ਜੰਗਾਂ ਦਾ ਅਖਾੜਾ ਬਣਿਆ ਵਿਸ਼ਵ

In ਸੰਪਾਦਕੀ
June 18, 2025

ਇਰਾਨ ਅਤੇ ਇਜ਼ਰਾਇਲ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਸਾਡਾ ਸੰਸਾਰ ਜੰਗਾਂ ਦਾ ਅਖਾੜਾ ਬਣਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਰੂਸ ਤੇ ਯੂਕ੍ਰੇਨ ਅਤੇ ਇਜ਼ਰਾਇਲ ਤੇ ਫ਼ਲਸਤੀਨ/ਹਮਾਸ ਵਿਚਾਲੇ ਜੰਗਾਂ ਜਾਰੀ ਹਨ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੁਨੀਆਂ ਦੇ ਵੱਖ- ਵੱਖ ਹਿੱਸਿਆਂ ਵਿੱਚ ਵੱਖ- ਵੱਖ ਦੇਸ਼ਾਂ ਵਿਚਾਲੇ ਜੰਗਾਂ ਸ਼ੁਰੂ ਹੋਣ ਕਾਰਨ ਇਹ ਮਹਿਸੂਸ ਹੋ ਰਿਹਾ ਹੈ ਕਿ ਜੇ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਜਲਦੀ ਹੀ ਤੀਜੀ ਵਿਸ਼ਵ ਜੰਗ ਸ਼ੁਰੂ ਹੋ ਸਕਦੀ ਹੈ। ਉਂਝ ਵੀ ਕਿਹਾ ਜਾ ਰਿਹਾ ਹੈ ਕਿ ਤੀਜੀ ਵਿਸ਼ਵ ਜੰਗ ਇਸ ਸਮੇਂ ਕਿਸ਼ਤਾਂ ਵਿੱਚ ਲੜੀ ਜਾ ਰਹੀ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ ਅਮਰੀਕਾ ਵੀ ਇਰਾਨ-ਇਜ਼ਰਾਇਲ ਜੰਗ ਵਿੱਚ ਕੁੱਦ ਪਿਆ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਸਖ਼ਤ ਧਮਕੀ ਦੇ ਦਿੱਤੀ ਹੈ ਕਿ ਜਾਂ ਤਾਂ ਇਰਾਨ ਆਤਮ ਸਮਰਪਣ ਕਰੇ ਨਹੀਂ ਤਾਂ ਅਮਰੀਕਾ ਵੱਲੋਂ ਇਰਾਨ ’ਤੇ ਭਾਰੀ ਬੰਬਾਰੀ ਕੀਤੀ ਜਾਵੇਗੀ। ਅਮਰੀਕਾ ਦੀ ਇਸ ਧਮਕੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਅਮਰੀਕਾ ਇਸ ਤੋਂ ਪਹਿਲਾਂ ਇਰਾਨ ਦੇ ਗੁਆਂਢੀ ਮੁਲਕਾਂ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਭਾਰੀ ਤਬਾਹੀ ਮਚਾਅ ਕੇ ਸੱਤਾ ਪਰਿਵਰਤਨ ਕਰ ਚੁੱਕਿਆ ਹੈ ਅਤੇ ਇਸ ਸਮੇਂ ਇਰਾਕ ਵਿੱਚ ਅਮਰੀਕਾ ਦੀ ਕਠਪੁਤਲੀ ਸਰਕਾਰ ਰਾਜ ਕਰ ਰਹੀ ਹੈ।
