ਵੈਨਕੂਵਰ/ਏ.ਟੀ.ਨਿਊਜ਼: ਅਮਰੀਕਨ ਰਾਸ਼ਟਰਪਤੀ ਵੱਲੋਂ ਵਿਦੇਸ਼ਾਂ ਦੇ ਬਣੇ ਟਰੱਕ ਤੇ ਕਾਰਾਂ ਦੀ ਅਮਰੀਕਾ ’ਚ ਅਯਾਤ ’ਤੇ 2 ਅਪ੍ਰੈਲ ਤੋਂ 25 ਫੀਸਦੀ ਟੈਕਸ ਲਾਉਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਸਰਕਾਰ ਨੇ ਵਪਾਰਕ ਭਰੋਸਿਆਂ ਨੂੰ ਵੱਡੀ ਢਾਹ ਲਾਈ ਹੈ, ਜਿਸਦੇ ਨਤੀਜੇ ਉਸਨੂੰ ਅਗਲੇ ਸਾਲਾਂ ਵਿੱਚ ਭੁਗਤਣੇ ਪੈਣਗੇ। ਵਾਹਨ ਟੈਕਸ ਦੇ ਐਲਾਨ ਨੇ ਕੈਨੇਡਾ ਫੈਡਰਲ ਚੋਣ ਮੁਹਿੰਮ ਨੂੰ ਵੀ ਝਟਕਾ ਦਿੱਤਾ ਹੈ ਅਤੇ ਵੱਡੀਆਂ ਪਾਰਟੀਆਂ ਦਾ ਧਿਆਨ ਆਗੂ ਲੋਕ ਲੁਭਾਊ ਵਾਅਦਿਆਂ ਤੋਂ ਪਾਸੇ ਹਟਕੇ ਟਰੰਪ ਟੈਰਿਫ ’ਤੇ ਕੇਂਦਰਤ ਹੋ ਗਿਆ ਹੈ।
ਕੈਨੇਡਾ ਅਮਰੀਕਾ ਸਬੰਧਾਂ ਬਾਰੇ ਕੈਬਨਿਟ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਰਨੇ ਨੇ ਕਿਹਾ ਕਿ ਟੈਰਿਫ ਚੁਣੌਤੀਆਂ ਮੂਹਰੇ ਕੈਨੇਡਾ ਨੂੰ ਆਰਥਿਕਤਾ ’ਚ ਸਵੈ-ਸਮਰੱਥ ਹੋ ਕੇ ਚੱਟਾਨ ਵਾਂਗ ਖੜਨਾ ਸਮੇਂ ਦੀ ਲੋੜ ਬਣ ਗਿਆ ਹੈ ਅਤੇ ਕੈਨੇਡਾ ਦੇ ਲੋਕਾਂ ਦੀ ਏਕਤਾ ਇਹ ਸਭ ਕਰਕੇ ਵਿਖਾਏਗੀ।
ਟੋਰੀ ਆਗੂ ਪੀਅਰ ਪੋਲਵਿਰ ਵਲੋਂ ਅਮਰੀਕਾ ਨੂੰ ਦੋਸਤ ਕਹਿਣ ਤੋਂ ਭੜਕੇ ਮਾਰਕ ਕਾਰਨੇ ਨੇ ਟੈਰਿਫਾਂ ਦੇ ਹਵਾਲੇ ਨਾਲ ਵਿਰੋਧੀ ਆਗੂ ਨੂੰ ਸਵਾਲ ਕੀਤਾ ਕਿ ਦੋਸਤ ਨੂੰ ਢਾਹ ਲਾਉਣੀ ਕਿੱਥੋਂ ਦੀ ਦੋਸਤੀ ਹੈ ? ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀ ਦੋਸਤੀ ਤਾਂ ਹੁਣ ਬੀਤੇ ਦੀ ਗੱਲ ਬਣਕੇ ਰਹਿ ਗਈ ਹੈ।
ਟੈਕਸ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਓਂਟਾਰਿਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਪਿਛਲੇ ਦਿਨੀਂ ਉਸਦੀ ਅਮਰੀਕਨ ਵਪਾਰ ਸਕੱਤਰ ਹੌਵਰਡ ਲੂਨਿਕ ਨਾਲ ਚੰਗੇ ਮਹੌਲ ਵਿੱਚ ਗੱਲ ਹੋਈ ਹੈ। ਫੋਰਡ ਨੇ ਦੱਸਿਆ ਕਿ ਬੇਸ਼ੱਕ ਹੌਵਰਡ ਨੇ ਭਰੋਸਾ ਦਿੱਤਾ ਹੈ ਕਿ ਵਾਹਨ ਟੈਕਸ ਉਤਪਾਦਕਾਂ ਨੂੰ ਪ੍ਰਭਾਵਿਤ ਕਰਨ ਦਾ ਕਾਰਨ ਨਹੀਂ ਬਣੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ’ਚ 85 ਫੀਸਦ ਵਾਹਨ ਉਤਪਾਦਨ ਓਂਟਰੀਓ ਸੂਬੇ ਵਿੱਚ ਹੁੰਦਾ ਹੈ। ਕਰੀਬ ਸਾਢੇ ਪੰਜ ਲੱਖ ਕਾਮੇ ਆਟੋ ਫੈਕਟਰੀਆਂ ’ਚ ਕੰਮ ਕਰਦੇ ਹਨ। 2023 ’ਚ ਇੱਥੇ 1537111 ਵਾਹਨਾਂ ਦਾ ਉਤਪਾਦਨ ਹੋਇਆ, ਜੋ 50 ਫੀਸਦੀ ਤੋਂ ਵੱਧ ਨਿਰਯਾਤ ਹੋਏ ਹਨ। ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ ਆਟੋ ਉਤਪਾਦਨ ਦਾ ਯੋਗਦਾਨ 6 ਫੀਸਦ ਹੈ।
ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਚੋਣ ਮੁਹਿੰਮ ਦੇ ਟੂਰ ਵਿਚਾਲੇ ਛੱਡ ਕੇ ਵੱਡੀਆਂ ਵਾਹਨ ਫੈਕਟਰੀਆਂ ਦੇ ਯੂਨੀਅਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਕੈਨੇਡਾ ’ਚ ਬਣੀਆਂ ਕਾਰਾਂ ਨੂੰ ਜੀ.ਐੱਸ.ਟੀ. ਮੁਕਤ ਕੀਤਾ ਜਾਵੇਗਾ।
![]()
