜੋੜ ਬਣ ਜਾਂਦੇ ਨੇ ਉਹ ਫੁੱਲਾਂ ਵਰਗੀ ਜ਼ਿੰਦਗੀ ਨਰਕ ਬਣਾਈ ਰੱਖਦੇ ਨੇ ।ਜਾ ਤਾਂ ਬੀਬਾ ਜੀ ਐਡੇ ਨਖਰੇ ਵਾਲੇ ਹੁੰਦੇ ਆਪਣੇ ਪੇਕਿਆਂ ਦਾ ਰੋਹਬ ਦਿਖਾਈ ਜਾਂਦੀਆਂ ਨੇ। ਤੀਜੇ ਦਿਨ ਰੁੱਸ ਕੇ ਪੇਕੇ ਇਹਨਾਂ ਦੇ ਬੱਚੇ ਰੁੱਲ ਖੁਲ ਕੇ ਪਲ਼ਦੇ ਨੇ। ਕਈ ਘਰ ਵਾਲਾ ਸ਼ਰਾਬੀ ਕਬਾਬੀ ਮਿਲ ਜਾਂਦਾ ਹੈ ਸਾਰੀ ਜ਼ਿੰਦਗੀ ਦਾ ਢਾਂਚਾ ਉਘੜ ਦੁੱਘੜ ਕਰੀ ਰੱਖਦਾ ਹੈ ਬੱਚੇ ਅਕਸਰ ਹੀ ਔਖ ਵਿਚ ਪਲਦੇ ਨੇ। ਅੱਜਕਲ੍ਹ ਮਹਿੰਗਾਈ ਵੀ ਰਿਸ਼ਤਿਆਂ ਤੇ ਅਸਰ ਪਾ ਰਹੀ ਹੈ। ਸੂਟ ਦਿਵਾਉਣ ਗਿਆ ਇੱਕ ਆਦਮੀ ਔਖਾ ਜਾ ਹੋ ਕੇ ਦੁਕਾਨ ਤੇ ਨਾਲ ਚਲਾ ਗਿਆ। ਸੇਠ ਔਰਤ ਨੂੰ ਪੁੱਛੀ ਜਾਵੇ ਭੈਣ ਜੀ ਚਾਹ ਲਉਂਗੇ ,ਇਹ ਸੂਟ ਤੁਹਾਡੇ ਬਹੁਤ ਜਚੇਗਾ , ਹੋਰ ਠੰਡਾ ਮੰਗਵਾਈਏ ,ਗਰਮ ਮੰਗਵਾ ਲੈਨੇ ਆ।ਘਰ ਵਾਲ਼ਾ ਅੱਕ ਕੇ ਬੋਲਿਆ ਸਾਲਿਓ ਜੀਜੇ ਨੂੰ ਵੀ ਪੁੱਛ ਲਓ ਜਿਸਨੇ ਪੈਸੇ ਦੇਣੇ ਨੇ।
ਕਈ ਵਾਰ ਤਿਉਹਾਰਾਂ ਵਿਚ ਵੀ ਗੱਲਾਂ ਵਾਪਰ ਜਾਂਦੀਆਂ ਨੇ।ਕਰੂਏ ਤੇ ਘਰ ਵਾਲਾ ਖਰਚੇ ਤੋਂ ਅੱਕ ਕੇ ਕਹਿੰਦਾ ਮੇਰਾ ਵਰਤ ਨਾ ਰੱਖੀ ਜੇ ਕੋਈ ਹੋਰ ਤਾਂ ਰੱਖ ਲੈ।
ਇੱਕ ਹੋਰ ਕਰੂਏ ਦੇ ਤਿਉਹਾਰ ਤੇ ਫੋਨ ਕਰਕੇ ਟੇਲਰ ਨੂੰ ਕਹਿੰਦਾ ਬਾਈ ਸੂਟ ਦੇ ਜਾਂ ਨਹੀਂ ਤਾਂ ਅੱਜ ਕੁਝ ਵਾਪਰ ਜਾਊ।
ਰੰਗ ਵਾਲੇ ਕੋਲ ਚੁੰਨੀ ਰੰਗਾਉਣ ਗਿਆ ਇੱਕ ਬੰਦਾ ਖੜ੍ਹਾ ਸੀ ਕੋਲ ਇੱਕ ਵਿਜੀਲੈਂਸ ਵੀ ਆ ਗਿਆ ਚੁੰਨੀ ਰੰਗਾਉਣ। ਪਹਿਲਾਂ ਬੰਦਾ ਕਹਿੰਦਾ ਇਸ ਦੀ ਪਹਿਲਾਂ ਰੰਗ ਦਿਓ।ਇਹ ਅਫਸਰ ਨੇ ਵਿਜੀਲੈਂਸ ਵਾਲਾ ਆਪ ਹੀ ਕਹਿੰਦਾ ਘਰ ਵਾਲੀ ਅੱਗੇ ਕੋਈ ਅਫ਼ਸਰੀ ਨੀ ਚੱਲਦੀ ਜੇ ਚੱਲਦੀ ਹੁੰਦੀ ਇੱਥੇ ਕਿਉਂ ਖੜ੍ਹਾ ਹੁੰਦਾ।