ਅਮਰੀਕਾ ਨੂੰ ਵਿਸ਼ਵ ਦੀ ਮਹਾਂਸ਼ਕਤੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ ਦੁਨੀਆ ਦੇ ਕਿਸੇ ਵੀ ਇਲਾਕੇ ਵਿੱਚ ਕਿਸੇ ਵੀ ਸਮੇਂ ਕੁਝ ਵੀ ਕਰਵਾ ਸਕਦਾ ਹੈ। ਕਈ ਦੇਸ਼ਾਂ ਵਿੱਚ ਸੱਤਾ ਪਰਿਵਰਤਨ ਕਰਵਾਉਣ ਪਿੱਛੇ ਅਮਰੀਕਾ ਦਾ ਹੱਥ ਹੋਣ ਦੀਆਂ ਖ਼ਬਰਾਂ ਅਕਸਰ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਉਹਨਾਂ ਵੱਲੋਂ ਅਮਰੀਕਾ ਨੂੰ ਦੁਨੀਆ ਦਾ ‘ਸਰਦਾਰ’ ਬਣਾਉਣਾ ਚਾਹੁੰਦੇ ਹਨ ਭਾਵ ਉਹ ਚਾਹੁੰਦੇ ਹਨ ਕਿ ਅਮਰੀਕਾ ਦੀ ਪੂਰੀ ਦੁਨੀਆ ’ਤੇ ਚੌਧਰ ਚੱਲੇ। ਟਰੰਪ ਤਾਂ ਆਪਣੇ ਗੁਆਂਢੀ ਦੇਸ਼ ਕੈਨੇਡਾ ਨੂੰ ਵੀ ਅਮਰੀਕਾ ਦਾ ਹੀ ਇੱਕ ਸੂਬਾ ਬਣਾਉਣ ਬਾਰੇ ਕਈ ਵਾਰ ਬਿਆਨ ਦੇ ਚੁੱਕੇ ਹਨ। ਜਿਸ ਤੋਂ ਅਮਰੀਕਾ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਪਤਾ ਚੱਲ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤਾਂ ਇੱਥੋਂ ਤਕ ਵੀ ਕਹਿ ਚੁੱਕੇ ਹਨ ਕਿ ਉਹ ਗ਼ਾਜ਼ਾ ਪੱਟੀ ਨੂੰ ਅਮਰੀਕਾ ਦੇ ਕੰਟਰੋਲ ਹੇਠ ਕਰਨਾ ਚਾਹੁੰਦੇ ਹਨ ਅਤੇ ਉਸ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨਾ ਚਾਹੁੰਦੇ ਹਨ।
ਇਹ ਤਾਂ ਸਭ ਨੂੰ ਪਤਾ ਹੈ ਕਿ ਅਮਰੀਕਾ ਵਿੱਚ ਹਥਿਆਰ ਬਣਾਉਣ ਦੇ ਵੱਡੇ ਕਾਰਖ਼ਾਨੇ ਹਨ। ਰੂਸ ਪੱਖੀ ਕੁੱਝ ਲੇਖਕ ਦੋਸ਼ ਲਗਾਉਂਦੇ ਹਨ ਕਿ ਇਹਨਾਂ ਕਾਰਖ਼ਾਨਿਆਂ ਵਿੱਚ ਬਣੇ ਹਥਿਆਰਾਂ ਨੂੰ ਵੇਚਣ ਲਈ ਅਮਰੀਕਾ ਵੱਲੋਂ ਅਕਸਰ ਦੁਨੀਆ ਦੇ ਵੱਖ- ਵੱਖ ਦੇਸ਼ਾਂ ਵਿਚਾਲੇ ਤਨਾਓ ਪੈਦਾ ਕਰਨ ਦੇ ਯਤਨ ਕੀਤੇ ਜਾਂਦੇ ਹਨ ਅਤੇ ਫਿਰ ਇਹਨਾਂ ਦੇਸ਼ਾਂ ਨੂੰ ਆਪਣੇ ਹਥਿਆਰ ਵੇਚੇ ਜਾਂਦੇ ਹਨ। ਕਈ ਦੇਸ਼ਾਂ ਵਿੱਚ ਹੁੰਦੀਆਂ ਬਗਾਵਤਾਂ ਅਤੇ ਰਾਜ ਪਲਟੇ ਨੂੰ ਵੀ ਅਮਰੀਕਾ ਵੱਲੋਂ ਸ਼ਹਿ ਦੇਣ ਦੀਆਂ ਖ਼ਬਰਾਂ ਮੀਡੀਆ ਵਿੱਚ ਆ ਚੁੱਕੀਆਂ ਹਨ। ਪਰ ਇਸ ਦੇ ਬਾਵਜੂਦ ਵੱਖ- ਵੱਖ ਦੇਸ਼ਾਂ ਵਿਚਾਲੇ ਜੰਗਾਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਦੁਨੀਆ ਵਿੱਚ ਇਜ਼ਰਾਇਲ ਵਰਗੇ ਕੁਝ ਦੇਸ਼ ਹਨ, ਜੋਕਿ ਪਰਮਾਣੂ ਹਥਿਆਰਾਂ ਦੇ ਦਮ ’ਤੇ ਹੋਰਨਾਂ ਦੇਸ਼ਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਕਾਰਨ ਇਹਨਾਂ ਦੇਸ਼ਾਂ ਦੀ ਦੂਜੇ ਦੇਸ਼ਾਂ ਨਾਲ ਜੰਗ ਹੋ ਜਾਂਦੀ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਵੱਖ- ਵੱਖ ਦੇਸ਼ਾਂ ਵਿਚਾਲੇ ਹੋ ਰਹੀਆਂ ਜੰਗਾਂ ਦੌਰਾਨ ਸੰਯੁਕਤ ਰਾਸ਼ਟਰ ਦੀ ਭੂਮਿਕਾ ਨਿਗੂਣੀ ਰਹਿੰਦੀ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਨੂੰ ਚਾਹੀਦਾ ਹੈ ਕਿ ਉਹ ਵੱਖ- ਵੱਖ ਦੇਸ਼ਾਂ ਵਿਚਾਲੇ ਹੋ ਰਹੀਆਂ ਜੰਗਾਂ ਨੂੰ ਰੋਕਣ ਲਈ ਵੱਡੇ ਉਪਰਾਲੇ ਕਰੇ ਅਤੇ ਸਾਰੇ ਦੇੇਸ਼ਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਵੇ। ਭਾਵੇਂ ਕਿ ਸੰਯੁਕਤ ਰਾਸ਼ਟਰ ਵੱਲੋਂ ਇਹਨਾਂ ਜੰਗਾਂ ਨੂੰ ਖ਼ਤਮ ਕਰਨ ਲਈ ਕੁਝ ਯਤਨ ਕੀਤੇ ਵੀ ਜਾਂਦੇ ਹਨ ਪਰ ਇਹ ਯਤਨ ਨਾਕਾਫ਼ੀ ਹਨ, ਕਿਉਂਕਿ ਦੁਨੀਆਂ ਦੇ ਵੱਖ- ਵੱਖ ਦੇਸ਼ ਆਪੋ ਆਪਣੇ ਸਟੈਂਡ ’ਤੇ ਡਟੇ ਹੋਏ ਹਨ ਤੇ ਜੰਗ ਵਿਚੋਂ ਪਿੱਛੇ ਹਟਣ ਨੂੰ ਤਿਆਰ ਨਹੀਂ।
ਜੇ ਇਜ਼ਰਾਇਲ ਕੋਲ ਪਰਮਾਣੂ ਹਥਿਆਰ ਹਨ ਤਾਂ ਇਰਾਨ ਦਾ ਪਰਮਾਣੂ ਪ੍ਰੋਗਰਾਮ ਕਿਸੇ ਤੋਂ ਗੁੱਝਾ ਨਹੀਂ ਹੈ। ਇਰਾਨ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਹ ਦੇਸ਼ ਵੀ ਪਰਮਾਣੂ ਸਮਰੱਥਾ ਵਾਲਾ ਦੇਸ਼ ਹੈ ਅਤੇ ਕਿਸੇ ਵੀ ਦੇਸ਼ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਇਹੋ ਕਾਰਨ ਹੈ ਕਿ ਇਜ਼ਰਾਇਲ ਦੇ ਹਮਲੇ ਦਾ ਇਰਾਨ ਵੱਲੋਂ ਤੁਰੰਤ ਹੀ ਮੂੰਹ ਤੋੜ ਜਵਾਬ ਦਿੱਤਾ ਗਿਆ ਅਤੇ ਇਸ ਸਮੇਂ ਇਰਾਨ ਪੂਰੀ ਤਰ੍ਹਾਂ ਡਟ ਕੇ ਇਜ਼ਰਾਇਲ ਦਾ ਮੁਕਾਬਲਾ ਕਰ ਰਿਹਾ ਹੈ। ਜਿਸ ਕਾਰਨ ਇਜ਼ਰਾਇਲ ਅਤੇ ਇਰਾਨ ਵਿਚਾਲੇ ਜੰਗ ਹੋਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।
ਦੂਜੇ ਪਾਸੇ ਰੂਸ ਅਤੇ ਯੂੁਕ੍ਰੇਨ ਵਿਚਾਲੇ ਵੀ ਜੰਗ ਜਾਰੀ ਹੈ। ਅਸਲ ਵਿੱਚ ਇਹ ਜੰਗਾਂ ਦੋ ਦੇਸ਼ ਨਹੀਂ ਸਗੋਂ ਵਿਸ਼ਵ ਦੀਆਂ ਦੋ ਮਹਾਂ ਸ਼ਕਤੀਆਂ ਵਿਚਾਲੇ ਹੋ ਰਹੀਆਂ ਹਨ। ਇਹਨਾਂ ਜੰਗਾਂ ਕਾਰਨ ਵਿਸ਼ਵ ਦੇ ਸਾਰੇ ਦੇਸ਼ ਦੋ ਧੜਿਆਂ ਵਿੱਚ ਵੰਡੇ ਗਏ ਹਨ, ਜੋ ਕਿ ਵਿਸ਼ਵ ਸ਼ਾਂਤੀ ਲਈ ਠੀਕ ਨਹੀਂ। ਜਿੱਥੇ ਵੱਡੀ ਗਿਣਤੀ ਦੇਸ਼ ਅਮਰੀਕਾ ਦੇ ਸਮਰਥਨ ਵਿੱਚ ਹਨ ਉਥੇ ਰੂਸ ਦੇ ਹੱਕ ਵਿੱਚ ਖੜਨ ਵਾਲੇ ਦੇਸ਼ਾਂ ਦੀ ਗਿਣਤੀ ਵੀ ਬਹੁਤ ਹੈ। ਇਸ ਤਰ੍ਹਾਂ ਵਿਸ਼ਵ ਦੀਆਂ ਦੋ ਮਹਾਂ ਸ਼ਕਤੀਆਂ ਵੱਖ- ਵੱਖ ਦੇਸ਼ਾਂ ਰਾਹੀਂ ਆਪਸ ਵਿੱਚ ਹੀ ਲੁਕਵੀਂ ਜੰਗ ਲੜ ਰਹੀਆਂ ਹਨ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਜੰਗ ਵਿੱਚ ਸਿਰਫ਼ ਤਬਾਹੀ ਹੁੰਦੀ ਹੈ। ਇਸ ਲਈ ਰੂਸ-ਯੂੂਕ੍ਰੇਨ, ਇਜ਼ਰਾਇਲ-ਫ਼ਲਸਤੀਨ/ਹਮਾਸ ਅਤੇ ਇਜ਼ਰਾਇਲ -ਇਰਾਨ ਵਿਚਾਲੇ ਹੋ ਰਹੀਆਂ ਜੰਗਾਂ ਨੂੰ ਰੋਕਣ ਲਈ ਆਲਮੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਯਤਨ ਕਰਨੇ ਚਾਹੀਦੇ ਹਨ।

Loading