ਅੰਮ੍ਰਿਤਸਰ/ਏ.ਟੀ.ਨਿਊਜ਼: ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਨੂੰ ਪਿਛਲੇ ਦਿਨੀਂ ਸਰ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਛੇ ਸਾਲਾ ਬੱਚੇ ਤੇਗ਼ਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿਰੋਪਾਓ ਤੇ ਸਿਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਗ਼ਬੀਰ ਸਿੰਘ 5 ਸਾਲ ਦੀ ਉਮਰ ਵਿੱਚ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਨੇਪਾਲ ਪੁੱਜਿਆ ਸੀ। ਉਹ ਅਗਸਤ 2024 ਵਿੱਚ ਮਾਊਂਟ ਕਿਲਿਮੰਜਾਰੋ (ਅਫ਼ਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਭ ਤੋਂ ਘੱਟ ਉਮਰ ਵਿੱਚ ਸਰ ਕਰਨ ਵਾਲਾ ਭਾਰਤੀ ਤੇ ਏਸ਼ੀਆ ਖੇਤਰ ਦਾ ਬੱਚਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਾਕਾ ਤੇਗ਼ਬੀਰ ਸਿੰਘ ਦਾ ਸਮੁੱਚਾ ਪਰਿਵਾਰ ਗੁਰਸਿੱਖ ਹੈ ਅਤੇ ਬੱਚੇ ਨੇ ਛੋਟੀ ਉਮਰ ਵਿੱਚ ਉੱਚੀ ਚੋਟੀ ਸਰ ਕਰਕੇ ਸਮੁੱਚੀ ਸਿੱਖ ਕੌਮ ਦਾ ਨਾਮ ਦੇਸ਼ ਦੁਨੀਆ ਅੰਦਰ ਰੋਸ਼ਨ ਕੀਤਾ ਹੈ, ਜੋ ਕਿ ਬਾਕੀਆਂ ਲਈ ਪ੍ਰੇਰਨਾਸਰੋਤ ਹੈ। ਉਨ੍ਹਾਂ ਨੇ ਤੇਗ਼ਬੀਰ ਸਿੰਘ ਨੂੰ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ।
![]()