ਪਰ ਜ਼ਿੰਦਗੀ ਚੱਲਦੀ ਦਾ ਨਾਮ ਹੈ ਮਿਲ ਕੇ ਚੱਲਦੀ ਰਹੇ ਤਾਂ ਵਧੀਆ ਨਹੀਂ ਤਾਂ ਨਰਕ ਬਣ ਜਾਂਦੀ ਹੈ। ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਵਿੱਚ ਰਸ ਭਰ ਦਿੰਦੀਆ ਨੇ । ਨਿੱਕੇ ਨਿੱਕੇ ਇੱਕ ਦੂਜੇ ਦੇ ਫ਼ਿਕਰ ਸਾਨੂੰ ਨੇੜੇ ਕਰ ਦਿੰਦੇ ਨੇ। ਥੱਕੇ ਆਏ ਪਤੀ ਲਈ ਪਤਨੀ ਦੀ ਮੁਸਕਰਾਹਟ ਥਕਾਵਟ ਲਾਹ ਦਿੰਦੀ ਹੈ। ਨਿੱਕੇ ਨਿੱਕੇ ਪਲ਼ ਚੇਤੇ ਰੱਖਣਾ ਆਸਾਂ ਨੂੰ ਮਰਨ ਨਹੀਂ ਦਿੰਦੇ। ਜ਼ਿੰਦਗੀ ਦੀਆਂ ਥੁੜ੍ਹਾਂ ਹੌਸਲੇ ਤੇ ਸਬਰ ਨਾਲ ਕੱਟੀਆਂ ਜਾ ਸਕਦੀਆਂ ਨੇ। ਦੋਵੇਂ ਇੱਕ ਦੂਜੇ ਦੇ ਪੂਰਕ ਹਨ।ਬੱਚੇ ਵੀ ਇਸ ਤੋਂ ਬਹੁਤ ਕੁਝ ਸਿੱਖਦੇ ਹਨ।ਮਾੜੇ ਮੋਟੇ ਮਨ ਮੁਟਾਵ ਭੁਲਾ ਕੇ ਅੱਗੇ ਵਧ ਜਾਣ ਵਾਲੇ ਹੀ ਜ਼ਿੰਦਗੀ ਦੇ ਸ਼ਾਹ ਅਸਵਾਰ ਹੁੰਦੇ ਨੇ। ਜੇਕਰ ਇਸ ਗੀਤ ਵਾਂਗ ਨਿੱਕੇ ਮੋਟੇ ਮਨ ਮੁਟਾਵ ਨੂੰ ਭੁੱਲ:-
ਵੇਖ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਿਹੇ
ਵਾਲੀ ਨੀਤੀ ਅਪਣਾ ਲਈਏ ਤਾਂ ਜ਼ਿੰਦਗੀ ਨੂੰ ਅੱਗੇ ਵਧਾਉਣ ਵਿਚ ਮਦਦ ਹੋ ਸਕਦੀ ਹੈ।ਇੱਕ ਦੂਜੇ ਨੂੰ ਸਮਝੋ ਕੋਈ ਇੱਕ ਬੰਦੇ ਪਿਆ ਭਾਰ ਗੱਡੀ ਨੂੰ ਡੋਲਣ ਲਾ ਸਕਦਾ ਹੈ।ਮੋਹ ਮੁਹੱਬਤਾਂ ਨਾਲ ਹੀ ਘਰ ਬਣਦੇ ਨੇ ਜਿਥੇ ਰਿਸ਼ਤੇ ਮੋਹ ਸਤਿਕਾਰ ਪਲਦੇ ਨੇ।ਸੋ ਜ਼ਿੰਦਗੀ ਜੱਗ ਜਿਉਦਿਆਂ ਦੇ ਮੇਲੇ ਵਾਂਗ ਰੱਜ ਕੇ ਜੀਵੋ ਖੁਸ਼ੀਆਂ ਮਾਣੋ। ਮੋਹ ਪਿਆਰ ਬਣਾਈ ਰੱਖੋ
*ਲਾਡੀ ਜਗਤਾਰ
![]()
