ਕਿੰਨਾ ਕੁ ਮਹੱਤਵਪੂਰਨ ਹੈ ਪੰਜਾਬ ਮੰਤਰੀ ਮੰਡਲ ’ਚ ਰੱਦੋਬਦਲ

In ਮੁੱਖ ਲੇਖ
July 04, 2025

ਉਜਾਗਰ ਸਿੰਘ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ਤਾ ਰੱਖਣ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਾਰ-ਵਾਰ ਮੰਤਰੀ ਮੰਡਲ ’ਚ ਤਬਦੀਲੀ ਕਰਨੀ ਪੈ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਉਸ ਨੂੰ ਆਪਣੇ ਮੰਤਰੀ ਮੰਡਲ ਦੇ ਸੱਤ ਮੰਤਰੀਆਂ ਵਿਜੇ ਕੁਮਾਰ ਸਿੰਗਲਾ, ਇੰਦਰਬੀਰ ਸਿੰਘ ਨਿੱਜਰ, ਫ਼ੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜੇਮਾਜਰਾ, ਬਲਕਾਰ ਸਿੰਘ, ਅਨਮੋਲ ਗਗਨ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਦੀ ਬਲੀ ਵੀ ਦੇਣੀ ਪਈ ਹੈ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਦੇਣ ਲਈ ਦੇ ਵਾਅਦੇ ’ਤੇ ਖ਼ਰਾ ਉਤਰਨ ਲਈ ਇੰਝ ਕਰਨਾ ਜ਼ਰੂਰੀ ਸੀ। ਭਗਵੰਤ ਸਿੰਘ ਮਾਨ ਮੰਤਰੀ ਮੰਡਲ ਦਾ ਸੱਤਵੀਂ ਵਾਰ ਵਿਸਥਾਰ ਹੋ ਗਿਆ ਹੈ ਜਿਸ ਵਿੱਚ ਲੁਧਿਆਣਾ ਪੱਛਮੀ ਤੋਂ ਉਪ ਚੋਣ ਵਿੱਚ ਜਿੱਤੇ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਜੀਵ ਅਰੋੜਾ ਨੂੰ ਇੰਡਸਟਰੀਜ਼, ਕਾਮਰਸ, ਇਨਵੈਸਟਮੈਂਟ ਪ੍ਰਮੋਸ਼ਨ ਅਤੇ ਐੱਨ.ਆਰ.ਆਈ. ਅਫੇਅਰਜ਼ ਵਿਭਾਗ ਦਿੱਤੇ ਗਏ ਹਨ। ਇੰਡਸਟਰੀਜ਼, ਕਾਮਰਸ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਤਰਨਜੀਤ ਸਿੰਘ ਸੌਂਦ ਤੋਂ ਲੈ ਕੇ ਦਿੱਤੇ ਗਏ ਹਨ। ਕੁਲਦੀਪ ਸਿੰਘ ਧਾਲੀਵਾਲ ਜਿਹੜਾ ਕਿਸੇ ਸਮੇਂ ਮੁੱਖ ਮੰਤਰੀ ਦਾ ਖਾਸਮਖਾਸ ਹੁੰਦਾ ਸੀ ਅਤੇ ਉਸ ਕੋਲ ਦਿਹਾਤੀ ਵਿਕਾਸ ਵਾਲਾ ਮਹੱਤਵਪੂਰਨ ਵਿਭਾਗ ਵੀ ਹੁੰਦਾ ਸੀ, ਪਹਿਲਾਂ ਉਸ ਤੋਂ ਸਾਰੇ ਵਿਭਾਗ ਲੈ ਕੇ ਸਿਰਫ਼ ਐੱਨ.ਆਰ.ਆਈ.ਅਫੇਅਰਜ਼ ਰਹਿਣ ਦਿੱਤਾ ਸੀ ਤੇ ਹੁਣ ਉਸ ਦਾ ਅਸਤੀਫ਼ਾ ਲੈ ਕੇ ਛਾਂਟੀ ਕਰ ਦਿੱਤੀ ਹੈ। ਉਸ ਦਾ ਐੱਨ.ਆਰ.