ਟਰੰਪ ਨੇ ਮਸਕ ਦੇ ਸਹਿਯੋਗੀ ਇਸਾਕਮੈਨ ਦਾ ਨਾਂ ਨਾਸਾ ਪ੍ਰਮੁੱਖ ਵਜੋਂ ਵਾਪਸ ਲਿਆ

In ਮੁੱਖ ਖ਼ਬਰਾਂ
June 03, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਐਲਾਨ ਕੀਤਾ ਕਿ ਉਹ ਨਾਸਾ ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਸਹਿਯੋਗੀ ਜੈਰੇਡ ਇਸਾਕਮੈਨ ਦਾ ਨਾਮ ਵਾਪਸ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸਾਕਮੈਨ ਦੇ ‘ਪੁਰਾਣੇ ਰਿਸ਼ਤਿਆਂ’ ਦੀ ‘ਡੂੰਘੀ ਸਮੀਖਿਆ’ ਕਰਨ ਮਗਰੋਂ ਇਸ ਨਤੀਜੇ ’ਤੇ ਪਹੁੰਚੇ ਹਨ। ਹਾਲਾਂਕਿ ਟਰੰਪ ਨੇ ਆਪਣੀ ਗੱਲ ਤਫ਼ਸੀਲ ਵਿੱਚ ਨਹੀਂ ਸਮਝਾਈ। ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਨੇ ਵੀ ਇਸ ਸਬੰਧ ਵਿੱਚ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਦਿੱਤਾ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ, ‘‘ਪੁਰਾਣੇ ਰਿਸ਼ਤਿਆਂ ਦੀ ਡੂੰਘੀ ਸਮੀਖਿਆ ਮਗਰੋਂ ਮੈਂ ਨਾਸਾ ਪ੍ਰਮੁੱਖ ਲਈ ਜੈਰੇਡ ਇਸਾਕਮੈਨ ਦਾ ਨਾਮ ਵਾਪਸ ਲੈ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਤੇ ਪੁਲਾੜ ਵਿੱਚ ਅਮਰੀਕਾ ਨੂੰ ਅੱਗੇ ਰੱਖੇਗਾ।’’ ਚੇਤੇ ਰਹੇ ਕਿ ਟਰੰਪ ਨੇ ਦਸੰਬਰ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਇਸਾਕਮੈਨ ਨੂੰ ਪੁਲਾੜ ਏਜੰਸੀ ਦਾ ਅਗਲਾ ਪ੍ਰਸ਼ਾਸਕ ਚੁਣਿਆ ਹੈ।

Loading