ਸੁਖਪਾਲ ਸਿੰਘ ਬਰਨ :
ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀ। ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਤੇ ਸਬਰ ਸੰਤੋਖ ਵਾਲੀ ਹੁੰਦੀ ਸੀ। ਪਿੰਡ ਦੇ ਲੋਕਾਂ ਵਿੱਚ ਮੋਹ, ਪਿਆਰ, ਅਪਣੱਤ ਅਤੇ ਦੁੱਖ ਸੁੱਖ ਦੀ ਸਾਂਝ ਉਨ੍ਹਾਂ ਦੇ ਜੀਵਨ ਵਿੱਚੋਂ ਝਲਕਦੀ ਸੀ। ਇਹ ਸਾਂਝ ਹੀ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਰੋਈ ਰੱਖਦੀ। ਭਾਵੇਂ ਲੋਕ ਬਹੁਤ ਸਾਰੀਆਂ ਥੁੜ੍ਹਾਂ ਨਾਲ ਜੂਝਦੇ ਸਨ, ਪ੍ਰੰਤੂ ਫਿਰ ਵੀ ਚਿਹਰੇ ਦੀ ਰੌਣਕ, ਖ਼ੁਸ਼ੀ ਅਤੇ ਸੰਤੁਸ਼ਟੀ ਦੇ ਭਾਵ ਸਪੱਸ਼ਟ ਨਜ਼ਰ ਆਉਂਦੇ ਸਨ। ਸਰੀਰਕ ਡੀਲ ਡੌਲ ਅਤੇ ਚਿਹਰੇ ਦਾ ਜਲੌਅ ਉਨ੍ਹਾਂ ਦੇ ਤੰਦਰੁਸਤ ਅਤੇ ਤਗੜੇ ਹੋਣ ਦਾ ਪ੍ਰਮਾਣ ਹੁੰਦਾ ਸੀ।
ਲੋਕ ਪਿੰਡ ਦੀਆਂ ਸੱਥਾਂ ਵਿੱਚ ਜੁੜ ਕੇ ਬੈਠਦੇ ਤੇ ਮਹੱਤਵਪੂਰਨ ਮਸਲਿਆਂ ’ਤੇ ਵਿਚਾਰ ਚਰਚਾ ਕਰਦੇ। ਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਨਿਪਟਾ ਲਏ ਜਾਂਦੇ ਸਨ। ਪੰਚਾਇਤ ਦਾ ਫ਼ੈਸਲਾ ਪਰਮੇਸ਼ਰ ਦਾ ਫ਼ੈਸਲਾ ਸਮਝਿਆ ਜਾਂਦਾ ਸੀ, ਪ੍ਰੰਤੂ ਅਜੋਕੇ ਵਿਸ਼ਵੀਕਰਨ, ਉਦਯੋਗੀਕਰਨ, ਤਕਨੀਕੀਕਰਨ, ਢਾਂਚਾਗਤ ਵਿਕਾਸ ਅਤੇ ਜੀਵਨ ਦੀਆਂ ਬਦਲਦੀਆਂ ਕੀਮਤਾਂ ਅਤੇ ਵਿਸ਼ਵਾਸਾਂ ਨੇ ਪਿੰਡਾਂ ਦੀ ਜ਼ਿੰਦਗੀ ’ਤੇ ਬਹੁਤ ਗਹਿਰਾ ਅਸਰ ਪਾਇਆ ਹੈ।
ਪਿੰਡਾਂ ਦੀ ਜ਼ਿੰਦਗੀ ਬੜੀ ਸਹਿਜ ਹੋਇਆ ਕਰਦੀ ਸੀ। ਮੁਰਗੇ ਦੀ ਬਾਂਗ ਦੇਣ ਨਾਲ ਹੀ ਜ਼ਿੰਦਗੀ ਦੀ ਹਰਕਤ ਸ਼ੁਰੂ ਹੋ ਜਾਂਦੀ ਸੀ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਖੇਤੀ ਦਾ ਜ਼ਿਆਦਾਤਰ ਕੰਮ ਬਲਦਾਂ ਤੇ ਊਠਾਂ ਨਾਲ ਕੀਤਾ ਜਾਂਦਾ ਸੀ।
