ਅਮਰੀਕਾ ਦੀ ਧਰਤੀ ’ਤੇ ਵਸਦੇ ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਸਿੱਖ ਐਕਟਿਵਿਸਟ ਸੁੱਖੀ ਚਾਹਲ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਨੇ ਸਾਰੇ ਸਿੱਖ ਭਾਈਚਾਰੇ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ। ਸੁੱਖੀ ਚਾਹਲ, ਜੋ ਖ਼ਾਲਿਸਤਾਨੀ ਵਿਚਾਰਧਾਰਾ ਦੇ ਕੱਟੜ ਵਿਰੋਧੀ ਸਨ, ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਮੌਤ ਉਸ ਸਮੇਂ ਹੋਈ ਜਦੋਂ 17 ਅਗਸਤ 2025 ਨੂੰ ਵਾਸ਼ਿੰਗਟਨ ਡੀ.ਸੀ.ਵਿੱਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਕਰਵਾਏ ਜਾ ਰਹੇ ਰੈਫ਼ਰੈਂਡਮ ਦਾ ਸੁੱਖੀ ਚਾਹਲ ਪੂਰੀ ਤਰ੍ਹਾਂ ਵਿਰੋਧ ਕਰ ਰਹੇ ਸਨ। ਉਨ੍ਹਾਂ ਨੂੰ ਲਗਾਤਾਰ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਪਰ ਉਹ ਆਪਣੀ ਗੱਲ ’ਤੇ ਅੜੇ ਰਹੇ।
ਸੁੱਖੀ ਚਾਹਲ ਦੀ ਮੌਤ 31 ਜੁਲਾਈ 2025 ਨੂੰ ਅਮਰੀਕੀ ਸ਼ਹਿਰ ਕੈਲੀਫ਼ੋਰਨੀਆ ਵਿੱਚ ਹੋਈ ਸੀ। ਉਨ੍ਹਾਂ ਦੇ ਨਜ਼ਦੀਕੀ ਦੋਸਤ ਜਸਪਾਲ ਸਿੰਘ ਨੇ ਦੱਸਿਆ ਕਿ ਸੁੱਖੀ ਨੂੰ ਇੱਕ ਜਾਣਕਾਰ ਨੇ ਆਪਣੇ ਘਰ ਰਾਤ ਦੇ ਖਾਣੇ ’ਤੇ ਸੱਦਿਆ ਸੀ। ਖਾਣਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਸੁੱਖੀ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਜਸਪਾਲ ਸਿੰਘ ਮੁਤਾਬਕ, ਸੁੱਖੀ ਚਾਹਲ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਕੋਈ ਪੁਰਾਣੀ ਬਿਮਾਰੀ ਨਹੀਂ ਸੀ। ਇਸ ਅਚਾਨਕ ਮੌਤ ਨੇ ਸਭ ਨੂੰ ਸੋਚ ਵਿੱਚ ਪਾ ਦਿੱਤਾ ਕਿ ਇਹ ਕੁਦਰਤੀ ਮੌਤ ਸੀ ਜਾਂ ਕੋਈ ਸਾਜ਼ਿਸ਼? ਸੂਤਰਾਂ ਮੁਤਾਬਕ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਸੁੱਖੀ ਚਾਹਲ ‘ਦ ਖ਼ਾਲਸਾ ਟੂਡੇ’ ਦੇ ਸੰਸਥਾਪਕ ਅਤੇ ਸੀ.ਈ.ਓ. ਸਨ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਸਨ ਅਤੇ ਖ਼ਾਲਿਸਤਾਨੀ ਵਿਚਾਰਧਾਰਾ ਦੀ ਸਖ਼ਤ ਆਲੋਚਨਾ ਕਰਦੇ ਸਨ। ਉਨ੍ਹਾਂ ਨੂੰ ਖ਼ਾਲਿਸਤਾਨ ਸਮਰਥਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਨ, ਪਰ ਉਹ ਬਿਨ੍ਹਾਂ ਡਰੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਸਨ।
ਸੁੱਖੀ ਦੇ ਨਜ਼ਦੀਕੀ ਸਾਥੀ ਬੂਟਾ ਸਿੰਘ ਕਲੇਰ ਨੇ ਕਿਹਾ ਕਿ ਸੁੱਖੀ ਨੇ ਖ਼ਾਲਿਸਤਾਨੀਆਂ ਦੀਆਂ ਧਮਕੀਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ, ਪਰ ਉਹ ਆਪਣੀ ਗੱਲ ’ਤੇ ਅੜੇ ਰਹੇ। ਉਨ੍ਹਾਂ ਦੀ ਮੌਤ ਨੇ ਸਾਡੇ ਸਾਰੇ ਭਾਈਚਾਰੇ ਨੂੰ ਝੰਜੋੜ ਦਿੱਤਾ ਹੈ।”
ਇਸ ਦੇ ਉਲਟ, ਕੁਝ ਖ਼ਾਲਿਸਤਾਨ ਜਥੇਬੰਦੀਆਂ ਨੇ ਸੁੱਖੀ ਦੀ ਮੌਤ ਨੂੰ ਭਾਰਤੀ ਏਜੰਸੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸੁੱਖੀ ਦੀ ਮੌਤ ਵਿੱਚ ਭਾਰਤੀ ਖੁਫ਼ੀਆ ਏਜੰਸੀਆਂ ਦਾ ਹੱਥ ਹੋ ਸਕਦਾ ਹੈ, ਕਿਉਂਕਿ ਸੁੱਖੀ ਨੇ ਖ਼ਾਲਿਸਤਾਨੀ ਅੰਦੋਲਨ ਦੀ ਆਲੋਚਨਾ ਕਰਕੇ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਸਮਰਥਨ ਕੀਤਾ ਸੀ। ਭਾਰਤੀ ਏਜੰਸੀਆਂ ਇਸ ਕਤਲ ਦਾ ਖ਼ਾਲਿਸਤਾਨੀਆਂ ਉੱਪਰ ਦੋਸ਼ ਲਗਾ ਕੇ ਖ਼ਾਲਿਸਤਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ।
ਸੁੱਖੀ ਚਾਹਲ ਦੀ ਸ਼ੱਕੀ ਮੌਤ ਨੇ ਅਮਰੀਕੀ ਸਿੱਖ ਭਾਈਚਾਰੇ ’ਚ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਹ ਮੌਤ ਕੁਦਰਤੀ ਸੀ, ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ, ਇਸ ਦਾ ਜਵਾਬ ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਮਿਲੇਗਾ।