ਸਵਾਮੀ ਸ਼ੰਕਰਾਨੰਦ ਦਾ ਸੈਕਸ ਸਕੈਂਡਲ: ਵਾਇਰਲ ਵੀਡੀਓ ਨੇ ਖੋਲੇ੍ ਕਾਲੇ ਕਾਰਨਾਮੇ

In ਖਾਸ ਰਿਪੋਰਟ
July 02, 2025

ਲੁਧਿਆਣੇ ਦੇ ਮੁੱਲਾਂਪੁਰ ਦੇ ਪਿੰਡ ਤਲਵੰਡੀ ਖੁਰਦ ਦੇ ਤਲਵੰਡੀ ਧਾਮ, ਜੋ ਕਦੇ ਸ਼ਰਧਾ ਦਾ ਕੇਂਦਰ ਸੀ, ਅੱਜ ਕਾਲੇ ਕਾਰਨਾਮਿਆਂ ਦੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਧਾਮ ਦੇ ਮੁਖੀ ਸਵਾਮੀ ਸ਼ੰਕਰਾਨੰਦ ’ਤੇ ਸੈਕਸ ਸਕੈਂਡਲ ਅਤੇ ਬਾਲ ਘਰ ਵਿੱਚ ਬੱਚਿਆਂ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਨੇ ਨਾ ਸਿਰਫ਼ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਚੋਟ ਪਹੁੰਚਾਈ, ਸਗੋਂ ਸਮਾਜ ਦੇ ਮੱਥੇ ’ਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰ ਦਿੱਤੇ ਹਨ।
ਸਭ ਤੋਂ ਪਹਿਲਾਂ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।ਇਸ ਵੀਡੀਓ ਵਿੱਚ ਸਵਾਮੀ ਨੂੰ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਵਿਖਾਇਆ ਗਿਆ, ਜਿਸ ਨੇ ਸ਼ਰਧਾਲੂਆਂ ਦੇ ਦਿਲਾਂ ਵਿੱਚ ਰੋਹ ਦੀ ਅੱਗ ਭੜਕਾ ਦਿੱਤੀ। ਸੰਗਤ, ਜੋ ਸਾਲਾਂ ਤੋਂ ਸਵਾਮੀ ’ਤੇ ਅੰਨ੍ਹੀ ਸ਼ਰਧਾ ਰੱਖਦੀ ਸੀ, ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਸੀ। ਇੱਕ ਸ਼ਰਧਾਲੂ, ਜਿਸ ਨੇ ਥਾਣਾ ਦਾਖਾ ਵਿੱਚ ਸ਼ਿਕਾਇਤ ਦਰਜ ਕਰਵਾਈ, ਨੇ ਦੱਸਿਆ ਕਿ ਉਸ ਦੀ ਸਵਾਮੀ ’ਤੇ ਅਟੁੱਟ ਸ਼ਰਧਾ ਸੀ, ਪਰ ਇਸ ਵੀਡੀਓ ਨੇ ਉਸ ਦੇ ਵਿਸ਼ਵਾਸ ਨੂੰ ਤਾਰ-ਤਾਰ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਸਵਾਮੀ ਨੇ ਧਰਮ ਦੀ ਆੜ ਵਿੱਚ ਮਹਿਲਾ ਸ਼ਰਧਾਲੂਆਂ ਨੂੰ ਆਪਣੇ ਜਾਲ ਵਿੱਚ ਫ਼ਸਾਇਆ ਅਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਸ਼ਿਕਾਇਤ ਕਾਰਨ ਪੁਲਿਸ ਹਰਕਤ ਵਿੱਚ ਆ ਗਈ ਅਤੇ ਮਾਮਲਾ ਹੋਰ ਗੰਭੀਰ ਹੋ ਗਿਆ।