ਆਈ. ਅਫੇਅਰਜ਼ ਵਿਭਾਗ ਸੰਜੀਵ ਅਰੋੜਾ ਨੂੰ ਦੇ ਦਿੱਤਾ ਹੈ। ਲੁਧਿਆਣਾ ਪੱਛਮੀ ਹਲਕੇ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸੰਜੀਵ ਅਰੋੜਾ ਨੂੰ ਜਿਤਾ ਦਿਉ, ਉਸ ਨੂੰ ਮੰਤਰੀ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਸਰਕਾਰ ਨੇ ਲਗਾਤਾਰ ਇਹ ਦੂਜੀ ਜ਼ਿਮਨੀ ਚੋਣ ਜਿੱਤੀ ਹੈ। ਇਸ ਤੋਂ ਪਹਿਲਾਂ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਦੀ ਉਪ ਚੋਣ ਵੀ ਜਿੱਤ ਚੁੱਕੇ ਹਨ।

ਇਉਂ ਲੱਗ ਰਿਹਾ ਹੈ ਕਸ਼ਮੀਰ ਸਿੰਘ ਸੋਹਲ ਵਿਧਾਨਕਾਰ ਤਰਨ ਤਾਰਨ ਦੇ ਸਵਰਗਵਾਸ ਹੋਣ ਨਾਲ ਖ਼ਾਲੀ ਹੋਈ ਸੀਟ ਦੀ ਚੋਣ ਵੀ ਚੋਣ ਕਮਿਸ਼ਨ ਨੂੰ ਦਸੰਬਰ 2025 ਤੋਂ ਪਹਿਲਾਂ ਕਰਵਾਉਣੀ ਪਵੇਗੀ। ਉਸ ਚੋਣ ਨੂੰ ਵੀ ਸਰਕਾਰ ਲੋਕਾਂ ਨਾਲ ਚੋਣ ਜਿੱਤਣ ਵਾਲੇ ਵਿਧਾਇਕ ਨੂੰ ਮੰਤਰੀ ਬਣਾਉਣ ਦਾ ਵਾਅਦਾ ਕਰ ਕੇ ਜਿੱਤੇਗੀ। ਇਸੇ ਕਰਕੇ ਮੰਤਰੀ ਮੰਡਲ ਵਿੱਚ ਇੱਕ-ਦੋ ਸੀਟਾਂ ਖ਼ਾਲੀ ਰੱਖੀਆਂ ਗਈਆਂ ਹਨ। ਪੰਜਾਬ ਦੇ ਇਤਿਹਾਸ ’ਤੇ ਨਜ਼ਰ ਮਾਰਿਆਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਮਾਨ ਦਾ ਪਹਿਲਾ ਅਜਿਹਾ ਮੰਤਰੀ ਮੰਡਲ ਹੈ ਜਿਸ ਦੀ ਸਾਢੇ ਤਿੰਨ ਸਾਲ ਦੀ ਟਰਮ ਵਿੱਚ ਹੀ ਸੱਤ ਵਾਰ ਮੰਤਰੀ ਮੰਡਲ ਦਾ ਵਿਸਤਾਰ ਕਰਨਾ ਪਿਆ ਹੈ ਤੇ ਇੰਨੀ ਵਾਰ ਹੀ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕਰਨੀ ਪਈ ਹੈ।
ਭਗਵੰਤ ਸਿੰਘ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਦੇ ਤੌਰ ’ਤੇ 16 ਮਾਰਚ 2022 ਨੂੰ ਅਹੁਦੇ ਦੀ ਸਹੁੰ ਬੜੀ ਧੂਮਧਾਮ ਨਾਲ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਚੁੱਕੀ ਸੀ। ਇਮਾਨਦਾਰੀ ਅਤੇ ਪਾਰਦਰਸ਼ਤਾ ਦਾ ਇਨਕਲਾਬ ਲਿਆਉਣ ਦੀ ਗੱਲ ਕੀਤੀ ਸੀ। ਪਹਿਲੀ ਸੱਟੇ ਉਸ ਨੇ ਆਪਣੇ ਮੰਤਰੀ ਮੰਡਲ ਵਿੱਚ 10 ਮੰਤਰੀ ਬਣਾਏ ਸਨ। ਆਪਣੀ ਵਜ਼ਾਰਤ ਵਿੱਚ ਵਿਜੇ ਕੁਮਾਰ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਸੀ ਪਰ ਦੋ ਮਹੀਨੇ ਅੱਠ ਦਿਨਾਂ ਬਾਅਦ 24 ਮਈ 2022 ਨੂੰ ਵਿਜੇ ਕੁਮਾਰ ਸਿੰਗਲਾ ਨੂੰ ਮੁੱਖ ਮੰਤਰੀ ਨੇ ਖ਼ੁਦ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। ਵਿਜੇ ਕੁਮਾਰ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ, ‘‘ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਬਾਰੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ। ਲੋਕਾਂ ਦੇ ਵਿਸ਼ਵਾਸ ’ਤੇ ਸਰਕਾਰ ਖ਼ਰੀ ਉਤਰੇਗੀ। ਮੰਤਰੀ ਮੰਡਲ ਦੇ ਗਠਨ ਤੋਂ ਚਾਰ ਮਹੀਨੇ ਬਾਅਦ ਹੀ ਪੰਜ ਜੁਲਾਈ 2022 ਨੂੰ ਦੂਜੀ ਵਾਰ ਮੰਤਰੀ ਮੰਡਲ ਦਾ
ਵਿਸਥਾਰ ਕੀਤਾ ਗਿਆ।
ਉਸ ਸਮੇਂ ਮਾਨ ਨੇ ਆਪਣੇ ਮੰਤਰੀ ਮੰਡਲ ਵਿੱਚ 5 ਨਵੇਂ ਮੰਤਰੀ ਸ਼ਾਮਲ ਕੀਤੇ ਸਨ ਜਿਨ੍ਹਾਂ ਵਿੱਚ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਫ਼ੌਜਾ ਸਿੰਘ ਸਰਾਰੀ ਅਤੇ ਚੇਤਨ ਸਿੰਘ ਜੌੜੇਮਾਜਰਾ ਸ਼ਾਮਲ ਸਨ। ਵਿਜੇ ਕੁਮਾਰ ਸਿੰਗਲਾ ਦਾ ਸਿਹਤ ਵਿਭਾਗ ਚੇਤਨ ਸਿੰਘ ਜੌੜੇਮਾਜਰਾ ਨੂੰ ਦਿੱਤਾ ਗਿਆ ਸੀ। ਸਿਆਸੀ ਪੜਚੋਲਕਾਰਾਂ ਅਨੁਸਾਰ ਬਦਲਾਅ ਦੇ ਨਾਂ ’ਤੇ ਬਹੁਤੇ ਵਿਧਾਨਕਾਰ ਪਹਿਲੀ ਵਾਰ ਬਣੇ ਹੋਣ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਪ੍ਰਣਾਲੀ ਦਾ ਤਜਰਬਾ ਨਹੀਂ ਹੈ। ਇਸ ਕਰਕੇ ਮੁੱਖ ਮੰਤਰੀ ਨੂੰ ਵਾਰ-ਵਾਰ ਮੰਤਰੀ ਮੰਡਲ ਵਿੱਚ ਤਬਦੀਲੀ ਕਰ ਕੇ ਨਵੇਂ-ਨਵੇਂ ਤਜਰਬੇ ਕਰਨੇ ਪੈ ਰਹੇ ਹਨ। ਫ਼ੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ ਅਤੇ ਡਿਫੈਂਸ ਵੈੱਲਫੇਅਰ ਮੰਤਰੀ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਅਸਤੀਫ਼ਾ 7 ਜਨਵਰੀ 2023 ਨੂੰ ਲੈ ਲਿਆ ਗਿਆ ਸੀ। ਉਸੇ ਦਿਨ ਦੁਪਹਿਰ ਨੂੰ ਤੀਜੀ ਵਾਰ ਵਿਸਥਾਰ ਕਰ ਕੇ ਡਾ. ਬਲਬੀਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਚੇਤਨ ਸਿੰਘ ਜੌੜੇਮਾਜਰਾ ਤੋਂ ਸਿਹਤ ਵਿਭਾਗ ਵਾਪਸ ਲੈ ਕੇ ਡਾ. ਬਲਬੀਰ ਸਿੰਘ ਨੂੰ ਦਿੱਤਾ ਗਿਆ ਸੀ ਕਿਉਂਕਿ 30 ਜੁਲਾਈ 2022 ਨੂੰ ਜੌੜੇਮਾਜਰਾ ਅੰਤਰਰਾਸ਼ਟਰੀ ਪੱਧਰ ਦੇ ਆਰਥੋਪੀਡਿਕ ਸਰਜਨ ਡਾ. ਰਾਜ ਬਹਾਦਰ ਉਪ ਕੁਲਪਤੀ ਪੰਜਾਬ ਹੈਲਥ ਸਇੰਸਿਜ਼ ਯੂਨੀਵਰਸਿਟੀ ਫ਼ਰੀਦਕੋਟ ਨਾਲ ਦੁਰਵਿਵਹਾਰ ਕਰਨ ਕਰ ਕੇ ਵਾਦ-ਵਿਵਾਦ ਵਿੱਚ ਰਹੇ ਸਨ।
ਉਸ ਸਮੇਂ ਲੋਕਾਂ ਨੇ ਚੇਤਨ ਸਿੰਘ ਜੌੜੇਮਾਜਰਾ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਸੀ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਡਾ. ਰਾਜ ਬਹਾਦਰ ਨਾਲ ਚੰਗੇ ਸਬੰਧ ਸਨ। ਇਸ ਤੋਂ ਚਾਰ ਮਹੀਨੇ ਬਾਅਦ 31 ਮਈ 2023 ਨੂੰ ਚੌਥੀ ਵਾਰ ਵਿਸਥਾਰ ਕੀਤਾ ਗਿਆ ਜਿਸ ਵਿੱਚ ਇੰਦਰਬੀਰ ਸਿੰਘ ਨਿੱਜਰ ਨੂੰ ਮੰਤਰੀ ਮੰਡਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਦੋ ਨਵੇਂ ਮੰਤਰੀ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਰਾਖਵੇਂ ਹਲਕੇ ਤੋਂ ਵਿਧਾਨਕਾਰ ਬਲਕਾਰ ਸਿੰਘ ਅਤੇ ਮੁਕਤਸਰ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਵਿਧਾਨਕਾਰ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨੇ ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ, ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ। ਫਿਰ ਚਾਰ ਮਹੀਨੇ ਬਾਅਦ 22 ਸਤੰਬਰ 2024 ਵਾਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਚਾਰ ਮੰਤਰੀਆਂ ਬਲਕਾਰ ਸਿੰਘ, ਜੌੜੇਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਤੋਂ ਅਸਤੀਫ਼ੇ ਲੈਣੇ ਪੈ ਗਏ। ਪੰਜਵੀਂ ਵਾਰ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਇਨ੍ਹਾਂ ਦੀ ਥਾਂ ਡਾ. ਰਵਜੋਤ ਸਿੰਘ, ਹਰਦੀਪ ਸਿੰਘ ਮੁੰਡੀਆਂ, ਤਰਨਜੀਤ ਸਿੰਘ ਸੌਂਦ ਅਤੇ ਬਰਿੰਦਰ ਕੁਮਾਰ ਗੋਇਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਛੇਵੀਂ ਵਾਰ ਕੀਤੇ ਵਿਸਥਾਰ ਵਿੱਚ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸੱਤ ਵਾਰ ਹੀ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਗਈ ਹੈ। ਡਾ. ਬਲਜੀਤ ਕੌਰ ਨੂੰ ਛੱਡ ਕੇ ਲਗਪਗ ਹਰ ਮੰਤਰੀ ਦੇ ਵਿਭਾਗਾਂ ਵਿੱਚ ਤਬਦੀਲੀ ਹੁੰਦੀ ਰਹੀ ਹੈ। ਉਹ ਮੰਤਰੀ ਮੰਡਲ ਵਿੱਚ ਇਕੱਲੀ ਹੀ ਇਸਤਰੀ ਮੰਤਰੀ ਹੈ। ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਨੂੰ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
ਇਹ ਵੀ ਵੇਖਣ ਵਿੱਚ ਮਿਲਿਆ ਹੈ ਕਿ ਜਿਹੜੇ ਮੰਤਰੀ ਕਿਸੇ ਮੌਕੇ ਮੁੱਖ ਮੰਤਰੀ ਦੇ ਚਹੇਤੇ ਹੁੰਦੇ ਸਨ ਤੇ ਉਨ੍ਹਾਂ ਕੋਲ ਮਹੱਤਵਪੂਰਨ ਅਹੁਦੇ ਹੁੰਦੇ ਸਨ, ਉਨ੍ਹਾਂ ਨੂੰ ਨੁੱਕਰੇ ਲਗਾਇਆ ਗਿਆ। ਇਸ ਤੋਂ ਮਹਿਸੂਸ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਆਸ ’ਤੇ ਮੰਤਰੀ ਪੂਰੇ ਨਹੀਂ ਉਤਰੇ, ਇਸ ਕਰਕੇ ਹੀ ਮੁੱਖ ਮੰਤਰੀ ਨੂੰ ਮੰਤਰੀਆਂ ਅਤੇ ਵਿਭਾਗਾਂ ਵਿੱਚ ਤਬਦੀਲੀਆਂ ਕਰਨੀਆਂ ਪੈ ਰਹੀਆਂ ਹਨ।
ਇਸ ਵਿਸਥਾਰ ਵਿੱਚ ਤਰਨਜੀਤ ਸਿੰਘ ਸੌਂਦ ਦੇ ਪਰ ਕੁਤਰੇ ਗਏ ਲੱਗਦੇ ਹਨ। ਸੰਜੀਵ ਅਰੋੜਾ ਦੇ ਮੰਤਰੀ ਬਣਨ ਤੋਂ ਬਾਅਦ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਅਜੇ ਸਰਕਾਰ ਦਾ ਡੇਢ ਸਾਲ ਬਾਕੀ ਹੈ। ਇਉਂ ਲੱਗਦਾ ਹੈ ਕਿ ਭਵਿੱਖ ਵਿੱਚ ਮੰਤਰੀ ਮੰਡਲ ਵਿੱਚ ਹੋਰ ਤਬਦੀਲੀਆਂ ਹੋਣਗੀਆਂ ਕਿਉਂਕਿ ਦੋ ਅਹੁਦੇ ਹਾਲੇ ਖ਼ਾਲੀ ਹਨ। ਵੇਖਦੇ ਹਾਂ ਕਿ ਭਗਵੰਤ ਸਿੰਘ ਮਾਨ ਦਾ ਮੰਤਰੀ ਮੰਡਲ ਅਗਲੇ ਡੇਢ ਸਾਲ ਵਿੱਚ ਕਿਹੜੀ ਜਾਦੂ ਦੀ ਛੜੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਲੀਹਾਂ ’ਤੇ ਲਿਆਵੇਗਾ।

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।

Loading