ਕੈਨੇਡਾ ਦੀ ਸਿਆਸਤ ’ਚ ਛਾਏ ਪੰਜਾਬੀ

In ਮੁੱਖ ਖ਼ਬਰਾਂ
April 30, 2025
ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ’ਤੇ ਖੁਸ਼ਹਾਲ ਜੀਵਨ ਬਿਤਾਉਣ ਤੇ ਡਾਲਰ ਕਮਾਉਣ ਲਈ ਗਏ ਪੰਜਾਬੀਆਂ ਨੇ ਉਥੋਂ ਦੇ ਕਾਰੋਬਾਰ ਤੋਂ ਇਲਾਵਾ ਸਿਆਸਤ ’ਤੇ ਵੀ ਗਲਬਾ ਕਾਇਮ ਕਰ ਲਿਆ ਹੈ। ਪੰਜਾਬੀ ਮੂਲ ਦੇ ਕੈਨੇਡੀਅਨ ਦਿਨੋਂ-ਦਿਨ ਕੈਨੇਡਾ ਦੀ ਸਿਆਸਤ ’ਚ ਵੱਡੇ ਪੱਧਰ ’ਤੇ ਭਾਈਵਾਲ ਬਣਦੇ ਜਾ ਰਹੇ ਹਨ। ਪਿਛਲੇ ਦਿਨੀਂ ਕੈਨੇਡਾ ’ਚ ਹੋਈਆਂ ਫ਼ੈਡਰਲ ਚੋਣਾਂ ਦੌਰਾਨ 22 ਪੰਜਾਬੀਆਂ ਨੇ ਐੱਮ.ਪੀ. ਦੀ ਚੋਣ ਜਿੱਤੀ ਹੈ ਜਦੋਂਕਿ 65 ਦੇ ਕਰੀਬ ਪੰਜਾਬੀਆਂ ਨੇ ਇਹ ਚੋਣ ਲੜੀ ਸੀ। ਚੋਣ ਨਤੀਜਿਆਂ ’ਤੇ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਸੀਟਾਂ ’ਤੇ ਪੰਜਾਬੀਆਂ ਨੇ ਚੋਣ ਜਿੱਤੀ ਹੈ, ਉਨ੍ਹਾਂ ਸੀਟਾਂ ਤੋਂ ਹਾਰਨ ਵਾਲੇ ਵੀ ਬਹੁਤੇ ਪੰਜਾਬੀ ਹੀ ਹਨ। ਇਸ ਲਈ ਬਹੁਤ ਸਾਰੇ ਹਲਕਿਆਂ ’ਚ ਪੰਜਾਬੀਆ ਵਿਚਾਲੇ ਹੀ ਟੱਕਰ ਸੀ। ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਦੀਆਂ ਫ਼ੈਡਰਲ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। 2019 ਦੀਆਂ ਚੋਣਾਂ ’ਚ 20 ਪੰਜਾਬੀਆਂ ਨੇ ਚੋਣ ਦਿੱਤੀ ਸੀ ਜਦੋਂਕਿ 2021 ਦੀਆਂ ਚੋਣਾਂ ’ਚ 18 ਪੰਜਾਬੀ ਐੱਮ.ਪੀ. ਬਣੇ ਸਨ, ਜਿਨ੍ਹਾਂ ’ਚੋਂ ਕਈ ਕੈਬਨਿਟ ’ਤੇ ਰਾਜ ਪੱਧਰ ਦੇ ਮੰਤਰੀ ਵੀ ਰਹੇ ਹਨ। ਮੌਜੂਦਾ ਚੋਣਾਂ ਦੌਰਾਨ ਵੀ 16 ਐੱਮ.ਪੀ. ਅਜਿਹੇ ਸਨ, ਜਿਨ੍ਹਾਂ ਨੇ ਮੁੜ ਚੋਣ ਜਿੱਤੀ ਹੈ। ਐਲਾਨੇ ਗਏ ਫ਼ੈਡਰਲ ਚੋਣਾਂ ਦੇ ਨਤੀਜਿਆਂ ’ਚ ਕੈਨੇਡਾ ਦੀਆ ਦੋਵਾਂ ਪ੍ਰਮੁੱਖ ਪਾਰਟੀਆਂ ਲਿਬਰਲ ਤੇ ਕੰਜ਼ਰਵੇਟਿਵ ਵੱਲੋਂ ਜਿੱਤਾਂ ਦਰਜ ਕਰਨ ਵਾਲੇ ਪੰਜਾਬੀਆਂ ’ਚ ਓਨਟਾਰੀਓ ਸੂਬੇ ਦੇ ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਕੰਜ਼ਰਵੇਟਿਵ ਪਾਰਟੀ ਦੇ ਆਪਣੇ ਵਿਰੋਧੀ ਅਮਨਦੀਪ ਜੱਜ, ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦੁਸਾਂਝ, ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਅਮਨਦੀਪ ਸੋਹੀ ਨੇ ਕੰਜ਼ਰਵੇਟਿਵ ਤਾਰਨ ਚਾਹਲ, ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਸੁਖਦੀਪ ਕੰਗ ਨੇ ਲਿਬਰਲ ਦੀ ਸੋਨੀਆ ਸਿੱਧੂ ਅਤੇ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਰਜੀਤ ਗਿੱਲ ਨੇ ਲਿਬਰਲ ਦੀ ਕਮਲ ਖਹਿਰਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਓਕਵਿਲੇ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ, ਡੋਰਵਲ ਲੈਚਿਨ ਤੋਂ ਅੰਜੂ ਢਿੱਲੋਂ, ਸਰੀ ਨਿਊਟਨ ਤੋਂ ਸੀਨੀਅਰ ਆਗੂ ਸੁਖ ਧਾਲੀਵਾਲ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਫ਼ਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸਿੰਘ ਸੈਣੀ, ਰਿਚਮੰਡ ਈਸਟ ਤੋਂ ਪਰਮ ਬੈਂਸ ਮੁੜ ਜਿੱਤਣ ’ਚ ਕਾਮਯਾਬ ਰਹੇ ਹਨ। ਅਲਬਰਟਾ ਸੂਬੇ ਦੇ ਕੈਲਗਰੀ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਮੁੜ ਚੋਣ ਜਿੱਤੇ ਹਨ ਜਦੋਂਕਿ ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਅਮਨਪ੍ਰੀਤ ਸਿੰਘ ਗਿੱਲ ਤੇ ਕੈਲਗਰੀ ਮੈਕਨਾਈਟ ਤੋਂ ਕੰਜ਼ਰਵੇਟਿਵ ਦਲਵਿੰਦਰ ਗਿੱਲ ਜੇਤੂ ਰਹੇ ਹਨ। ਓਕਸਫ਼ੋਰਡ ਤੋਂ ਕੰਜ਼ਰਵੇਟਿਵ ਅਰਪਨ ਖੰਨਾ, ਐਡਮਿੰਟਨ ਗੇਟਵੇਅ ਤੋਂ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿੰਮ ਉਪਲ, ਮਿਲਟਨ ਈਸਟ ਤੋਂ ਕੰਜ਼ਰਵੇਟਿਵ ਪਰਮ ਗਿੱਲ, ਐਬਸਫ਼ੋਰਟ ਸਾਊਥ ਕੈਲਗਰੀ ਤੋਂ ਸੁਖਮਨ ਗਿੱਲ, ਐਡਮਿੰਟਨ ਸਾਉਥ ਈਸਟ ਤੋਂ ਕੰਜ਼ਰਵੇਟਿਵ ਜਗਸ਼ਰਨ ਸਿੰਘ ਮਾਹਲ ਤੇ ਵਿੰਡਸਰ ਵੈਸਟ ਤੋਂ ਕੰਜ਼ਰਵੇਟਿਵ ਹਰਬ ਗਿੱਲ ਨੇ ਜਿੱਤ ਦਰਜ ਕੀਤੀ ਹੈ।
  • ਸੰਸਦੀ ਚੋਣਾਂ ’ਚ 22 ਪੰਜਾਬੀ ਬਣੇ ਸੰਸਦ ਮੈਂਬਰ

Loading