ਇਸ ਮਾਮਲੇ ਨੂੰ ਹੋਰ ਗੰਭੀਰਤਾ ਉਦੋਂ ਮਿਲੀ ਜਦੋਂ ਪਿੰਡ ਸਧਨੌਲੀ ਭਾਦਸੋਂ ਦੇ ਵਸਨੀਕ ਅਮਰਜੀਤ ਸਿੰਘ ਨੇ ਸਵਾਮੀ ਦੇ ਕਾਲੇ ਕਾਰਨਾਮਿਆਂ ਦੀ ਪਰਤ-ਦਰ-ਪਰਤ ਖੋਲ੍ਹੀ। ਅਮਰਜੀਤ, ਜੋ 1998 ਤੋਂ ਤਲਵੰਡੀ ਧਾਮ ਵਿੱਚ ਸੇਵਾ ਨਿਭਾਉਂਦਾ ਸੀ, ਨੇ ਦੱਸਿਆ ਕਿ ਉਹ ਸਵਾਮੀ ਦਾ ਮੁੱਖ ਸੇਵਾਦਾਰ ਸੀ ਅਤੇ ਉਸ ਨੂੰ ਸਵਾਮੀ ਦੇ ਕਮਰੇ ਤੱਕ ਜਾਣ ਦੀ ਇਜਾਜ਼ਤ ਸੀ। ਇਸ ਦੌਰਾਨ ਉਸ ਨੇ ਸਵਾਮੀ ਸ਼ੰਕਰਾਨੰਦ ਵੱਲੋਂ ਮਹਿਲਾ ਸ਼ਰਧਾਲੂਆਂ ਦੇ ਸ਼ੋਸ਼ਣ ਦੇ ਦ੍ਰਿਸ਼ ਨੂੰ ਆਪਣੀਆਂ ਅੱਖੀਂ ਦੇਖਿਆ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸਵਾਮੀ ਨੇ ਉਸ ਤੋਂ ਮੁਆਫ਼ੀ ਮੰਗੀ ਅਤੇ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਗੁਜ਼ਾਰਸ਼ ਕੀਤੀ।ਅਮਰਜੀਤ ਨੇ ਦੱਸਿਆ ਕਿ ਸਵਾਮੀ ਦੇ ਨਜ਼ਦੀਕੀ ਸਾਥੀ ਕੁਲਦੀਪ ਅਤੇ ਕੁਲਵਿੰਦਰ ਵੀ ਇਨ੍ਹਾਂ ਕਾਰਨਾਮਿਆਂ ਵਿੱਚ ਸ਼ਾਮਲ ਸਨ। ਇਸ ਸਾਰੇ ਮਾਮਲੇ ਨੇ ਅਮਰਜੀਤ ਨੂੰ ਏਨਾ ਤੰਗ ਕੀਤਾ ਕਿ ਉਸ ਨੇ ਤਲਵੰਡੀ ਧਾਮ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਨਿਹੰਗ ਸਿੰਘ ਜਥੇਬੰਦੀ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਦੱਸਿਆ ਕਿ ਤਲਵੰਡੀ ਧਾਮ ਵਿਚੋਂ ਕਾਮ ਉਕਸਾਊ ਦਵਾਈਆਂ ਵੀ ਬਰਾਮਦ ਹੋਈਆਂ ਹਨ, ਜੋ ਸਵਾਮੀ ਦੀਆਂ ਕਰਤੂਤਾਂ ਦੀ ਗੰਭੀਰਤਾ ਨੂੰ ਹੋਰ ਵਧਾਉਂਦੀਆਂ ਹਨ। ਨਿਹੰਗ ਸਿੰਘਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਵੇ ਅਤੇ ਸਵਾਮੀ ਦੇ ਸਾਥੀਆਂ ਦੀ ਵੀ ਛਾਣਬੀਣ ਹੋਵੇ।

38 ਲੱਖ ਦੀ ਰਿਸ਼ਵਤ ਦੀ ਪੇਸ਼ਕਸ਼:
ਸ਼੍ਰੀ ਮਹੰਤ ਦਯਾਸਾਗਰ, ਜੋ ਭੂਰੀ ਵਾਲਿਆਂ ਦੇ ਮੁੱਖ ਅਸਥਾਨ ਛੁਡਾਨੀ ਸਾਹਿਬ, ਝੱਜਰ (ਹਰਿਆਣਾ) ਦੇ ਮੁਖੀ ਹਨ, ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਵਾਮੀ ਸ਼ੰਕਰਾਨੰਦ ਦੇ ਸਾਥੀਆਂ ਦੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ। ਉਹਨਾਂ ਦੱਸਿਆ ਕਿ ਪਿੰਡ ਲਿੱਤਰਾਂ ਦੇ ਗੁਰਵਿੰਦਰ ਅਤੇ ਕੁਹਾੜਾ ਦੇ ਸਿਮਰਜੀਤ ਨੇ ਅਸ਼ਲੀਲ ਵੀਡੀਓ ਨੂੰ ਡਿਲੀਟ ਕਰਨ ਦੇ ਬਦਲੇ 38 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਇਸ ਖ਼ੁਲਾਸੇ ਨੇ ਸਕੈਂਡਲ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ। ਮਹੰਤ ਦਯਾਸਾਗਰ ਨੇ ਪੁਲਿਸ ਨੂੰ ਇਸ ਰਕਮ ਨੂੰ ਬਰਾਮਦ ਕਰਨ ਅਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਅਪੀਲ ਕੀਤੀ।