ਕਿਸਾਨ ਤੋਂ ਇਲਾਵਾ ਹੋਰ ਕਿੱਤਿਆਂ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਿੱਤੇ ਨਾਲ ਜੁੜੇ ਹੁੰਦੇ ਸਨ। ਖੇਤੀ ਪੂਰੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੀ। ਜਿੱਥੇ ਦਾਣੇ ਕੱਢਣ ਤੋਂ ਬਾਅਦ ਕਿਸਾਨ ਦੇ ਘਰ ਫ਼ਸਲ ਆਉਂਦੀ, ਉੱਥੇ ਪਿੰਡ ਦੇ ਤਰਖਾਣ, ਮੋਚੀ, ਦਰਜੀ, ਘੁਮਿਆਰ ਆਦਿ ਨੂੰ ਵੀ ਕੰਮ ਕਰਾਉਣ ਬਦਲੇ ਦਾਣਿਆਂ ਦਾ ਕੁੱਝ ਹਿੱਸਾ ਦਿੱਤਾ ਜਾਂਦਾ ਜਿਸ ਨੂੰ ਸੇਫੀ ਕਹਿੰਦੇ ਸਨ। ਪਹੁ ਫੁਟਾਲੇ ਤੋਂ ਪਹਿਲਾਂ ਹੀ ਹਾਲੀ ਖੇਤਾਂ ਵਿੱਚ ਹਲ਼ ਜੋੜ ਲੈਂਦੇ। ਇਸੇ ਸਮੇਂ ਸੁਆਣੀਆਂ ਰਿੜਕਣੇ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਣ ਲੱਗ ਜਾਂਦੀਆਂ। ਜਿੱਥੇ ਖੇਤਾਂ ਵਿੱਚ ਲੋਕ ਇਕੱਠੇ ਮਿਲ ਕੇ ਕੰਮ ਕਰਦੇ, ਉੱਥੇ ਔਰਤਾਂ ਵੀ ਆਪਣਾ ਕੰਮ ਨਿਪਟਾ ਕੇ ਕੱਤਣ, ਕੱਢਣ ਦਾ ਕੰਮ ਇਕੱਠੀਆਂ ਬੈਠ ਕੇ ਕਰਦੀਆਂ। ਜਦੋਂ ਕੰਮ ਦਾ ਜ਼ੋਰ ਹੁੰਦਾ ਤਾਂ ਲੋਕ ਲੋਕ ਇੱਕ ਦੂਸਰੇ ਨਾਲ ਬਿੜੀ ਕਰਕੇ ਹਾੜ੍ਹੀ ਵੱਢਦੇ, ਦਾਣਿਆਂ ਦੀ ਕਢਾਈ ਕਰਦੇ। ਗਰਮੀਆਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਹੀ ਦਰੱਖਤਾਂ ਥੱਲੇ ਦੁਪਹਿਰੇ ਕੱਟਦੇ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦੀ ਹਰ ਕਿਰਿਆ ਵਿੱਚ ਮੇਲ ਮਿਲਾਪ ਝਲਕਦਾ ਸੀ ਅਤੇ ਅੱਜ ਦੀ ਜ਼ਿੰਦਗੀ ਵਾਂਗ ਇਕੱਲੇਪਣ ਜਾਂ ਨਿਰਾਸ਼ਤਾ ਲਈ ਕੋਈ ਥਾਂ ਨਹੀਂ ਸੀ ਹੁੰਦੀ।
ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਸਨ। ਕਿਸੇ ਇੱਕ ਦੇ ਦੁੱਖ ਨੂੰ ਸਾਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਜੇਕਰ ਕਿਸੇ ਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਵੀ ਸਾਰੇ ਪਿੰਡ ਦੇ ਲੋਕ ਅਫ਼ਸੋਸ ਕਰਨ ਘਰ ਆਉਂਦੇ ਸਨ। ਜੇਕਰ ਕਿਸੇ ਘਰ ਮੌਤ ਹੁੰਦੀ ਸੀ ਤਾਂ ਸਾਰਾ ਪਿੰਡ ਅਫ਼ਸੋਸ ਕਰਨ ਲਈ ਸੱਥਰ ’ਤੇ ਬੈਠਾ ਹੁੰਦਾ। ਭੋਗ ਪੈਣ ਤੱਕ ਰਾਤ ਨੂੰ ਵੀ ਬਹੁਤ ਸਾਰੇ ਲੋਕ ਮਰਗਤ ਵਾਲੇ ਦੇ ਘਰ ਸੌਂਦੇ। ਜੇਕਰ ਇਸ ਸਮੇਂ ਕੰਮ ਦਾ ਜ਼ੋਰ ਹੁੰਦਾ ਤਾਂ ਸਾਰਾ ਪਿੰਡ ਮਿਲ ਕੇ ਉਨ੍ਹਾਂ ਦਾ ਕੰਮ ਕਰ ਦਿੰਦਾ। ਇਸੇ ਤਰ੍ਹਾਂ ਲੋਕਾਂ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਸਨ।
ਵਿਆਹ ਵਾਲੇ ਘਰ ਵਿਆਹ ਤੋਂ ਕਈ ਦਿਨ ਪਹਿਲਾਂ ਕੋਠੇ ’ਤੇ ਮੰਜੇ ਜੋੜ ਕੇ ਸਪੀਕਰ ਲਾ ਦਿੱਤਾ ਜਾਂਦਾ ਸੀ। ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਘਰ ਆ ਕੇ ਵਿਆਹ ਤੋਂ ਕਈ ਦਿਨ ਪਹਿਲਾਂ ਪਿੰਡ ਦੀਆਂ ਔਰਤਾਂ ਮੁੰਡੇ ਦੇ ਵਿਆਹ ’ਤੇ ਸੁਹਾਗ ਤੇ ਕੁੜੀ ਦੇ ਵਿਆਹ ’ਤੇ ਘੋੜੀਆਂ ਗਾਉਂਦੀਆਂ। ਵਿਆਹ ਕਈ ਕਈ ਦਿਨ ਚੱਲਦਾ ਤੇ ਪੂਰੇ ਪਿੰਡ ਦੀ ਰੋਟੀ ਵਿਆਹ ਵਾਲੇ ਘਰ ਹੁੰਦੀ। ਵਿਆਹ ਵਾਲੇ ਘਰ ਵਿੱਚ ਰਿਸ਼ਤੇਦਾਰਾਂ ਦੇ ਸੌਣ ਦਾ ਪ੍ਰਬੰਧ ਕਰਨ ਲਈ ਪੂਰੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ। ਬਰਾਤਾਂ ਰਾਤਾਂ ਰਿਹਾ ਕਰਦੀਆਂ ਸਨ।
ਹੁਣ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਜ ਕੱਲ੍ਹ ਖ਼ੁਸ਼ੀ ਗ਼ਮੀ ਵਿੱਚ ਸ਼ਾਮਿਲ ਹੋਣਾ ਵੀ ਰਸਮੀ ਜਿਹਾ ਹੋ ਕੇ ਰਹਿ ਗਿਆ ਹੈ। ਕਈ ਵਾਰ ਤਾਂ ਖ਼ੁਸ਼ੀ ਦੀਆਂ ਵਧਾਈਆਂ ਤੇ ਗ਼ਮੀ ਦਾ ਅਫ਼ਸੋਸ ਸਿਰਫ਼ ਮੋਬਾਈਲ ਫੋਨਾਂ ’ਤੇ ਹੀ ਕਰ ਦਿੱਤਾ ਜਾਂਦਾ ਹੈ। ਜ਼ਿੰਦਗੀ ਦੀ ਕਾਹਲ ਕਾਰਨ ਵਿਆਹ ਮਹਿਜ਼ ਕੁੱਝ ਘੰਟਿਆਂ ਦੇ ਪ੍ਰੋਗਰਾਮ ਬਣ ਕੇ ਰਹਿ ਗਏ ਹਨ। ਅੱਜਕੱਲ੍ਹ ਪਿੰਡ ਦੇ ਲੋਕ ਰਾਜਨੀਤਿਕ ਧੜਿਆਂ ਵਿੱਚ ਵੰਡੇ ਹੋਏ ਹਨ ਅਤੇ ਮੋਹ ਅਤੇ ਅਪਣੱਤ ਦੀ ਪਹਿਲਾਂ ਵਾਲੀ ਭਾਵਨਾ ਨਜ਼ਰ ਨਹੀਂ ਆਉਂਦੀ।
![]()
