ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ

In ਅਮਰੀਕਾ
July 30, 2025

ਨਿਊਯਾਰਕ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਨੀਤੀਆਂ ਕਾਰਨ ਅਮਰੀਕਾ ਵਿੱਚ ਭਾਰਤੀਆਂ ਦੇ ਦਾਖਲੇ ਵਿੱਚ ਵੱਡੀ ਬ੍ਰੇਕ ਲੱਗਣ ਦੀ ਸੰਭਾਵਨਾ ਹੈ। ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ ਨਵੰਬਰ 2028 ਤੱਕ ਟਰੰਪ ਦੇ ਸ਼ਾਸਨਕਾਲ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ 50 ਪ੍ਰਤੀਸ਼ਤ ਦੀ ਕਮੀ ਆਉਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ ਭਾਰਤ ਤੋਂ ਹਰ ਸਾਲ ਲਗਭਗ 7.5 ਲੱਖ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਲਗਭਗ 3.31 ਲੱਖ ਨੂੰ ਵਿਦਿਆਰਥੀ ਵੀਜ਼ਾ, 2 ਲੱਖ ਨੂੰ ਵਰਕ ਵੀਜ਼ਾ, 50 ਹਜ਼ਾਰ ਨੂੰ ਨਾਗਰਿਕਤਾ ਅਤੇ 1.71 ਲੱਖ ਨੂੰ ਗ੍ਰੀਨ ਕਾਰਡ ਮਿਲਦਾ ਹੈ। ਇੰਸਟੀਚਿਊਟ ਦੀ ਪ੍ਰੋਫੈਸਰ ਮੈਡੇਲੀਨ ਗ੍ਰੀਨ ਦਾ ਕਹਿਣਾ ਹੈ ਕਿ ਇਹ ਖਦਸ਼ਾ ਟਰੰਪ ਦੇ ਹੁਣ ਤੱਕ ਦੇ ਵੀਜ਼ਾ ਡੇਟਾ ਰਿਲੀਜ਼ ਦੇ ਅਧਾਰ ’ਤੇ ਇਮੀਗ੍ਰੇਸ਼ਨ ਮਾਡਲ ਤੋਂ ਸਾਹਮਣੇ ਆਇਆ ਹੈ।
ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। 2024 ਦੇ ਮੁਕਾਬਲੇ ਹੁਣ ਤੱਕ ਸਿਰਫ਼ 1.5 ਲੱਖ ਵਿਦਿਆਰਥੀ ਹੀ ਅਮਰੀਕਾ ਵਿੱਚ ਦਾਖਲਾ ਲੈ ਸਕੇ ਹਨ। ਇਸਦਾ ਵੱਡਾ ਕਾਰਨ ਟਰੰਪ ਵੱਲੋਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ, ਸਖ਼ਤ ਵੀਜ਼ਾ ਨਿਯਮ ਅਤੇ ਲੰਬੇ ਸਮੇਂ ਤੋਂ ਵਿਦਿਆਰਥੀ ਵੀਜ਼ਾ ਇੰਟਰਵਿਊ ’ਤੇ ਪਾਬੰਦੀ ਸ਼ਾਮਲ ਹੈ।
ਵਰਕ ਵੀਜ਼ਾ ਵਿੱਚ ਗਿਰਾਵਟ
ਵਰਕ ਵੀਜ਼ਿਆਂ ਵਿੱਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵਰਕ ਵੀਜ਼ਾ ਸ਼੍ਰੇਣੀ ਵਿੱਚ ਕੁੱਲ 2 ਲੱਖ ਵਿੱਚੋਂ ਭਾਰਤੀਆਂ ਨੂੰ 72 ਹਜ਼ਾਰ ਐਚ1ਬੀ ਵੀਜ਼ੇ ਮਿਲੇ ਸਨ, ਜਦੋਂ ਕਿ ਸਤੰਬਰ 2025 ਤੋਂ ਨਵੀਂ ਐਚ1ਬੀ ਵੀਜ਼ਾ ਵਿੰਡੋ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਹੁਣ ਤੱਕ ਐਚ1ਬੀ ਵੀਜ਼ਿਆਂ ਵਿੱਚ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਧ ਹੈ।
ਅਮਰੀਕਾ ਫਸਟ ਸਭ ਤੋਂ ਵੱਡਾ ਕਾਰਨ
ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਫੈਲੋ ਐਰੋਨ ਮੇਲਨਿਕ ਦਾ ਕਹਿਣਾ ਹੈ ਕਿ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੈ। ਟਰੰਪ ਅਮਰੀਕਾ ਵਿੱਚ ਉਦਯੋਗ ਸਥਾਪਤ ਕਰਨ ਦੇ ਨਾਮ ’ਤੇ ਇਮੀਗ੍ਰੇਸ਼ਨ ਵੀਜ਼ਾ ਕੋਟੇ ਦੀ ਵਰਤੋਂ ਕਰਨਗੇ।

Loading