ਸਵਾਮੀ ਸ਼ੰਕਰਾਨੰਦ ਦੇ ਸਕੈਂਡਲ ਦਾ ਸਭ ਤੋਂ ਦੁਖਦਾਈ ਪਹਿਲੂ ਹੈ ਤਲਵੰਡੀ ਧਾਮ ਦੇ ਬਾਲ ਘਰ ਵਿੱਚ ਬੱਚਿਆਂ ’ਤੇ ਹੋਏ ਜਿਨਸੀ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼। 2022 ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਬਾਲ ਘਰ ਦੀਆਂ ਉੱਚੀਆਂ ਕੰਧਾਂ ਟੱਪ ਕੇ ਭੱਜੇ ਬੱਚਿਆਂ ਨੇ ਸਵਾਮੀ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਤਸ਼ੱਦਦ ਦੀਆਂ ਸ਼ਿਕਾਇਤਾਂ ਕੀਤੀਆਂ। ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ’ਤੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਜਾਂਦਾ ਸੀ।ਇੱਕ ਬੱਚੀ, ਜੋ 15 ਸਾਲ ਤੱਕ ਬਾਲ ਘਰ ਵਿੱਚ ਰਹੀ, ਨੇ ਦੱਸਿਆ ਕਿ ਬਾਲ ਘਰ ਦੇ ਪ੍ਰਬੰਧਕਾਂ ਦੀ ਮਰਜ਼ੀ ਦੇ ਅੱਗੇ ਸਿਰ ਝੁਕਾਉਣਾ ਪੈਂਦਾ ਸੀ। ਜੇ ਕੋਈ ਬੱਚਾ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਦਾ ਤਾਂ ਉਸ ਨੂੰ ਕੁੱਟਿਆ-ਮਾਰਿਆ ਜਾਂਦਾ ਅਤੇ ਜੇਲ੍ਹ ਵਰਗੀ ਕੋਠੜੀ ਵਿੱਚ ਸੁੱਟ ਕੇ ਭੁੱਖੇ-ਭਾਣੇ ਰੱਖਿਆ ਜਾਂਦਾ। ਇਸ ਬੱਚੀ ਦੇ ਬਿਆਨ ਨੇ ਸਾਰੇ ਮਾਮਲੇ ਨੂੰ ਹੋਰ ਵੀ ਸੰਗੀਨ ਕਰ ਦਿੱਤਾ।
ਪੁਲਿਸ ਵੱਲੋਂ ਕਾਰਵਾਈ
ਪੁਲਿਸ ਨੇ ਸਵਾਮੀ ਸ਼ੰਕਰਾਨੰਦ ਵਿਰੁੱਧ ਥਾਣਾ ਦਾਖਾ ਵਿੱਚ ਐਫ਼.ਆਈ.ਆਰ. ਦਰਜ ਕੀਤੀ, ਜਿਸ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਸ਼ਾਮਲ ਸਨ। ਸਬ-ਡਵੀਜ਼ਨ ਦਾਖਾ ਦੇ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਪੁਸ਼ਟੀ ਕੀਤੀ ਕਿ ਸਵਾਮੀ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸਵਾਮੀ ਹਾਲੇ ਫ਼ਰਾਰ ਹੈ। ਅਦਾਲਤ ਨੇ ਵੀ ਸਵਾਮੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ, ਜਿਸ ਨਾਲ ਪੁਲਿਸ ’ਤੇ ਦਬਾਅ ਵਧਿਆ ਹੈ। ਨਿਹੰਗ ਸਿੰਘ ਜਥੇਬੰਦੀ ਨੇ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਨੂੰ ਮਿਲ ਕੇ ਮੰਗ ਕੀਤੀ ਕਿ ਵੀਡੀਓ ਵਿੱਚ ਸ਼ਾਮਲ ਮਹਿਲਾ ਦੇ ਬਿਆਨ ਕਲਮਬੰਦ ਕੀਤੇ ਜਾਣ ਅਤੇ ਬਾਲ ਘਰ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ।

ਸਵਾਮੀ ਦੀ ਸੇਵਾਮੁਕਤੀ ਅਤੇ ਨਵੀਂ ਕਮੇਟੀ ਦਾ ਐਲਾਨ

ਭੂਰੀ ਵਾਲਿਆਂ ਦੇ ਮੁਖੀ ਸ਼੍ਰੀ ਮਹੰਤ ਦਯਾਸਾਗਰ ਨੇ ਸਵਾਮੀ ਸ਼ੰਕਰਾਨੰਦ ਅਤੇ ਉਸ ਦੇ ਸਾਥੀਆਂ—ਓਮਾਨੰਦ, ਜਸਵੀਰ ਕੌਰ, ਕੁਲਦੀਪ ਸਿੰਘ ਅਤੇ ਸੁਰੇਸ਼ਵਰਨੰਦ ਨੂੰ ਸੇਵਾਮੁਕਤ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਸਵਾਮੀ ’ਤੇ ਧਾਰਮਿਕ ਚੰਦੇ ਦੇ ਗ਼ਲਤ ਇਸਤੇਮਾਲ ਅਤੇ ਨਿੱਜੀ ਜਾਇਦਾਦਾਂ ਖਰੀਦਣ ਦੇ ਦੋਸ਼ ਵੀ ਲਾਏ। ਮਹੰਤ ਦਯਾਸਾਗਰ ਨੇ ਕਿਹਾ ਕਿ ਸਵਾਮੀ ਅਤੇ ਉਸ ਦੇ ਸਾਥੀਆਂ ਨੂੰ ਹੁਣ ਤਲਵੰਡੀ ਧਾਮ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ।ਉਹਨਾਂ ਨੇ ਤਲਵੰਡੀ ਧਾਮ ਦੇ ਪ੍ਰਬੰਧਾਂ ਲਈ ਨਵੀਂ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਸ ਵਿੱਚ ਸਵਾਮੀ ਗੰਗਾਨੰਦ ਦੀ ਪ੍ਰਣਾਲੀ ਦੇ ਸੰਤ, ਸ਼ਰਧਾਲੂ ਅਤੇ ਪਿੰਡ ਦੇ ਵਸਨੀਕ ਸ਼ਾਮਲ ਹੋਣਗੇ। ਮਹੰਤ ਦਯਾਸਾਗਰ ਨੇ ਸੋਸ਼ਲ ਮੀਡੀਆ ’ਤੇ ਮਿਲੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਅਤੇ ਸੱਚ ਦੀ ਲੜਾਈ ਲੜਦੇ ਰਹਿਣਗੇ।
ਸਾਧਾਂ ਦੇ ਸੈਕਸ ਸਕੈਂਡਲ: ਇੱਕ ਸੰਖੇਪ ਵੇਰਵਾ
ਪੰਜਾਬ ਵਿੱਚ ਸਾਧਾਂ ਅਤੇ ਧਾਰਮਿਕ ਆਗੂਆਂ ਦੇ ਸੈਕਸ ਸਕੈਂਡਲਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਕੁਝ ਸਾਲਾਂ ਵਿੱਚ ਕਈ ਪ੍ਰਮੁੱਖ ਸਾਧ ਸਕੈਂਡਲਾਂ ਵਿੱਚ ਫ਼ਸੇ ਹਨ, ਜਿਨ੍ਹਾਂ ਨੇ ਸਮਾਜ ਵਿੱਚ ਵਿਸ਼ਵਾਸ ਦੀਆਂ ਨੀਹਾਂ ਨੂੰ ਹਿਲਾ ਦਿੱਤਾ।
