ਮਿਊਨਿਖ/ਏ.ਟੀ.ਨਿਊਜ਼ :
ਆਰੀਆ ਬੋਰਸੇ ਅਤੇ ਅਰਜੁਨ ਬਬੂਟਾ ਦੀ ਭਾਰਤੀ ਜੋੜੀ ਨੇ ਪਿਛਲੇ ਦਿਨੀਂ ਇੱਥੇ ਆਈ.ਐੱਸ.ਐੱਸ.ਐੱਫ਼. ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ ਜ਼ੀਫ਼ੇਈ ਵਾਂਗ ਅਤੇ ਲੀਹਾਓ ਸ਼ੇਂਗ ਦੀ ਜੋੜੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਆਰੀਆ ਅਤੇ ਬਬੂਟਾ ਨੇ ਅਹਿਮ ਪਲਾਂ ਵਿੱਚ ਸਬਰ ਅਤੇ ਇਕਾਗਰਤਾ ਦਿਖਾਈ ਅਤੇ ਖਿਤਾਬੀ ਮੈਚ ਵਿੱਚ ਚੀਨੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਜੋੜੀ ਨੇ ਕੁਆਲੀਫ਼ਿਕੇਸ਼ਨ ਗੇੜ ਵਿੱਚ 635.2 ਦੇ ਸਕੋਰ ਨਾਲ ਸੋਨ ਤਗਮੇ ਦੇ ਗੇੜ ’ਚ ਜਗ੍ਹਾ ਬਣਾਈ ਸੀ। ਵਾਂਗ ਅਤੇ ਸ਼ੇਂਗ 635.9 ਦੇ ਸਕੋਰ ਨਾਲ ਆਖਰੀ ਗੇੜ ’ਚ ਪਹੁੰਚੇ ਸਨ। ਚੀਨੀ ਜੋੜੀ ਦਾ ਇਹ ਸਕੋਰ ਕੁਆਲੀਫ਼ਿਕੇਸ਼ਨ ਵਿਸ਼ਵ ਰਿਕਾਰਡ ਵੀ ਹੈ। ਵਿਅਕਤੀਗਤ ਤੌਰ ’ਤੇ ਆਰੀਆ ਨੇ ਕੁਆਲੀਫ਼ਿਕੇਸ਼ਨ ਵਿੱਚ 317.5 ਅੰਕ, ਜਦਕਿ ਬਬੂਟਾ ਨੇ 317.7 ਅੰਕ ਲਏ। ਆਰੀਆ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੇਰੂ ਦੇ ਲੀਮਾ ਵਿੱਚ ਹੋਏ ਵਿਸ਼ਵ ਕੱਪ ਵਿੱਚ ਰੁਦਰੰਕਸ਼ ਪਾਟਿਲ ਨਾਲ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਇੱਕ ਹੋਰ ਭਾਰਤੀ ਜੋੜੀ ਇਲਾਵੇਨਿਲ ਵਲਾਰਿਵਨ ਅਤੇ ਅੰਕੁਸ਼ ਜਾਧਵ ਵੀ ਕੁਆਲੀਫ਼ਿਕੇਸ਼ਨ ਵਿੱਚ 631.8 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ।
![]()
