ਸ਼ਿਕਾਗੋ ਵਿੱਚ ਇੱਕ ਚਰਚ ਨੇੜੇ ਹੋਈ ਗੋਲੀਬਾਰੀ ਵਿੱਚ 7 ਨੌਜਵਾਨ ਜ਼ਖ਼ਮੀ, ਹਮਲਾਵਰ ਫਰਾਰ

In ਅਮਰੀਕਾ
June 03, 2025
ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ: ਸ਼ਿਕਾਗੋ ਵਿੱਚ ਤੜਕਸਾਰ ਸੇਂਟ ਸਬੀਨਾ ਚਰਚ ਨੇੜੇ ਹੋਈ ਗੋਲੀਬਾਰੀ ਵਿੱਚ 7 ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਉਸ ਦੇ ਲੱਤ ਤੇ ਛਾਤੀ ਵਿੱਚ ਗੋਲੀਆਂ ਵੱਜੀਆਂ ਹਨ ਜਦ ਕਿ ਬਾਕੀਆਂ ਦੇ ਲੱਤਾਂ, ਬਾਂਹਾਂ ਜਾਂ ਪਿੱਠ ’ਤੇ ਗੋਲੀਆਂ ਵੱਜੀਆਂ ਹਨ। ਇਹ ਜਾਣਕਾਰੀ ਸ਼ਿਕਾਗੋ ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਬਿਆਨ ਅਨੁਸਾਰ ਪੁਲਿਸ ਪੱਛਮੀ 78 ਵੀਂ ਸਟਰੀਟ ’ਤੇ ਤੜਕਸਾਰ ਤਕਰੀਬਨ 2 ਵਜੇ ਲੋਕਾਂ ਦੇ ਵੱਡੇ ਇਕੱਠ ਨੂੰ ਤਿਤਰ ਬਿਤਰ ਕਰਨ ਦਾ ਯਤਨ ਕਰ ਰਹੀ ਸੀ ਜਦੋਂ ਇੱਕ ਗੱਡੀ ਵਿੱਚ ਆਏ ਹਮਲਾਵਰਾਂ ਨੇ ਭੀੜ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਉਪਰੰਤ ਹਮਲਾਵਰ ਫਰਾਰ ਹੋ ਗਏ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। 3 ਪੀੜਿਤ 17 ਸਾਲ, 3 ਪੀੜਿਤ 18 ਸਾਲ ਤੇ ਇੱਕ ਜ਼ਖਮੀ ਦੀ ਉਮਰ 19 ਸਾਲ ਹੈ। ਫਾਦਰ ਮਿਸ਼ੈਲ ਫਲੇਗਰ ਨੇ ਸੋਸ਼ਲ ਮੀਡੀਆ ਉੱਪਰ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਸਮੂਹਿਕ ਨਿ੍ਰਤ ਤੋਂ ਬਾਅਦ ਇੱਕ ਘਰ ਵਿੱਚ ਇਕੱਤਰ ਹੋਏ ਲੋਕਾਂ ’ਤੇ ਗੋਲੀਆਂ ਵਰਾਈਆਂ ਗਈਆਂ ਹਨ। ਉਨ੍ਹਾਂ ਕਿਹਾ ਹੈ ਕਿ ਅਸੀਂ ਦੁਖੀ ਹਾਂ ਪਰੰਤੂ ਹਾਰੇ ਨਹੀਂ ਹਾਂ। ਅਸੀਂ ਖੜੇ ਰਹਾਂਗੇ, ਬੋਲਾਂਗੇ ਤੇ ਸੇਵਾ ਕਰਦੇ ਰਹਾਂਗੇ।

Loading