ਕੁਝ ਮੁੱਖ ਮਾਮਲੇ ਹਨ:ਗੁਰਮੀਤ ਰਾਮ ਰਹੀਮ ਸਿੰਘ (2017): ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ’ਤੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਸੀ.ਬੀ.ਆਈ. ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਸਜ਼ਾ ਸੁਣਾਈ। ਇਸ ਮਾਮਲੇ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੱਡਾ ਹੰਗਾਮਾ ਮਚਾਇਆ।
ਆਸ਼ੂ ਮਹਾਰਾਜ (2018): ਨੂਰਮਹਿਲ ਦੇ ਡੇਰਾ ਦਿਵਯ ਜੋਤੀ ਜਾਗਿ੍ਰਤੀ ਸੰਸਥਾਨ ਦੇ ਮੁਖੀ ਆਸ਼ੂ ਮਹਾਰਾਜ ’ਤੇ ਵੀ ਮਹਿਲਾ ਸ਼ਰਧਾਲੂਆਂ ਦੇ ਸ਼ੋਸ਼ਣ ਦੇ ਦੋਸ਼ ਲੱਗੇ। ਹਾਲਾਂਕਿ, ਉਸ ਨੂੰ ਕਾਨੂੰਨੀ ਰਾਹਤ ਮਿਲ ਗਈ, ਪਰ ਮਾਮਲੇ ਨੇ ਖੂਬ ਸੁਰਖ਼ੀਆਂ ਬਟੋਰੀਆਂ ਸਨ।ਬਾਬੇ ਦਾ ਦਿਹਾਂਤ ਹੋ ਗਿਆ।ਪਰ ਉਸ ਦੇ ਡੇਰੇ ਵਾਲੇ ਫ਼ਰਿਜ ਵਿੱਚ ਰੱਖੀ ਬੈਠੇ ਹਨ ਕਿ ਬਾਬਾ ਤਪੱਸਿਆ ਕਰ ਰਿਹਾ ਹੈ।
ਰਾਮਪਾਲ (2014): ਹਰਿਆਣਾ ਦੇ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ’ਤੇ ਵੀ ਜਿਨਸੀ ਸ਼ੋਸ਼ਣ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੇ ਦੋਸ਼ ਲੱਗੇ। ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਸਜ਼ਾ ਸੁਣਾਈ ਗਈ।
ਫ਼ਲਾਹਾਰੀ ਬਾਬਾ (2017): ਛੱਤੀਸਗੜ੍ਹ ਦੇ ਇੱਕ ਸਾਧ ’ਤੇ ਇੱਕ ਮਹਿਲਾ ਵਕੀਲ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ। ਇਸ ਮਾਮਲੇ ਨੇ ਵੀ ਧਾਰਮਿਕ ਸੰਸਥਾਵਾਂ ’ਤੇ ਸਵਾਲ ਖੜ੍ਹੇ ਕੀਤੇ।ਇਹ ਸਾਰੇ ਮਾਮਲੇ ਦਰਸਾਉਂਦੇ ਹਨ ਕਿ ਧਰਮ ਦੀ ਆੜ ’ਚ ਕਈ ਵਾਰ ਅਜਿਹੇ ਕਾਲੇ ਕਾਰਨਾਮੇ ਹੁੰਦੇ ਹਨ, ਜੋ ਸਮਾਜ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੇ ਹਨ।
ਸਵਾਮੀ ਸ਼ੰਕਰਾਨੰਦ ਦਾ ਮਾਮਲਾ ਵੀ ਇਸੇ ਕੜੀ ਦਾ ਹਿੱਸਾ ਹੈ, ਜਿਸ ਨੇ ਲੋਕਾਂ ਦੇ ਮਨਾਂ ਵਿੱਚ ਸੰਤਾਂ ਅਤੇ ਧਾਰਮਿਕ ਅਸਥਾਨਾਂ ਪ੍ਰਤੀ ਸ਼ੱਕ ਪੈਦਾ ਕਰ ਦਿੱਤਾ ਹੈ।ਸਵਾਮੀ ਸ਼ੰਕਰਾਨੰਦ ਦੇ ਸਕੈਂਡਲ ਨੇ ਆਸ-ਪਾਸ ਦੇ ਪਿੰਡਾਂ—ਸਵੱਦੀ ਕਲਾਂ, ਚੌਂਕੀਮਾਨ, ਸਿੱਧਵਾਂ ਬੇਟ, ਰਕਬਾ ਅਤੇ ਮੰਡਿਆਣੀ ’ਚ ਵੱਡਾ ਰੋਹ ਪੈਦਾ ਕੀਤਾ ਸੀ। ਲੋਕ ਸੜਕਾਂ ’ਤੇ ਉਤਰ ਆਏ ਅਤੇ ਸਵਾਮੀ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਹੈ।

Loading